ਸਰਬਜੀਤ ਨੂੰ ਕੌਮੀ ਸ਼ਹੀਦ ਐਲਾਨੇ ਜਾਣ ‘ਤੇ ਇਤਰਾਜ਼

ਚੰਡੀਗੜ੍ਹ: ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਪਿਛਲੇ ਦਿਨੀਂ ਲਾਹੌਰ ਦੀ ਜੇਲ੍ਹ ਵਿਚ ਹੋਏ ਜਾਨਲੇਵਾ ਹਮਲੇ ਦੌਰਾਨ ਜ਼ਖਮੀ ਹੋਣ ਬਾਅਦ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਅਗਲੇ ਦਿਨ ਉਸ ਦੇ ਜੱਦੀ ਪਿੰਡ ਭਿੱਖੀਵਿੰਡ ਲਿਆਂਦੀ ਗਈ। ਪੰਜਾਬ ਸਰਕਾਰ ਵੱਲੋਂ ਸਰਬਜੀਤ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਤਿੰਨ ਦਿਨ ਸਰਕਾਰੀ ਸੋਗ ਦਾ ਐਲਾਨ ਕੀਤਾ, ਉਸ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦੇ ਕੇ ਇਕ ਕਰੋੜ ਰੁਪਏ ਦੀ ਰਾਸ਼ੀ ਪਰਿਵਾਰ ਨੂੰ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।
ਸਰਬਜੀਤ ਨੂੰ ‘ਕੌਮੀ ਸ਼ਹੀਦ’ ਐੈਲਾਨੇ ਜਾਣ ‘ਤੇ ਕਈ ਖੱਬੇ ਪੱਖੀ, ਕੌਮੀ ਸ਼ਹੀਦਾਂ ਦੀ ਵਿਰਾਸਤ ਸੰਭਾਲਣ ਲਈ ਯਤਨਸ਼ੀਲ ਸੰਸਥਾਵਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਸਮੇਤ ਰਾਜਸੀ ਆਗੂਆਂ ਨੇ ਉਂਗਲ ਉਠਾਈ ਹੈ ਤੇ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਵੱਲੋਂ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਪਾਏ ਮਤੇ ਦੀ ਆਲੋਚਨਾ ਹੋ ਰਹੀ ਹੈ। ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਸਰਬਜੀਤ ਨੇ ਲੰਬਾ ਸਮਾਂ ਹੋਰਾਂ ਭਾਰਤੀ ਕੈਦੀਆਂ ਵਾਂਗ ਪਾਕਿਸਤਾਨੀ ਜੇਲ੍ਹਾਂ ਵਿਚ ਨਰਕ ਭੋਗਿਆ ਤੇ ਜੇਲ੍ਹ ਦੌਰਾਨ ਉਸ ਉੱਪਰ ਹੋਇਆ ਹਮਲਾ ਵੀ ਬੇਹੱਦ ਨਿੰਦਣਯੋਗ ਹੈ। ਸਰਬਜੀਤ ਪਾਕਿਸਤਾਨ ਹੱਥੋਂ ਬੇਹੱਦ ਪੀੜਤ ਹੋਇਆ ਤੇ ਉਸ ਦੇ ਪਰਿਵਾਰ ਨੂੰ ਵੀ ਬਹੁਤ ਸਾਰੀਆਂ ਦੁਸ਼ਵਾਰੀਆਂ ਝੱਲਣੀਆਂ ਪਈਆਂ। ਸਰਬਜੀਤ ਤੇ ਉਸ ਦੇ ਪਰਿਵਾਰ ਲਈ ਲੋਕਾਂ ਦੀ ਭਾਵੁਕ ਹਮਦਰਦੀ ਕੁਦਰਤੀ ਹੈ ਪਰ ਕਿਸੇ ਵਿਅਕਤੀ ਨੂੰ ਇਕਤਰਫਾ ਕੌਮੀ ਸ਼ਹੀਦ ਕਰਾਰ ਦੇ ਦੇਣਾ, ਸਮਝ ਤੋਂ ਬਾਹਰੀ ਗੱਲ ਹੈ। ਅਜਿਹੇ ਲੋਕ ਮੰਨਦੇ ਹਨ ਕਿ ਦੇਸ਼ ਤੇ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਜਦੋ-ਜਹਿਦਾਂਕਰਨ ਵਾਲੇ ਤੇ ਜਾਨ ਦੀ ਪ੍ਰਵਾਹ ਨਾ ਕਰਨ ਵਾਲੇ ਹੀ ਕੌਮੀ ਪ੍ਰਵਾਨਿਆਂ ਵਜੋਂ ਲੋਕ ਮਨਾਂ ਵਿਚ ਆਪਣਾ ਸਥਾਨ ਬਣਾਉਂਦੇ ਹਨ। ਇਨ੍ਹਾਂ ਪ੍ਰਵਾਨਿਆਂ ਦੀ ਕੁਰਬਾਨੀ ਤੇ ਸ਼ਹਾਦਤ ਖੁਦ ਰਾਅ ਹੀ ਲੋਕ ਚੇਤਿਆਂ ਵਿਚ ਵਾਸ ਕਰ ਜਾਂਦੀ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਕਿਸੇ ਅਸੈਂਬਲੀ ਦੇ ਮਤੇ ਨਾਲ ਸ਼ਹੀਦ ਪ੍ਰਵਾਨ ਨਹੀਂ ਹੋਏ ਸਗੋਂ ਉਨ੍ਹਾਂ ਆਪਣੇ ਅਮਲਾਂ ਨਾਲ ਇਹ ਰੁਤਬਾ ਹਾਸਲ ਕੀਤਾ ਹੈ। ਸਰਬਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਸ਼ਰਾਬ ਪੀਣ ਦੀ ਲਤ ਸੀ ਤੇ ਇਕ ਦਿਨ ਸ਼ਰਾਬੀ ਹਾਲਤ ਵਿਚ ਭੁਲੇਖੇ ਨਾਲ ਸਰਹੱਦ ਪਾਰ ਕਰ ਗਿਆ। ਖੁਫ਼ੀਆ ਏਜੰਸੀਆਂ ਦੇ ਕੁਝ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਰਬਜੀਤ ਭਾਰਤੀ ਖੁਫ਼ੀਆ ਏਜੰਸੀ ‘ਰਾਅ’ ਦਾ ਏਜੰਟ ਸੀ ਤੇ ਇਕ ਖਾਸ ਮਿਸ਼ਨ ਤਹਿਤ ਪਾਕਿਸਤਾਨ ਭੇਜਿਆ ਗਿਆ ਸੀ। ਦੋਵਾਂ ਵਿਚੋਂ ਕੋਈ ਗੱਲ ਵੀ ਸੱਚ ਹੋਵੇ, ਉਸ ਨੂੰ ਸ਼ਹੀਦ ਭਗਤ ਸਿੰਘ ਜਾਂ ਸ਼ਹੀਦ ਊਧਮ ਸਿੰਘ ਵਰਗਾ ਦਰਜਾ ਦੇਣਾ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਜਾਪ ਰਿਹਾ। ਗ਼ਦਰੀ ਬਾਬਿਆਂ ਦੀ ਵਿਰਾਸਤ ਨੂ ਨੂੰਸੰਭਾਲੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਪ ਪ੍ਰਧਾਨ ਨੌਨਿਹਾਲ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਕੌਮੀ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁੱਲ ਹੈ।
_________________
ਸਰਬਜੀਤ ‘ਰਾਅ’ ਦਾ ਏਜੰਟ!
ਨਵੀਂ ਦਿੱਲੀ: ਦਿੱਲੀ ਤੇ ਚੰਡੀਗੜ੍ਹ ਤੋਂ ਛਪਦੇ ਅੰਗਰੇਜ਼ੀ ਅਖ਼ਬਾਰ ‘ਹਿੰਦੋਸਤਾਨ ਟਾਈਮਜ਼’ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਸਰਬਜੀਤ ਸਿੰਘ ਨੂੰ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਏਜੰਸੀ ਦੇ ਅਧਿਕਾਰੀ ਨੇ ਇਕ ਕੰਮ ਸੌਂਪ ਕੇ ਪਾਕਿਸਤਾਨ ਭੇਜਿਆ ਸੀ ਜਿਹੜਾ ਬਾਅਦ ਵਿਚ ਇਸ ਖੁਫ਼ੀਆ ਏਜੰਸੀ ਦਾ ਮੁਖੀ ਬਣ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਸਰਬਜੀਤ ਉੁਸ ਨੂੰ ਸੌਂਪੇ ਕੰਮ ਨੂੰ ਕਰਨ ਵਿਚ ਸਫਲ ਵੀ ਹੋ ਗਿਆ ਪਰ ਉਥੋਂ ਦੌੜਨ ਸਮੇਂ ਫੜਿਆ ਗਿਆ।
ਖ਼ੁਫ਼ੀਆ ਏਜੰਸੀ ਦੇ ਸਾਬਕਾ ਅਧਿਕਾਰੀ ਜਿਹੜਾ ਸਰਬਜੀਤ ਦੇ ਮਾਮਲੇ ਦੀ ਪੈਰਵੀ ਕਰਦਾ ਸੀ, ਨੇ ਦੱਸਿਆ ਕਿ ਸਰਬਜੀਤ ਵੱਲੋਂ ਕੀਤੇ ਕੰਮ ਨਾਲ ਕੋਈ ਖਾਸ ਮਕਸਦ ਹੱਲ ਨਹੀਂ ਹੋਇਆ ਕਿਉਂਕਿ 1990 ਦੇ ਦਹਾਕੇ ਤੋਂ ਪਹਿਲਾਂ ਤੇ ਮੱਧ ਵਿਚ ਏਜੰਸੀ ਨੇ ਪਾਕਿਸਤਾਨ ਵਿਚ ਇਸ ਤਰ੍ਹਾਂ ਦੇ ਕਈ ਹੋਰ ਕੰਮ ਵੀ ਕਰਨੇ ਸੀ। ਅਧਿਕਾਰੀ ਨੇ ਦੱਸਿਆ ਕਿ ‘ਰਾਅ’ ਵੱਲੋਂ ਇਸ ਸਮੇਂ ਦੌਰਾਨ ਕੀਤੇ ਕੁਝ ਆਪਰੇਸ਼ਨ ਪੂਰੀ ਤਰ੍ਹਾਂ ਪਾਗਲਪਨ ਵਾਲੇ ਸਨ। ਸਰਬਜੀਤ ਵਰਗੇ ਜਸੂਸਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਲਈ ਵੱਡੀ ਕੀਮਤ ਚੁਕਾਉਣੀ ਪਈ ਹੈ।
_________________________
ਵਿਦੇਸ਼ੀ ਜੇਲ੍ਹਾਂ ਵਿਚ 6569 ਭਾਰਤੀ ਕੈਦੀ
ਚੰਡੀਗੜ੍ਹ: ਦੁਨੀਆਂ ਦੇ 67 ਮੁਲਕਾਂ ਦੀਆਂ ਜੇਲ੍ਹਾਂ ਵਿਚ 6,569 ਭਾਰਤੀ ਕੈਦੀ ਹਨ। ਇਨ੍ਹਾਂ ਵਿਚੋਂ 254 ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਹਨ।
ਇਹ ਖੁਲਾਸਾ ਇਕ ਆਰਟੀਆਈ ਕਾਰਕੁਨ ਡੀਬੀ ਬਿਨੂ ਨੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਤਹਿਤ ਹੋਇਆ ਹੈ। ਇਸ ਵੇਲੇ ਸਾਊਦੀ ਅਰਬ ਵਿਚ 1691, ਕੁਵੈਤ ਵਿਚ 1161, ਯੂਏਈ ਵਿਚ 1012 ਭਾਰਤੀ ਕੈਦੀ ਹਨ। ਇਟਲੀ ਦੀਆਂ ਜੇਲ੍ਹਾਂ ਵਿਚ 121 ਭਾਰਤੀ ਹਨ। ਇਸੇ ਨਾਲ ਬਰਤਾਨੀਆ ਦੀਆਂ ਜੇਲ੍ਹਾਂ ਵਿਚ 426, ਅਮਰੀਕਾ ਵਿਚ 155, ਚੀਨ ਵਿਚ 157, ਬੰਗਲਾਦੇਸ਼ ਵਿਚ 62, ਅਫਗਾਨਿਸਤਾਨ ਵਿਚ 28, ਬਹਿਰੀਨ ਵਿਚ 18 ਤੇ ਨੇਪਾਲ ਵਿਚ 377 ਭਾਰਤੀ ਕੈਦੀ ਹਨ। ਇਸ ਤੋਂ ਇਲਾਵਾ ਇਰਾਨ, ਇਰਾਕ, ਅਲਜੀਰੀਆ, ਬੈਲਜ਼ੀਅਮ ਤੇ ਫਰਾਂਸ ਦੀਆ ਜੇਲ੍ਹਾਂ ਵਿਚ ਵੀ ਭਾਰਤੀ ਕੈਦੀ ਹਨ।

Be the first to comment

Leave a Reply

Your email address will not be published.