ਖਾਲੀ ਹੋਈਆਂ ਸੀਟਾਂ ਦੀ ਉਪ ਚੋਣ ਦੀ ਥਾਂ ਕੀਤਾ ਕੀ ਜਾਵੇ!

-ਜਤਿੰਦਰ ਪਨੂੰ
ਪੰਜਾਬ ਵਿਚ ਇਸ ਵਕਤ ਚਾਰ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਚੱਲ ਰਹੀਆਂ ਹਨ। ਫਗਵਾੜਾ ਸੀਟ ਭਾਜਪਾ ਆਗੂ ਸੋਮ ਪ੍ਰਕਾਸ਼ ਅਤੇ ਜਲਾਲਾਬਾਦ ਦੀ ਸੀਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈਆਂ ਹਨ। ਬਾਕੀ ਦੋ ਵਿਚੋਂ ਦਾਖਾ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ. ਐਸ਼ ਫੂਲਕਾ ਦੇ ਅਸਤੀਫਾ ਦੇਣ ਕਾਰਨ ਅਤੇ ਮੁਕੇਰੀਆਂ ਦੀ ਸੀਟ ਕਾਂਗਰਸ ਪਾਰਟੀ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਹੋ ਜਾਣ ਕਾਰਨ ਵਿਹਲੀਆਂ ਹੋ ਗਈਆਂ।

ਇਨ੍ਹਾਂ ਸੀਟਾਂ ਲਈ ਉਪ ਚੋਣ ਦਾ ਦੌਰ ਚੱਲਦੇ ਤੋਂ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਇਹ ਕਹਿ ਕੇ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਜਿਸ ਸੀਟ ਤੋਂ ਕਿਸੇ ਚੁਣੇ ਹੋਏ ਆਗੂ ਨੇ ਅਸਤੀਫਾ ਦਿੱਤਾ ਹੋਵੇ ਅਤੇ ਉਪ ਚੋਣ ਦੇ ਹਾਲਾਤ ਬਣਾਏ ਹੋਣ, ਉਥੇ ਚੋਣ ਲਈ ਹੋਣ ਵਾਲਾ ਸਾਰਾ ਖਰਚਾ ਉਸ ਆਗੂ ਦੇ ਸਿਰ ਪਾ ਦਿੱਤਾ ਜਾਣਾ ਚਾਹੀਦਾ ਹੈ। ਨਾਂ ਭਾਵੇਂ ਭਗਵੰਤ ਮਾਨ ਨੇ ਨਹੀਂ ਲਿਆ, ਪਰ ਗੱਲ ਸਭ ਦੇ ਸਮਝ ਪੈ ਗਈ ਕਿ ਉਹ ਇਸ ਬਹਾਨੇ ਇਥੋਂ ਅਸਤੀਫਾ ਦੇ ਗਏ ਸੀਨੀਅਰ ਵਕੀਲ ਐਚ. ਐਸ਼ ਫੂਲਕਾ ਬਾਰੇ ਕਹਿੰਦਾ ਹੈ। ਫਿਰ ਅੱਗੋਂ ਸ਼ ਫੂਲਕਾ ਦਾ ਜਵਾਬੀ ਮਿਹਣਾ ਵੀ ਅਗਲੇ ਦਿਨ ਆ ਗਿਆ ਕਿ ਹਲਕਾ ਦਾਖਾ ਦੀ ਉਪ ਚੋਣ ਇਸ ਕਰ ਕੇ ਹੋਈ ਹੈ ਕਿ ਮੈਂ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਸੀ, ਮੈਂ ਉਸ ਦਾ ਖਰਚਾ ਦੇਣ ਨੂੰ ਤਿਆਰ ਹਾਂ, ਪਰ ਭਗਵੰਤ ਮਾਨ ਦਿੱਲੀ ਜਾ ਕੇ ਕੇਜਰੀਵਾਲ ਨੂੰ ਇਹ ਗੱਲ ਮਨਾਵੇ ਕਿ ਮੈਂ ਇਥੇ ਇੱਕ ਸੀਟ ਛੱਡੀ ਹੈ, ਕੇਜਰੀਵਾਲ ਦੇ ਅਸਤੀਫੇ ਨਾਲ ਸਮੁੱਚੀ ਦਿੱਲੀ ਦੀ ਵਿਧਾਨ ਸਭਾ ਮੁੜ ਚੁਣਨੀ ਪਈ ਸੀ, ਉਹ ਵੀ ਉਸ ਸਮੁੱਚੀ ਚੋਣ ਦਾ ਖਰਚਾ ਦੇ ਦੇਵੇ।
ਕਿਸੇ ਵੀ ਅਕਾਲੀ, ਕਾਂਗਰਸੀ ਜਾਂ ਭਾਜਪਾ ਆਗੂ ਨੂੰ ਏਦਾਂ ਦੀ ਬਹਿਸ ਵਿਚ ਪੈਣ ਦੀ ਲੋੜ ਨਹੀਂ ਜਾਪਦੀ ਅਤੇ ਉਹ ਇਨ੍ਹਾਂ ਗੱਲਾਂ ਵਿਚ ਵਕਤ ਜ਼ਾਇਆ ਵੀ ਨਹੀਂ ਕਰਨਾ ਚਾਹੁੰਦੇ, ਪਰ ਗੱਲ ਲੋਕਾਂ ਵਿਚ ਚਲੀ ਗਈ ਹੈ। ਭਗਵੰਤ ਮਾਨ ਨੇ ਇਸ ਸਬੰਧੀ ਸ਼ ਫੂਲਕਾ ਦੇ ਜਵਾਬੀ ਮਿਹਣੇ ਵਿਚ ਫਸਣ ਦੀ ਥਾਂ ਨਵੀਂ ਗੱਲ ਕਹਿ ਦਿੱਤੀ ਹੈ ਕਿ ਜੇ ਕੋਈ ਅਸਤੀਫਾ ਦੇ ਜਾਵੇ ਤਾਂ ਚੋਣ ਨਹੀਂ ਕਰਵਾਉਣੀ ਚਾਹੀਦੀ, ਇਸ ਦਾ ਬਦਲਵਾਂ ਪ੍ਰਬੰਧ ਹੋਣਾ ਚਾਹੀਦਾ ਹੈ। ਗੱਲ ਉਸ ਨੇ ਖੇਡਾਂ ਦੇ ਖੇਤਰ ਨਾਲ ਜੋੜ ਕੇ ਕੀਤੀ ਹੈ ਕਿ ਉਥੇ ਜਦੋਂ ਕੋਈ ਜਿੱਤ ਚੁਕਾ ਖਿਡਾਰੀ ਬਾਅਦ ਵਿਚ ਡੋਪ ਟੈਸਟ ਦੌਰਾਨ ਦੋਸ਼ੀ ਕਰਾਰ ਦਿੱਤਾ ਜਾਵੇ ਤਾਂ ਮੁਕਾਬਲਾ ਮੁੜ ਨਹੀਂ ਕਰਵਾਇਆ ਜਾਂਦਾ, ਜੋ ਖਿਡਾਰੀ ਉਸ ਤੋਂ ਅਗਲੇ ਨੰਬਰ ਵਾਲਾ ਹੋਵੇ, ਪਹਿਲੇ ਕੋਲੋਂ ਖੋਹਿਆ ਉਹੀ ਤਮਗਾ ਉਸ ਤੋਂ ਬਾਅਦ ਵਾਲੇ ਨੂੰ ਦੇ ਕੇ ਜੇਤੂ ਐਲਾਨ ਕੀਤਾ ਜਾਂਦਾ ਹੈ। ਭਗਵੰਤ ਮਾਨ ਦੀ ਰਾਏ ਹੈ ਕਿ ਚੋਣ ਵਿਚ ਵੀ ਇਹੋ ਹੋਵੇ ਤਾਂ ਇਸ ਤਰ੍ਹਾਂ ਉਪ-ਚੋਣ ਲਈ ਹੋਣ ਵਾਲਾ ਖਰਚਾ ਤੇ ਖੇਚਲ-ਦੋਹਾਂ ਤੋਂ ਬਚ ਜਾਵਾਂਗੇ।
ਸੁਣਨ ਨੂੰ ਭਗਵੰਤ ਮਾਨ ਦੀ ਇਹ ਤਜਵੀਜ਼ ਕਈ ਲੋਕਾਂ ਨੂੰ ਇੰਨੀ ਚੰਗੀ ਜਾਪਣ ਲੱਗੀ ਕਿ ਉਨ੍ਹਾਂ ਨੇ ਇਸ ਤਜਵੀਜ਼ ਦੇ ਹੱਕ ਵਿਚ ਸਾਡੇ ਫੋਨ ਖੜਕਾ ਦਿਤੇ ਕਿ ਇਹ ਰਾਏ ਬੜੀ ਚੰਗੀ ਹੈ ਤੇ ਅੱਗੇ ਵਧਾਉਣ ਵਾਲੀ ਹੈ। ਅਸੀਂ ਕਿਸੇ ਦੇਸ਼ ਬਾਰੇ ਖੁਦ ਨਹੀਂ ਜਾਣਦੇ, ਪਰ ਕਈ ਸੱਜਣਾਂ ਨੇ ਕਿਹਾ ਹੈ ਕਿ ਫਲਾਣੇ-ਫਲਾਣੇ ਦੇਸ਼ ਵਿਚ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਜਿੱਤਿਆ ਉਮੀਦਵਾਰ ਕਿਸੇ ਕਾਰਨ ਅਹੁਦਾ ਛੱਡ ਜਾਵੇ ਜਾਂ ਦੁਨੀਆਂ ਵਿਚ ਨਾ ਰਹੇ ਤਾਂ ਉਸ ਦੀ ਸੀਟ ਚੋਣਾਂ ਦੌਰਾਨ ਉਸ ਹਲਕੇ ਤੋਂ ਦੂਜੀ ਥਾਂ ਆਏ ਹੋਏ ਉਮੀਦਵਾਰ ਨੂੰ ਦੇ ਦਿੱਤੀ ਜਾਂਦੀ ਹੈ। ਇੱਕ-ਦੋ ਦੇਸ਼ਾਂ ਦੀ ਸਾਨੂੰ ਜਾਣਕਾਰੀ ਹੈ ਕਿ ਜੇ ਅੱਧ ਵਿਚਾਲੇ ਕਿਸੇ ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪਵੇ ਜਾਂ ਉਸ ਦੀ ਮੌਤ ਹੋ ਜਾਵੇ ਤਾਂ ਅਹੁਦੇ ਵਾਸਤੇ ਨਵੀਂ ਚੋਣ ਕਰਨ ਦੀ ਥਾਂ ਉਸ ਦੇ ਉਪ ਰਾਸ਼ਟਰਪਤੀ ਨੂੰ ਇਹੋ ਅਹੁਦਾ ਦੇ ਦਿੱਤਾ ਜਾਂਦਾ ਹੈ।
ਭਾਰਤ ਵਿਚ ਏਦਾਂ ਨਹੀਂ ਹੁੰਦਾ। ਇਥੇ ਉਪ ਰਾਸ਼ਟਰਪਤੀ ਨੂੰ ਵਕਤੀ ਤੌਰ ‘ਤੇ ਉਸ ਵਾਲਾ ਕੰਮ ਸੌਂਪਿਆ ਜਾਂਦਾ ਹੈ ਅਤੇ ਮਿੱਥੇ ਸਮੇਂ ਵਿਚ ਉਸ ਅਹੁਦੇ ਦੀ ਨਵੀਂ ਚੋਣ ਕਰਵਾਈ ਜਾਂਦੀ ਹੈ ਤੇ ਇਸ ਨਵੀਂ ਚੋਣ ਵਿਚ ਚੁਣੇ ਗਏ ਆਗੂ ਦੇ ਅਹੁਦੇ ਦੀ ਮਿਆਦ ਪਿਛਲੇ ਸੀਟ ਖਾਲੀ ਕਰਨ ਵਾਲੇ ਆਗੂ ਵਾਲਾ ਸਮਾਂ ਕੱਟ ਕੇ ਗਿਣਨ ਦੀ ਥਾਂ ਫਿਰ ਪੂਰੀ ਗਿਣੀ ਜਾਂਦੀ ਹੈ। ਪਾਰਲੀਮੈਂਟ, ਵਿਧਾਨ ਸਭਾ ਜਾਂ ਲੋਕਾਂ ਵੱਲੋਂ ਚੁਣੇ ਹੋਏ ਕਿਸੇ ਵੀ ਹੋਰ ਹਾਊਸ ਦੇ ਮੈਂਬਰਾਂ ਦੀਆਂ ਖਾਲੀ ਹੋਈਆਂ ਸੀਟਾਂ ਲਈ ਉਪ ਚੋਣ ਵਿਚ ਚੁਣੇ ਜਾਣ ਵਾਲਿਆਂ ਦੇ ਮਾਮਲੇ ਵਿਚ ਏਦਾਂ ਨਹੀਂ ਹੁੰਦਾ, ਸਗੋਂ ਉਨ੍ਹਾਂ ਦੀ ਮਿਆਦ ਉਸ ਹਾਊਸ ਦੀ ਮਿਆਦ ਨਾਲ ਬੱਝੀ ਰਹਿੰਦੀ ਹੈ।
ਜੋ ਗੱਲ ਭਗਵੰਤ ਮਾਨ ਨੇ ਕਹੀ ਅਤੇ ਫਿਰ ਕਈ ਹੋਰਨਾਂ ਨੇ ਸਾਡੇ ਤੱਕ ਪਹੁੰਚਾਈ ਹੈ ਕਿ ਜਿੱਤੇ ਹੋਏ ਮੈਂਬਰ ਦੇ ਅਹੁਦਾ ਛੱਡਣ ਜਾਂ ਮੌਤ ਹੋਣ ਦੀ ਸਥਿਤੀ ਵਿਚ ਉਹ ਸੀਟ ਉਸ ਕੋਲੋਂ ਹਾਰਨ ਵਾਲਿਆਂ ਵਿਚੋਂ ਸਭ ਤੋਂ ਨੇੜਲੇ ਵਿਰੋਧੀ ਨੂੰ ਦੇ ਦੇਣੀ ਚਾਹੀਦੀ ਹੈ, ਉਹ ਏਨੀ ਆਮ ਗੱਲ ਨਹੀਂ, ਉਸ ਨਾਲ ਵੀ ਕਈ ਕਿੰਤੂ ਜੁੜਦੇ ਹਨ। ਸਾਡੇ ਗਵਾਂਢ ਪਾਕਿਸਤਾਨ ਵਿਚ ਸ਼ਾਇਦ ਇਹੋ ਜਿਹੀ ਪਰੰਪਰਾ ਹੈ। ਉਥੋਂ ਦੀ ਇੱਕ ਮਿਸਾਲ ਘੱਟਗਿਣਤੀ ਸੀਟ ਤੋਂ ਚੁਣੇ ਗਏ ਡਾ. ਸੋਰਨ ਸਿੰਘ ਨਾਂ ਦੇ ਸਿੱਖ ਆਗੂ ਦਾ ਸਾਨੂੰ ਪਤਾ ਹੈ, ਜੋ ਖੈਬਰ ਪਖਤੂਨਖਵਾ ਅਸੈਂਬਲੀ ਲਈ ਚੁਣਿਆ ਗਿਆ ਤੇ ਫਿਰ ਉਸ ਦਾ ਕਤਲ ਹੋਣ ਨਾਲ ਸੀਟ ਖਾਲੀ ਹੋਈ ਸੀ। ਸੋਰਨ ਸਿੰਘ ਦੀ ਸੀਟ ਘੱਟਗਿਣਤੀ ਭਾਈਚਾਰੇ ਲਈ ਰਿਜ਼ਰਵ ਸੀ ਤੇ ਉਸ ਉਤੇ ਉਸੇ ਵਾਂਗ ਕੋਈ ਘੱਟਗਿਣਤੀ ਭਾਈਚਾਰੇ ਦਾ ਆਗੂ ਚੁਣਿਆ ਜਾ ਸਕਦਾ ਸੀ, ਪਰ ਚੋਣ ਕਰਨ ਦੀ ਥਾਂ ਦੇਸ਼ ਦੇ ਚੋਣ ਕਮਿਸ਼ਨ ਨੇ ਸੋਰਨ ਸਿੰਘ ਨਾਲ ਮੁਕਾਬਲੇ ਵਿਚ ਦੂਜੀ ਥਾਂ ਆਏ ਹਿੰਦੂ ਲੀਡਰ ਬਲਦੇਵ ਕੁਮਾਰ ਨੂੰ ਅਲਾਟ ਕਰ ਦਿੱਤੀ ਸੀ। ਹਾਲੇ ਬਲਦੇਵ ਕੁਮਾਰ ਨੇ ਅਹੁਦਾ ਨਹੀਂ ਸੀ ਸੰਭਾਲਿਆ ਕਿ ਡਾ. ਸੋਰਨ ਸਿੰਘ ਦੇ ਕਤਲ ਦੀ ਜਾਂਚ ਵਿਚ ਇਹ ਗੱਲ ਨਿਕਲੀ ਕਿ ਕਤਲ ਹੀ ਬਲਦੇਵ ਕੁਮਾਰ ਨੇ ਕਰਵਾਇਆ ਹੈ ਤੇ ਕਰਵਾਇਆ ਇਸ ਲਈ ਹੈ ਕਿ ਸੋਰਨ ਸਿੰਘ ਵੱਲੋਂ ਖਾਲੀ ਕੀਤੀ ਗਈ ਸੀਟ ਦੀ ਆਮ ਚੋਣ ਦੌਰਾਨ ਦੂਜੀ ਥਾਂ ਆਇਆ ਹੋਣ ਕਾਰਨ ਵਿਧਾਇਕ ਬਣ ਸਕੇ।
ਪਾਕਿਸਤਾਨ ਦੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਬਲਦੇਵ ਕੁਮਾਰ ਨੇ ਜੁਰਮ ਦਾ ਇਕਬਾਲ ਵੀ ਕਰ ਲਿਆ ਹੈ। ਲੋਕਾਂ ਵਿਚ ਵੀ ਉਸ ਬਾਰੇ ਇਹੋ ਚਰਚਾ ਸੀ। ਜਦੋਂ ਉਹ ਅਦਾਲਤੀ ਪ੍ਰਕ੍ਰਿਆ ਦੇ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਤਾਂ ਚੋਣ ਕਮਿਸ਼ਨ ਤੋਂ ਹੁਕਮ ਆ ਗਿਆ ਕਿ ਵਿਧਾਨ ਸਭਾ ਦੀ ਖਾਲੀ ਹੋਈ ਸੀਟ ਉਤੇ ਉਸ ਨੂੰ ਵਿਧਾਇਕ ਨਾਮਜ਼ਦ ਕਰ ਦਿੱਤਾ ਹੈ ਤੇ ਉਸ ਨੂੰ ਸਹੁੰ ਚੁਕਾਈ ਜਾਵੇ। ਅਦਾਲਤੀ ਹੁਕਮ ਉਤੇ ਉਸ ਨੂੰ ਵਿਧਾਨ ਸਭਾ ਵਿਚ ਲਿਆਂਦਾ ਗਿਆ ਤਾਂ ਹਾਕਮ ਪਾਰਟੀ ਤੇ ਵਿਰੋਧੀ ਧਿਰ-ਦੋਹਾਂ ਦੇ ਮੈਂਬਰਾਂ ਨੇ ਰੌਲਾ ਪਾ ਦਿੱਤਾ, ਹੰਗਾਮਾ ਹੋਇਆ ਤੇ ਉਸ ਨੂੰ ਸਹੁੰ ਨਹੀਂ ਸੀ ਚੁੱਕਣ ਦਿੱਤੀ ਗਈ, ਕਿਉਂਕਿ ਦੋਹਾਂ ਧਿਰਾਂ ਦੇ ਮੈਂਬਰ ਸੋਚਦੇ ਸਨ ਕਿ ਕਤਲ ਏਸੇ ਬੰਦੇ ਨੇ ਕਰਵਾਇਆ ਹੈ ਤੇ ਜਿਸ ਦਾ ਕਤਲ ਹੋਇਆ ਹੈ, ਉਹ ਉਸ ਪਾਸੇ ਲੋਕਾਂ ਵਿਚ ਬਹੁਤ ਨੇਕ-ਨਾਮ ਵਿਅਕਤੀ ਗਿਣਿਆ ਜਾਂਦਾ ਸੀ। ਨਾਲ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਅੱਜ ਇਸ ਨੂੰ ਏਦਾਂ ਖਾਲੀ ਕਰਵਾਈ ਸੀਟ ਤੋਂ ਸਹੁੰ ਚੁਕਾਈ ਗਈ ਤਾਂ ਫਿਰ ਇਸ ਤਰ੍ਹਾਂ ਸੀਟਾਂ ਖਾਲੀ ਕਰਵਾਉਣ ਦਾ ਇੱਕ ਪੂਰਾ ਦੌਰ ਸ਼ੁਰੂ ਹੋ ਸਕਦਾ ਹੈ। ਉਸ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ ਤੇ ਵਿਧਾਨ ਸਭਾ ਦੀ ਮਿਆਦ ਮੁੱਕਣ ਤੋਂ ਦੋ ਦਿਨ ਪਹਿਲਾਂ ਛੁੱਟ ਸਕਿਆ ਸੀ।
ਬਲਦੇਵ ਕੁਮਾਰ ਨੇ ਸਿੱਖਾਂ ਦਾ ਗੁੱਸਾ ਦੂਰ ਕਰਨ ਲਈ ਧਰਮ ਬਦਲਿਆ ਤੇ ਬਲਦੇਵ ਸਿੰਘ ਵੀ ਬਣ ਗਿਆ, ਪਰ ਲੋਕ ਖੁਸ਼ ਨਹੀਂ ਸੀ ਹੋਏ ਤੇ ਆਖਰ ਦੇਸ਼ ਛੱਡਣਾ ਪਿਆ। ਅੱਜ ਕੱਲ੍ਹ ਤੀਰਥ ਯਾਤਰਾ ਦੇ ਬਹਾਨੇ ਨਾਲ ਭਾਰਤ ਆ ਕੇ ਉਹ ਸਿਆਸੀ ਸ਼ਰਣ ਦੇ ਯਤਨ ਕਰ ਰਿਹਾ ਹੈ ਤੇ ਉਸ ਦੇ ਇਲਾਕੇ ਦੇ ਹਿੰਦੂ ਤੇ ਸਿੱਖ ਇੱਕ ਆਵਾਜ਼ ਵਿਚ ਇਸ ਬੇਨਤੀ ਦਾ ਵਿਰੋਧ ਕਰਦੇ ਪਏ ਹਨ।
ਭਾਰਤ ਵਿਚ ਪਾਕਿਸਤਾਨ ਵਾਲੇ ਹਾਲਾਤ ਨਹੀਂ, ਪਰ ਸਿਆਸੀ ਕਤਲ ਤਾਂ ਇਥੇ ਵੀ ਬਹੁਤ ਹੁੰਦੇ ਤੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਕਈ ਵਾਰ ਇਹ ਵੀ ਚਰਚਾ ਸੁਣੀ ਗਈ ਹੈ ਕਿ ਫਲਾਣੇ ਆਗੂ ਦਾ ਕਤਲ ਫਲਾਣੇ ਬਾਹੂ-ਬਲੀ ਆਗੂ ਨੇ ਇਸ ਲਈ ਕਰਵਾਇਆ ਹੈ ਕਿ ਉਸ ਸੀਟ ਉਤੇ ਉਸ ਬਾਹੂ-ਬਲੀ ਆਗੂ ਦੀ ਅੱਖ ਸੀ। ਭਗਵੰਤ ਮਾਨ ਨੇ ਜੋ ਮੁੱਦਾ ਛੇੜਿਆ ਹੈ, ਉਸ ਉਤੇ ਵਿਚਾਰ ਕਰਨ ਦੀ ਲੋੜ ਆਪਣੀ ਥਾਂ ਹੈ, ਕਿਉਂਕਿ ਇਥੇ ਨਰਿੰਦਰ ਮੋਦੀ, ਸੋਨੀਆ ਗਾਂਧੀ ਜਾਂ ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਜਾਂ ਇਸ ਵਾਰ ਸੁਖਬੀਰ ਸਿੰਘ ਬਾਦਲ ਨੇ ਵੀ ਜਿੱਤੀ ਸੀਟ ਛੱਡੀ ਹੋਈ ਹੈ। ਇਸ ਤਰ੍ਹਾਂ ਸੀਟਾਂ ਜਿੱਤ ਕੇ ਛੱਡਣ ਦਾ ਰਿਵਾਜ ਬੜੇ ਚਿਰ ਤੋਂ ਚੱਲਦਾ ਆ ਰਿਹਾ ਹੋਣ ਕਾਰਨ ਇਸ ਦਾ ਹੱਲ ਤਾਂ ਕੋਈ ਲੱਭਿਆ ਜਾਣਾ ਚਾਹੀਦਾ ਹੈ, ਪਰ ਲੋਕਤੰਤਰੀ ਪ੍ਰਕ੍ਰਿਆ ਨੂੰ ਖਿਡਾਰੀਆਂ ਦੇ ਡੋਪ ਟੈਸਟ ਜਾਂ ਕਿਸੇ ਦੂਜੇ ਦੇਸ਼ ਦੀ ਅਜਿਹੀ ਪ੍ਰਕ੍ਰਿਆ ਨਾਲ ਨਹੀਂ ਜੋੜਿਆ ਜਾ ਸਕਦਾ। ਜਦੋਂ ਇਹ ਪ੍ਰਕ੍ਰਿਆ ਸਾਡੇ ਪੰਜਾਬ ਦੀ ਹੱਦ ਵਿਚ ਆ ਗਈ, ਇਥੇ ਵੀ ਚੁਣੇ ਹੋਏ ਲੀਡਰ ਮੰਤਰੀ ਦਾ ਅਹੁਦਾ ਮੰਗਣ ਦੀ ਥਾਂ ਪੰਜ ਸਾਲ ਪੂਰੇ ਕਰ ਸਕਣ ਜੋਗੇ ਸਾਹਾਂ ਦੀ ਅਰਦਾਸ ਕਰਦੇ ਮਿਲਿਆ ਕਰਨਗੇ। ਅੜਾਉਣੀ ਬਹੁਤ ਗੁੰਝਲਦਾਰ ਹੈ, ਇਸ ਦਾ ਹੱਲ ਏਨਾ ਸੁਖਾਲਾ ਨਹੀਂ ਹੋ ਸਕਦਾ।