ਸੁਪਨ-ਸੰਧਾਰਾ ਵਣਜਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਰੂਹ-ਝੀਤ ਦੀ ਗੱਲ ਕਰਦਿਆਂ ਕਿਹਾ ਸੀ, “ਰੂਹ-ਝੀਤ, ਰੋਸ਼ਨੀ ਦੀ ਕਾਤਰ ਜਿਹੀ ਹੁੰਦੀ, ਜੋ ਆਪਣੀ ਹੋਂਦ ਨੂੰ ਲਟਕਦੇ ਕਣਾਂ ਦੀ ਚਮਕ ਵਿਚੋਂ ਸਾਬਤ ਕਰਦੀ। ਕਣਾਂ ਤੋਂ ਬਿਨਾ ਕਾਤਰ ਦੀ ਹੋਂਦ ਨਹੀਂ ਹੁੰਦੀ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੁਪਨਿਆਂ ਦਾ ਸੁਪਨਾ ਲੈਂਦਿਆਂ ਕਿਹਾ ਹੈ, “ਸੁਪਨਿਆਂ ਦਾ ਨਾ ਆਉਣਾ ਬਹੁਤ ਦਰਦੀਲਾ। ਸੁਪਨਿਆਂ ਨੂੰ ਅਗਵਾ ਕਰਨਾ, ਘੋਰ ਅਪਰਾਧ; ਪਰ ਜਦ ਸੁਪਨਿਆਂ ਨੂੰ ਕਤਲ ਕਰ ਦਿਤਾ ਜਾਵੇ ਅਤੇ ਖਾਲੀ ਨੈਣਾਂ ਵਿਚ ਸੁਪਨਿਆਂ ਦੀ ਕਬਰ ਉਗ ਆਵੇ ਤਾਂ ਇਹ ਵਕਤ ਦਾ ਸਭ ਤੋਂ ਵੱਡਾ ਸਰਾਪ।” ਸਵਾਲ ਇਹ ਹੈ ਕਿ ਅੱਜ ਰੋਜ਼ਾਨਾ ਜੀਵਨ ਵਿਚ ਬੱਚਿਆਂ ਨੂੰ ਮੀਡੀਆ ਰਾਹੀਂ ਦਿਤੇ ਜਾ ਰਹੇ ਸੁਪਨਿਆਂ ਨੂੰ ਕੀ ਅਰਥ ਦੇਵੋਗੇ, ਜਿਨ੍ਹਾਂ ਵਿਚ ਜਿਹਨੀ ਕਮੀਨਗੀ, ਸੋਚ-ਨੀਚਤਾ, ਜਿਸਮ-ਪ੍ਰਦਰਸ਼ਨੀ, ਨਸ਼ਿਆਂ ਅਤੇ ਬੰਦੂਕਾਂ ਤੋਂ ਇਲਾਵਾ ਦੇਣ ਲਈ ਸ਼ਾਇਦ ਕੁਝ ਨਹੀਂ ਬਚਿਆ? ਉਹ ਕਹਿੰਦੇ ਹਨ, ਜਿਹੋ ਜਿਹੇ ਸੁਪਨੇ ਨਵੀਂ ਪੀੜ੍ਹੀ ਨੂੰ ਦਿਤੇ ਜਾਣਗੇ, ਉਹੋ ਜਿਹੇ ਸਿੱਟਿਆਂ ਦੀ ਸੰਭਾਵਨਾ ਹੁੰਦੀ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸੁਪਨਿਆਂ ਦੀ ਰੁੱਤ ਬੇਵਾ ਹੋ ਗਈ ਏ। ਦੀਦਿਆਂ ਵਿਚ ਸੁਪਨੇ ਨਹੀਂ ਧਰਦੀ। ਸੁਪਨਿਆਂ ਨੂੰ ਨਾਕਾਰਾਤਮਕਤਾ ਸਿਉਂਕ ਰਹੀ ਏ। ਇਸ ਸਿਉਂਕ ਨੇ ਸੁਪਨਹੀਣ ਮਨੁੱਖਾਂ ਦੀ ਨਸਲ ਪੈਦਾ ਕੀਤੀ ਏ, ਜੋ ਆਪਣਾ ਮਰਸੀਆ ਪੜ੍ਹਨ ਲਈ ਮਜਬੂਰ ਏ। ਸੁਪਨਿਆਂ ਦਾ ਮਾਤਮ ਆਲੇ-ਦੁਆਲੇ ਛਾਇਆ ਏ ਅਤੇ ਇਸ ਮਾਤਮ ਵਿਚ ਮਾਤਮ ਬਣਿਆ ਮਨੁੱਖ ਸਿਰਫ ਅਲਾਹੁਣੀਆਂ ਪੜ੍ਹ ਰਿਹਾ ਏ।
ਸੁਪਨਹੀਣ ਲੋਕ ਕਿਵੇਂ ਸੁਪਨ-ਦਾਨ ਕਰ ਸਕਦੇ? ਕਿਵੇਂ ਆਸਵੰਦ ਦੀ ਝੋਲੀ ਵਿਚ ਆਸ-ਸੁਪਨਾ ਧਰ ਸਕਦੇ? ਕਿਵੇਂ ਖਾਲੀ ਪੇਟ ਦੇ ਟੁੱਕਰ ਲਈ ਉਦਮ-ਆਸਥਾ ਹੋ ਸਕਦੇ?
ਸੁਪਨੇ ਤਾਂ ਸੁਪਨਸ਼ੀਲ ਲੋਕ ਹੀ ਦੇ ਸਕਦੇ। ਕਿਸੇ ਲਈ ਭਵਿੱਖ ਦਾ ਸੰਦਲਾ ਰੂਪ ਹੋ ਸਕਦੇ। ਉਮੀਦਾਂ ਦੀ ਪੂਰਨਤਾ ਹੋ ਸਕਦੇ ਜਾਂ ਕਿਸੇ ਨੂੰ ਚਾਵਾਂ ਦੀ ਪੂਰਤੀ ਵੰਨੀਂ ਤੋਰ ਸਕਦੇ। ਸੁਪਨੇ ਜਦ ਅਗਵਾ ਕਰ ਲਏ ਜਾਣ, ਉਨ੍ਹਾਂ ਦੀ ਅੰਤਰ-ਆਤਮਾ ਨੂੰ ਮਲੀਨ ਕਰ ਦਿੱਤਾ ਜਾਵੇ ਜਾਂ ਸੁਪਨੇ ਲੈਣ ਤੋਂ ਹੀ ਵਰਜ ਦਿਤਾ ਜਾਵੇ ਤਾਂ ਸੁਪਨਾ ਸੋਗ ਬਣ ਜਾਂਦਾ। ਅਜਿਹਾ ਕਰਨ ਵਾਲੇ ਲੋਕਾਂ ਨੂੰ ਸਮਾਂ ਕਦੇ ਵੀ ਮੁਆਫ ਨਹੀਂ ਕਰਦਾ।
ਸੁਪਨਿਆਂ ਦਾ ਨਾ ਆਉਣਾ ਬਹੁਤ ਦਰਦੀਲਾ। ਸੁਪਨਿਆਂ ਨੂੰ ਅਗਵਾ ਕਰਨਾ, ਘੋਰ ਅਪਰਾਧ; ਪਰ ਜਦ ਸੁਪਨਿਆਂ ਨੂੰ ਕਤਲ ਕਰ ਦਿਤਾ ਜਾਵੇ ਅਤੇ ਖਾਲੀ ਨੈਣਾਂ ਵਿਚ ਸੁਪਨਿਆਂ ਦੀ ਕਬਰ ਉਗ ਆਵੇ ਤਾਂ ਇਹ ਵਕਤ ਦਾ ਸਭ ਤੋਂ ਵੱਡਾ ਸਰਾਪ। ਇਸ ਵਿਚ ਗਰਕ ਜਾਂਦੀਆਂ ਨੇ ਕਈ ਸਦੀਆਂ।
ਸਾਡੇ ਵਿਹੜਿਆਂ ਵਿਚ ਅੱਜ ਕੱਲ ਕੇਹੀ ਰੁੱਤ ਉਤਰੀ ਹੈ ਕਿ ਬੱਚਿਆਂ ਨੂੰ ਕੱਟੜਤਾ, ਕਰੋਧ, ਕਰੁਣਾ ਅਤੇ ਕੁਹਜ ਦੇ ਸੁਪਨਿਆਂ ਦਾ ਦੰਭ ਦਿਖਾਇਆ ਜਾ ਰਿਹਾ। ਬੱਚਿਆਂ ਦੇ ਦੀਦਿਆਂ ਵਿਚ ਤ੍ਰਿਸ਼ੂਲ, ਤਲਵਾਰਾਂ, ਨੇਜ਼ੇ, ਬਰਛਿਆਂ ਤੇ ਬੰਦੂਕਾਂ ਨੂੰ ਪਰੋਸਿਆ ਜਾ ਰਿਹਾ ਹੈ, ਜੋ ਮਨੁੱਖੀ ਲਹੂ ਦੇ ਤ੍ਰਿਹਾਏ ਨੇ। ਇਸ ਖੂਨ ਦੀ ਹੋਲੀ ਵਿਚ ਨਿੱਜੀ ਮੁਫਾਦ ਦੀ ਪੂਰਤੀ ਕੀਤੀ ਜਾ ਰਹੀ ਏ ਅਤੇ ਰਾਜਸੀ ਲਾਲਸਾ ਲਈ ਪੌੜੀਆਂ ਬਣਾਇਆ ਜਾ ਰਿਹਾ ਹੈ। ਮਜਹਬੀ ਫਿਰਕੂਪੁਣੇ ਨਾਲ ਨਫਰਤੀ ਵਲਗਣਾਂ ਪੈਦਾ ਕਰਕੇ ਧਾਰਮਿਕ ਅਕੀਦੇ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਧਰਮ ਦੇ ਨਾਂ ‘ਤੇ ਅਧਰਮ ਫੈਲਾਉਣ ਵਾਲੇ ਇਹ ਲੋਕ ਕੇਹੇ ਸੁਪਨ-ਵਪਾਰੀ ਕਿ ਜਿਨ੍ਹਾਂ ਦੀਆਂ ਬਗਲੀਆਂ ਵਿਚ ਨਾਗ, ਠੂੰਹੇਂ ਜਾਂ ਸਪੋਲੀਏ ਹੀ ਪਲ ਰਹੇ। ਸਮਾਜਕ ਵਰਤਾਰੇ ਵਿਚ ਜ਼ਹਿਰ ਪਰੋਸਣਾ ਇਨ੍ਹਾਂ ਦਾ ਗੋਰਖ ਧੰਦਾ।
ਰੋਜ਼ਾਨਾ ਜੀਵਨ ਵਿਚ ਬੱਚਿਆਂ ਨੂੰ ਮੀਡੀਆ ਰਾਹੀਂ ਦਿਤੇ ਜਾ ਰਹੇ ਸੁਪਨਿਆਂ ਨੂੰ ਕੀ ਅਰਥ ਦੇਵੋਗੇ, ਜਿਨ੍ਹਾਂ ਵਿਚ ਜਿਹਨੀ ਕਮੀਨਗੀ, ਸੋਚ-ਨੀਚਤਾ, ਜਿਸਮ-ਪ੍ਰਦਰਸ਼ਨੀ, ਨਸ਼ਿਆਂ ਅਤੇ ਬੰਦੂਕਾਂ ਤੋਂ ਇਲਾਵਾ ਦੇਣ ਲਈ ਸ਼ਾਇਦ ਕੁਝ ਨਹੀਂ ਬਚਿਆ? ਕਿਹੋ ਜਿਹੀ ਹੋਵੇਗੀ ਅਗਲੀ ਨਸਲ ਦੀ ਮਾਨਸਿਕਤਾ? ਇਸ ਮਾਨਸਿਕਤਾ ਵਿਚੋਂ ਕਿਹੜੀਆਂ ਪ੍ਰਾਪਤੀਆਂ ਮਨੁੱਖਤਾ ਦੇ ਲੇਖੇ ਲੱਗਣਗੀਆਂ?
ਜਰਾ ਉਸ ਬੱਚੇ ਦੇ ਨੈਣਾਂ ਵਿਚਲੀ ਭਿਆਨਕਤਾ ‘ਚੋਂ ਉਗਮੇ ਕਰੂਰ ਅਤੇ ਜ਼ਾਲਮ ਸੁਪਨੇ ਨੂੰ ਕਿਆਸਣਾ, ਜੀਹਦੇ ਸਾਹਵੇਂ ਉਸ ਦੇ ਮਾਪਿਆਂ ਦਾ ਸਿਰ ਕਲਮ ਕੀਤਾ ਜਾਵੇ, ਜਿਹਦੇ ਸਾਹਵੇਂ ਉਸ ਦੀ ਮਾਂ-ਭੈਣ ਦਾ ਜਿਸਮਾਨੀ ਸ਼ੋਸ਼ਣ ਕਰਕੇ ਜਲੀਲ ਕੀਤਾ ਗਿਆ ਹੋਵੇ। ਚੌਰਾਹੇ ਵਿਚ ਜੋਰ-ਜਬਰੀ ਨਿਲਾਮ ਕੀਤੀ ਜਾ ਰਹੀ ਬੇਚਾਰਗੀ, ਬੇਗਾਨਗੀ ਅਤੇ ਮਾਸੂਮੀਅਤ ਵਿਚ ਉਗੇ ਦਰਦ ਨੂੰ ਸਮਿਆਂ ਦੇ ਵਰਕੇ ਵੀ ਜਦ ਜਗ੍ਹਾ ਦੇਣ ਤੋਂ ਮੁਨਕਰ ਹੋ ਜਾਣ ਤਾਂ ਸੁਪਨਿਆਂ ਦਾ ਸਿਵਾ ਅੱਖਾਂ ਵਿਚ ਧੁਖਦਾ। ਜਦ ਇਹ ਇਕ ਲਾਵਾ ਬਣ ਕੇ ਫੁੱਟਦਾ ਤਾਂ ਬਹੁਤ ਕੁਝ ਦਾ ਨਾਸ ਹੋ ਜਾਂਦਾ।
ਸਾਡਾ ਸਮਾਜ ਕਿਹੋ ਜਿਹਾ ਹੋਵੇ, ਇਸ ਦੀ ਬਿਹਤਰੀ ਲਈ ਕੀ ਕੀਤਾ ਜਾਵੇ, ਇਸ ਦੀਆਂ ਕਦਰਾਂ-ਕੀਮਤਾਂ ਦੀ ਵਿਲੱਖਣਤਾ ਕੀ ਹੋਵੇ ਜਾਂ ਇਸ ਦੀਆਂ ਨਵੀਆਂ ਤਰਜ਼ੀਹਾਂ ਕੀ ਹੋਣ, ਜਿਨ੍ਹਾਂ ਵਿਚੋਂ ਨਵੀਆਂ ਤਰਕੀਬਾਂ ਰਾਹੀਂ ਨਿਵੇਕਲੀ ਤਕਦੀਰ ਸਿਰਜੀ ਜਾ ਸਕੇ, ਇਹ ਬੱਚਿਆਂ ਦੇ ਨੈਣਾਂ ਵਿਚ ਧਰੇ ਜਾ ਰਹੇ ਸੁਪਨੇ ਹੀ ਨਿਰਧਾਰਤ ਕਰਦੇ। ਜਿਹੋ ਜਿਹੇ ਸੁਪਨੇ ਨਵੀਂ ਪੀੜ੍ਹੀ ਨੂੰ ਦਿਤੇ ਜਾਣਗੇ, ਉਹੋ ਜਿਹੇ ਸਿੱਟਿਆਂ ਦੀ ਸੰਭਾਵਨਾ ਹੁੰਦੀ।
ਲੋੜ ਹੈ, ਕੋਮਲ-ਭਾਵੀ ਬੱਚਿਆਂ ਦੇ ਸੁਪਨਿਆਂ ਵਿਚ ਫੁੱਲਾਂ ਤੇ ਤਿੱਤਲੀਆਂ ਦੀ ਆਪਸੀ ਰਾਗਣੀ ਗੂੰਜੇ। ਨੈਣਾਂ ਵਿਚ ਫੁੱਲ-ਪੱਤੀਆਂ ਦਾ ਸੰਵਾਦ, ਪੱਤਿਆਂ ਦੀ ਰੁਮਕਣੀ ਦਾ ਨਾਦ ਹੋਵੇ। ਬਿਰਖਾਂ ਦਾ ਇਕ ਦੂਜੇ ਦੇ ਗਲੇ ਲੱਗ ਕੇ ਸਹਾਰਾ ਬਣਨ ਦੀ ਲੋਚਾ ਹੋਵੇ। ਆਲ੍ਹਣੇ ਵਿਚ ਚਹਿਕਦੇ ਪਰਿੰਦਿਆਂ ਦੀ ਬੋਲ-ਬਾਣੀ ਅਤੇ ਜਾਨਵਰਾਂ ਤੇ ਪੰਛੀਆਂ ਨਾਲ ਗਾਏ ਜਾ ਰਹੇ ਪਿਆਰੇ ਜਿਹੇ ਨਗਮੇ ਹੋਣ। ਨਿਰਛੱਲ ਤੇ ਮਲੂਕ ਸੋਚ ‘ਚ ਚਾਅ ਹੋਣ। ਮੋਹ ਦੀਆਂ ਮੁਰਕੀਆਂ ਮੁਸਕਾਉਣ। ਉਨ੍ਹਾਂ ਦੇ ਸੁਪਨ-ਅੰਬਰ ਵਿਚ ਚੰਦ-ਮਾਮਾ ਹੱਸੇ, ਤਾਰਿਆਂ ਦੀ ਮਹਿਫਿਲ ਸਜੇ ਅਤੇ ਚਾਨਣੀ ਗੁਣਗੁਣਾਵੇ। ਬਾਬਿਆਂ ਦੀਆਂ ਬਾਤਾਂ ਅਤੇ ਦਾਦੀਆਂ ਦੀ ਬੁੱਕਲ ਵਿਚੋਂ ਉਨ੍ਹਾਂ ਨੂੰ ਸੁਮੱਤ ਤੇ ਸਿਆਣਪ ਦਾ ਸ਼ਗਨ ਨਸੀਬ ਹੋਵੇ, ਜਿਸ ਨਾਲ ਉਨ੍ਹਾਂ ਦਾ ਵਿਅਕਤੀਗਤ ਵਿਕਾਸ ਹੋਵੇ। ਮੂਲ ਨਾਲ ਜੁੜਿਆਂ ਆਧੁਨਿਕਤਾ ਨੂੰ ਅਪਨਾ ਕੇ ਨਵੇਂ ਕੀਰਤੀਮਾਨ ਜਿਥੇ ਜੱਗ ਦੀ ਸ਼ੋਭਾ ਬਣਦੇ, ਉਥੇ ਮਨੁੱਖ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਮਾਣ ਵੀ ਪ੍ਰਾਪਤ ਹੁੰਦਾ। ਇਹ ਮਾਣ ਆਪਣੀ ਵੱਖਰੀ ਪਛਾਣ ਸਿਰਜਦਾ ਤਾਂ ਇਸ ਦਾ ਸਰਫ ਉਸ ਦੇ ਦੀਦਿਆਂ ਵਿਚ ਧਰੇ ਹੋਏ ਸੁਪਨਿਆਂ ਨੂੰ ਹੀ ਜਾਂਦਾ।
ਸੁਪਨੇ ਨਿੱਕੇ ਜਾਂ ਛੋਟੇ ਨਹੀਂ ਹੋਣੇ ਚਾਹੀਦੇ, ਸੁਪਨੇ ਵੱਡੇ ਲਓ। ਆਪਣੀ ਸੋਚ ਤੇ ਸਮਰੱਥਾ ਨੂੰ ਇਨ੍ਹਾਂ ਦਾ ਹਾਣੀ ਬਣਾਓ। ਸੁਪਨਿਆਂ ਦਾ ਹਾਸਲ ਤੁਹਾਡੀ ਸਫਲਤਾ ਦੀ ਹਾਮੀ ਭਰੇਗਾ। ਮਹਾਨ ਵਿਅਕਤੀਆਂ ਦੀਆਂ ਪ੍ਰਾਪਤੀਆਂ ਪਿੱਛੇ ਉਨ੍ਹਾਂ ਦੇ ਅਵਚੇਤਨ ਵਿਚ ਲਿਆ ਸੁਪਨਾ ਹੀ ਸੀ, ਜਿਸ ਲਈ ਉਨ੍ਹਾਂ ਨੇ ਇਕਸਾਰਤਾ, ਨਿਰੰਤਰਤਾ, ਸਿਰੜ ਅਤੇ ਸਮਰਪਣ ਨਾਲ ਖੁਦ ਨੂੰ ਅਰਪਿਤ ਕੀਤਾ ਅਤੇ ਸੁਪਨਿਆਂ ਦਾ ਸੱਚ ਆਪਣੇ ਨਾਮ ਕੀਤਾ।
ਕੁਝ ਲੋਕ ਸਿਰਫ ਖਿਆਲੀ ਸੁਪਨੇ ਹੀ ਲੈਂਦੇ। ਸਿਰਫ ਸੁਪਨੇ ਲੈਣ ਅਤੇ ਸੁਪਨਿਆਂ ਨਾਲ ਜੀਅ ਪਰਚਾਉਣ ਲਈ। ਅਜਿਹੇ ਲੋਕਾਂ ਨੂੰ ਕੁਝ ਨਹੀਂ ਹਾਸਲ ਹੁੰਦਾ। ਸਿਰਫ ਸੁਪਨੇ ਲੈਣ ਤੀਕ ਹੀ ਉਨ੍ਹਾਂ ਦੀ ਜੀਵਨ-ਯਾਤਰਾ ਖਤਮ ਹੋ ਜਾਂਦੀ।
ਸੁਪਨਿਆਂ ਦੀ ਤਾਸੀਰ, ਆਲਾ-ਦੁਆਲਾ, ਸੰਗਤ ਅਤੇ ਚੇਤਨ-ਅਵਚੇਤਨ ਵਿਚੋਂ ਵੀ ਪੈਦਾ ਹੁੰਦੀ, ਪਰ ਨਿਰੰਤਰ ਘਾਲਣਾ ਵਿਚੋਂ ਸੁਪਨੇ ਨੂੰ ਪੂਰਨਤਾ ਨਸੀਬ ਹੁੰਦੀ। ਆਪਣੀ ਅੱਖ ਵਿਚ ਉਹ ਸੁਪਨਾ ਧਰੋ, ਜੋ ਤੁਹਾਨੂੰ ਸੌਣ ਨਾ ਦੇਵੇ। ਰਾਤ ਨੂੰ ਨੀਂਦ ਵਿਚ ਆਉਣ ਵਾਲੇ ਜਾਂ ਦਿਨ ਦੇ ਸੁਪਨੇ ਸੱਚ ਤੋਂ ਕੋਹਾਂ ਦੂਰ।
ਕੋਈ ਵੀ ਸੁਪਨਾ ਛੋਟਾ/ਵੱਡਾ ਨਹੀਂ ਹੁੰਦਾ, ਸਿਰਫ ਸੁਪਨੇ ਵਿਚਲੀ ਸੋਚ ਤੇ ਧਾਰਨਾ ਹੀ ਇਸ ਨੂੰ ਛੋਟਾ ਜਾਂ ਵੱਡਾ ਬਣਾਉਂਦੀ। ਵੱਡੀ ਤੇ ਨੇਕ ਸੋਚ ਵਾਲੇ ਲੋਕ ਵਿਸ਼ਾਲ ਸੋਚਦੇ ਅਤੇ ਵੱਡੇ ਸੁਪਨਿਆਂ ਦਾ ਸੱਚ ਹੁੰਦੇ।
ਸੁਪਨਾ, ਸਹਿਯੋਗ, ਸਫਰ ਅਤੇ ਸਾਧਨਾ ਜਿੰਨੀ ਛੇਤੀ ਹੋ ਸਕੇ ਜੀਵਨ ਵਿਚ ਸ਼ੁਰੂ ਕਰੋਗੇ ਤਾਂ ਉਨੀ ਜਲਦੀ ਹੀ ਉਹ ਤੁਹਾਡਾ ਹਾਸਲ ਬਣ ਕੇ, ਜੀਵਨ ਨੂੰ ਨਵੀਆਂ ਬੁਲੰਦੀਆਂ ਬਖਸ਼ਣਗੇ।
ਕੋਈ ਵੀ ਸੁਪਨਾ ਅਸੰਭਵ ਨਹੀਂ ਹੁੰਦਾ। ਇਹ ਤਾਂ ਮਨੁੱਖ ਦੇ ਇਰਾਦੇ, ਹੌਸਲੇ, ਹਿੰਮਤ ਅਤੇ ਸਮਰੱਥਾ ਨੂੰ ਪਰਖਦਾ। ਅਸੰਭਵ ਨੂੰ ਸੰਭਵ ਕਰਨ ਵਾਲੇ ਲੋਕਾਂ ਨੂੰ ਸੁਪਨੇ ਵੀ ਸਲਾਮਾਂ ਕਰਦੇ।
ਕੋਈ ਵੀ ਕਦਮ ਉਠਾਉਣ, ਕੁਝ ਪ੍ਰਾਪਤ ਕਰਨ ਜਾਂ ਹਾਸਲ ਕਰਨ ਲਈ ਸੁਪਨਾ ਜਰੂਰੀ। ਸੁਪਨੇ ਤੋਂ ਬਿਨਾ ਮੰਜ਼ਿਲ-ਮਾਰਗ ਅਤੇ ਮਨ ਨੂੰ ਕਿਹੜੀ ਦਿਸ਼ਾ-ਨਿਰਦੇਸ਼ ਦੇਵੋਗੇ? ਰਾਹ-ਸਿਰਨਾਵਾਂ ਪਤਾ ਹੋਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਆ।
ਸੁਪਨਿਆਂ ਦਾ ਸਬੰਧ ਇਸ ‘ਤੇ ਵੀ ਨਿਰਭਰ ਕਿ ਕੌਣ ਸੁਪਨੇ ਵੰਡ ਰਿਹਾ। ਇਨ੍ਹਾਂ ਸੁਪਨਿਆਂ ਦੀ ਅਸਲੀ ਮਨਸ਼ਾ ਕੀ ਏ? ਸੁੱਚੇ ਮਨ ਅਤੇ ਸੱਚੀ ਸੋਚ ਨਾਲ ਸੁਪਨਿਆਂ ਦੀ ਸੌਦਾਗਰੀ ਕਰਨ ਵਾਲੇ ਹੀਰਿਆਂ ਦੇ ਵਪਾਰੀ ਹੁੰਦੇ, ਕਿਉਂਕਿ ਉਹ ਸੁਪਨਾ ਲੋਚਣ ਵਾਲੇ ਦੀ ਸਮਰੱਥਾ, ਸ਼ੌਕ ਅਤੇ ਨਿਸ਼ਠਾ ਨੂੰ ਸਿਆਣ ਤੇ ਸਮਝ ਕੇ ਹੀ ਉਸ ਦੀ ਝੋਲੀ ਵਿਚ ਸੁਪਨ-ਸੰਧਾਰਾ ਪਾਉਂਦੇ। ਅਜਿਹਾ ਸੁਪਨਾ ਭਵਿੱਖ ਨੂੰ ਰੌਸ਼ਨ ਕਰਨ ਦੇ ਨਾਲ-ਨਾਲ ਸਮੇਂ ਨੂੰ ਵੀ ਆਪਣੀ ਆਭਾ ਨਾਲ ਰੁਸ਼ਨਾਉਂਦਾ।
ਸੁਪਨੇ ਸਿਰਫ ਬੱਚਿਆਂ ਨੂੰ ਹੀ ਵਣਜੇ ਜਾਂਦੇ, ਕਿਉਂਕਿ ਉਨ੍ਹਾਂ ਦੀ ਪਾਕ, ਅਣਭਿੱਜ ਅਤੇ ਮਨ ਦੀ ਕੋਰੀ ਸਲੇਟ ‘ਤੇ ਉਕਰੇ ਸੁਪਨ-ਸ਼ਬਦ ਨੇ ਸਦੀਵ ਰਹਿਣਾ। ਉਹ ਸੁਪਨ-ਪ੍ਰਾਪਤੀ ਨੂੰ ਜੀਵਨ-ਮਕਸਦ ਬਣਾਉਂਦੇ। ਜੇ ਅਸੀਂ ਬੱਚਿਆਂ ਨੂੰ ਸੁਪਨੇ ਦੇ ਕੇ, ਸਾਰਥਕਤਾ ਨੂੰ ਸਮਝਾ, ਉਨ੍ਹਾਂ ਦੀ ਸੋਚ-ਜੂਹ ਵਿਚ ਟਿਕਾਵਾਂਗੇ ਤਾਂ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਦ੍ਰਿੜਤਾ ਨਾਲ ਸੁਪਨਿਆਂ ਨੂੰ ਜਰੂਰ ਹੀ ਹਾਸਲ ਬਣਾ ਲੈਣਾ।
ਜਦ ਸੁਪਨਾ ਤਿੜਕਦਾ ਤਾਂ ਬਹੁਤ ਕੁਝ ਤਿੜਕ ਜਾਂਦਾ। ਇਸ ਦੀ ਤਿੜਕ ਹਾਵੇ ਵੀ ਬਣਦੀ, ਹੰਝੂ, ਹਉਕੇ ਅਤੇ ਹੇਰਵਾ ਵੀ। ਇਸ ਤਿੜਕਣ ਨੂੰ ਹੰਢਾਉਣ ਤੋਂ ਬਿਨਾ ਇਸ ਦੀ ਚੀਸ ਨੂੰ ਸਮਝਣਾ ਅਸੰਭਵ। ਇਸ ਪੀੜਾ ਵਿਚੋਂ ਨਿਕਲਣਾ ਮਨ ਤੇ ਤਨ ਦੀ ਲੰਮੇਰੀ ਜਦੋ-ਜਹਿਦ। ਸੁਪਨਾ ਟੁੱਟਦਾ ਤਾਂ ਹੰਝੂਆਂ ਦੀ ਨੈਂਅ ਖੁਦ ਨੂੰ ਖੋਰਦੀ। ਖੁਰਿਆ ਮਨੁੱਖ ਬਹੁਤ ਦੇਰ ਤੀਕ ਤਾਬ ਵਿਚ ਨਹੀਂ ਆਉਂਦਾ।
ਸੁਪਨੇ ਜਦ ਸਾੜ ਦਿੱਤੇ ਜਾਣ, ਸੁਪਨ-ਸੁਆਹ, ਨਜ਼ਰ ਨੂੰ ਧੁੰਦਲਾ ਦੇਵੇ, ਸੁਪਨ-ਅਰਥੀ ਨੂੰ ਮੋਢੇ ‘ਤੇ ਉਠਾਉਣ ਦੀ ਨੌਬਤ ਆ ਜਾਵੇ ਜਾਂ ਸੁਪਨ-ਕਬਰ ਸਾਹਵੇਂ ਬਹਿ ਕੇ ਰੋਣਾ ਪੈ ਜਾਵੇ ਤਾਂ ਸੁਪਨ-ਸੇਕ ਕਣ ਕਣ ਹੋ ਕੇ ਅੰਤਰੀਵ ਵਿਚ ਰਚ ਜਾਂਦਾ। ਫਿਰ ਇਕ ਕਸਮ ਰੂਹ ਵਿਚੋਂ ਉਠ, ਲਲਕਾਰ ਬਣ, ਸੁਪਨ-ਰਾਹਾਂ ਦਾ ਮਾਰਗ-ਦਰਸ਼ਨ ਕਰਦੀ ਅਤੇ ਆਖਰ ਨੂੰ ਤੁਹਾਡੀ ਪ੍ਰਾਪਤੀ ਦਾ ਸਿਰਲੇਖ ਬਣਦੀ। ਸਿਰਫ ਇਕ ਪਲ ਹੀ ਟੁੱਟੇ ਹੋਏ ਸੁਪਨੇ ਦੀ ਪੂਰਨਤਾ ਵੰਨੀਂ ਪੁਲਾਂਘ ਬਣ ਜਾਂਦਾ। ਪ੍ਰੈਪ ਵਿਚੋਂ ਫੇਲ੍ਹ ਹੋਣ ‘ਤੇ ਬਾਪ ਦੀਆਂ ਅੱਖਾਂ ਵਿਚ ਉਤਰੀ ਨਮੀ ਨੇ, ਬਾਪ ਵਲੋਂ ਮੇਰੇ ਨੈਣਾਂ ਵਿਚ ਧਰੇ ਸੁਪਨਿਆਂ ਨੂੰ ਅਜਿਹੇ ਪਰ ਬਖਸ਼ੇ ਕਿ ਹਰ ਮੋੜ ‘ਤੇ ਸੁਪਨਿਆਂ ਦਾ ਸੱਚ ਮੇਰਾ ਹਾਸਲ ਬਣਦਾ ਰਿਹਾ। ਸਿਰਫ ਖੁਦ ਨੂੰ ਟੀਚੇ ਵੰਨੀਂ ਕੇਂਦ੍ਰਿਤ ਕਰਨ, ਖੁਦ ਨੂੰ ਸਾਧਣ ਅਤੇ ਲਗਨ ਰਾਹੀਂ ਬਾਪ ਦੀ ਨੈਣ-ਨਮੀ ਨੂੰ ਸੁਕਾਉਣ ਦੀ ਅਜਿਹੀ ਤੀਬਰਤਾ ਪੈਦਾ ਹੋਈ, ਜੋ ਹੁਣ ਤੀਕ ਵੀ ਜਾਰੀ ਏ।
ਸੁਪਨ-ਸੰਧਾਰਾ ਉਡੀਕਦਾ ਹੈ, ਇਸ ਨੂੰ ਪ੍ਰਾਪਤ ਕਰਨ ਵਾਲਿਆਂ ਨੂੰ, ਜੋ ਇਸ ਦੀ ਗੁਣਵਤਾ ‘ਚੋਂ ਜੀਵਨ ਨੂੰ ਨਵੀਂ ਸੇਧ ਦੇ ਸਕਣ ਅਤੇ ਉਸ ਦੇ ਹੇਰਵੇ ਵਿਚ ਕਲਮ ਕੂਕਦੀ,
ਰੋਹੀਆਂ ਦੇ ਵਿਚ ਫਿਰੇ ਭਟਕਦੀ
ਸੱਧਰ ਸੁਪਨ-ਸੰਧਾਰੇ ਦੀ
ਮੁੱਖ ‘ਤੇ ਜੰਮੀਆਂ ਬਣੀ ਘਰਾਲ
ਹਸਰਤ ਹਾਕ-ਹੁੰਗਾਰੇ ਦੀ
ਪੌਣ ਨੇ ਪੀੜ ਦਾ ਕੱਜਣ ਪਹਿਨਿਆ
ਪੱਛੀ ਦਰਦ-ਕੁਆਰੇ ਦੀ
ਅੰਬਰ ਅਰਥੀ ਚੁੱਕੀ ਫਿਰਦਾ
ਟੁੱਟੇ ਹੋਏ ਤਾਰੇ ਦੀ
ਸਮੇਂ ਕਦੇ ਵੀ ਵਾਤ ਨਾ ਪੁੱਛੀ
ਵਰਕੀਂ ਹੰਝੂ ਖਾਰੇ ਦੀ
ਸੋਚ-ਜੁਗਤ ਨੇ ਬਹੁਤ ਹਲੂਣਿਆ
ਖੁੱਲ੍ਹੀ ਨਾ ਅੱਖ ਵਿਚਾਰੇ ਦੀ
ਕਿਸ ਸੀ ਬਣਨਾ ਰੂਹ ਦੀ ਬਗਲੀ
ਹੰਭੇ, ਕਿਸਮਤ-ਹਾਰੇ ਦੀ।

ਕਦੇ ਕਦਾਈਂ ਤਾਂ
ਵਕਤ ਬਣ ਕੇ ਵਖਤ-ਵੰਗਾਰ
ਬੰਦਿਆ ਪਰਖਣਾ ਚਾਹਵੇ
ਮਨ ‘ਚ ਬੈਠੀ ਭਰਮ-ਭਾਵਨਾ
ਜਦ ਦੰਭੀ ਰੂਪ ਵਟਾਵੇ
ਤਾਂ ਕਿ
ਆਪਣੇ ਕੀਕਣ ਬਣਨ ਬੇਗਾਨੇ
ਤੈਨੂੰ ਸਮਝ ਆ ਜਾਵੇ
ਪੱਬੀਂ ਉਕਰੀ ਪੈੜਚਾਲ ਵੀ
ਕਿਤੇ ਖਤਾ ਨਾ ਖਾਵੇ
ਮਤਾਂ ਹਿਰਦਾ-ਹਰਫ ਹਰਖ ਕੇ
ਅੱਥਰੂ ਜੂਨ ਹੰਢਾਵੇ
ਤੇ ਵਰਕਿਆਂ ਦੇ ਕੋਰੇਪਣ ‘ਤੇ
ਅਰਥ-ਅਰਥੀ ਧਰ ਜਾਵੇ।

ਵੇ ਮਨਾਂ!
ਐਵੇਂ ਨਾ ਤੂੰ ਕਦਮ ਡੋਲਾਵੀਂ
ਇਹੀ ਜੱਗ ਵਰਤਾਰਾ
ਡੁੱਬਿਆ ਸੂਰਜ ਫਿਰ ਉਗਮਣਾ
ਬਣ ਸਰਘੀ-ਝਲਕਾਰਾ
ਉਜੜੇ ਬਾਗਾਂ ਨੇ ਬਣ ਜਾਣਾ
ਰੰਗ, ਮਹਿਕ-ਪਸਾਰਾ
ਤਿਤਲੀਆਂ ਨੇ ਵੀ ਫੁੱਲ ਫਿਜ਼ਾ ‘ਚ
ਸਿਰਜਣਾ ਅਜਬ ਨਜ਼ਾਰਾ
ਤੇ ਧੁੰਦਲੇ ਰਾਹਾਂ ਪੈੜਾਂ ਬਣਨਾ
ਹੋ ਮਸਤਕ ਉਜਿਆਰਾ।

ਯਾਦ ਰੱਖੀਂ
ਵੇ ਰੂਹ ਪਰਿੰਦਿਆ!
ਪੱਤਹੀਣ ਜਾਂ ਬਿਰਖ ਕੋਈ ਵੀ
ਬਿਰਖ ਦੇ ਗੱਲ ਲੱਗ ਰੋਵੇ
ਤਾਂ ਬਿਰਖ ਦੇ ਲੱਗਰ-ਨੈਣ ਵੀ
ਸੁਪਨ-ਸੁਹਜ ਸੰਜੋਵੇ
ਅੱਧ-ਅੰਬਰਾਂ ‘ਚ ਆਲ੍ਹਣਾ-ਜੂਹ ਵੀ
ਜ਼ਿੰਦਗੀ-ਨਾਦ ਅਲੋਵੇ
ਕਾਇਨਾਤ ਦਾ ਕਿਣਕਾ ਕਿਣਕਾ
ਬਗਲਗੀਰ ਫਿਰ ਹੋਵੇ
ਤੇ ਸੁਪਨ-ਸਾਂਝ ਦੀ ਸੁੱਚੀ ਸਰਗਮ
‘ਵਾਵਾਂ ਭਾਗੀਂ ਹੋਵੇ।
ਸੁਪਨੇ ਉਹ ਸੰਭਾਵਨਾਵਾਂ ਹੁੰਦੇ, ਜਿਨ੍ਹਾਂ ਨੇ ਸਮਰੱਥਾ ਤੇ ਸਾਧਨਾ ਰਾਹੀਂ ਮੰਜ਼ਿਲ-ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ। ਸੰਭਾਵਨਾਵਾਂ ਤਾਂ ਸਭ ਵਿਚ ਹੁੰਦੀਆਂ, ਸਿਰਫ ਇਸ ਨੂੰ ਸੱਚ ਕਰਨ ਲਈ ਸੁਪਨਾ ਲੈਣਾ ਅਤਿ-ਜਰੂਰੀ।
ਸੁਪਨ-ਸੰਧਾਰਾ ਵਣਜਦਿਆਂ, ਇਸ ‘ਚ ਕਿਤਾਬ, ਰਬਾਬ, ਗੁਲਾਬ ਤੇ ਅਦਾਬ ਦਾ ਖੁਆਬ ਧਰੋ। ਪੂਰਨੇ, ਪਹਾੜੇ, ਪਾਠ, ਪੁਸਤਕ ਅਤੇ ਪਿਆਰ ਦਾ ਪੈਗਾਮ ਫੁਰਮਾਓ। ਆਸ, ਵਿਸ਼ਵਾਸ, ਧਰਵਾਸ, ਹੁਲਾਸ ਤੇ ਮਿਠਾਸ ਦੀ ਅਰਦਾਸ ਕਰੋ। ਕਿਰਤ, ਕੀਰਤੀ, ਕਲਾ, ਕਲਾਕਾਰੀ ਅਤੇ ਕਰਮਯੋਗਤਾ ਦੀਆਂ ਕਲਮਾਂ ਲਾਓ। ਸਹਿਜ, ਸੂਝ, ਸਿਆਣਪ, ਸੋਚ ਅਤੇ ਸਿਦਕ-ਸਾਧਨਾ ਦਾ ਜਾਗ ਲਾਓ। ਫਿਰ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਹੀ ਨਹੀਂ ਰਹੇਗੀ। ਸਗੋਂ ਉਹ ਬਜੁਰਗਾਂ ਦੀ ਬਿਹਤਰੀ ਬਾਰੇ ਜਰੂਰ ਫਿਕਰਮੰਦ ਹੋਣਗੇ।
ਕਈ ਵਾਰ ਬੀਤੇ ਸਮੇਂ ਦਾ ਸੁਪਨਾ ਤੁਹਾਡੀ ਨੀਂਦ ਹੰਘਾਲਣ ਲੱਗ ਪਵੇ ਜਾਂ ਤੁਹਾਡੀ ਸੋਚ-ਦਹਿਲੀਜ਼ ਵਿਚ ਪਾਣੀ ਤਰੌਂਕੇ ਤਾਂ ਮਨ ਉਸ ਬੀਤੇ ਨੂੰ ਮੁੜ ਜਿਉਣ ਲਈ ਲੋਚਦਾ ਜਦ ਸੁਪਨਿਆਂ ਦੇ ਸੱਚ ਲਈ ਕਰੜੀ ਘਾਲਣਾ ਹੀ ਜੀਵਨ ਦਾ ਮਕਸਦ ਸੀ। ਅਜਿਹੇ ਪਲਾਂ ਵਿਚ ਹਰਫ ਹੁੰਗਾਰਾ ਬਣ ਕੇ ਕੰਨਾਂ ਵਿਚ ਰਸ ਘੋਲਦੇ,
ਮਾਂ ਦੇ ਦਾਜ ਦੀ ਕੁਰਸੀ ਦਾ ਚੇਤਾ
ਨਿੱਤ ਸੁਪਨੇ ਵਿਚ ਆਏ
ਜਿਸ ‘ਤੇ ਬਹਿ ਕੇ ਅੱਖਰ-ਲੋਚਾ
ਗਿਆਨ-ਚਿਰਾਗ ਜਗਾਏ
ਸੁਪਨੇ ‘ਚ ਆਉਂਦਾ ਬਾਪ ਦਾ ਗੱਡਾ
ਤੇ ਬਲਦਾਂ ਦੀ ਜੋੜੀ
ਜਿਸ ਨੇ ਗੱਡੀ ਮਨ ਦੀ ਜੂਹੇ
ਸੁਪਨ-ਸਿਰੜ ਦੀ ਮੋਹੜੀ
ਆਉਂਦਾ ਚਾਰੇ ਪਸੂਆਂ ਦਾ ਸੁਪਨਾ
ਤੇ ਤਰਿਆ ਬਹੁਤ ਬਿਆਸ
ਜਿਸ ਬੰਨੀ ਸੀ ਵਾਗੀ ਪੱਲੇ
ਕੁਝ ਕਰ ਗੁਜ਼ਰਨ ਦੀ ਆਸ
ਪਹਿਲੀ ਉਮਰ ਦੇ ਬਿਖੜੇ ਪੈਂਡੇ
ਜਦ ਸੀ ਕਦਮਾਂ ਨੇ ਮੱਲੇ
ਤਾਂ ਨੈਣੀਂ ਸੀ ਮਾਪਿਆਂ ਦਾ ਸੁਪਨਾ
ਤੇ ਸਿਦਕ-ਸਬੂਰੀ ਪੱਲੇ
ਵਕਤੀ ਵਖਤ ਨਾ ਆਢਾ ਲਾਉਂਦਿਆਂ
ਸੁਪਨ-ਸਾਧਨਾ ਨਾ ਹਾਰੀ
ਇਕ ਸੁਪਨੇ ਦੀ ਪੂਰਤੀ ਪਿੱਛੋਂ
ਦੂਸਰਾ ਹੋਇਆ ਤਾਰੀ
ਸੁਪਨਿਆਂ ਦਾ ਇਹ ਸਫਰ ਅਵੱਲਾ
ਜੇ ਮਨ-ਮਸਤੀ ਬਣ ਜਾਵੇ
ਤਾਂ ਸਾਹਾਂ ਦੀ ਕੋਰੀ ਤਖਤੀ
ਸੁੱਚਾ ਰੂਪ ਹੰਢਾਵੇ।
ਸੁਪਨ-ਸੰਧਾਰੇ ‘ਚ ਵਿਛੜਿਆਂ ਦਾ ਮਿਲਾਪ, ਪਰਦੇਸੀਆਂ ਦੀ ਜਨਮ-ਭੋਂ ਵੱਲ ਉਡਾਣ, ਮਿਲਣ ਦੀ ਤ੍ਰਿਪਤੀ, ਕੰਧਾਂ ਨੂੰ ਘਰ ਬਣਨ ਦਾ ਚਾਅ ਜਾਂ ਬਨੇਰਿਆਂ ਤੋਂ ਪੋਲੇ ਪੋਲੇ ਉਤਰਦੀ ਸੰਦਲੀ ਜਿਹੀ ਭਾਅ ਹੋਵੇ ਤਾਂ ਸੰਧਾਰੇ ਨੂੰ ਭਾਗ ਲੱਗ ਜਾਂਦੇ। ਸੁਪਨ-ਸੰਧਾਰੇ ਵਿਚ ਆਪਸੀ ਸੁਗਮ-ਸੰਵਾਦ, ਰੂਹ-ਰੰਗਾ ਨਾਦ ਅਤੇ ਵਿਗਸਿਆ ਵਿਸਮਾਦ ਹੋਵੇ ਤਾਂ ਜੀਵਨ-ਜੁਗਤ ਨੂੰ ਮਿਲਦਾ ਨਵਾਂ ਹੁਲਾਰ।
ਸੁਪਨ-ਸੰਧਾਰਾ ਵਣਜਣਾ ਮਨੁੱਖ ਦੀ ਆਦਿ ਰੀਤ। ਇਕ ਪੀੜ੍ਹੀ ਦੀ ਦੂਜੀ ਸੰਗ ਗਾੜ੍ਹੀ ਪ੍ਰੀਤ, ਜਿਸ ਵਿਚੋਂ ਉਪਜਦਾ ਏ ਹਰ ਸਦੀ ਦਾ ਸਾਂਝ-ਸੰਗੀਤ।
ਮਨੁੱਖੀ-ਮਨ ਦੀ ਸੁਪਨ-ਯਾਤਰਾ ਹੀ ਮਨੁੱਖ ਦਾ ਵਿਕਾਸ। ਇਸ ਦੀ ਨਿਰੰਤਰਤਾ ਤੇ ਕਾਰਜਸ਼ੀਲਤਾ ‘ਚੋਂ ਹੀ ਪਰਤ-ਦਰ-ਪਰਤ ਖੁੱਲ੍ਹਦੀਆਂ ਨਵੀਆਂ ਪਰਤਾਂ। ਮਨੁੱਖੀ ਖੋਜਾਂ ਅਤੇ ਸਿਰਜੇ ਗਏ ਨਵੀਨਤਮ ਧਰਾਤਲਾਂ ਦਾ ਮੂਲ ਅਧਾਰ ਮਨੁੱਖੀ ਮਨ ਵਿਚ ਅੰਗੜਾਈਆਂ ਭਰਦੇ ਸੁਪਨੇ ਹੀ ਹਨ, ਜਿਨ੍ਹਾਂ ਨੇ ਮਨੁੱਖ ਨੂੰ ਪਰ, ਪਰਵਾਜ਼ ਅਤੇ ਪਹਿਲਕਦਮੀਆਂ ਦੇ ਕੇ ਪ੍ਰਾਪਤੀਆਂ ਦਾ ਸਿਰਨਾਵਾਂ ਬਣਾਇਆ। ਖੜੋਤ ਕਾਰਨ ਸੁਪਨੇ ਵੀ ਯੱਖ ਹੋ ਜਾਂਦੇ। ਇਸ ਲਈ ਸੁਪਨਸ਼ੀਲਤਾ ਮਹਿਕਦੀ ਮਨੁੱਖੀ ਸ਼ਖਸੀਅਤ ਦਾ ਅਨਮੋਲ ਤੇ ਅਨਿੱਖੜਵਾਂ ਅੰਗ ਹੈ।
ਸੁਪਨਾ ਸੱਚਾ, ਸੁਗੰਧਤ, ਸਰਬ-ਭਾਵੀ, ਸੰਵੇਦਨਸ਼ੀਲ ਅਤੇ ਸੁੰਦਰ ਹੋਵੇ ਤਾਂ ਮਨੁੱਖ ਦਾ ਸਮੁੱਚ ਮਹਿਕੇਗਾ, ਜੋ ਆਲੇ-ਦੁਆਲੇ ਨੂੰ ਵੀ ਮਹਿਕਾਵੇਗਾ। ਅਜਿਹਾ ਸੁਪਨਾ ਵਣਜਣਾ ਵੀ ਚਾਹੀਦਾ ਅਤੇ ਲੈਣਾ ਵੀ ਜਰੂਰੀ। ਫਿਰ ਦੇਰ ਕਾਹਦੀ?