ਸਾਕਾ ਨੀਲਾ ਤਾਰਾ: ਨੁਕਸਾਨੀ ਡਿਉਢੀ ਨੂੰ ਸੰਭਾਲਣ ਦੀ ਸੇਵਾ ਅਰੰਭ

ਅੰਮ੍ਰਿਤਸਰ: ਜੂਨ 1984 ਵਿਚ ਵਾਪਰੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਕਈ ਇਮਾਰਤਾਂ ਨੂੰ ਫੌਜੀ ਗੋਲੀਬਾਰੀ ਨਾਲ ਭਾਰੀ ਨੁਕਸਾਨ ਪੁੱਜਾ ਸੀ, ਇਨ੍ਹਾਂ ਵਿਚ ਅਕਾਲ ਤਖਤ ਨੇੜੇ ਸਥਾਪਤ ਡਿਉਢੀ (ਖਜ਼ਾਨਾ ਡਿਉਢੀ) ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦੀ ਸਾਂਭ-ਸੰਭਾਲ ਸੇਵਾ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਨੁਕਸਾਨੀ ਹੋਈ ਡਿਉਢੀ ਨੂੰ ਜਿਵੇਂ ਦਾ ਤਿਵੇਂ ਸੰਭਾਲਣ ਦਾ ਦਾਅਵਾ ਕੀਤਾ ਗਿਆ ਹੈ।

ਫੌਜੀ ਹਮਲੇ ਸਮੇਂ ਅਕਾਲ ਤਖਤ ਦੀ ਇਮਾਰਤ ਵੱਡੇ ਪੱਧਰ ਉੱਤੇ ਨੁਕਸਾਨੀ ਗਈ ਸੀ, ਪਰਿਕਰਮਾ ਵਿਚ ਟੈਂਕ ਆਦਿ ਆਉਣ ਨਾਲ ਫਰਸ਼ ਟੁੱਟ ਗਿਆ ਸੀ, ਤੇਜਾ ਸਿੰਘ ਸਮੁੰਦਰੀ ਹਾਲ, ਸਿੱਖ ਰੈਫਰੈਂਸ ਲਾਇਬਰੇਰੀ ਤੇ ਹੋਰ ਇਮਾਰਤਾਂ ਨੂੰ ਨੁਕਸਾਨ ਪੁੱਜਾ ਸੀ। ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ, ਤੋਸ਼ਾਖਾਨਾ ਅਤੇ ਦਰਸ਼ਨੀ ਡਿਉਢੀ ਨੂੰ ਵੀ ਗੋਲੀਬਾਰੀ ਕਾਰਨ ਨੁਕਸਾਨ ਪੁੱਜਾ ਸੀ। ਇਨ੍ਹਾਂ ਵਿਚੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਹੀ ਮੁਰੰਮਤ ਦੀ ਸੇਵਾ ਕੀਤੀ ਗਈ ਹੈ ਅਤੇ ਇਥੇ ਸੈਂਕੜੇ ਤੋਂ ਵੱਧ ਲੱਗੀਆਂ ਗੋਲੀਆਂ ਦੇ ਨਿਸ਼ਾਨ ਸਟੀਲ ਦੇ ਫਰੇਮ ਲਾ ਕੇ ਸੰਭਾਲੇ ਗਏ ਹਨ। ਇਸੇ ਤਰ੍ਹਾਂ ਮੁੱਖ ਦਰਸ਼ਨੀ ਡਿਉਢੀ ਵਿਚ ਗੋਲੀਆਂ ਦੇ ਨਿਸ਼ਾਨ ਵੀ ਕਈ ਥਾਵਾਂ ਉਤੇ ਸੰਭਾਲੇ ਗਏ ਹਨ। ਅਕਾਲ ਤਖਤ ਨੇੜੇ ਬਣੀ ਖਜ਼ਾਨਾ ਡਿਉਢੀ ਹਮਲੇ ਦੌਰਾਨ ਨੁਕਸਾਨ ਮਗਰੋਂ ਫਿਲਹਾਲ ਜਿਵੇਂ ਦੀ ਤਿਵੇਂ ਹੈ ਅਤੇ ਇਸ ਦੀ ਸਾਂਭ ਸੰਭਾਲ ਦਾ ਕੰਮ ਨਹੀਂ ਹੋਇਆ ਸੀ, ਜਿਸ ਕਾਰਨ ਇਹ ਖਸਤਾ ਹਾਲਤ ਵੱਲ ਜਾ ਰਹੀ ਸੀ।
ਇਸ ਡਿਉਢੀ ਦੇ ਉਪਰ ਬਣੀ ਪਾਲਕੀ ਅਤੇ ਇਸ ਦੀਆਂ ਕੰਧਾਂ ਵਿਚ ਗੋਲੀਆਂ ਅਤੇ ਬੰਬਾਂ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਡਿਉਢੀ ਦੀ ਸਾਂਭ-ਸੰਭਾਲ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਪੰਥਕ ਰਵਾਇਤਾਂ ਮੁਤਾਬਕ ਸੇਵਾ ਸ਼ੁਰੂ ਕੀਤੀ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਸਿੱਖ ਸ਼ਖਸੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਲੌਂਗੋਵਾਲ ਨੇ ਆਖਿਆ ਕਿ ਜੂਨ 1984 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਮ ‘ਤੇ ਅਤਿਅੰਤ ਜੁਲਮ ਢਾਹੇ ਗਏ ਸਨ, ਜਿਨ੍ਹਾਂ ਦਾ ਸਾਕਾ ਨੀਲਾ ਤਾਰਾ ਫੌਜੀ ਹਮਲਾ ਸਿਖਰ ਹੈ।
ਉਨ੍ਹਾਂ ਕਿਹਾ ਕਿ ਡਿਉਢੀ ਉਤੇ ਲੱਗੀਆਂ ਗੋਲੀਆਂ ਅੱਜ ਵੀ ਫੌਜੀ ਹਮਲੇ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਇਤਿਹਾਸਕ ਯਾਦਾਂ ਨੂੰ ਸ਼੍ਰੋਮਣੀ ਕਮੇਟੀ ਜਿਵੇਂ ਦੀ ਤਿਵੇਂ ਸੰਭਾਲਣ ਦਾ ਯਤਨ ਕਰੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਹਮਲੇ ਦੇ ਨਿਸ਼ਾਨਾਂ ਨੂੰ ਦੇਖ ਸਕਣ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਨੁਕਸਾਨੇ ਗਏ ਡਿਉਢੀ ਦੇ ਉਪਰਲੇ ਹਿੱਸੇ ਬਾਹਰ ਸਟੀਲ ਦੇ ਫਰੇਮ ਲਾਏ ਜਾਣਗੇ, ਜਿਨ੍ਹਾਂ ਵਿਚ ਪਾਰਦਰਸ਼ੀ ਸ਼ੀਸ਼ੇ ਲਾਏ ਜਾਣਗੇ ਤਾਂ ਜੋ ਇਮਾਰਤ ਦੀਆਂ ਕੰਧਾਂ ਵਿੱਚ ਮੀਂਹ ਦਾ ਪਾਣੀ ਨਾ ਜਾ ਸਕੇ ਅਤੇ ਇਸ ਦਾ ਹੋਰ ਨੁਕਸਾਨ ਨਾ ਹੋਵੇ।