ਕਾਂਗਰਸ ਵੱਲੋਂ ਪੰਜਾਬ ਵਾਂਗੂ ਹਰਿਆਣਾ ਨੂੰ ਵੀ ‘ਨਸ਼ਾ ਮੁਕਤ’ ਕਰਨ ਦਾ ਵਾਅਦਾ

ਡੱਬਵਾਲੀ: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵਿਆਂ ਅਤੇ ਵਾਅਦਿਆਂ ਵਿਚ ਹੁਣ ਤੱਕ ਅਸਫਲ ਰਹੀ ਅਮਰਿੰਦਰ ਸਿੰਘ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਹੁਣ ਕਾਂਗਰਸ ਸਰਕਾਰ ਬਣਨ ਉਤੇ ਹਰਿਆਣਾ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਹੈ। ਡੱਬਵਾਲੀ ਹਲਕੇ ‘ਚ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਦੀ ਹਮਾਇਤ ਲਈ ਪੁੱਜੇ ਮਨਪ੍ਰੀਤ ਬਾਦਲ ਨੇ ਹਰਿਆਣਾ ਵਿਚ ਕਾਂਗਰਸ ਦੀ ਇਮਾਨਦਾਰ ਸਰਕਾਰ ਬਣਨ ਦੇ ਦਾਅਵੇ ਕੀਤੇ। ਜ਼ਿਕਰਯੋਗ ਹੈ ਕਿ ਹਰਿਆਣਵੀ ਵੋਟਰਾਂ ਨੂੰ ਲੁਭਾਉਣ ਲਈ ਅੱਜ-ਕੱਲ੍ਹ ਸਿਆਸੀ ਪਾਰਟੀਆਂ ਦੇ ਉਮੀਦਵਾਰ ਬਾਹਰੀ ਸੂਬਿਆਂ ਦੇ ਸਿਆਸੀ ਆਗੂਆਂ ਦਾ ਸਹਾਰਾ ਲੈ ਰਹੇ ਹਨ। ਕੁਝ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਲਈ ਗਾਉਣ ਵਾਲਿਆਂ ਦਾ ਸਹਾਰਾ ਵੀ ਲੈ ਰਹੇ ਹਨ।

ਮਨਪ੍ਰੀਤ ਸਿੰਘ ਬਾਦਲ ਨੇ ਨਸ਼ਿਆਂ ਦੇ ਮੁੱਦੇ ਉਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ‘ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਨੇ ਚਿੱਟੇ ਦੇ ਨਸ਼ੇ ਨੂੰ ਖਤਮ ਕੀਤਾ ਹੈ। ਨਸ਼ਾ ਤਸਕਰ ਪੰਜਾਬ ਤੋਂ ਭੱਜ ਕੇ ਹਰਿਆਣਾ ਵਿਚ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨਸ਼ੇ ਨੂੰ ਖਤਮ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ।
ਕਾਂਗਰਸ ਨੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਹੈ ਕਿ ਜੇ ਕਾਂਗਰਸ ਸਰਕਾਰ ਬਣ ਗਈ ਤਾਂ ਰਾਜ ਸਰਕਾਰ ਦੀ ਪ੍ਰਸ਼ਾਸਨ ਸੰਚਾਲਨ ਤੇ ਸਰਕਾਰੀ ਸਕੂਲਾਂ ‘ਚ ਪੰਜਾਬੀ ਦੀ ਪੜ੍ਹਾਈ ਲਾਗੂ ਕਰਨ ਦੇ ਪੂਰੇ-ਪੂਰੇ ਪ੍ਰਬੰਧ ਕੀਤੇ ਜਾਣਗੇ। ਵਰਨਣਯੋਗ ਹੈ ਕਿ ਕਈ ਸਾਲ ਪਹਿਲਾਂ ਹੁੱਡਾ ਸਰਕਾਰ ਦੇ ਦੌਰ ‘ਚ ਪੰਜਾਬੀ ਨੂੰ ਰਾਜ ਦੀ ਦੂਜੀ ਸਰਕਾਰੀ ਭਾਸ਼ਾ ਵਜੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਹੁਣ ਤੱਕ ਇਸ ਨੂੰ ਲਾਗੂ ਕਰਨ ਲਈ ਟਾਲ-ਮਟੋਲ ਤੋਂ ਕੰਮ ਲਿਆ ਗਿਆ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਬਣਨ ‘ਤੇ ਰਾਜ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।
__________________________
ਭਾਜਪਾ ਵੱਲੋਂ ਕਿਸਾਨਾਂ ਤੇ ਨੌਜਵਾਨਾਂ ਨਾਲ ਵੱਡੇ ਵਾਅਦੇ
ਚੰਡੀਗੜ੍ਹ: ਹਰਿਆਣਾ ਵਿਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿਚ 75 ਪਲੱਸ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ। ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ਬੈਂਕਾਂ ਦੇ ਕਰਜ਼ਦਾਰ ਕਿਸਾਨਾਂ ਦਾ ਵਿਆਜ ਮੁਆਫ ਕਰਨਾ, ਗਰੀਬ ਘਰਾਂ ਦੀਆਂ ਲੜਕੀਆਂ ਨੂੰ ਮੁਫਤ ਸਿੱਖਿਆ ਅਤੇ 25 ਲੱਖ ਨੌਜਵਾਨਾਂ ਨੂੰ ਹੁਨਰ ਟਰੇਨਿੰਗ ਦੇਣ ਦਾ ਵਾਅਦਾ ਕੀਤਾ ਹੈ। ਚੋਣ ਘੋਸ਼ਣਾ ਪੱਤਰ ਵਿਚ ਅਹਿਮ ਗੱਲ ਇਹ ਹੈ ਕਿ 2014 ਦੇ ਚੋਣ ਘੋਸ਼ਣਾ ਪੱਤਰ ਵਿਚ ਅਧੂਰੇ ਰਹਿ ਗਏ ਵਾਅਦਿਆਂ ਨੂੰ ਵੀ ਇਸ ਵਾਰ ਫਿਰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਾਅਦਿਆਂ ਵਿਚ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸੂਬੇ ਦੇ ਪੰਜ ਲੱਖ ਕਿਸਾਨਾਂ ਨੂੰ ਮਾਨ-ਧਨ ਯੋਜਨਾ ਤਹਿਤ ਪ੍ਰਤੀ ਮਹੀਨਾ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੱਖਣੀ ਹਰਿਆਣਾ ਵਿਚ ਟੇਲ ਤੱਕ ਪਾਣੀ ਪਹੁੰਚਾਇਆ ਜਾਵੇਗਾ। ਹਰ ਮੰਡੀ ਅਤੇ ਸ਼ੂਗਰ ਮਿੱਲ ਵਿਚ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਦਸ ਰੁਪਏ ਥਾਲੀ ਦਿੱਤੀ ਜਾਵੇਗੀ।