ਬੰਦੀ ਸਿੰਘਾਂ ਦੀ ਮੁਕੰਮਲ ਰਿਹਾਈ ਲਈ ਲਾਮਬੰਦੀ

ਬਠਿੰਡਾ: ਕੇਂਦਰ ਸਰਕਾਰ ਨੇ ਭਾਵੇਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਹੁੰਦਿਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ 8 ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਦੂਜੇ ਪਾਸੇ ਬਾਕੀ ਰਹਿੰਦੇ ਬੰਦੀ ਸਿੰਘਾਂ ਦੀ ਮੁਕੰਮਲ ਰਿਹਾਈ ਅਤੇ ਆਮ ਮੁਆਫੀ ਲਈ ਸਿੱਖ ਜਥੇਬੰਦੀਆਂ ਨੇ ਸੰਘਰਸ਼ ਵਿੱਢ ਦਿੱਤਾ ਹੈ।

ਸਰਬੱਤ ਖਾਲਸਾ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਇਕ ਵਾਰ ਫਿਰ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕ ਦਿੱਤੀ ਗਈ ਹੈ। ਜਥੇਦਾਰ ਮੰਡ ਨੇ ਦੱਸਿਆ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਦਿਆ ਸਿੰਘ ਲਾਹੌਰੀਆ (ਤਿੰਨੇ ਤਿਹਾੜ ਜੇਲ੍ਹ), ਪਰਮਜੀਤ ਸਿੰਘ ਭਿਓਰਾ (ਬੁੜੈਲ ਜੇਲ੍ਹ) ਸੁਰਿੰਦਰ ਸਿੰਘ ਛਿੰਦਾ, ਮੁਰਾਦਾਬਾਦ, ਉੱਤਰ ਪ੍ਰਦੇਸ਼ ਸਤਨਾਮ ਸਿੰਘ, ਦਿਆਲ ਸਿੰਘ, ਸੁੱਚਾ ਸਿੰਘ (ਮੁਰਾਦਾਬਾਦ ਜੇਲ੍ਹ, ਉੱਤਰ ਪ੍ਰਦੇਸ਼) ਅਤੇ ਹਰਨੇਕ ਸਿੰਘ ਭੱਪ (ਜੈਪੁਰ ਜੇਲ੍ਹ) ਸਮੇਤ ਬਾਕੀ ਰਹਿੰਦੇ ਸਿੰਘਾਂ ਦੀ ਰਿਹਾਈ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕਮੇਟੀ ਵੱਲੋਂ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਜਥੇਦਾਰ ਮੰਡ ਅਨੁਸਾਰ ਇਸ ਕਮੇਟੀ ਵਿਚ ਸਾਬਕਾ ਵਿਧਾਇਕ ਐਚ.ਐਸ਼ ਫੂਲਕਾ, ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਹਰਪਾਲ ਸਿੰਘ ਚੀਮਾ ਦਲ ਖਾਲਸਾ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਹਰਚਰਨ ਸਿੰਘ, ਪ੍ਰਧਾਨ ਯੂਨਾਈਟਡ ਅਕਾਲੀ ਦਲ ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਸਹੌਲੀ, ਸਤਨਾਮ ਸਿੰਘ ਮਨਾਵਾਂ, ਵੱਸਣ ਸਿੰਘ ਜ਼ਫਰਵਾਲ, ਬੂਟਾ ਸਿੰਘ ਰਣਸੀਂਹ (ਸ਼੍ਰੋਮਣੀ ਅਕਾਲੀ ਦਲ), ਬਾਬਾ ਪ੍ਰਦੀਪ ਸਿੰਘ ਚਾਂਦਪੁਰਾ (ਪੰਥਕ ਸੇਵਾ ਲਹਿਰ), ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਭਾਈ ਸੁਖਵਿੰਦਰ ਸਿੰਘ ਸਿਰਸਾ, ਗੁਰਨਾਮ ਸਿੰਘ ਸਿੱਧੂ, ਸਿੱਖ ਆਗੂ ਗੁਰਸੇਵਕ ਸਿੰਘ ਜਵਾਹਰਕੇ, ਨਰੈਣ ਸਿੰਘ ਚੌੜਾ, ਜਸਵੀਰ ਸਿੰਘ ਖਡੂਰ, ਹਰਪਾਲ ਸਿੰਘ ਬਲੇਰ, ਜਸਪਾਲ ਸਿੰਘ ਮੰਝਪੁਰ, ਮੁੱਖ ਸੇਵਾਦਾਰ ਕੌਮੀ ਦਸਤਾਰ ਫੈਡਰੇਸ਼ਨ ਪ੍ਰਗਟ ਸਿੰਘ ਭੋਡੀਪੁਰਾ ਅਤੇ ਹਰਸਿਮਰਨ ਸਿੰਘ ਨੰਦਪੁਰ ਨੂੰ ਸ਼ਾਮਲ ਕੀਤਾ ਗਿਆ ਹੈ।
ਜਥੇਦਾਰ ਮੰਡ ਨੇ ਭਾਰਤ ਸਰਕਾਰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ‘ਚ ਰੱਖਦਿਆਂ ਸਾਰੇ ਬੰਦੀ ਸਿੰਘਾਂ ਨੂੰ ਆਮ ਮੁਆਫੀ ਦੇ ਕੇ ਰਿਹਾਅ ਕਰੇ ਕਿਉਂਕਿ ਇਨ੍ਹਾਂ ਬੰਦੀ ਸਿੰਘਾਂ ਨੇ ਆਪਣਾ ਪੂਰੀ ਜੀਵਨ ਕੌਮ ਦੇ ਲੇਖੇ ਲਾਉਣ ਲਈ ਜੇਲ੍ਹ ਵਿਚ ਹੀ ਸੰਘਰਸ਼ ਕਰਦਿਆਂ ਬਿਤਾ ਦਿੱਤਾ ਅਤੇ ਪ੍ਰਕਾਸ਼ ਪੁਰਬ ਮੌਕੇ ਇਹ ਕੌਮ ਲਈ ਵੱਡੀ ਪ੍ਰਾਪਤੀ ਹੋਵੇਗੀ।
_____________________
ਸਜ਼ਾ ਤਬਦੀਲੀ ਮਾਮਲੇ ‘ਤੇ ਰਾਜੋਆਣਾ ਨੇ ਚੁੱਪ ਧਾਰੀ
ਪਟਿਆਲਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਮਗਰੋਂ ਉਸ ਦੀ ਭੈਣ ਕਮਲਦੀਪ ਕੌਰ ਨੇ ਪਹਿਲੀ ਵਾਰ ਜੇਲ੍ਹ ਵਿਚ ਮੁਲਾਕਾਤ ਕੀਤੀ। ਅਜਿਹੀ ਮੁਲਾਕਾਤ ਦੌਰਾਨ ਆਮ ਤੌਰ ਉਤੇ ਕਿਸੇ ਨਾ ਕਿਸੇ ਮਾਮਲੇ ‘ਤੇ ਮੀਡੀਆ ਨੂੰ ਬਿਆਨ ਜਾਰੀ ਕਰਨ ਵਾਲੇ ਰਾਜੋਆਣਾ ਨੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਹੀ ਕੀਤਾ ਹੈ। ਫਾਂਸੀ ਦੇ ਮਾਮਲੇ ‘ਤੇ ਵੱਖ-ਵੱਖ ਧਿਰਾਂ ਵੱਲੋਂ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਰਹੀ ਬਿਆਨਬਾਜ਼ੀ ਦਾ ਰਾਜੋਆਣਾ ਮੋੜਵਾਂ ਜਵਾਬ ਦਿੰਦੇ ਰਹੇ ਹਨ ਪਰ ਐਤਕੀਂ ਬੇਅੰਤ ਸਿੰਘ ਪਰਿਵਾਰ ਸਮੇਤ ਕੁਝ ਹੋਰਨਾਂ ਧਿਰਾਂ ਵੱਲੋਂ ਸਜ਼ਾ ਬਦਲੀ ਦਾ ਜ਼ੋਰਦਾਰ ਵਿਰੋਧ ਕਰਨ ਦੇ ਬਾਵਜੂਦ ਉਨ੍ਹਾਂ ਨੇ ਚੁੱਪ ਵੱਟੀ ਹੋਈ ਹੈ। ਸਮਝਿਆ ਜਾ ਰਿਹਾ ਹੈ ਕਿ ਉਹ ਇਸ ਸਬੰਧੀ ਕਾਨੂੰਨੀ ਕਾਰਵਾਈ ਪੂਰੀ ਹੋਣ ਦੀ ਉਡੀਕ ਵਿਚ ਹਨ।