ਕਈ ਕਹਾਵਤਾਂ ਨੂੰ ਮੈਂ ਬਚਪਨ ਵਿਚ ਹੀ ਝੂਠਿਆਂ ਕਰ ਦਿੱਤਾ ਸੀ

ਐਸ ਅਸ਼ੋਕ ਭੌਰਾ
ਸਿਆਣੇ ਕਹਿੰਦੇ ਹਨ ਕਿ ਜਿਨ੍ਹਾਂ ਦੇ ਵੀ ਮੁਕਲਾਵੇ, ਵਿਆਹ ਜਾਂ ਮੰਗਣੀ ਹੋਏ ਬਿਨਾਂ ਆਏ ਹਨ, ਉਨ੍ਹਾਂ ਨੂੰ ਨਾ ਤਾਂ ਸਮਾਜ ਨੇ ਚੰਗੀ ਤਰ੍ਹਾਂ ਪ੍ਰਵਾਨ ਕੀਤਾ ਹੈ ਤੇ ਨਾ ਹੀ ਉਹ ਆਪਣੀ ਜ਼ਿੰਦਗੀ ਵਿਚ ਫੁੱਲਾਂ ਦੀ ਸੇਜ ਮਾਣ ਸਕੇ ਹਨ। ਅਸਲ ਵਿਚ ਇਨ੍ਹਾਂ ਦਾ ਇੰਤਕਾਲ ਬਹੁਤਾ ਕਰ ਕੇ ਚੜ੍ਹਿਆ ਹੀ ਨਹੀਂ। ਇਵੇਂ ਸਾਰੀਆਂ ਸੜਕਾਂ ਪਹਿਲਾਂ ਜਰਨੈਲੀ ਨਹੀਂ ਹੁੰਦੀਆਂ। ਇਨ੍ਹਾਂ ਦਾ ਸਫ਼ਰ ਵੀ ਪਗਡੰਡੀਆਂ ਤੋਂ ਹੀ ਆਰੰਭ ਹੁੰਦਾ ਹੈ। ਹਾਰ-ਸ਼ਿੰਗਾਰ ਲਾ ਕੇ ਔਰਤ ਸ਼ੀਸ਼ਾ ਇਸ ਕਰ ਕੇ ਵਾਰ-ਵਾਰ ਵੇਖਦੀ ਹੈ ਕਿ ਹੁਣ ਉਹ ਆਮ ਨਹੀਂ ਰਹੀ; ਜਿਵੇਂ ਹਾਰ-ਸ਼ਿੰਗਾਰ ਦੇ ਸਮੂਹਕ ਰੂਪਾਂ ਦਾ ਪ੍ਰਦਰਸ਼ਨ ਹੀ ਸੁੰਦਰਤਾ ਮੁਕਾਬਲੇ ਬਣ ਗਏ ਹਨ, ਤੇ ਇਸ ਗੱਲ ਤੋਂ ਵੀ ਸਿਰ ਨਹੀਂ ਫੇਰਿਆ ਜਾ ਸਕਦਾ ਕਿ ਹਰ ਕਲਾਕਾਰ, ਲੇਖਕ, ਕਵੀ ਦੀ ਜ਼ਿੰਦਗੀ ਵਿਚ ਅਜਿਹਾ ਕੁਝ ਵਾਪਰਿਆ ਹੁੰਦਾ ਹੈ ਜੋ ਬਾਕੀਆਂ ਨਾਲੋਂ ਅਲਹਿਦਾ ਵੀ ਹੁੰਦਾ ਹੈ ਤੇ ਨਿਰਾਲਾ ਵੀ। ਵੱਖਰੀ ਗੱਲ ਹੈ ਕਿ ਬੇਤਰਤੀਬ ਘਟਨਾਵਾਂ ਨੂੰ ਤੁਸੀਂ ਤਰਤੀਬ ਦੇਣ ਦੀ ਸਮਰੱਥਾ ਘੱਟ ਹੋਣ ਕਰ ਕੇ ਕਲਾ ਦੀ ਕੋਠੜੀ ਨੂੰ ਦਰਵਾਜ਼ਿਆਂ ਵਾਲੀ ਥਾਂ ਖਿੜਕੀਆਂ ਲਾ ਦਿੱਤੀਆਂ ਹੋਣ, ਜਾਂ ਰੋਸ਼ਨਦਾਨ ਫਿੱਟ ਨਾ ਕਰਨੇ ਆਉਣ ਕਰ ਕੇ ਅੰਦਰ ਚਾਨਣ ਦੀ ਕਿਰਨ ਲੰਘ ਹੀ ਨਾ ਸਕੀ ਹੋਵੇ। ਬਿੱਲੀਆਂ ਅੱਖਾਂ ਤੇ ਗੋਰਾ ਰੰਗ ਤੁਹਾਨੂੰ ਖੂਬਸੂਰਤ ਨਹੀਂ ਬਣਾ ਸਕਦੇ, ਜੇ ਕੁਦਰਤ ਨੇ ਤੁਹਾਡੇ ਨਾਲ ਨੈਣ-ਨਕਸ਼ਾਂ ਵਿਚ ਸਹਿਯੋਗ ਨਹੀਂ ਦਿੱਤਾ।
ਮੈਂ ਖੁਦ ਭਾਵੇਂ ਢਾਈ ਦਹਾਕਿਆਂ ਤੱਕ ਅਧਿਆਪਕ ਰਿਹਾ ਹਾਂ, ਪਰ ਵਿਦਿਆਰਥੀ ਜੀਵਨ ਵਿਚ ਪੜ੍ਹਨ ਨੂੰ ਚੰਗਾ ਹੋਣ ਦੇ ਬਾਵਜੂਦ ਆਦਤਾਂ ਵਧੇਰੇ ਕਰ ਕੇ ਉਹੀ ਰਹੀਆਂ ਹਨ ਜੋ ਸਾਧਾਰਨ ਪੜ੍ਹਾਕੂਆਂ ਦੀਆਂ ਹੁੰਦੀਆਂ ਹਨ। ਕਰੀਬ ਸਾਰੇ ਅਧਿਆਪਕਾਂ ਦੇ ਪੁੱਠੇ-ਸਿੱਧੇ ਨਾਂ ਰੱਖੇ ਹੀ ਹੁੰਦੇ ਹਨ। ਘਰਦਿਆਂ ਦੀਆਂ ਆਸਾਂ ਤਾਂ ਇੰਜੀਨੀਅਰ ਬਣਾਉਣ ਦੀਆਂ ਸਨ, ਪਰ ਮੈਂ ਬਾਕੀਆਂ ਨਾਲ ਰਲ ਕੇ ਪੁੱਠੇ ਲੱਛਣੀਂ ਪੈ ਗਿਆ ਸਾਂ। ਹੋਇਆ ਇਉਂ ਕਿ 1975 ਵਿਚ ਮਾਹਿਲ ਗਹਿਲਾਂ ਦਾ ਪਬਲਿਕ ਸਕੂਲ ਜਦੋਂ ਉਸ ਵੇਲੇ ਦੇ ਸਿੱਖਿਆ ਮੰਤਰੀ ਗੁਰਮੇਲ ਚੌਧਰੀ ਨੇ ਸਰਕਾਰੀ ਬਣਾਇਆ ਤਾਂ ਨਵੇਂ ਅਧਿਆਪਕਾਂ ਦੀ ਉਥਲ-ਪੁਥਲ ਬਹੁਤ ਹੋਈ। ਮਾੜੀ ਕਿਸਮਤ ਕਿ 1977 ਵਿਚ ਦਸੂਹੇ ਵੱਲੋਂ ਮੈਥ ਮਾਸਟਰ ਸ਼ਮਸ਼ੇਰ ਸਿੰਘ ਆ ਗਏ। ਉਹ ਹਿਸਾਬ ਪੜ੍ਹਾਉਂਦਾ ਤਾਂ ਚੰਗਾ ਸੀ ਪਰ ਬਦਕਿਸਮਤੀ ਇਹ ਸੀ ਕਿ ਉਹ ਬੋਲਦਾ ਇੰਨਾ ਤੇਜ਼ ਸੀ ਕਿ ਸਮਝ ਕਿਸੇ ਦੇ ਨਾ ਲੱਗਦਾ। ਉਪਰੋਂ ਕੁੱਟਣ ਲਈ ਮਸ਼ਹੂਰ। ਡੰਡਾ ਉਹਦੇ ਹੱਥ ਵਿਚ ਹਰ ਵੇਲੇ ਹੁੰਦਾ। ਮੂੰਹ ‘ਤੇ ਦਾੜ੍ਹੇ ਦਾ ਇੰਨਾ ਪ੍ਰਕਾਸ਼ ਸੀ ਕਿ ਗੱਲ੍ਹਾਂ ਦਾ ਅੱਧਾ ਇੰਚ ਮਾਸ ਵੀ ਨਾ ਦਿਸਦਾ। ਮੈਨੂੰ ਯਾਦ ਹੈ ਕਿ ਮੈਥੋਂ ਉਪਰਲੀਆਂ ਜਮਾਤਾਂ ਵਿਚ ਪੜ੍ਹਨ ਵਾਲੇ ਮੇਰੇ ਪਿੰਡ ਦੇ ਕਈ ਮੁੰਡੇ ਉਹਦੀ ਕੁੱਟ ਦੇ ਸਤਾਏ ਪੜ੍ਹੇ ਹੀ ਨਹੀਂ ਸਨ। ਸਕੂਲ ਵਿਚ ਆਮ ਵਿਦਿਆਰਥੀਆਂ ਨੇ ਉਹਦਾ ਨਾਂ ‘ਭੌਂਦੂ ਮਾਸਟਰ’ ਰੱਖ ਲਿਆ ਸੀ। ਇਸ ਗੱਲ ਨੂੰ ਉਹ ਵੀ ਜਾਣਦਾ ਸੀ ਤੇ ਇਸ ਕਰ ਕੇ ਉਹ ਸ਼ਰਾਰਤੀ ਵਿਦਿਆਰਥੀਆਂ ਨੂੰ ਕੁੱਟਣ ਵੇਲੇ ਦੋ ਪਰੈਣਾਂ ਜਾਂ ਥੱਪੜ ਘਸੁੰਨ ਵੱਧ ਵੀ ਮਾਰ ਦਿੰਦਾ ਸੀ। ਹਾਲਾਂ ਕਿ ਅੱਠਵੀਂ ਦੀ ਪ੍ਰੀਖਿਆ ‘ਚੋਂ ਮੈਂ ਸੌ ‘ਚੋਂ 93 ਅੰਕ ਲੈ ਕੇ ਸਕੂਲ ਦਾ ਬੋਰਡ ‘ਚੋਂ ਰਿਕਾਰਡ ਕਾਇਮ ਕੀਤਾ ਸੀ, ਪਰ ਜਦੋਂ ਸ਼ਮਸ਼ੇਰ ਸਿੰਘ ਦਸਵੀਂ ‘ਚ ਸਾਨੂੰ ਪੜ੍ਹਾਉਣ ਲੱਗਾ ਸੰਨ ਅਠੱਤਰ ‘ਚ, ਤਾਂ ਪਿੰਡ ਦੇ ਬਾਗੀ ਮੁੰਡਿਆਂ ਨਾਲ ਰਲ ਕੇ ਮੈਂ ਵੀ ਉਹਦਾ ਦਿੱਤਾ ਹੋਮਵਰਕ ਕਰਨਾ ਛੱਡ ਦਿੱਤਾ ਤੇ ਦਸੰਬਰ ਦੀ ਨੌਂਮਾਹੀ ਪ੍ਰੀਖਿਆ ਵਿਚ ਅਸੀਂ ਪਿੰਡ ਦੇ ਸਾਰੇ ਮੁੰਡਿਆਂ ਨੇ ਸਲਾਹ ਕੀਤੀ ਕਿ ਹਿਸਾਬ ਦੇ ਪੇਪਰ ਵਿਚ ਇਕ ਵੀ ਸਵਾਲ ਨਹੀਂ ਕਰਨਾ। ਰਿਜ਼ਲਟ ਇਹ ਨਿਕਲਿਆ ਕਿ ਜਦੋਂ ਚਿੱਠੀ ਘਰ ਗਈ ਤਾਂ ਹਿਸਾਬ ‘ਚੋਂ ਜ਼ੀਰੋ ਨੰਬਰ ਵੇਖ ਕੇ ਮੇਰਾ ਦਿੱਲੀ ਤੋਂ ਆਇਆ ਜੀਜਾ ਅੱਗ ਭਬੂਕਾ ਹੋ ਗਿਆ। ਉਹਨੇ ਬੇਬੇ ਨੂੰ ਕਿਹਾ, “ਇਹਨੂੰ ਕੋਈ ਕੰਮ-ਕੁੰਮ ਸਿੱਖਣ ਲਾ ਦਿਉ। ਇਹ ਜ਼ੀਰੋ ਨੰਬਰ ਆਲਾ ਲੱਗ ਜੂ ਓਵਰਸੀਅਰ?” ਚਾਰ ਵਜੇ ਛੁੱਟੀ ਹੋਈ ਤਾਂ ਫੇਰ ਹੋ ਗਈ ਜੱਗੋਂ ‘ਚੌਧਵੀਂ’। ਸਾਰਾ ਟੱਬਰ ਕਹੇ-“ਖੋਹ ਲਉ ਇਹਦਾ ਬਸਤਾ। ਚੜ੍ਹ ਗਿਆ ਚੰਦ। ਚੁੱਲ੍ਹੇ ‘ਚ ਸੁੱਟੋ ਇਹਦੀਆਂ ਕਿਤਾਬਾਂ।” ਉਧਰ ਗੁੱਸੇ ‘ਚ ਲਾਲ ਲੋਹੇ ਵਰਗੀ ਹੋਈ ਬੇਬੇ ਦੰਦ ਪੀਹਵੇ, “ਲਿਆ ਤੇਰਾ ਪੱਟਾਂ ਬੋਦਾ। ਤੁਰ ਪੈਂਦਾ ਸਵੇਰੇ ਪਟੇ ਵਾਹ ਕੇ। ਇਕ ਵਾਲ ਨ੍ਹੀਂ ਏਧਰ ਉਧਰ ਹੋਣ ਦਿੰਦਾ, ਤੇ ਕਰਤੂਤ ਟਕੇ ਦੀ ਨ੍ਹੀਂ।” ਬੇਬੇ ਨੂੰ ਬਥੇਰਾ ਕਿਹਾ ਕਿ ਮੈਨੂੰ ਆਉਂਦੈ ਸਾਰਾ ਹਿਸਾਬ। ਅਸੀਂ ਭੌਂਦੂ ਮਾਸਟਰ ਤੋਂ ਤੰਗ ਆ ਕੇ ਜਾਣ-ਬੁੱਝ ਕੇ ਨ੍ਹੀਂ ਸਵਾਲ ਕੀਤੇ। ਖ਼ੈਰ! ਬੇਬੇ ਨੇ ਤਾਂ ਬੋਦਾ-ਬੂਦਾ ਪੱਟ ਕੇ ਛੱਡ ‘ਤਾ, ਪਰ ਅਗਲੇ ਦਿਨ ਸਕੂਲ ‘ਚ ਜਿਹੜੀ ਛਿੱਲ ਲੱਥੀ, ਉਹ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਚੁੱਕ ਸਾਰੀ ਜੀਜੇ ਤਰਸੇਮ ਦੀ ਹੀ ਸੀ; ਕਿਉਂਕਿ ਜਿਹੜਾ ਵੀ ਮਾਸਟਰ ਕਲਾਸ ‘ਚ ਆਵੇ, ਪਹਿਲੀ ਗੱਲ ਇਹੀ ਕਹੇ, “ਬੰਦ ਕਰ ਦੇ ਇਹ ਗਾਣੇ-ਗੂਣੇ ਲਿਖਣੇ। ਬੰਦਾ ਬਣ ਕੇ ਪੜ੍ਹ।”
ਅਗਲੀਆਂ ਦੋ ਘਟਨਾਵਾਂ ਨੇ ਮੇਰੀ ਜਮਾਂ ਈ ਮੱਤ ਮਾਰ ਦਿੱਤੀ। ਬੰਗਿਆਂ ਦੇ ਇਕ ਮੇਲੇ ‘ਚੋਂ ਮੈਂ ਕਿਤਾਬ ਖਰੀਦ ਲਿਆਇਆ ਬਾਬੂ ਸਿੰਘ ਮਾਨ ਦੇ ਗੀਤਾਂ ਦੀ, ‘ਸੁਪਨੇ ‘ਚ ਆ ਜਾ ਗੋਰੀਏ।’ ਟਾਈਟਲ ‘ਤੇ ਫੋਟੋ ਲੱਗੀ ਹੋਈ ਸੀ, ਸੀਮਾ ਤੇ ਪ੍ਰੋਮਿਲਾ ਪੰਮੀ ਦੀ ਜੀਹਨੇ ਬਾਅਦ ‘ਚ ਗੁਰਚਰਨ ਪੋਹਲੀ ਨਾਲ ਵਿਆਹ ਕਰਵਾ ਲਿਆ ਸੀ। ਉਹ ਮੇਰੇ ਕੋਲੋਂ ਪਿੰਡ ਦਾ ਲਾਲਿਆਂ ਦਾ ਮੁੰਡਾ ਮੰਗ ਕੇ ਲੈ ਗਿਆ। ਆਂਹਦਾ, ਪੜ੍ਹ ਕੇ ਦੇ ਦਿਆਂਗਾ। ਹਫ਼ਤੇ ਕੁ ਬਾਅਦ ਉਹਨੇ ਸਕੂਲੇ ਮੈਨੂੰ ਅੱਧੀ ਛੁੱਟੀ ਨੂੰ ਕਿਤਾਬ ਫੜਾ’ਤੀ। ਬਾਕੀ ਕਿਤਾਬਾਂ ਨਾਲ ਮੈਂ ਉਹ ਵੀ ਪਾ ਲਈ ਝੋਲੇ ‘ਚ। ਹੈਗਾ ਤਾਂ ਉਹ ਸਾਲਾ ਮਰੂ ਜਿਹਾ ਸੀ ਤੇ ਇਕ ਜਮਾਤ ਅੱਗੇ ਪੜ੍ਹਦਾ ਸੀ ਤੇ ਅੱਜਕੱਲ੍ਹ ਇਟਲੀ ਰਹਿੰਦੈ; ਪਤੰਦਰ ਨੇ ਇਕ ਲਵ ਲੈਟਰ ਲਿਖਿਆ ਪਿੰਡ ਦੀ ਹੀ ਕੁੜੀ ਨੂੰ। ਸਵੇਰੇ ਸਕੂਲ ਜਾਂਦੀ ਦੇ ਅੱਗੇ ਸੁੱਟ’ਤਾ। ਉਹਨੇ ਰੋਂਦੀ ਨੇ ਕਰ’ਤੀ ਸ਼ਿਕਾਇਤ ਮਾਸਟਰਾਂ ਕੋਲ। ਕੁੜੀ ਜੱਟਾਂ ਦੀ, ਲੈਟਰ ਲਾਲੇ ਦਾ। ਅੱਗ ਤਾਂ ਜੰਮੂ ਕਸ਼ਮੀਰ ਵਾਂਗ ਪੈ ਗਈ। ਲੈਟਰ ‘ਚ ਕੰਜਰ ਨੇ ਸ਼ੇਅਰ ਲਿਖਿਉ ਗੀਤਾਂ ‘ਚੋਂ ਕੱਢ ਕੇ। ਜਦੋਂ ਪਹਿਲੀ ਉਹਦੇ ਪਈ, ਤੇ ਨਾਲ ਹੀ ਪੁੱਛਿਆ, ਇਹ ਸ਼ੇਅਰ ਕਿੱਥੋਂ ਲਏ ਸੀ, ਬਕ ਪਿਆ। ਆਂਹਦਾ, ਅਸ਼ੋਕ ਕੋਲੋਂ ਕਿਤਾਬ ਲਈ ਸੀ, ਉਹਦੇ ‘ਚੋਂ ਲਿਖੇ ਸਨ। ਪਹਿਲੀ ਵਾਰ ਮੈਨੂੰ ਪਤਾ ਲੱਗਾ ਸੀ ਕਿ ਇਹਨੂੰ ਕਹਿੰਦੇ ਨੇ ਆਟੇ ਨੂੰ ਪਲੇਥਣ। ਲਾਲੇ ਦੇ ਘੱਟ ਪਈਆਂ, ਤੇ ਮੇਰੇ ਵੱਧ। ਮੁਰਗਾ ਬਣਾ ਕੇ ਕੰਨ ਫੜਾਏ ਹੋਏ ਸਨ। ਮੰਗਤ ਰਾਮ ਮਾਸਟਰ ਨੇ ਹੈੱਡਮਾਸਟਰ ਤੋਂ ਗੰਨੇ ਵਰਗੀ ਪਰੈਣੀ ਫੜ ਕੇ ਕਿਹਾ, “ਮੈਨੂੰ ਬਣਾਉਣ ਦਿਉ ਇਹਨੂੰ ਬੰਦਾ।” ਨਾਲ ਲਗਦੀ ਹੀ ਮੇਰੇ ਝੋਲੇ ਦੀ ਤਲਾਸ਼ੀ ਹੋਈ ਤਾਂ ਵਿਚੋਂ ਉਹੀ ਕਿਤਾਬ ਨਿਕਲ ਆਈ। ਫਿਰ ਤਾਂ ਜਿਵੇਂ ਅੱਗ ‘ਤੇ ਪੈਟਰੋਲ ਹੀ ਡਿੱਗ ਪਿਆ ਹੋਵੇ। ਚਲੋ, ਚੰਗੇ ਹੱਡ ਸੇਕੇ ਦੋਹਾਂ ਦੇ, ਤੇ ਮੁਆਫ਼ੀ ਮੰਗਾ ਕੇ ਛੱਡ’ਤਾ। ਸੇਕ ਮੇਰੇ ਘਰੇ ਚੌਥੇ ਕੁ ਦਿਨ ਪੁੱਜਿਆ, ਜਦੋਂ ਉਸ ਕੁੜੀ ਦੀ ਮਾਂ ਮੇਰੇ ਘਰੇ ਉਲਾਂਭਾ ਲੈ ਕੇ ਆ ਗਈ। ਸਾਰਾ ਟੱਬਰ ਈ ਅੱਗ ‘ਤੇ ਲਿਟਦਾ ਤਾਂ ਕੋਈ ਗੱਲ ਨਹੀਂ ਸੀ, ਸਗੋਂ ਉਹ ਤਾਂ ਅੱਗ ਈ ਚੁੱਕੀ ਫਿਰਦਾ ਸੀ। ਜਿਵੇਂ ਲੱਤ ਟੁੱਟੀ ਵਾਲਾ ਬੰਦਾ ਕੋਠੇ ਤੋਂ ਡਿੱਗ ਪਏ, ਉਹੀ ਹਾਲਤ ਮੇਰੀ ਹੋ ਗਈ। ਫਿਰ ਤਾਂ ਇਹ ਫੈਸਲਾ ਈ ਲਗਭਗ ਸ਼ਿਮਲਾ ਸਮਝੌਤੇ ਵਾਂਗੂੰ ਤੈਅ ਸੀ ਕਿ ਇਹਨੂੰ ਹਟਾ ਲਵੋ ਸਕੂਲੋਂ। ਮੇਰਾ ਭਰਾ ਕਮਲ ਊਂ ਆਪ ਭਾਵੇਂ ਨੌਵੀਂ ਜਮਾਤ ਨ੍ਹੀਂ ਟੱਪਿਆ, ਪਰ ਮੇਰਾ ਖਿਆਲ ਬਹੁਤ ਰੱਖਦਾ ਸੀ; ਪਈ ਪੜ੍ਹਦਾ ਕੀ ਐ? ਉਹ ਸਕੂਲ ਗਿਆ ਤਾਂ ਅੱਠਵੀਂ ਦੇ ਨਤੀਜੇ ‘ਤੇ ਆਧਾਰਤ ਸਕੂਲ ਵਾਲਿਆਂ ਨੇ ਮੇਰਾ ਪੱਖ ਪੂਰ’ਤਾ, ਪਈ ਪੜ੍ਹਨੇ ਨੂੰ ਠੀਕ ਐ, ਉਦਾਂ ਖਿਆਲ ਰੱਖੋ।
ਜਨਵਰੀ ‘ਚ ਲੋਹੜੀ ਆ ਗਈ। ਘਟਨਾ ਇਉਂ ਹੋਈ ਕਿ ਉਸ ਵੇਲੇ ਕੁਲਦੀਪ ਮਾਣਕ ਦੀ ‘ਸਾਹਿਬਾਂ ਬਣੀ ਭਾਰਵਾਂ ਦੀ’ ਨਾਲ ਚੜ੍ਹਾਈ ਬਹੁਤ ਸੀ। ਸਾਡੇ ਨਾਲ ਦੇ ਪਿੰਡ ਉਚੇ ਲਧਾਣੇ ਮਾਣਕ ਨੇ ਲੋਹੜੀ ਤੋਂ ਇਕ ਦਿਨ ਪਹਿਲਾਂ ਆਉਣਾ ਸੀ। ਹਰ ਕੋਈ ਚਾਹੁੰਦਾ ਸੀ ਮਾਣਕ ਦੇਖਣਾ। ਅਸੀਂ ਤਿੰਨ ਚਹੁੰ ਜਾਣਿਆਂ ਨੇ ‘ਕੱਠੇ ਹੋ ਕੇ ਆਪਣੇ ਕਲਾਸ ਇੰਚਾਰਜ ਉਸੇ ਮੈਥ ਮਾਸਟਰ ਤੋਂ ਮਾਣਕ ਵੇਖਣ ਲਈ ਛੁੱਟੀ ਮੰਗੀ ਤਾਂ ਉਹਨੇ ਬਾਕੀਆਂ ਨੂੰ ਤਾਂ ਘੱਟ ਕੁਝ ਕਿਹਾ, ਸਿੱਧਾ ਅਲ-ਕਾਇਦਾ ਵਾਂਗ ਮੇਰੇ ਦੁਆਲੇ, “ਸੁਣ ਓਏ ਥਰੀਕਿਆਂ ਵਾਲਿਆ, ਬੰਦਾ ਬਣ ਕੇ ਕਲਾਸ ‘ਚ ਬਹਿ ਜਾ। ਪੇਪਰ ਨ੍ਹੀਂ ਪਾਉਣ ਆਉਣੇ ਤੇਰੇ ਥਾਂ ਮਾਣਕ ਨੇ।” ਪਰ ਉਹਦਾ ਅਸਰ ਕੋਈ ਨਾ ਹੋਇਆ। ਅਸੀਂ ਦੋ ਜਣਿਆਂ ਨੇ ਝੋਲੇ ਕਣਕ ‘ਚ ਲੁਕੋਏ ਤੇ ਅੱਧੀ ਛੁੱਟੀ ਤੋਂ ਬਾਅਦ ਬਾਗੀ ਹੋ ਕੇ ਚਲੇ ਗਏ ਅਖਾੜਾ ਵੇਖਣ। ਸਾਡੇ ਪਿੰਡ ਦਾ ਇਕ ਜੱਟ ਨਰਿੰਦਰ ਫਰਾਲੀਆ ਪੰਜ-ਪੰਜ ਦੇ ਨੋਟ ਦੇਵੇ ਟਰੈਕਟਰ ਦੇ ਨਾਂ ਉਤੇ। ਉਦੋਂ ਫੋਰਡ ਆਇਆ ਵੀ ਨਵਾਂ ਹੀ ਸੀ ਤੇ ਉਹਨੇ ਲਿਆਂਦਾ ਵੀ ਨਵਾਂ ਈ ਸੀ। ਰੁਪਿਆ ਤਾਂ ਉਹਨੇ ਡੂਢ ਕੁ ਸੌ ਦਿੱਤਾ ਹੋਣਾ, ਪਰ ਚਰਚਾ ਪੰਜਾਂ-ਸੱਤਾਂ ਪਿੰਡਾਂ ਵਿਚ ਕਰਵਾ ਗਿਆ ਫੋਰਡ ਦੀ। ਅਗਲੇ ਦਿਨ ਕਰੇਲਾ ਫਿਰ ਨਿੰਮ ‘ਤੇ ਚੜ੍ਹ ਗਿਆ। ਨਾਲ ਦੇ ਸ਼ਰਾਰਤੀ ਮੁੰਡਿਆਂ ਨੇ ਝੋਲੇ ਕਣਕ ‘ਚੋਂ ਚੁੱਕ ਕੇ ਫਿਰ ਹਿਸਾਬ ਵਾਲੇ ਮਾਸਟਰ ਕੋਲ ਫੜਾ ‘ਤੇ। ਹਾਲਾਤ ਮੇਰੇ ਉਹ ਬਣ ਗਏ ਜਿਵੇਂ ਕਿਸੇ ਨੇ ਚੋਰੀ ਟਕੇ ਦੀ ਨਾ ਕੀਤੀ ਹੋਵੇ, ਪਰ ਨਾਂ ਦਸ ਨੰਬਰੀਆਂ ਵਿਚ ਆ ਜਾਵੇ। ਜਿਹੜੇ ਭੱਜ ਕੇ ਉਦਣ ਕੁਲਦੀਪ ਮਾਣਕ ਦੇਖਣ ਗਏ ਸੀ, ਸਾਰੇ ਕੱਢ ਲਏ ਸਵੇਰੇ ਪ੍ਰੇਅਰ ਵਿਚ। ਸੱਤ-ਸੱਤ ਬੈਂਤਾਂ ਮਾਰੀਆਂ ਕੱਬੇ ਹੈਡਮਾਸਟਰ ਗੁਰਦਿਆਲ ਸਿੰਘ ਨੇ। ਉਹਨੂੰ ਉਦੋਂ ‘ਕੱਲੇ ਪੜ੍ਹਨ ਵਾਲੇ ਹੀ ਨਹੀਂ, ਸਗੋਂ ਪੜ੍ਹਾਉਣ ਵਾਲੇ ਵੀ ‘ਮੂਜੀ’ ਕਿਹਾ ਕਰਦੇ ਸਨ।
ਜਦੋਂ ਸਾਨੂੰ ਬਸਤੇ ਦੇਣ ਲੱਗੇ ਤਾਂ ਹੈਡਮਾਸਟਰ ਚਪੜਾਸੀ ਕਾਬਲ ਨੂੰ ਕਹਿਣ ਲੱਗਾ, “ਫੋਲੀਂ ਤਾਂ ਇਹ ਬਸਤਾ ਜ਼ਰਾ।” ਇਕ ਕਤਲ ਲਈ ਦੋ ਸਜ਼ਾਵਾਂ! ਉਹੀ ‘ਸੁਪਨੇ ‘ਚ ਆ ਜਾ ਗੋਰੀਏ’ ਕਿਤਾਬ ਫਿਰ ਉਸ ਮੂਜੀ ਹੈਡਮਾਸਟਰ ਦੇ ਹੱਥ ਲੱਗ ਗਈ।
“ਉਏ ਆਹ ਕੀ ਰੱਖੀਂ ਫਿਰਦੈਂ ਨਾਲ ਤੂੰ। ਸਕੂਲ ਨੂੰ ਸਮਝਦਾ ਕੀ ਐਂ? ਇਹ ਕਾਹਦੇ ਵਾਸਤੇ ਰੱਖੀ ਐ ਨਾਲ।” ਮੈਂ ਕੁਝ ਬੋਲਦਾ ਉਸ ਤੋਂ ਪਹਿਲਾਂ ਈ ਮੰਗਤ ਰਾਮ ਮਾਸਟਰ ਨੇ ਤਸਦੀਕ ਕਰ’ਤੀ, “ਚਮਨ ਲਾਲ ਸ਼ੁਗਲ ਬਣੀ ਫਿਰਦੈ, ਗਾਣੇ ਲਿਖਦਾ ਕੰਜਰ।” ਜਿਵੇਂ ਦਿੱਲੀ ‘ਕਾਲੀਆਂ ਨੂੰ ਪੈਂਦੀ ਐ, ਆਏਂ ਓਦਣ ਮੇਰੇ ਨਾਲ ਹੋਈ। ਜਿਵੇਂ ਦਿਨ ਬੰਨ੍ਹਣ ਆਏ ਵਿਆਹ ਤੋਂ ਜੁਆਬ ਦੇ ਗਏ ਹੋਣ। ਸੱਤ-ਅੱਠ ਸੌ ਵਿਦਿਆਰਥੀਆਂ ‘ਚ ਹੋਈ ਬੇਇੱਜ਼ਤੀ ਨਾਲ ਮੈਂ ਮਹਿਸੂਸ ਕਰਨ ਲੱਗਾ ਸਾਂ ਕਿਹੜੇ ਕੁੱਤੇ ਕੰਮ ‘ਚ ਫਸ ਗਿਐਂ? ਛੱਡ ਦਿਆਂ ਸਭ ਕੁਝ, ਪਰ ਇਹ ਸੱਚ ਹੈ ਕਿ ਹੱਡਾ-ਰੋੜੀ ਜਾਣ ਵਾਲਾ ਕੁੱਤਾ ਹਟਦਾ ਨ੍ਹੀਂ, ਭਾਵੇਂ ਰਾਹ ਬਦਲ ਕੇ ਜਾਵੇ।
ਸਕੂਲ ‘ਚ ਉਪਰੋਂ-ਉਪਰੋਂ ਮੇਰੀ ਕੁਪੱਤ ਹੁੰਦੀ ਸੀ, ਪਰ ਅਖ਼ਬਾਰ ਪੜ੍ਹ ਕੇ ਅਧਿਆਪਕਾਂ ਦੀਆਂ ਸਿਫ਼ਤਾਂ ਮੇਰੇ ਤੱਕ ਪਹੁੰਚ ਵੀ ਜਾਂਦੀਆਂ ਸਨ ਕਿ ‘ਆਹ ਮੁੰਡਾ ਜਿਹੜਾ ਲਿਖਦੈ, ਇਹ ਸਾਡੇ ਸਕੂਲ ‘ਚ ਪੜ੍ਹਦੈ।’ ਪਰ ਇਹ ਸਿਫ਼ਤ ਕਈ ਵਾਰ ਮੈਨੂੰ ਆਏਂ ਲਗਦੀ ਸੀ ਜਿਵੇਂ ਰਾਤ ਨੂੰ ਥਾਣੇ ‘ਚ ਬੇਕਸੂਰ ਨੂੰ ਪੁੱਠਾ ਲਟਕਾ ਕੇ ਥਾਣੇਦਾਰ ਸਵੇਰ ਨੂੰ ਪੁੱਛੇ, “ਚਾਹ ਦਾ ਕੱਪ ਲਏਂਗਾ?” ਦੂਜੇ ਪਾਸੇ ਸਾਡੇ ਨਵਾਂ ਸ਼ਹਿਰ ਦੀ ਇਕ ਕੁੜੀ ਪੂਨਮ ਬਾਲਾ ਗਾਉਂਦੀ ਸੀ। ਗਾਉਂਦੀ ਤਾਂ ਬਹੁਤ ਵਧੀਆ ਸੀ, ਪਰ ਰੰਗ ਬੀਬੀ ਦਾ ਆਏਂ ਕਿ ਕਾਲਾ ਨਾਗ ਵੀ ਪਰ੍ਹਾਂ ਹਟ ਜਾਂਦਾ ਹੋਊ। ਗੁਣ ਪਤਾ ਨ੍ਹੀਂ ਕਿਹੜਾ ਸੀ, ਬੀਬੀ ਨੇ ਵਿਆਹ ਤਿੰਨ-ਚਾਰ ਜ਼ਰੂਰ ਕਰਵਾਏ। ਉਹਦਾ ਮੈਂ ਸੈਟ ਕਾਹਮੇ ਪਿੰਡ ਦੇ ਰੂਪੇ ਨਾਲ ਬਣਾ’ਤਾ। ਨਾਲ ਜੋੜ’ਤਾ ਮੱਖਣ ਮੱਲਪੁਰੀ ਜਿਹਦੇ ਨਾਲ ਪਹਿਲੇ ਦਿਨਾਂ ‘ਚ ਢਾਡੀ ਦਇਆ ਸਿੰਘ ਦਿਲਬਰ ਦੇ ਪੁੱਤਰ ਕੁਲਜੀਤ ਨੇ ਜਥਾ ਬਣਾਇਆ ਸੀ। ਇਨ੍ਹਾਂ ਸਾਰਿਆਂ ਦੀ ਪਿੱਛੋਂ ਮੈਂ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੇ ਸੰਗੀਤ ‘ਚ ਰਿਕਾਰਡਿੰਗ ਵੀ ਕਰਵਾਈ ਸੀ।
ਉਨ੍ਹਾਂ ਦਿਨਾਂ ‘ਚ ਸਾਡੇ ਪਿੰਡ ਕਤਲ ਹੋ ਗਿਆ। ਇਲਜ਼ਾਮ ਲੱਗਾ ਸੀ ਜ਼ਮੀਨ ਦੇ ਲਾਲਚ ਵਿਚ ਅਜਿਹਾ ਕਰਨ ਲਈ ਪਿਉ ਅਤੇ ਪੁੱਤਰ ਉਤੇ। ਇਸ ਘਟਨਾ ‘ਤੇ ਗੀਤ ਲਿਖ ਕੇ ਅਤੇ ਦੋ-ਚਾਰ ਹੋਰ ਗੀਤ ਮੈਂ ਮੱਖਣ ਮੱਲਪੁਰੀ ਨੂੰ ਦੇ ਆਇਆ। ਇਤਫਾਕ ਇਹ ਹੋਇਆ ਕਿ ਸਾਡੇ ਪਿੰਡ ਦੀ ਨੌਜਵਾਨ ਸਭਾ ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਸਾਬਕਾ ਮੰਤਰੀ ਤੇ ਨਵਾਂ ਸ਼ਹਿਰ ਨੂੰ ਵਾਕਿਆ ਹੀ ਨਵਾਂ ਸ਼ਹਿਰ ਬਣਾਉਣ ਵਾਲੇ ਸ਼ ਦਿਲਬਾਗ ਸਿੰਘ ਦੇ ਨਾਂ ‘ਤੇ ਉਹਦੇ ਜਿਉਂਦੇ ਜੀਅ ਹੀ ਟੂਰਨਾਮੈਂਟ ਕਰਵਾਇਆ ਕਰਦੀ ਸੀ। ਮੈਨੂੰ ਕਹਿੰਦੇ, “ਕੋਈ ਗਾਉਣ ਵਾਲਾ ਲੈ ਆ।”
ਮੈਂ ਫਟਾ-ਫਟ ਦੋ ਸੌ ਰੁਪਏ ਨੂੰ ਮੱਖਣ ਮੱਲਪੁਰੀ ਕਰਵਾ’ਤਾ, ਇਸ ਲਾਲਚ ਨਾਲ ਕਿ ਨਾਲੇ ਮੇਰੇ ਗੀਤ ਗਾਊਗਾ ਅਤੇ ਪਿੰਡ ‘ਚ ਦਿਲਬਾਗ ਸਿੰਘ ਦੇ ਸਾਹਮਣੇ ਟੌਹਰ ਪੂਰੀ ਬਣ’ਜੂ। ਨੌਜਵਾਨ ਸਭਾ ਵਾਲਿਆਂ ਨੇ ਉਸੇ ਫੋਰਡ ਟਰੈਕਟਰ ਵਾਲੇ ਨਰਿੰਦਰ ਅਟਵਾਲ ‘ਤੇ ਇਲਜ਼ਾਮ ਲਾ ਕੇ ਸਟੇਜ ਤੋਂ ਹਟਾ’ਤਾ ਕਿ ਇਹ ਸਟੇਜ ‘ਤੇ ਸ਼ਰਾਬ ਪੀ ਕੇ ਬੋਲਦੈ। ਤੇ ਚਾਰ ਦਿਨ ਚੱਲਣ ਵਾਲੇ ਟੂਰਨਾਮੈਂਟ ‘ਚ ਪਹਿਲੀ ਵਾਰ ਸਟੇਜ ਸਕੱਤਰ ਬਣਨ ਦਾ ਮੈਥੋਂ ਚਾਅ ਨਾ ਸਾਂਭਿਆ ਜਾਵੇ। ਪਿੰਡੋਂ ਇਕ ਮਾਸਟਰ ਦਾ ਕੋਟ ਮੰਗਿਆ ਤੇ ਬਿਨਾਂ ਵਹੁਟੀ ਤੋਂ ਲਾੜਾ ਬਣ ਗਿਆ। ਚਾਅ ਤਾਂ ਪੂਰਾ ਹੋ ਗਿਆ, ਪਰ ਨਿਆਣੀ ਮੱਤ ਨਾਲ ਚਰਖਾ ਪੁੱਠਾ ਚੱਲ ਗਿਆ। ਇਨਾਮ ਵੰਡ ਸਮਾਗਮ ਤੋਂ ਪਹਿਲਾਂ ਮੱਖਣ ਮੱਲਪੁਰੀ ਦਾ ਗੌਣ-ਪਾਣੀ ਚੱਲ ਗਿਆ। ਸ਼ ਦਿਲਬਾਗ ਸਿੰਘ ਵੀ ਹਾਰਾਂ ਨਾਲ ਲੱਦੇ ਸੋਫਿਆਂ ‘ਤੇ ਬੈਠ ਗਏ। ਭਾਵੇਂ ਸਰਦਾਰ ਜੀ ਬਾਅਦ ਵਿਚ ਮੇਰੀਆਂ ਲਿਖਤਾਂ ਤੇ ਸਹਿਤਕ ਕੰਮਾਂ ਦੇ ਪ੍ਰਸ਼ੰਸਕ ਬਹੁਤ ਵੱਡੇ ਰਹੇ, ਪਰ ਉਸ ਦਿਨ ਜਿਵੇਂ ਨਵੇਂ ਡੋਲ ਦੀ ਲੱਜ ਟੁੱਟਣ ਨਾਲ ਚਾਅ ਵਿਚੇ ਰਹਿ ਗਿਆ ਹੋਵੇ ਚੂੜੇ ਵਾਲੀ ਦਾ। ਮੱਲਪੁਰੀ ਨੇ ਮੇਰਾ ਗੀਤ ਉਸੇ ਕਤਲ ਵਾਲੀ ਘਟਨਾ ‘ਤੇ ਗਾਉਣਾ ਅਰੰਭ ਕੀਤਾ ਤਾਂ ਸਾਰਾ ਪਿੰਡ ਹੈਰਾਨ ਰਹਿ ਗਿਆ। ਗੀਤ ਦੇ ਬੋਲ ਸਨ:
ਕੇਹਾ ਜ਼ਮਾਨਾ ਆਇਆ,
ਪਿਉ ਨੇ ਪੁੱਤਰ ਮਰਵਾਇਆ।
ਭਾਈਆਂ ਦੇ ਭਾਈ ਵੈਰੀ,
ਇਕ ਮਾਂ ਨੇ ਦੁੱਧ ਚੁੰਘਾਇਆ।
ਵੇਖਦਾ ਜ਼ਮਾਨਾ ਰੰਗ ਸਾਰੇ,
ਲਾਲਚ ਨੇ ਮੱਤ ਮਾਰ’ਤੀ,
ਕਲਯੁੱਗ ਕਰਾਉਂਦਾ ਪੁੱਠੇ ਕਾਰੇæææ
ਜਦੋਂ ਆਖਰੀ ਅੰਤਰੇ ਵਿਚ ਮੇਰਾ ਤੇ ਪਿੰਡ ਦਾ ਨਾਂ ਆਇਆ ਤਾਂ ਤਾਜ਼ੀ-ਤਾਜ਼ੀ ਵਾਪਰੀ ਇਸ ਦੁਖਦਾਇਕ ਘਟਨਾ ਬਾਰੇ ਇਉਂ ਲਗਦਾ ਸੀ ਜਿਵੇਂ ਸਾਰਾ ਪਿੰਡ ਕਹਿ ਰਿਹਾ ਹੋਵੇ, ਸਜ਼ਾ ਤਾਂ ਦੋਸ਼ੀਆਂ ਨੂੰ ਪਤਾ ਨ੍ਹੀ ਕਦੋਂ ਹੋਵੇਗੀ, ਇਸ ਮੁੰਡੇ ਨੇ ਜਿਵੇਂ ਮੁਕੱਦਮੇ ਦੀ ਸੁਣਵਾਈ ਅੱਜ ਹੀ ਮੁਕੰਮਲ ਕਰ ਦਿੱਤੀ ਹੋਵੇ। ਹਾਲਾਤ ਤੋਂ ਮੈਨੂੰ ਪਤਾ ਲੱਗਾ ਗਿਆ ਸੀ ਕਿ ਹਵਾ ਮੇਰੇ ਹੱਕ ‘ਚ ਨਹੀਂ। ਮਾਈਕ ਥਾਣੀਂ ਮੇਰੀ ਟੁਣਕਦੀ ਆਵਾਜ਼ ਕੰਬਣ ਲੱਗ ਪਈ ਸੀ। ਇਨਾਮ ਤਾਂ ਮੈਂ ਥਿੜਕਦੇ ਬੋਲਾਂ ਨਾਲ ਵੰਡਾ ਦਿੱਤੇ ਸਨ, ਪਰ ਤੁਰਨ ਲੱਗਿਆਂ ਸ਼ ਦਿਲਬਾਗ ਸਿੰਘ ਨੇ ਮੈਨੂੰ ਕੋਲ ਬੁਲਾ ਕੇ ਕਿਹਾ, “ਥਾਣੇਦਾਰ ਲੱਗ ਕੇ ਮਾਂ ਨ੍ਹੀਂ ਕੁੱਟੀਦੀ। ਚੰਗੀ ਭੱਲ ਬਣਾਏਂਗਾ ਪਿੰਡ ਦੀ।”
ਬਾਅਦ ਵਿਚ ਮੈਨੂੰ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਮੇਰੇ ਇਸ ਗੀਤ ਨੇ ਪਿੰਡ ‘ਚ ਪੁਆੜੇ ਜਿਹੇ ਪਾ ਦਿੱਤੇ ਸਨ। ਚੰਗੇ ਬੰਦੇ ਕਹੀ ਜਾਂਦੇ ਸਨ, “ਸੱਚ ਲਿਖ’ਤਾ ਮੁੰਡੇ ਨੇ। ਕਮਾਲ ਕਰ’ਤੀ।” ਤੇ ਅੱਧੇ ਕੁ ਕਹੀ ਜਾਂਦੇ ਸਨ, “ਪਿਉ ਤਾਂ ਇਹਦਾ ਬੀਬਾ ਹੁੰਦਾ ਸੀ, ਇਹ ਪਿੰਡ ‘ਤੇ ਹੀ ਕਿੱਸੇ ਬਣਾਉਣ ਲੱਗ ਪਿਆ।” ਇਕ ਹਾਉਮੈ ਭਰਿਆ ਬੰਦਾ ਜਗੀਰਦਾਰੀ ਲਹਿਜ਼ੇ ‘ਚ ਕਹਿਣ ਲੱਗਾ, “ਇਸ ਛੋਕਰੇ ਨੇ ਪਹਿਲਾਂ ਪਿੰਡ ਬਾਰੇ ਲਿਖ ਕੇ ਬੜੇ ਪੁਆੜੇ ਪਾਏ ਤੇ ਹੁਣ ਆਪਣੇ ਘਰ ‘ਚ ਸਿਰ ਪੜਵਾਏਗਾ।” ਇਸ ਦੁਰਘਟਨਾ ਨਾਲ ਮੇਰੇ ਅੰਦਰਲੀ ਸਾਹਿਤਕ ਪ੍ਰੇਮਿਕਾ ਰੁੱਸਣ ਨੂੰ ਫਿਰਦੀ ਸੀ। ਮੈਨੂੰ ਇਉਂ ਲਗਦਾ ਸੀ ਜਿਵੇਂ ਨਬਜ਼ ਤਾਂ ਚੱਲ ਰਹੀ ਸੀ, ਪਰ ਸਾਹ ਆਉਣ ਦੀ ਉਕਾ ਈ ਕੋਈ ਆਸ ਨਹੀਂ ਬਚੀ ਸੀ।
ਖ਼ੈਰ! ਇਹ ਗੱਲ ਵੀ ਸਕੂਲ ‘ਚ ਚਰਚਾ ਦਾ ਵਿਸ਼ਾ ਬਣੀ ਰਹੀ, ਪਰ ਅਧਿਆਪਕਾਂ ਦੀ ਆਮ ਰਾਏ ਇਹ ਬਣ ਗਈ ਸੀ, “ਪੜ੍ਹਨ ਨੂੰ ਚੰਗੈ, ਹੋਰ ਮਹੀਨਾ ਰਹਿ ਗਿਐ। ਆਪੇ ‘ਗਾਹਾਂ ਨੂੰ ਦਫ਼ਾ ਹੋਊ।”
ਫਰਵਰੀ ਦੇ ਇਸ ਟੂਰਨਾਮੈਂਟ ਤੋਂ ਬਾਅਦ ਮੈਂ ਜਿਵੇਂ ਖੁਆਜੇ ਪੀਰ ਦੀ ਸੇਵਾ ਵਾਂਗ ਇਕ ਲੱਤ ਭਾਰ ਖੜ੍ਹਾ ਹੋ ਗਿਆ ਹੋਵਾਂ। ਮੈਂ ਕਿਤਾਬ ਚੁੱਕ ਬੇਈਂ ਦੇ ਕਿਨਾਰੇ ਚਲਾ ਜਾਂਦਾ ਤੇ ਦਿਨ ਛਿਪੇ ਮੁੜਦਾ। ਮੇਰੇ ਘਰਦਿਆਂ ਨੂੰ ਆਏਂ ਲੱਗਣ ਲੱਗ ਪਿਆ ਸੀ, ਜਿਵੇਂ ਕੁੱਤੇ ਮਾਸ ਛੱਡ ਕੇ ਖੀਰ ਖਾਣ ਲੱਗ ਪਏ ਹੋਣ।
ਦਸਵੀਂ ਦੇ ਇਮਤਿਹਾਨਾਂ ਵਿਚ ਸਾਨੂੰ ਅੰਗਰੇਜ਼ੀ ਪੜ੍ਹਾਉਣ ਵਾਲੀ ਅਧਿਆਪਕਾ ਦਾ ਪੁੱਤਰ ਕਮਲਜੀਤ ਵੀ ਮੇਰੇ ਨਾਲ ਹੀ ਪੇਪਰ ਦੇ ਰਿਹਾ ਸੀ। ਦੋ ਅਧਿਆਪਕ ਉਹਨੂੰ ਅੰਦਰ ਨਕਲ ਕਰਵਾਉਣ ਜਾਂਦੇ ਤੇ ਦੋ ਬਾਹਰ ਫਲਾਇੰਗ ਦਾ ਪਹਿਰਾ ਦਿੰਦੇ। ਓਹਲਾ ਰੱਖ ਕੇ ਲੱਗਿਆ ਸੁਪਰਡੈਂਟ ਲੰਗੜੋਏ ਪਿੰਡ ਦਾ ਸੋਹਣ ਸਿੰਘ ਮੇਰਾ ਪੇਪਰ ਖੋਹ ਕੇ ਆਪਣੇ ਭਾਣਜੇ ਨੂੰ ਨਕਲ ਕਰਵਾਉਂਦਾ।
ਹਾਲਾਤ ਇਹ ਬਣੇ ਕਿ ਲੰਗੜਾ ਜਿਵੇਂ ਮਿਲਖਾ ਸਿੰਘ ਦਾ ਮੁਕਾਬਲਾ ਕਰ ਗਿਆ ਹੋਵੇ। ਮਾਂ ਸਕੂਲ ਅਧਿਆਪਕਾ ਤੇ ਪਿਉ ਬੰਗਾ ਕਾਲਜ ਦਾ ਪ੍ਰੋਫੈਸਰ। ਰੱਜਵੀਂ ਨਕਲ ਮਾਰ ਕੇ ਇਸ ਜੋੜੇ ਦਾ ਪੁੱਤਰ ਕਮਲ ਮੈਥੋਂ ਸਿਰਫ਼ ਗਿਆਰਾਂ ਨੰਬਰ ਹੀ ਵੱਧ ਲੈ ਸਕਿਆ ਸੀ। ਨਤੀਜਾ ਆਉਣ ‘ਤੇ ਮੇਰੇ ਘਰਦਿਆਂ ਨੂੰ ਹੈਰਾਨੀ ਹੋ ਰਹੀ ਸੀ ਕਿ ਡਾਕਟਰ ਤਾਂ ਅਖੀਰ ਤੱਕ ਕੁੜੀ ਹੀ ਕਹਿੰਦੇ ਰਹੇ, ਪਰ ਮੁੰਡਾ ਤੇ ਉਹ ਵੀ ਸੁਨੱਖਾ ਜੰਮ ਪਿਆ। ਮਹਿਲ ਗਹਿਲਾਂ ਦੇ ਸਕੂਲ ‘ਚੋਂ ਅੱਵਲ ਆ ਕੇ ਪਿੰਡ ਤੇ ਸਕੂਲ ਵਾਲਿਆਂ ਨੇ ਜਿਵੇਂ ਸਾਰੇ ਉਲਾਂਭਿਆਂ ਦੀ ਸੂਈ ਚੁੱਕ ਲਈ ਹੋਵੇ।
ਕਹਾਵਤ ਹੈ ਕਿ ਵਕਤ ਪਏ ‘ਤੇ ਕਣਕ ਵੀ ਬੀਜੀ, ਤਦ ਵੀ ਕਈ ਵਾਰ ਕਰੁੰਡ ਉਗ ਪੈਂਦੈ, ਪਰ ਮੇਰੇ ਨਤੀਜੇ ਨਾਲ ਉਹੀ ਮੇਰਾ ਹੈਡਮਾਸਟਰ ਕਹਿ ਰਿਹਾ ਸੀ, “ਬੀਜਿਆ ਤਾਂ ਕਰੁੰਡ ਸੀ, ਪਰ ਜੰਮ ਪਏ ਬਦਾਮ।”

Be the first to comment

Leave a Reply

Your email address will not be published.