ਗੁਰੂ ਨਾਨਕ ਦੀ ਗੁਰਮਤਿ

ਡਾ. ਬਲਕਾਰ ਸਿੰਘ ਪਟਿਆਲਾ
ਨਾਨਕ, ਬਾਬਾ ਨਾਨਕ ਅਤੇ ਗੁਰੂ ਨਾਨਕ ਦੇਵ ਜੀ ਇਕੋ ਹੀ ਹਨ। ਇਨ੍ਹਾਂ ਤਿੰਨਾਂ ਦੇ ਇਕ ਹੋਣ ਦਾ ਕਾਰਨ ਉਨ੍ਹਾਂ ਦੀ ਬਾਣੀ ਹੈ। ਨਾਨਕ-ਬਾਣੀ ਸਾਰਿਆਂ ਵਾਸਤੇ ਸੀ ਅਤੇ ਇਸੇ ਕਰਕੇ ਹੀ ਉਹ ਗੁਰੂ ਦੇ ਨਾਲ ਨਾਲ ‘ਜਗਤ ਗੁਰ ਬਾਬਾ’ ਹੋ ਗਏ ਸਨ। ਸਿੱਖ ਧਰਮ ਦੇ ਮੋਢੀ ਹੋਣ ਦੇ ਬਾਵਜੂਦ ਉਹ ਸਭ ਧਰਮਾਂ ਨੂੰ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਕਰਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਹੈ, ਪਰ ਇਸ ਨਾਲੋਂ ਵੱਧ ਗਿਣਤੀ ਵਿਚ ਉਨ੍ਹਾਂ ਸੰਤਾਂ ਭਗਤਾਂ ਦੀ ਬਾਣੀ ਸ਼ਾਮਲ ਹੈ, ਜੋ ਸਿੱਖ ਧਰਮ ਦੇ ਸਿੱਧੇ ਤੌਰ ‘ਤੇ ਮੁੱਦਈ ਨਹੀਂ ਸਨ।

ਉਹ ਸਾਰੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੋ ਗਏ ਹਨ, ਉਸੇ ਤਰ੍ਹਾਂ ਸ਼ਬਦ-ਗੁਰੂ ਦੀ ਧਰੋਹਰ ਜਾਗਤ ਜੋਤਿ ਅਤੇ ਜ਼ਾਹਰਾ ਜ਼ਹੂਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਵਿਚ ਸਾਰੇ ਬਾਣੀਕਾਰਾਂ ਦੇ ਰੂਪ ਵਿਚ ਸ਼ਾਮਲ ਹੋ ਗਏ ਹਨ। ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੋ ਜਾਣ ਤੋਂ ਪਹਿਲਾਂ ਸਾਰੇ ਬਾਣੀਕਾਰ ਆਪੋ ਆਪਣੇ ਪੈਰੋਕਾਰਾਂ ਦੇ ਧਾਰਮਿਕ ਰਹਿਬਰ ਸਨ। ਅੱਜ ਦੁਨੀਆਂ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ ਬੰਦੇ ਨੂੰ ਅਮਨ ਦੇ ਰਾਹ ‘ਤੇ ਤੋਰਨ ਲਈ ਪ੍ਰਾਪਤ ਧਰਮਾਂ ਵਿਚਕਾਰ ਅਮਨ ਸਥਾਪਤ ਕਰਨਾ ਬੇਹਦ ਜ਼ਰੂਰੀ ਹੈ। ਇਸੇ ਦਿਸ਼ਾ ਵਿਚ ਪ੍ਰਥਮ ਪਾਤਸ਼ਾਹ ਗੁਰੂ ਨਾਨਕ ਦੇਵ ਨੇ ਨਾ ਕੇਵਲ ਚੇਤਨਾ ਮੁਹਿੰਮ ਚਲਾਈ, ਸਗੋਂ ਹਰ ਰੰਗ ਦੇ ਧਰਮੀਆਂ ਤੱਕ ਇਸ ਕਰਕੇ ਚੱਲ ਕੇ ਗਏ, ਤਾਂ ਕਿ ਧਰਮਾਂ ਵਿਚਾਲੇ ਘਟੋ ਘਟ ਸਹਿਮਤੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ। ਉਹ ਹਿੰਦੂ ਨੂੰ ਸੱਚਾ ਹਿੰਦੂ ਅਤੇ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਦਾ ਸੰਦੇਸ਼ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਾਰਮਿਕ ਕੇਂਦਰਾਂ ‘ਤੇ ਜਾਂਦੇ ਰਹੇ।
ਬਾਬਾ ਨਾਨਕ, ਧਰਮ ਦੇ ਨਾਂ ‘ਤੇ ਕਿਸੇ ਕਿਸਮ ਦੀ ਦੁਕਾਨਦਾਰੀ ਚਲਾਏ ਜਾਣ ਦੇ ਵਿਰੁਧ ਸਨ। ਉਹ ਨਹੀਂ ਸਨ ਚਾਹੁੰਦੇ ਕਿ ਬੰਦੇ ਨੂੰ ਬੰਦੇ ਦੀ ਕਿਸੇ ਕਿਸਮ ਦੀ ਮੁਥਾਜੀ ਦਾ ਸ਼ਿਕਾਰ ਹੋਣਾ ਪਵੇ। ਬੰਦਾ ਜਦੋਂ ਜਗਿਆਸਾ ਦੇ ਰੋਹੜ ਵਿਚ ਸੌਖੀਆਂ ਪ੍ਰਾਪਤੀਆਂ ਦੇ ਲਾਲਚ ਵਿਚ ਫਸਦਾ ਹੈ ਤਾਂ ਉਹ ਬਿਨਾ ਜਾਣੇ ਆਪਣੇ ਖਿਲਾਫ ਆਪ ਹੀ ਭੁਗਤਣਾ ਸ਼ੁਰੂ ਕਰ ਦਿੰਦਾ ਹੈ। ਇਸੇ ਵਿਚੋਂ ਧਾਰਮਿਕ ਡੇਰੇਦਾਰੀਆਂ ਪੈਦਾ ਹੁੰਦੀਆਂ ਰਹੀਆਂ ਹਨ। ਇਹੀ ਅੱਜ ਕਲ ਸਿਆਸੀ ਡੇਰੇਦਾਰੀਆਂ ਹੋ ਗਈਆਂ ਹਨ। ਧਰਮ ਦੇ ਨਾਂ ‘ਤੇ ਵੰਡੀਆਂ ਕਿਸੇ ਵੀ ਕਿਸਮ ਦੀ ਡੇਰੇਦਾਰੀ ਦੀ ਲੋੜ ਹੁੰਦੀਆਂ ਹਨ। ਸਿੱਖਿਆ ਦੀ ਥਾਂ, ਕਿਸੇ ਵਿਅਕਤੀ ਵਿਸ਼ੇਸ਼ ਦੇ ਚਰਨਾਂ ਨਾਲ ਜੁੜਨ ਦਾ ਸੁਭਾਅ ਇਥੋਂ ਹੀ ਸ਼ੁਰੂ ਹੁੰਦਾ ਹੈ। ਇਹਦੇ ਨਾਲ ਧਰਮ ਵਿਚ ਪੱਕਾ ਹੋਣ ਦਾ ਬਦਲ, ਧਾਰਮਿਕ ਕੱਟੜਤਾ ਹੋ ਜਾਂਦੀ ਹੈ। ਇਸੇ ਵਿਚੋਂ ਨਿਕਲ ਕੇ ਜਿਉਣ ਦਾ ਰਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ। ਇਸ ਦੀ ਪਾਲਨਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਨਾ ਹੋਣ ਕਰਕੇ ਸਿੱਖ ਧਰਮ ਵੀ ਆਮ ਧਰਮਾਂ ਵਰਗਾ ਇਕ ਧਰਮ ਹੁੰਦਾ ਜਾ ਰਿਹਾ ਹੈ। 550ਵੀਂ ਸ਼ਤਾਬਦੀ ਨੂੰ ਜੇ ‘ਚੜ੍ਹਿਆ ਸੋਧਨ ਧਰਤ ਲੋਕਾਈ’ ਵਾਲੀ ਭਾਵਨਾ ਨਾਲ ਜੋੜਨਾ ਹੈ ਤਾਂ ਬਾਬੇ ਨਾਨਕ ਦੀ ਵਿਰਾਸਤ ਨੂੰ ਮਾਲਕਾਂ ਵਾਂਗ ਨਹੀਂ, ਵਾਰਸਾਂ ਵਾਂਗ ਲੈ ਕੇ ਤੁਰਨਾ ਪਵੇਗਾ।
ਬਹੁਤ ਸਾਰੀਆਂ ਸਿਧਾਂਤਕੀਆਂ ਸਾਹਮਣੇ ਆ ਜਾਣ ਦੇ ਬਾਵਜੂਦ ਆਮ ਬੰਦੇ ਨੂੰ ਜਿਸ ਤਰ੍ਹਾਂ ਧਰਮ ਦੀ ਲੋੜ ਮਹਿਸੂਸ ਹੋ ਰਹੀ ਹੈ, ਉਸ ਨੂੰ ਧਿਆਨ ਵਿਚ ਰੱਖੀਏ ਤਾਂ ਬਾਬੇ ਨਾਨਕ ਦੀ ਬਾਣੀ ਵਿਚ ਪ੍ਰਾਪਤ ਸਦਾ ਸੱਚੀਆਂ ਅਤੇ ਸਭ ਨੂੰ ਲੋੜੀਂਦੀਆਂ ਸਿੱਖਿਆਵਾਂ ਵੱਖ ਵੱਖ ਰੰਗ ਦੇ ਧਰਮੀਆਂ ਵਿਚਾਲੇ ਸਿਰ ਜੋੜਨ ਦੀ ਉਸੇ ਤਰ੍ਹਾਂ ਭੂਮਿਕਾ ਨਿਭਾ ਸਕਦੀਆਂ ਹਨ, ਜਿਵੇਂ ਉਨ੍ਹਾਂ ਨੇ ਆਪਣੇ ਸਮਕਾਲ ਵਿਚ ਧਰਮੀਆਂ ਨਾਲ ਸੰਵਾਦ ਰਚਾ ਕੇ ਖੁਦ ਭੂਮਿਕਾ ਨਿਭਾਈ ਸੀ। ਸਿੱਖ ਧਰਮ ਦੀ ਨੀਂਹ ਉਨ੍ਹਾਂ ਨੇ ਇਸ ਸਿਧਾਂਤ ‘ਤੇ ਰੱਖੀ ਸੀ ਕਿ ਮਾਰਗ ਅਤੇ ਮੰਜ਼ਿਲ ਵਿਚ ਇਹ ਫਰਕ ਹੈ ਕਿ ਮਾਰਗ ਅਨੇਕ ਹੋ ਸਕਦੇ ਹਨ ਤੇ ਮਾਰਗ ਜੇ ਕੁਦਰਤੀ ਵਹਿਣ ਵਾਂਗ ਹੋਣ ਤਾਂ ਉਨ੍ਹਾਂ ਦੀ ਮੰਜ਼ਿਲ ਉਸੇ ਤਰ੍ਹਾਂ ਇਕ ਹੋ ਸਕਦੀ ਹੈ, ਜਿਵੇਂ ਨਦੀਆਂ ਅਤੇ ਦਰਿਆਵਾਂ ਦੀ ਮੰਜ਼ਿਲ ਇਕ ਹੁੰਦੀ ਹੈ। ਧਰਮਾਂ ਨੂੰ ਆਪੋ ਆਪਣੇ ਰਾਹ ਤੁਰਦਿਆਂ ਕਿਸ ਸਾਂਝੀ ਮੰਜ਼ਿਲ ਵੱਲ ਸੇਧਤ ਰਹਿਣਾ ਚਾਹੀਦਾ ਹੈ, ਇਸ ਦੀ ਸਿਧਾਂਤਕ ਧਰਾਤਲ ਗੁਰੂ ਜੀ ਇਸ ਤਰ੍ਹਾਂ ਸਾਹਮਣੇ ਲਿਆਉਂਦੇ ਹਨ:
ਛਿਅ ਘਰ ਛਿਅ ਗੁਰ ਛਿਅ ਉਪਦੇਸ॥
ਗੁਰੁ ਗੁਰੁ ਏਕੋ ਵੇਸ ਅਨੇਕ॥੧॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥
ਸੋ ਘਰੁ ਰਾਖੁ ਵਡਾਈ ਤੋਇ॥ ਰਹਾਉ॥
ਵਿਸੁਏ ਚਸਿਆ ਘੜੀਆ ਪਹਰਾ
ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥
ਨਾਨਕ ਕਰਤੇ ਕੇਤੇ ਵੇਸ॥੨॥
ਧਰਮ, ਜਿਵੇਂ ਆਸਥਾ ਦੀ ਧਰੋਹਰ ਹੈ, ਉਵੇਂ ਹੀ ਧਰਮ ਦੀ ਧਰੋਹਰ ਅਧਿਆਤਮਕਤਾ ਹੈ। ਇਥੇ ਅਧਿਆਤਮਕਤਾ ਦਾ ਬਿੰਬ ਸੂਰਜ ਹੈ ਅਤੇ ਧਰਮਾਂ ਦਾ ਬਿੰਬ ਰੁੱਤਾਂ ਹਨ। ਕੁਦਰਤ ਨੂੰ ਵੀ ਮੁਕਤ-ਵਿਚਰਨ ਦੇ ਬਿੰਬ ਵਜੋਂ ਲਿਆ ਜਾ ਸਕਦਾ ਹੈ। ਇਸ ਨੂੰ ‘ਜਿਨੀ ਆਤਮੁ ਚੀਨਿਆ ਪਰਮਾਤਮ ਸੋਈ’ ਰਾਹੀਂ ਵੀ ਸਮਝਿਆ ਜਾ ਸਕਦਾ ਹੈ।
ਬਾਬੇ ਨਾਨਕ ਦਾ ਸਮਕਾਲ ਸਾਡੇ ਸਮਕਾਲ ਨਾਲੋਂ ਬਹੁਤ ਵੱਖਰਾ ਸੀ, ਕਿਉਂਕਿ ਉਸ ਵੇਲੇ ਸੂਚਨਾ ਦਾ ਇਹੋ ਜਿਹਾ ਹੜ੍ਹ ਨਹੀਂ ਸੀ ਆਇਆ ਹੋਇਆ, ਜਿਹੋ ਜਿਹਾ ਇਸ ਵੇਲੇ ਇਲੈਕਟ੍ਰਾਨਿਕ ਮੀਡੀਆ ਨੇ ਲੈ ਆਂਦਾ ਹੈ। ਉਸ ਸਮੇਂ ਤਾਂ ਸਭ ਕੁਝ ਇਕ ਦੂਜੇ ਨਾਲ ਜੁੜਿਆ ਹੋਇਆ ਵੀ ਸੀ ਅਤੇ ਇਕ ਦੂਜੇ ਦੀ ਨਿਰੰਤਰਤਾ ਵਿਚ ਵੀ ਚੱਲ ਰਿਹਾ ਸੀ। ਇਸ ਦੇ ਬਾਵਜੂਦ ਗੁਰੂ ਨਾਨਕ ਦੀਆਂ ਸਿੱਖਿਆਵਾਂ ਜਿਵੇਂ ਉਨ੍ਹਾਂ ਦੇ ਸਮਕਾਲ ਨੂੰ ਸੇਧ ਦਿੰਦੀਆਂ ਸਨ, ਉਸੇ ਤਰ੍ਹਾਂ ਹਰ ਸਮਕਾਲ ਨੂੰ ਸੇਧ ਦੇਣ ਦੀ ਸਮਰਥਾ ਰੱਖਦੀਆਂ ਹਨ। ਸਿੱਖਿਆ ਨੂੰ ਸਮਕਾਲ ਦੀਆਂ ਲੋੜਾਂ ਮੁਤਾਬਕ ਢਾਲ ਕੇ ਸਾਹਮਣੇ ਲਿਆਉਣ ਦੀ ਸਮਰਥਾ ਬੇਸ਼ਕ ਸਭ ਕੋਲ ਨਹੀਂ ਹੁੰਦੀ। ਇਸ ਦਾ ਹੱਲ ਬਾਣੀ ਨਾਲ ਸਿੱਧਿਆਂ ਜੁੜ ਕੇ ਲੱਭਿਆ ਜਾ ਸਕਦਾ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਲਹੂ ਵਿਚ ਪਈਆਂ ਹੋਈਆਂ ਗੱਲਾਂ ਨੂੰ ਚੇਤਨਾ ਰਾਹੀਂ ਮਾਨਸਿਕਤਾ ਵਿਚ ਢਾਲ ਸਕਣ ਦੀ ਸਮਰਥਾ ਸਿਰਫ ਇਨਸਾਨੀ ਵਜੂਦ ਵਿਚ ਹੀ ਸੰਭਵ ਹੈ। ਅਜਿਹਾ ਜੇ ਕੁਦਰਤੀ ਪਰਵਾਹ ਵਾਂਗ ਨਹੀਂ ਵਾਪਰਦਾ ਤਾਂ ਜਿਹੋ ਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਉਨ੍ਹਾਂ ਨੂੰ ਹੀ ਦੀਰਘ ਰੋਗ ਕਿਹਾ ਹੋਇਆ ਹੈ।
ਆਸਥਾ ਜੇ ਉਲਾਰ ਹੋ ਜਾਏ ਤਾਂ ਮੁਹੱਬਤ ਵੀ ਹਉਮੈ ਦੇ ਰੰਗ ਵਿਚ ਰੰਗਣੀ ਸ਼ੁਰੂ ਹੋ ਜਾਂਦੀ ਹੈ। ਇਸ ਹਾਲਤ ਵਿਚ ਸੋਚਣ, ਸਮਝਣ, ਸੁਣਨ ਅਤੇ ਮੰਨਣ ਦਾ ਸਲੀਕਾ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ। ਸੋਚ ਦੇ ਬੌਣੇਪਨ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਵਰਤਾਰਾ ਧਰਮ ਨੂੰ ਪਹਿਲਾਂ ਅਧਿਆਤਮਕਤਾ ਨਾਲੋਂ ਤੋੜਦਾ ਹੈ ਅਤੇ ਫਿਰ ਹੌਲੀ ਹੌਲੀ ਧਰਮ ਦੀ ਸਿਆਸਤ ਨਾਲ ਸੰਤੁਸ਼ਟ ਹੋ ਜਾਂਦਾ ਹੈ।
ਇਸ ਹਾਲਤ ਵਿਚ ਧਰਮ ਨੂੰ ਬਾਣੀ ਰਾਹੀਂ ਸਮਝਣ ਦੀ ਥਾਂ, ਧਰਮੀ ਦੀ ਪਛਾਣ ਰਾਹੀਂ ਸਮਝਣ ਦਾ ਬੋਲਬਾਲਾ ਹੋ ਜਾਂਦਾ ਹੈ। ਧਰਮੀ ਦੀ ਅਸਫਲਤਾ ਨੂੰ ਧਰਮ ਦੀ ਅਸਫਲਤਾ ਸਮਝਣ ਨੂੰ ਧਰਮ ਦੀ ਸਿਆਸਤ ਕਹਿ ਰਿਹਾ ਹਾਂ। ਇਸ ਹਾਲਤ ਵਿਚ ਗੁਰਪੁਰਬ, ਇਕ ਪਾਸੇ ਜਨਮ ਦਿਨ ਵਾਂਗ ਮਨਾਏ ਜਾਣ ਲੱਗ ਪੈਂਦੇ ਹਨ ਅਤੇ ਦੂਜੇ ਪਾਸੇ ਮੇਲਿਆਂ ਵਾਂਗ ਮਨਾਏ ਜਾਣ ਲੱਗ ਪੈਂਦੇ ਹਨ। ਇਸ ਨਾਲ ਅਨਰੰਗੇ ਮਨਾ ਵਾਲਿਆਂ ਦੀ ਭੀੜ ਜਿਹੋ ਜਿਹੇ ਧਰਮ ਦਾ ਪ੍ਰਗਟਾਵਾ ਕਰਦੀ ਹੈ, ਉਸੇ ਤੋਂ ਮੁਕਤੀ ਦਿਵਾਉਣ ਦੀ ਤਕਨਾਲੋਜੀ ਦੀਆਂ ਮੁੱਦਈ ਹਨ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ। ਨਹੀਂ ਸਮਝਾਂਗੇ ਤਾਂ ਪਿੱਛਲਪੈਰੀਂ ਤੁਰਨ ਨਾਲ ਸੰਤੁਸ਼ਟ ਹੋਣ ਦਾ ਭਰਮ ਪਾਲ ਰਹੇ ਹੋਵਾਂਗੇ।
ਕਿਸੇ ਵੀ ਸਮਕਾਲ ਵਿਚ ਇਕ ਨਾਲੋਂ ਵੱਧ ਧਰਮ ਆਪਣੀ ਆਪਣੀ ਚਾਲੇ ਚੱਲਦੇ ਰਹਿੰਦੇ ਹਨ। ਇਸ ਧਾਰਮਿਕ ਵਰਤਾਰੇ ਨੂੰ ਸਮਝਣ ਲਈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਕ ਪਰਮਾਤਮਾ ਤੱਕ ਪਹੁੰਚਣ ਦੇ ਵੱਖ ਵੱਖ ਮਾਰਗ ਹੀ ਵੱਖ ਵੱਖ ਧਰਮ ਕਹਾਉਂਦੇ ਰਹੇ ਹਨ। ਇਸ ਦੇ ਬਾਵਜੂਦ ਧਰਮਾਂ ਵਿਚਾਲੇ ਸਹਿਹੋਂਦ ਸਥਾਪਤ ਕਰਨ ਦਾ ਰਾਹ ਰੁਕਿਆ ਰਿਹਾ ਹੈ। ਫਿਰ ਵੀ ਮਾਨਵ ਚੇਤਨਾ ਦੀਆਂ ਅਹਿਮ ਉਡਾਰੀਆਂ ਦੇ ਸ੍ਰੋਤ ਧਰਮਾਂ ਦੇ ਧਰਮ ਗ੍ਰੰਥ ਪ੍ਰਵਾਨ ਕੀਤੇ ਜਾਂਦੇ ਰਹੇ ਹਨ। ਮੰਨਿਆ ਇਹੀ ਜਾਂਦਾ ਰਿਹਾ ਹੈ ਕਿ ਧਰਮ ਵਿਹੂਣ ਬੰਦੇ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਹਰ ਧਰਮ ਨੇ ਧਰਮੀਆਂ ਅਤੇ ਅਧਰਮੀਆਂ ਦੀਆਂ ਕੋਟੀਆਂ ਪੈਦਾ ਕੀਤੀਆਂ ਹੋਈਆਂ ਹਨ। ਇਸ ਵੰਡ ਦਾ ਆਧਾਰ ਆਸਥਾ ਨੂੰ ਮੰਨਿਆ ਜਾਂਦਾ ਰਿਹਾ ਹੈ। ਧਰਮ ਨੂੰ ਆਸਥਾ-ਧੜਿਆਂ ਜਾਂ ਆਸਥਾ-ਭਾਈਚਾਰਿਆਂ ਵਿਚਾਲੇ ਵੰਡਣ ਦੀਆਂ ਕੋਸ਼ਿਸ਼ਾਂ ਵੀ ਨਾਲੋ ਨਾਲ ਚੱਲਦੀਆਂ ਰਹੀਆਂ ਹਨ। ਇਸ ਸੁਰ ਵਿਚ ਧਾਰਮਿਕ ਦਾਅਵੇਦਾਰੀਆਂ ਆਪਸ ਵਿਚ ਟਕਰਾਉਂਦੀਆਂ ਵੀ ਰਹੀਆਂ ਹਨ।
ਧਰਮਾਂ ਦੇ ਅੰਦਰ ਪੈਦਾ ਹੋਣ ਵਾਲੇ ਟਕਰਾਵਾਂ ਨੂੰ ਸਬੰਧਤ ਧਰਮ ਦੇ ਸਿਧਾਂਤ ਅਤੇ ਰਹਿਤ ਨੂੰ ਲੈ ਕੇ ਪੈਦਾ ਹੁੰਦੀਆਂ ਰਹੀਆਂ ਦਾਅਵੇਦਾਰੀ ਕਹਿ ਸਕਦੇ ਹਾਂ। ਧਰਮ ਦੁਆਲੇ ਉਣੇ ਹੋਏ ਅਜਿਹੇ ਵਰਤਾਰਿਆਂ ਨੂੰ ਇਸਲਾਮ ਦੀ ਦ੍ਰਿਸ਼ਟੀ ਤੋਂ ਸ਼ੀਆ ਅਤੇ ਸੁੰਨੀਆਂ ਦੀ ਕੱਟੜ ਵੰਡ ਰਾਹੀਂ ਸਮਝਿਆ ਜਾ ਸਕਦਾ ਹੈ। ਇਹੀ ਵੰਡ ਹਿੰਦੂ ਧਰਮ ਵਿਚ ਜੋਗੀਆਂ, ਬੋਧੀਆਂ ਅਤੇ ਜੈਨੀਆਂ ਆਦਿ ਰਾਹੀਂ ਸਮਝੀ ਜਾ ਸਕਦੀ ਹੈ। ਇਸ ਸਥਿਤੀ ਵਿਚ ਪੈਦਾ ਹੋ ਰਹੀਆਂ ਦੁਸ਼ਵਾਰੀਆਂ ਵਿਚ ਵਾਧਾ ਸਬੰਧਤ ਧਰਮਾਂ ਦੀ ਸਿਆਸਤ ਵੀ ਕਰਦੀ ਰਹੀ ਹੈ। ਇਸ ਹਾਲਤ ਵਿਚ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਬਾਬੇ ਨਾਨਕ ਦੇ ਧਰਮ ਦੀ ਲੋੜ ਕਿਉਂ ਪਈ ਅਤੇ ਧਰਮਾਂ ਦੀ ਘੜਮੱਸ ਵਿਚ ਬਾਬੇ ਨਾਨਕ ਦਾ ਧਰਮ ਕਿਵੇਂ ਟਿਕਿਆ? ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਮ ਦੀ ਪੁਨਰ ਸੁਰਜੀਤੀ ਹੀ ਗੁਰੂ ਨਾਨਕ ਦੇਵ ਜੀ ਦਾ ਧਰਮ ਸੀ। ਧਰਮ ਸੰਸਥਾਪਕਾਂ ਬਾਰੇ ਇਸੇ ਪਰੰਪਰਕ ਪਹੁੰਚ ਨੂੰ ਮਾਨਤਾ ਭਾਈ ਗੁਰਦਾਸ ਨੇ ‘ਗੁਰੂ ਨਾਨਕ ਜਗ ਮਹਿ ਪਠਾਇਆ’ ਕਹਿ ਕੇ ਦਿੱਤੀ ਹੋਈ ਹੈ। ਇਸੇ ਦੀ ਪੁਸ਼ਟੀ ਸਿੱਖ ਸਾਹਿਤ ਰਾਹੀਂ ਲਗਾਤਾਰ ਹੁੰਦੀ ਰਹੀ ਹੈ। ਇਸੇ ਨੂੰ ਸਮਝਣ ਦਾ ਯਤਨ ਹੋਣਾ ਚਾਹੀਦਾ ਹੈ, ਕਿਉਂਕਿ ਇਹੀ ਧਾਰਮਿਕ ਪ੍ਰਸੰਗ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ ਧਰਮ ਵੀ ਆਮ ਧਰਮਾਂ ਜਿਹਾ ਇਕ ਧਰਮ ਹੀ ਹੈ? ਇਸ ਨਾਲ ਹੀ ਜੁੜਿਆ ਹੋਇਆ ਪ੍ਰਸ਼ਨ ਇਹ ਵੀ ਹੈ ਕਿ ਕੀ ਸਿੱਖ ਧਰਮ ਵਾਂਗ ਨਵੇਂ ਧਰਮ ਪੈਦਾ ਹੁੰਦੇ ਰਹਿਣੇ ਚਾਹੀਦੇ ਹਨ? ਇਸ ਨਾਲ ਜੁੜੀ ਹੋਈ ਇਹ ਟਿੱਪਣੀ ਪ੍ਰਾਪਤ ਹੈ, “ਜੋ ਜੋ ਹੋਤ ਭਇਓ ਜਗ ਸਿਆਣਾ ਤਿਨ ਤਿਨ ਆਪਣਾ ਪੰਥ ਚਲਾਣਾ।” ਇਸ ਨੂੰ ਸਮਝਣ ਲਈ ਇਹ ਸਮਝਣਾ ਪਵੇਗਾ ਕਿ ਧਰਮ ਅਤੇ ਡੇਰੇਦਾਰੀ ਵਿਚ ਫਰਕ ਹੈ। ਧਰਮ ਵਿਚ ਜੇ ਦੇਹੀ ਉਤਮਤਾ ਨੂੰ ਪਹਿਲ ਪ੍ਰਾਪਤ ਹੋ ਜਾਵੇ ਤਾਂ ਧਰਮ ਵੀ ਡੇਰੇਦਾਰੀ ਵਾਲੇ ਰਾਹ ਪੈ ਜਾਂਦਾ ਹੈ।
ਸੋ ਬਾਬੇ ਨਾਨਕ ਸਾਹਮਣੇ ਇਹ ਸਾਰੀਆਂ ਸਮੱਸਿਆਵਾਂ ਸਨ ਅਤੇ ਇਨ੍ਹਾਂ ਵਿਚ ਵਾਧਾ ਇਹ ਕਿ ਇਹ ਸਾਰਾ ਕੁਝ ਆਸਥਾ ਵਾਂਗ ਸ਼ਰਧਾ-ਮਾਨਸਿਕਤਾ ਵਿਚ ਟਿਕ ਗਿਆ ਹੋਇਆ ਸੀ। ਇਸ ਸਾਰੇ ਕੁਝ ਨੂੰ ਨਾਲ ਲੈ ਕੇ ਕਿਵੇਂ ਤੁਰਿਆ ਜਾਵੇ? ਇਸ ਬਾਰੇ ਬਾਬਾ ਨਾਨਕ ਲਗਾਤਾਰ ਸੋਚਦੇ ਰਹੇ ਸਨ। ਇਸ ਨਾਲ ਇਹ ਪਤਾ ਲੱਗਣ ਲੱਗ ਪਿਆ ਸੀ ਕਿ ਧਰਮ ਨੂੰ ਬੰਦੇ ਦੀ ਇਜਾਰੇਦਾਰੀ ਤੋਂ ਬਚਾ ਕੇ ਹੀ ਆਮ ਬੰਦੇ ਦਾ ਧਰਮ ਚਲਾਇਆ ਜਾ ਸਕਦਾ ਹੈ। ਸਿੱਖੀ ਵਿਚ ਇਸੇ ਨੂੰ ਸੰਗਤੀ-ਧਰਮ ਕਿਹਾ ਹੋਇਆ ਹੈ ਅਤੇ ਪ੍ਰਵਾਨ ਕਰਕੇ ਅਮਲ ਵਿਚ ਵੀ ਉਤਾਰਿਆ ਹੋਇਆ ਹੈ। ਇਹ ਗੱਲ ਦੂਰ ਤੱਕ ਜਾਂਦੀ ਸੀ ਅਤੇ ਅਵਤਾਰੀਕਰਣ ਨਾਲ ਟਕਰਾ ਵਿਚ ਵੀ ਆਉਂਦੀ ਸੀ। ਇਥੇ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਬਾਬਾ ਨਾਨਕ ਪ੍ਰਾਪਤ ਨਾਲ ਟਕਰਾ ਵਿਚ ਆ ਕੇ ਕੋਈ ਇਨਕਲਾਬ ਨਹੀਂ ਸਨ ਕਰਨਾ ਚਾਹੁੰਦੇ, ਜਿਵੇਂ ਕਿ ਅੱਜ ਕਲ ਕੁਝ ਲੋਕਾਂ ਨੂੰ ਲੱਗਣ ਲੱਗ ਪਿਆ ਹੈ। ਉਹ ਅਜਿਹੇ ਸੁਧਾਰਵਾਦੀ ਵੀ ਨਹੀਂ ਸਨ, ਜੋ ਪ੍ਰਾਪਤ ਦਾ ਮੂੰਹ ਮੱਥਾ ਸੁਆਰ ਕੇ ਡੇਰਦਾਰੀ ਸਥਾਪਤ ਕਰਨਾ ਚਾਹੁੰਦੇ ਹੋਣ। ਉਨ੍ਹਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਜਿਹੋ ਜਿਹਾ ਵਰਤਾਰਾ ਧਰਮ ਦੇ ਨਾਂ ‘ਤੇ ਨਜ਼ਰ ਆ ਰਿਹਾ ਹੈ, ਉਸ ਨਾਲ ਤਾਂ ਭਰਮ ਮੂਲਕ ਕਰਮਾਂ ਅਤੇ ਅਗਿਆਨ ਕਲਪਿਤ ਬੰਧਨਾਂ ਨੂੰ ਹੀ ਧਰਮ ਸਮਝਿਆ ਜਾਣ ਲੱਗ ਪਿਆ ਹੈ। ਇਹ ਸਥਿਤੀ ਧਰਮ ਵਿਚੋਂ ਧਰਮ ਦੇ ਮਨਫੀ ਹੋ ਜਾਣ ਦੀ ਹੈ। ਇਸ ਦੀ ਜਿੰਮੇਵਾਰੀ ਧਰਮੀਆਂ ਨਾਲੋਂ ਵੱਧ ਧਾਰਮਿਕ ਆਗੂਆਂ ਦੀ ਹੁੰਦੀ ਹੈ। ਇਸ ਵਿਚ ਸੰਭਵ ਬਦਲਾਓ ਸ਼ਰਧਾਵਾਨ ਦੇ ਮਾਨਸਿਕ ਪਰਿਵਰਤਨ ਨਾਲ ਹੀ ਆ ਸਕਦਾ ਹੈ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਇਹ ਕਹਿ ਕੇ ਕੀਤੀ ਸੀ ਕਿ ਧਰਮੀ ਹੋਣ ਵਾਸਤੇ ਧਰਮ ਨੂੰ ਧਾਰਨ ਕੀਤੇ ਜਾਣ ਦੀ ਲੋੜ ਹੈ। ਇਸੇ ਨੂੰ ਹੋਰ ਧਰਮਾਂ ਵਾਲਿਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਸੀ ਕਿ ਆਪਣੇ ਆਪਣੇ ਧਰਮ ਨਾਲ ਨਿਭਦਿਆਂ ਵੀ ਧਾਰਮਿਕ ਆਸਥਾ ਨੂੰ ਧਾਰਮਿਕ ਨੈਤਿਕਤਾ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸਭ ਨੂੰ ਨਾਲ ਲੈ ਕੇ ਤੁਰਨ ਦੀ ਇਸ ਖੁਲ੍ਹੀ ਪਹੁੰਚ ਨੇ ਹੀ ਉਨ੍ਹਾਂ ਨੂੰ ‘ਜਗਤ ਗੁਰ ਬਾਬਾ’ ਬਣਾ ਦਿੱਤਾ ਹੈ। ਉਨ੍ਹਾਂ ਦੀ ਇਹ ਪਛਾਣ ਉਨ੍ਹਾਂ ਦੀ ਇਤਿਹਾਸਕਤਾ ਕਰਕੇ ਨਹੀਂ ਬਣੀ ਹੋਈ, ਉਨ੍ਹਾਂ ਦੀ ਬਾਣੀ ਕਰਕੇ ਬਣੀ ਹੋਈ ਹੈ। ਬਾਬਾ ਨਾਨਕ ਜੀ ਨੂੰ ਉਨ੍ਹਾਂ ਦੇ ਰੰਗ ਵਿਚ ਉਨ੍ਹਾਂ ਦੀ ਬਾਣੀ ਰਾਹੀਂ ਹੀ ਸਮਝਿਆ ਅਤੇ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਨੇ ਲੈਣ ਯੋਗ ਨੂੰ ਜਿਥੋਂ ਵੀ ਮਿਲਿਆ ਲੈ ਲਿਆ ਸੀ ਅਤੇ ਛੱਡਣ ਯੋਗ ਨੂੰ ਜਿਥੇ ਵੀ ਲੋੜ ਪਈ, ਦਿੱਭ ਲੋੜ ਵਾਂਗ ਛੱਡ ਦਿੱਤਾ ਸੀ। ਇਸੇ ਦੀ ਪੁਨਰ ਸੁਰਜੀਤੀ ਕਰਦੇ ਰਹਿਣ ਦੀ ਆਸ ਉਨ੍ਹਾਂ ਨੇ ਆਪਣੇ ਨਾਮ ਲੇਵਿਆਂ ਤੋਂ ਕੀਤੀ ਹੋਈ ਹੈ। ਉਨ੍ਹਾਂ ਦਾ 550ਵਾਂ ਗੁਰਪੁਰਬ ਇਸੇ ਸੇਧ ਵਿਚ ਮਨਾਏ ਜਾਣ ਦੀ ਲੋੜ ਹੈ।
ਇਸ ਪਾਸੇ ਤੁਰਨ ਲਈ ਧਿਆਨ ਵਿਚ ਰੱਖਣਾ ਪਵੇਗਾ ਕਿ ਉਨ੍ਹਾਂ ਦੀ ਬਾਣੀ, ਉਨ੍ਹਾਂ ਵੱਲੋਂ ਸਥਾਪਤ ਸ਼ਬਦ-ਗੁਰੂ ਦੀ ਸਿਧਾਂਤਕਤਾ ਦੀ ਧਰੋਹਰ ਹੈ ਅਤੇ ਇਸ ਨੂੰ ਕਿਸੇ ਇਕ ਪ੍ਰਗਟਾ ਮਾਧਿਅਮ ਵਾਂਗ ਮੰਡੀਕਰਣ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਦੀ ਬਾਣੀ ਨੂੰ ਪੂਜਕ ਪਵਿਤਰਤਾ ਦੇ ਸ਼ਿਕੰਜਿਆਂ ਵਿਚ ਕੱਸਣ ਦੀ ਥਾਂ ਅਜਿਹੇ ਪ੍ਰਾਪਤ ਮਾਧਿਅਮਾਂ ਨਾਲ ਜੋੜੇ ਜਾਣ ਦੀ ਲੋੜ ਹੈ, ਜੋ ਸਮਝ ਅਤੇ ਅਮਲ ਨੂੰ ਪ੍ਰਚੰਡ ਕਰਨ ਦੀ ਭੂਮਿਕਾ ਨਿਭਾ ਸਕਦੇ ਹਨ। ਬਾਬੇ ਨਾਨਕ ਦਾ ਇਹ ਗਾਡੀ ਰਾਹ ਧਾਰਮਿਕ ਨੈਤਿਕਤਾ ਦਾ ਰਾਹ ਹੈ ਅਤੇ ਇਸ ਵਿਚੋਂ ਬਾਬੇ ਨਾਨਕ ਦੀ ਨਿਆਰੀ ਲੀਲ੍ਹਾ ਦੇ ਦੀਦਾਰੇ ਹੋ ਸਕਦੇ ਹਨ। ਇਹੀ ਬਖਸ਼ਿਸ਼ ਦਾ ਦਰ ਵੀ ਹੈ ਅਤੇ ਘਰ ਵੀ ਹੈ। ਬਾਬੇ ਨਾਨਕ ਦੇ ਇਸ ਧਰਮ ਨੂੰ ਪ੍ਰੋ. ਪੂਰਨ ਸਿੰਘ ਨੇ ਇਸ ਤਰ੍ਹਾਂ ਸਭ ਨਾਲ ਸਾਂਝਾ ਕੀਤਾ ਹੋਇਆ ਹੈ,
ਬਖਸ਼ਿਸ਼ ਦੇ ਇਸ ਘਰ ਵਿਚ,
ਪੁੰਨੀ ਪਾਪੀ ਇਕ ਸਮਾਨ।
ਸਭ ਦਾ ਹੋਵੇ ਸੁਆਗਤ ਇਥੇ,
ਇਥੇ ਸਭ ਰੱਬ ਦੇ ਮਹਿਮਾਨ।
ਸੰਤ ਅਸੰਤ ਵਿਚ ਨਹੀਂ ਕੋਈ ਅੰਤਰ।
ਇਥੇ ਰੱਬੀ ਪ੍ਰੇਮ ਦੀਆਂ ਦਾਤਾਂ ਵੰਡੀਆਂ ਜਾਂਦੀਆਂ
ਇਥੋਂ ਕਵਿਤਾ ਮਿਲਦੀ, ਕਲਾ ਵੀ ਮਿਲਦੀ,
ਮਿਲਦਾ ਧਰਮ ਆਚਾਰ।