ਉੱਘੀਆਂ ਹਸਤੀਆਂ ਖਿਲਾਫ ਦਰਜ ਕੇਸ ਰੱਦ ਕਰਨ ਦੇ ਹੁਕਮ

ਮੁਜ਼ੱਫਰਨਗਰ: ਹਜੂਮੀ ਕਤਲ ਦੀਆਂ ਵਧਦੀਆਂ ਘਟਨਾਵਾਂ ਉਤੇ ਦਖਲ ਦੀ ਮੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਨੂੰ ਚਿੱਠੀ ਲਿਖਣ ਵਾਲੀਆਂ 50 ਉੱਘੀਆਂ ਹਸਤੀਆਂ ਖਿਲਾਫ ਦਰਜ ਕੇਸ ਖਤਮ ਕਰਨ ਲਈ ਪੁਲਿਸ ਨੇ ਹੁਕਮ ਜਾਰੀ ਕੀਤੇ ਹਨ। ਮੁਜ਼ੱਫਰਨਗਰ ਦੇ ਐਸ਼ਐਸ਼ਪੀ. ਮਨੋਜ ਸਿਨਹਾ ਨੇ ਕਿਹਾ ਕਿ ਉਨ੍ਹਾਂ ਇਹ ਕੇਸ ਖਤਮ ਕਰਨ ਦਾ ਹੁਕਮ ਦਿੱਤਾ ਹੈ ਕਿਉਂਕਿ ਹੁਣ ਤੱਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਖਿਲਾਫ ਲਗਾਏ ਗਏ ਦੋਸ਼ ਸ਼ਰਾਰਤਪੂਰਨ ਹਨ ਅਤੇ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਸਥਾਨਕ ਐਡਵੋਕੇਟ ਸੁਧੀਰ ਕੁਮਾਰ ਓਝਾ ਦੀ ਪਟੀਸ਼ਨ ‘ਤੇ ਚੀਫ ਜਸਟਿਸ ਦੇ ਹੁਕਮਾਂ ਬਾਅਦ ਸਦਰ ਥਾਣੇ ਵਿਚ ਬੀਤੇ ਹਫਤੇ ਐਫ਼ਆਈ.ਆਰ. ਦਰਜ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੂੰ ਲਿਖੀ ਖੁੱਲ੍ਹੀ ਚਿੱਠੀ ਵਿਚ ਫਿਲਮ ਨਿਰਮਾਤਾ ਸ਼ਿਆਮ ਬੇਨੇਗਲ, ਮਣੀ ਰਤਨਮ ਤੇ ਅਨੁਰਾਗ ਕਸ਼ਿਅਪ ਤੋਂ ਇਲਾਵਾ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਦਸਤਖਤ ਕੀਤੇ ਸਨ। ਪ੍ਰਧਾਨ ਮੰਤਰੀ ਨੂੰ ਖੁੱਲ੍ਹੀ ਚਿੱਠੀ ਲਿਖੇ ਜਾਣ ਦੀਆਂ ਰਿਪੋਰਟਾਂ ਆਉਣ ਦੇ ਤੁਰਤ ਬਾਅਦ ਐਡਵੋਕੇਟ ਓਝਾ ਨੇ ਇਸ ਵਰ੍ਹੇ ਜੁਲਾਈ ਵਿਚ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ।
ਚੀਫ ਜਸਟਿਸ ਸੂਰਿਆ ਕਾਂਤ ਤਿਵਾੜੀ ਨੇ ਅਗਸਤ ਵਿਚ ਧਾਰਾ 156(3) ਤਹਿਤ ਪਟੀਸ਼ਨ ਮਨਜ਼ੂਰ ਕਰਦਿਆਂ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ ਜਿਸ ਤੋਂ ਬਾਅਦ 3 ਅਕਤੂਬਰ ਨੂੰ ਮੁਜ਼ੱਫਰਨਗਰ ਵਿਚ 50 ਹਸਤੀਆਂ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਦਿਲਚਸਪ ਹੈ ਕਿ ਪਟੀਸ਼ਨਰ ਨੇ ਬੌਲੀਵੁੱਡ ਹਸਤੀਆਂ ਕੰਗਨਾ ਰਣੌਤ, ਮਧੁਰ ਭੰਡਾਰਕਰ ਅਤੇ ਵਿਵੇਕ ਅਗਨੀਹੋਤਰੀ ਨੂੰ ਇਸ ਕੇਸ ਵਿਚ ਗਵਾਹ ਬਣਾਇਆ ਸੀ। ਹਸਤੀਆਂ ‘ਤੇ ਕੇਸ ਦਰਜ ਹੋਣ ਬਾਅਦ ਪੂਰੇ ਮੁਲਕ ਵਿਚ ਰੋਸ ਫੈਲ ਗਿਆ ਸੀ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕਈ ਹਸਤੀਆਂ ਨੇ ਇਸ ਦੀ ਆਲੋਚਨਾ ਕੀਤੀ ਸੀ।
_______________________
ਸਮਾਜ ‘ਚ ਪਸਰ ਰਹੀ ਨਫਰਤ ਫਿਕਰਮੰਦ ਕਰਨ ਵਾਲੀ: ਨਸੀਰੂਦੀਨ ਸ਼ਾਹ
ਮੁੰਬਈ: ਅਦਾਕਾਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ਬਾਰੇ ਉਹ ਆਪਣੇ ਬਿਆਨ ‘ਤੇ ਅਡੋਲ ਹਨ ਤੇ ਸਮਾਜ ਵਿਚ ‘ਸ਼ਰੇਆਮ ਨਫਰਤ’ ਦੇ ਫੈਲਾਅ ਤੋਂ ਬੇਹੱਦ ਪਰੇਸ਼ਾਨ ਹਨ। ਪਿਛਲੇ ਸਾਲ 69 ਸਾਲਾ ਅਦਾਕਾਰ ਨੇ ਹਿੰਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕੁਝ ਥਾਵਾਂ ‘ਤੇ ਗਊ ਹੱਤਿਆ ਨੂੰ ਪੁਲਿਸ ਮੁਲਾਜ਼ਮ ਦੀ ਹੱਤਿਆ ਤੋਂ ਵੱਧ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਮਹਿਸੂਸ ਕਰਦੇ ਹਨ, ਉਹ ਕਹਿੰਦੇ ਹਨ ਤੇ ਉਸ ‘ਤੇ ਖੜ੍ਹਦੇ ਵੀ ਹਨ। ਸ਼ਾਹ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੀ ਆਲੋਚਨਾ ਵੀ ਸਹਿਣੀ ਪੈਂਦੀ ਹੈ ਜਿਨ੍ਹਾਂ ਕੋਲ ਸ਼ਾਇਦ ਕਰਨ ਲਈ ਕੁਝ ਹੋਰ ਨਹੀਂ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
_______________________
ਖੁੱਲ੍ਹ ਕੇ ਵਿਚਾਰ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ: ਜਾਵੇਦ ਅਖ਼ਤਰ
ਮੁੰਬਈ: ਉਘੇ ਗੀਤਕਾਰ ਤੇ ਲੇਖਕ ਜਾਵੇਦ ਅਖਤਰ ਨੇ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਚਾਹੇ ਉਹ ਸ਼ਾਸਨ ਦੇ ਖਿਲਾਫ ਹੀ ਕਿਉਂ ਨਾ ਹੋਣ। ਸਿਆਸੀ ਤੇ ਸਮਾਜਿਕ ਪੱਖ ਤੋਂ ਵਿਚਾਰ ਰੱਖਣ ਉਚ ਹਮੇਸ਼ਾ ਮੋਹਰੀ ਰਹੇ ਅਖਤਰ ਦਾ ਮੰਨਣਾ ਹੈ ਕਿ ਲੋਕਤੰਤਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੱਬੀ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ ‘ਜੇ ਤੁਸੀਂ ਕਿਸੇ ਵਿਅਕਤੀ ਜਾਂ ਸਰਕਾਰ ਨੂੰ ਕੁਝ ਕਹਿੰਦੇ ਹੋ ਤਾਂ ਕੀ ਇਹ ਉਸ ਨੂੰ ਪਸੰਦ ਆਵੇਗਾ? ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕੋਈ ਸਰਕਾਰ ਹੋ ਸਕਦੀ ਹੈ ਜਿਸ ਦੀ ਤੁਸੀਂ ਆਲੋਚਨਾ ਕਰੋ ਤੇ ਉਹ ਖੁਸ਼ ਹੋਵੇ।’ ਇਸ ਦੇ ਬਾਵਜੂਦ ਲੋਕ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਹਨ ਤੇ ਖੁਦ ਨੂੰ ਵਿਅਕਤ ਕਰਦੇ ਹਨ। ਇਸ ਹੱਕ ਨੂੰ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ।
_______________________
ਮੋਦੀ ਨੂੰ ਪੱਤਰ ਲਿਖਣ ਵਾਲੇ ਛੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ‘ਚੋਂ ਕੱਢਿਆ
ਮੁੰਬਈ: ਸਮਾਜਿਕ ਸਮੱਸਿਆਵਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਣ ਵਾਲੇ ਛੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਇੰਟਰਨੈਸ਼ਨਲ ਹਿੰਦੀ ਯੂਨੀਵਰਸਿਟੀ ਨੇ ਕੱਢ ਦਿੱਤਾ ਹੈ। ਇਸ ਲਈ ਵਿਧਾਨ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲੱਗੇ ਹੋਣ ਦਾ ਹਵਾਲਾ ਦਿੱਤਾ ਹੈ। ਇਹ ਮੁੱਦਾ ਉਠਾਉਂਦਿਆਂ ਕਾਂਗਰਸ ਨੇ ਮੁੱਖ ਚੋਣ ਅਧਿਕਾਰੀ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ। ਕਾਂਗਰਸ ਨੇ ਪੁੱਛਿਆ ਹੈ ਕਿ ਵਰਧਾ ਆਧਾਰਿਤ ਯੂਨੀਵਰਸਿਟੀ ਨੇ ਕਿਸ ਆਧਾਰ ‘ਤੇ ਸਖਤ ਫੈਸਲਾ ਲਿਆ ਹੈ। ਕਾਂਗਰਸ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ ਹੈ ਕਿਉਂਕਿ ਕੱਢੇ ਗਏ ਵਿਦਿਆਰਥੀ ਅਨੁਸੂਚਿਤ ਜਾਤਾਂ ਅਤੇ ਹੋਰ ਪੱਛੜੇ ਵਰਗਾਂ ਨਾਲ ਸਬੰਧਤ ਹਨ ਜੋ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਨਹੀਂ ਹੋਏ ਹਨ।