ਮੱਧਕਾਲੀ ਪੰਜਾਬ ਦੀ ਜਾਗ੍ਰਿਤੀ ਲਹਿਰ

ਡਾ. ਸੁਖਪਾਲ ਸੰਘੇੜਾ
ਪ੍ਰੋਫੈਸਰ, ਫਿਜ਼ਿਕਸ ਅਤੇ ਕੰਪਿਊਟਰ ਸਾਇੰਸ,
ਪਾਰਕ ਯੂਨੀਵਰਸਟੀ, ਯੂ ਐਸ ਏ।
ਗੁਰੂ ਨਾਨਕ ਦੇਵ ਜੀ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਸਿੱਖ ਲਹਿਰ 15ਵੀਂ ਤੋਂ 18ਵੀਂ ਸਦੀ ਦੇ ਸ਼ੁਰੂ ਤੱਕ ਚੱਲੀ। ਪੰਜਾਬ ਵਿਚ ਚੱਲ ਸੂਫੀ ਤੇ ਭਗਤੀ ਲਹਿਰ ਦਾ ਵੱਡਾ ਹਿੱਸਾ ਵੀ ਇਸੇ ਸਮੇਂ ਵਿਚ ਆਉਂਦਾ ਹੈ। ਇਸ ਲੇਖ ਵਿਚ ਅਸੀਂ ਇਨ੍ਹਾਂ ਲਹਿਰਾਂ ਨੂੰ ਇਕੱਠੇ ਰੂਪ ਵਿਚ ਪੰਜਾਬ ਦੀ ਜਾਗ੍ਰਿਤੀ ਲਹਿਰ ਕਹਾਂਗੇ। ਇਹ ਲਹਿਰ ਅਤੇ ਯੂਰਪ ਵਿਚ ‘ਰੈਨੇਸਾਂਸ’ ਨਾਮੀ ਜਾਗ੍ਰਿਤੀ ਲਹਿਰ (14ਵੀਂ ਤੋਂ 17ਵੀਂ ਸਦੀ ਤੱਕ) ਇੱਕੋ ਸਮੇਂ ਤੇ ਇੱਕੋ ਯੁੱਗ ਵਿਚ ਚੱਲੀਆਂ। ਉਦੋਂ ਪੰਜਾਬ ਸਣੇ ਭਾਰਤ ਤੇ ਯੂਰਪ-ਦੋਵੇਂ ਮੱਧਕਾਲੀ ਯੁੱਗ ਵਿਚੋਂ ਗੁਜ਼ਰ ਰਹੇ ਸਨ। ਭਾਵੇਂ ਸਮਾਂ ਤੇ ਯੁੱਗ ਇੱਕ ਹੀ ਸਨ, ਪਰ ਸਥਾਨਕ ਹਾਲਾਤ ਵੱਖਰੇ ਸਨ। ਅਜਿਹੇ ‘ਇੱਕੋ ਪਰ ਵੱਖ’ ਮਾਹੌਲ ਵਿਚ ਚੱਲੀਆਂ ਦੋ ਲਹਿਰਾਂ ਦੇ ਤੁਲਨਾਤਮਕ ਅਧਿਅਨ ‘ਚੋਂ ਬੜੇ ਦਿਲਚਸਪ ਸਿੱਟੇ ਨਿਕਲ ਸਕਦੇ ਹਨ।

ਦੋਵੇਂ, ਸਿੱਖ ਲਹਿਰ ਤੇ ਭਗਤੀ ਲਹਿਰ ਸਮਾਜਕ ਨਾਬਰਾਬਰੀ ਅਤੇ ਨਫਰਤ ਨੂੰ ਖਤਮ ਕਰਨ ਤੇ ਮਨੁੱਖੀ ਸਾਂਝੀਵਾਲਤਾ ਦਾ ਹੋਕਾ ਦਿੰਦੀਆਂ ਸਨ। ਇਹ ਤਿੰਨੇ (ਸਿੱਖ, ਭਗਤੀ ਤੇ ਸੂਫੀ) ਲਹਿਰਾਂ ਧਾਰਮਿਕ ਕੱਟੜਤਾ ਤੇ ਕੁਰੀਤੀਆਂ ਵਿਰੁੱਧ ਜਾਗ੍ਰਿਤੀ ਲਹਿਰਾਂ ਵਜੋਂ ਸ਼ੁਰੂ ਹੋਈਆਂ। ਸਿੱਖ ਲਹਿਰ ਤੇ ਭਗਤੀ ਲਹਿਰ ਬ੍ਰਾਹਮਣਵਾਦ ਦੇ ਕੱਟੜ ਹਿੰਦੂ ਫਲਸਫੇ ਤੇ ਅਮਲ ਖਿਲਾਫ ਅਤੇ ਸੂਫੀ ਲਹਿਰ ਕੱਟੜ ਇਸਲਾਮੀ ਫਲਸਫੇ ਤੇ ਅਮਲ ਖਿਲਾਫ। ਤਿੰਨਾਂ ਲਹਿਰਾਂ ਦੇ ਪ੍ਰਚਾਰਕਾਂ ਨੇ ਖੁਸ਼ੀਆਂ ਪ੍ਰਾਪਤ ਕਰਨ ਤੇ ਹੋਰ ਅਧਿਆਤਮਕ ਉਪਦੇਸ਼ਾਂ ਨੂੰ ਲੋਕ ਭਾਸ਼ਾ ਵਿਚ ਲੋਕਾਂ ਤੱਕ ਪਹੁੰਚਾਇਆ। ਤਿੰਨਾਂ ਵਿਚ ਇੱਕ ਅਹਿਮ ਸਾਂਝਾ ਤੱਤ ਸੀ, ਮਾਨਵਵਾਦ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੇ ਨਾਲ ਨਾਲ ਭਗਤਾਂ ਤੇ ਸੂਫੀ ਫਕੀਰਾਂ ਦੀ ਬਾਣੀ ਦੀ ਸ਼ਮੂਲੀਅਤ ਇਨ੍ਹਾਂ ਲਹਿਰਾਂ ਦੀ ਸਾਂਝ ਦੀ ਸ਼ਾਹਦੀ ਭਰਦੀ ਹੈ। ਇਨ੍ਹਾਂ ਲਹਿਰਾਂ ਨੂੰ ਇਕੱਠੇ ਰੂਪ ਵਿਚ ਪੰਜਾਬ ਦੀ ਜਾਗ੍ਰਿਤੀ ਲਹਿਰ ਕਹਿਣਾ ਵਾਜਬ ਹੈ।
ਪੰਜਾਬ ਦੀ ਜਾਗ੍ਰਿਤੀ ਲਹਿਰ ਤੇ ਰੈਨੇਸਾਂਸ ਜਾਗ੍ਰਿਤੀ ਲਹਿਰ ਵਿਚ ਇੱਕ ਅਹਿਮ ਸਾਂਝਾ ਤੱਤ ਸੀ, ਮਾਨਵਵਾਦ। ਸ਼ਬਦ ਮਾਨਵਵਾਦ ਯਾਨਿ ਹਿਊਮਨਿਜ਼ਮ ਮੁਢਲੇ ਰੂਪ ਵਿਚ ਲਾਤੀਨੀ ਸੰਕਲਪ ਹਿਊਮਾਨਿਤਾਸ ‘ਚੋਂ ਨਿਕਲਿਆ ਹੈ, ਜਿਸ ਦਾ ਸੰਖੇਪ ਭਾਵ ਹੈ-ਮਨੁੱਖੀ ਸੁਭਾਅ, ਦਇਆ ਤੇ ਸੱਭਿਅਤਾ। ਭਾਵੇਂ ਅੰਗਰੇਜ਼ੀ ਵਿਚ ਹਿਊਮਨਿਜ਼ਮ ਸ਼ਬਦ ਤੇ ਸੰਕਲਪ 19ਵੀਂ ਸਦੀ ਵਿਚ ਹੀ ਦਾਖਲ ਹੋਇਆ, ਪਰ ਤੱਤ ਰੂਪ ਵਿਚ ਰੈਨੇਸਾਂਸ ਮਾਨਵਵਾਦ ਦੀਆਂ ਜੜ੍ਹਾਂ 13ਵੀਂ ਸਦੀ ਤੱਕ ਜਾਂਦੀਆਂ ਨੇ, ਜਦੋਂ ਯੂਰਪ ਵਿਚ ਤਿੰਨ ਦਿਲਚਸਪ ਗੱਲਾਂ ਹੋਈਆਂ: (1) ਪੁਰਾਣੀਆਂ ਕਲਾਸੀਕਲ ਕਿਤਾਬਾਂ ਕ੍ਰਿਤਾਂ, ਜਿਵੇਂ ਗਰੀਕ ਫਲਸਫੇ ਦੀਆਂ ਕਿਤਾਬਾਂ ਦੇ ਅਧਿਅਨ ਦੀ ਭੁੱਖ; (2) ਉਨ੍ਹਾਂ ਦੇ ਲੇਖਕਾਂ ਦੇ ਸਟਾਈਲ ਦੀ ਨਕਲ ਉਤਾਰਨ ਦੇ ਸ਼ੌਕ; (3) ਅਤੇ ਇਸ ਭੁੱਖ ਤੇ ਸ਼ੌਕ ਦਾ ਸੁਮੇਲ। ਇਸ ਸੁਮੇਲ ਦੇ ਨਤੀਜੇ ਵਜੋਂ ਰੈਨੇਸਾਂਸ ਮਾਨਵਵਾਦੀਆਂ ਨੇ ਉਨ੍ਹਾਂ ਦੇ ‘ਅੱਜ’ ਦੇ ਗਿਆਨ, ਇਤਿਹਾਸਕ ਗਿਆਨ, ਤੇ ਪ੍ਰੇਮ ਭਾਵਨਾ ਨੂੰ ਵਰਤ ਕੇ ‘ਅੱਜ ਦੇ ਦੌਰ’ ਬਾਰੇ ਆਪਣੇ ਤੇ ਹੋਰਨਾਂ ਦ੍ਰਿਸ਼ਟੀਕੋਣਾਂ ਤੇ ਸੋਚ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਇਹ ਇਸ ਤਰ੍ਹਾਂ ਹੈ ਕਿ ‘ਅਸੀਂ ਕਿੱਥੋਂ ਆਏ ਹਾਂ’ ਦਾ ਗਿਆਨ ਇਹ ਜਾਣਨ ਵਿਚ ਮੱਦਦ ਕਰਦਾ ਹੈ ਕਿ ਅਸੀਂ ਅੱਜ ਸੱਚਮੁੱਚ ਹੀ ਕਿੱਥੇ ਹਾਂ। ਇਸ ਸਭ ਕਾਸੇ ਦਾ ਨਤੀਜਾ ਇਹ ਨਿਕਲਿਆ ਕਿ ਰੈਨੇਸਾਂਸ ਮਾਨਵਵਾਦੀਆਂ ਨੇ ਮੱਧਕਾਲੀ ਰੂੜ੍ਹੀਵਾਦੀ ਸਿੱਖਿਆ ਪ੍ਰਣਾਲੀ, ਜੋ ਵੱਖ ਵੱਖ ਲੇਖਕਾਂ ਵਿਚਾਲੇ ਮੱਤਭੇਦ ਤੇ ਵਿਰੋਧਾਭਾਸ ਸਪਸ਼ਟ ਕਰਨ ‘ਤੇ ਕੇਂਦਰਿਤ ਸੀ, ਦੇ ਮੁਕਾਬਲੇ ਨਵੇਂ ਅਧਿਐਨ ਢੰਗ ਨੂੰ ਅਪਨਾਇਆ। ਮਾਨਵਵਾਦੀਆਂ ਨੇ ਪ੍ਰਾਚੀਨ ਲਿਖਤਾਂ ਨੂੰ ਤਰਕ ਤੇ ਪ੍ਰਮਾਣ ਦੀ ਕਸਵੱਟੀ ‘ਤੇ ਚਾੜ੍ਹਦਿਆਂ ਉਨ੍ਹਾਂ ਦਾ ਮੁਲਾਂਕਣ ਸ਼ੁਰੂ ਕਰ ਦਿੱਤਾ।
ਰੈਨੇਸਾਂਸ ਵਿਚ ਮਾਨਵਵਾਦ, ਪੰਜਾਬ ਦੀ ਜਾਗ੍ਰਿਤੀ ਲਹਿਰ ਵਾਂਗ ਹੀ, ਬੌਧਿਕ ਲਹਿਰ ਦੇ ਤੌਰ ‘ਤੇ ਸ਼ੁਰੂ ਹੋਇਆ। ਮਾਨਵਵਾਦੀਆਂ ਨੇ ਐਸੇ ਨਾਗਰਿਕਾਂ ਦਾ ਸੁਪਨਾ ਵੇਖਿਆ, ਜੋ ਬੜੀ ਅੱਛੀ ਤਰ੍ਹਾਂ ਪੜ੍ਹ-ਲਿਖ ਸਕਣ ਤੇ ਬੜੀ ਸਪਸ਼ਟਤਾ ਨਾਲ ਆਪਣੇ ਵਿਚਾਰ ਪੇਸ਼ ਕਰ ਸਕਣ ਅਤੇ ਆਪਣੇ ਭਾਈਚਾਰਿਆਂ ਵਿਚ ਸਰਗਰਮ ਹੋ ਕੇ ਲੋਕਾਂ ਨੂੰ ਭਲੇ, ਤਰਕਸ਼ੀਲ ਤੇ ਅਕਲਮੰਦ ਕੰਮ ਕਰਨ ਲਈ ਪ੍ਰੇਰਣ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਇਕ ਵਿੱਦਿਅਕ ਖੇਤਰ ਸ਼ੁਰੂ ਕੀਤਾ ਗਿਆ, ਜਿਹਨੂੰ ਅੱਜ ਕਲ ਹਿਊਮੈਨਿਟੀਜ਼ ਕਿਹਾ ਜਾਂਦਾ ਹੈ, ਜਿਸ ਵਿਚ ਵਿਸ਼ੇ ਪੜ੍ਹਾਏ ਗਏ: ਵਿਆਕਰਣ, ਕਵਿਤਾ, ਧੜੱਲੇਦਾਰ ਲਿਖਤ ਤੇ ਭਾਸ਼ਣ, ਇਤਿਹਾਸ, ਨੈਤਿਕ ਫਲਸਫਾ (ਯਾਦ ਰਹੇ ਨੈਤਿਕਤਾ ਸਿਰਫ ਧਾਰਮਿਕ ਹੀ ਨਹੀਂ ਹੁੰਦੀ, ਗੈਰ-ਧਾਰਮਿਕ ਬੰਦਾ ਵੀ ਨੈਤਿਕ ਹੋ ਸਕਦਾ ਹੈ)। ਮਾਨਵਵਾਦੀਆਂ ਨੇ ਪਬਲਿਕ ਲਾਇਬਰੇਰੀਆਂ ਖੋਲ੍ਹਣ ‘ਤੇ ਵੀ ਜ਼ੋਰ ਦਿੱਤਾ।
ਵਿੱਦਿਆ ਤੇ ਗਿਆਨ ਦੇ ਖੇਤਰ ਵਿਚ ਸਿੱਖ ਗੁਰੂ ਸਾਹਿਬਾਨ, ਭਗਤਾਂ-ਸੰਤਾਂ, ਤੇ ਸੂਫੀ-ਫਕੀਰਾਂ ਨੇ ਪੰਜਾਬ ਦੇ ਸਥਾਨਕ ਹਾਲਾਤ ਅਨੁਸਾਰ ਮੂਲ ਰੂਪ ਵਿਚ ਅਜਿਹੇ ਲੱਛਣਾਂ ਵਾਲੇ ਕਾਰਜ ਕੀਤੇ, ਜੋ ਯੂਰਪ ਵਿਚ ਰੈਨੇਸਾਂਸ ਮਾਨਵਵਾਦੀਆਂ ਨੇ ਕੀਤੇ। ਉਸ ਸਮੇਂ ਦੇ ਇਕ ਕੇਂਦਰੀ ਗਿਆਨ ਸੰਕਲਨ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, ਪੰਦਰਾਂ ਸੰਤਾਂ-ਭਗਤਾਂ, ਗਿਆਰਾਂ ਭੱਟਾਂ ਅਤੇ ਗੁਰੂ ਸਾਹਿਬਾਨ ਦੇ ਚਾਰ ਸੇਵਕਾਂ ਦੀ ਬਾਣੀ ਸ਼ਾਮਲ ਹੈ। ਮਹਾਨ ਅਧਿਆਤਮਕ ਕਦਰਾਂ ਕੀਮਤਾਂ ਦੇ ਨਾਲ ਨਾਲ ਸਿੱਖ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਦੇ ਵਿਕਾਸ ਵਿਚ ਵੀ ਮਹਾਨ ਯੋਗਦਾਨ ਪਾਇਆ। ਅਸਲ ਵਿਚ ਆਪਣੇ ਵੇਲੇ ਦੀ ਪ੍ਰਚਲਿਤ ਲਿਪੀ ਨੂੰ ਗੁਰੂ ਸਾਹਿਬਾਨ ਨੇ ਸੁਧਾਰ ਕੇ ਲਿਖਣ ਯੋਗ ਬਣਾਇਆ; ਉਥੋਂ ਹੀ ਇਹਦਾ ਨਾਂ ਗੁਰਮੁਖੀ ਲਿਪੀ ਪਿਆ। ਇਸ ਤਰ੍ਹਾਂ ਤੇ ਹੋਰ ਸਾਧਨਾਂ ਜ਼ਰੀਏ ਸਿੱਖ ਗੁਰੂਆਂ, ਭਗਤਾਂ-ਸੰਤਾਂ ਤੇ ਸੂਫੀਆਂ ਨੇ ਆਪਣੇ ਉਪਦੇਸ਼ਾਂ ਨੂੰ ਲੋਕ ਭਾਸ਼ਾ ਵਿਚ ਲੋਕਾਂ ਤੱਕ ਪਹੁੰਚਾਇਆ। ਇੱਥੇ ਗਿਆਨ ਬ੍ਰਾਹਮਣਵਾਦ ਜਾਂ ਹੋਰ ਕਿਸੇ ਵੀ ਫਲਸਫੇ ਵਿਚ ਕੈਦ ਨਹੀਂ ਸੀ, ਸਗੋਂ ਇਹ ਪ੍ਰਚਾਰਕ ਗਿਆਨ ਨੂੰ ਖੁਦ ਲੋਕਾਂ ਤੱਕ ਲੈ ਕੇ ਗਏ, ਸਰਗਰਮ ਰੈਨੇਸਾਂਸ ਮਾਨਵਵਾਦੀਆਂ ਵਾਂਗ।
ਨੋਟ ਕਰਨਾ ਬਣਦਾ ਹੈ ਕਿ ਰੈਨੇਸਾਂਸ ਮਾਨਵਵਾਦ ਅਧਿਆਤਮਵਾਦ ਨਾਲੋਂ ਨਿਖੜਿਆ ਨਹੀਂ ਸੀ। ਮਿਸਾਲ ਵਲੋਂ ਰੈਨੇਸਾਂਸ ਮਾਨਵਵਾਦੀਆਂ ਨੇ ਇਸਾਈ ਧਰਮ ਨੂੰ ਨਕਾਰਿਆ ਨਹੀਂ, ਸਗੋਂ ਰੈਨੇਸਾਂਸ ਦੀਆਂ ਮਹਾਨ ਕਲਾ ਰਚਨਾਵਾਂ ਇਹਦੇ ਘੇਰੇ ਵਿਚ ਹੀ ਆਉਂਦੀਆਂ ਹਨ, ਜਿਨ੍ਹਾਂ ਦੀ ਚਰਚ ਨੇ ਵੀ ਸਰਪ੍ਰਸਤੀ ਕੀਤੀ। ਚਰਚ ਨੇ ਲਾਇਬਰੇਰੀਆਂ ਉਸਾਰ ਕੇ ਵੀ ਉਸ ਸਮੇਂ ਦੀ ਮਾਨਵਵਾਦੀ ਬੁੱਧੀਜੀਵੀ ਲਹਿਰ ਵਿਚ ਸ਼ਮੂਲੀਅਤ ਕੀਤੀ। ਐਪਰ, ਆਪਣੀਆਂ ਰਚਨਾਵਾਂ ਤੇ ਅਮਲੀ ਸੱਭਿਆਚਾਰਕ ਜੀਵਨ ਵਿਚ ਮਾਨਵਵਾਦੀਆਂ ਦੀ ਧਰਮ ਪ੍ਰਤੀ ਸੂਖਮ ਤੇ ਜਟਿਲ ਪਹੁੰਚ ਰਵਾਇਤੀ ਪਹੁੰਚ ਤੋਂ ਬਹੁਤ ਹਟਵੀਂ ਸੀ। ਬਹੁਤੇ ਮਾਨਵਵਾਦੀ ਬੁੱਧੀਜੀਵੀ ਭਾਵੇਂ ਧਾਰਮਿਕ ਸਨ, ਪਰ ਚਰਚ ਦੀਆਂ ਕੁਰੀਤੀਆਂ, ਦੁਰਵਰਤੋਂ ਤੇ ਦੁਰਵਿਹਾਰ ਵਿਰੁੱਧ ਤਰਕ ਦਾ ਹੱਲਾ ਬੋਲ ਰਹੇ ਸਨ।
ਪੰਜਾਬ ਵਿਚ ਵੀ ਤਿੰਨਾਂ ਜਾਗ੍ਰਿਤੀ ਲਹਿਰਾਂ ਨੇ ਧਾਰਮਿਕ ਕੱਟੜਤਾ, ਕੁਰੀਤੀਆਂ, ਅਰਥਹੀਣ ਰਸਮਾਂ ਤੇ ਪਖੰਡਾਂ ਦਾ ਤਾਰਕਿਤ ਖੰਡਨ ਕਰਦਿਆਂ ਮਨੁੱਖੀ ਬਰਾਬਰੀ, ਮਨੁੱਖੀ ਪਿਆਰ ਤੇ ਰੱਬੀ ਪਿਆਰ ਦਾ ਸੰਦੇਸ਼ ਦਿੱਤਾ। ਬਹੁਤੇ ਲੋਕ ਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਬਾਣੀ ਨੇ ਕੋਈ ਧਾਰਮਿਕ ਸੰਸਥਾ ਜਾਂ ਸੰਗਠਿਤ ਧਰਮ ਵਿਸ਼ੇਸ਼ ਸ਼ੁਰੂ ਨਹੀਂ ਸੀ ਕੀਤਾ, ਸਗੋਂ ਇਨ੍ਹਾਂ ਗਿਣੇ ਤੇ ਹੋਰ ਧਾਰਮਿਕ ਤੇ ਸਮਾਜਕ ਮੁੱਦਿਆਂ ਬਾਰੇ ਸਮਾਜ ਵਿਚ ਜਾਗ੍ਰਿਤੀ ਪੈਦਾ ਕੀਤੀ। ਰੈਨੇਸਾਂਸ ਮਾਨਵਵਾਦੀਆਂ ਵਾਂਗ ਹੀ ਲੈ-ਦੇ ਕੇ ਗੁਰੂਆਂ, ਭਗਤਾਂ-ਸੰਤਾਂ ਤੇ ਸੂਫੀਆਂ ਦਾ ਕਾਵਿ ਅਧਿਆਤਮਵਾਦੀ ਫਲਸਫੇ ਦੇ ਘੇਰੇ ਵਿਚ ਹੀ ਆਉਂਦਾ ਹੈ।
ਰੈਨੇਸਾਂਸ ਮਾਨਵਵਾਦ ਦੇ ਮੁੱਖ ਲੱਛਣ ਇਨ੍ਹਾਂ ਨੇਮਾਂ ਵਿਚ ਅੰਕਿਤ ਕੀਤੇ ਜਾ ਸਕਦੇ ਹਨ। ਜ਼ਿੰਦਗੀ ਦੇ ਜਸ਼ਨ ਮਨਾਓ: ਜ਼ਿੰਦਗੀ ਬੰਦੇ ਲਈ ਮੌਕਾ ਹੈ, ਆਪਣੀਆਂ ਪੂਰੀਆਂ ਸੰਭਾਵਨਾਵਾਂ ਤੇ ਸਮਰੱਥਾ ਵਰਤਣ ਦਾ; ਸੁਤੰਤਰ ਚਿੰਤਕ ਬਣੋ: ਅੰਧ-ਵਿਸ਼ਵਾਸੀ ਤੇ ਲਾਈਲੱਗ ਨਾ ਬਣੋ, ਖੁਦ ਸੋਚੋ; ਅੰਧ-ਵਿਸ਼ਵਾਸ ਦੇ ਨੁਕਸਾਨਾਂ ਨੂੰ ਜਾਣੋ ਤੇ ਤਰਕਸ਼ੀਲ ਬਣੋ; ਆਪਣੇ ਸਿੱਖਿਆ-ਘੇਰੇ ਨੂੰ ਵਿਸ਼ਾਲ ਕਰੋ: ਮਾਨਵਵਾਦੀ ਪੁਰਾਣੀਆਂ ਸੱਭਿਆਤਾਵਾਂ, ਸਾਹਿਤ, ਭਾਸ਼ਾ, ਗਣਿਤ, ਤੇ ਵਿਗਿਆਨ ਆਦਿ ਕਈ ਵਿਸ਼ਿਆਂ ਬਾਰੇ ਗਿਆਨ ਪ੍ਰਾਪਤ ਕਰਦੇ ਸਨ; ਕਈ ਹੁਨਰਾਂ ਦੇ ਕਾਰੀਗਰ ਬਣੋ; ਪ੍ਰਸਿੱਧੀ ਖੱਟੋ, ਆਪਣੇ ਹੁਨਰ ਜਾਂ ਕਿੱਤੇ ਦੇ ਉਤਮ ਕਾਰੀਗਰ ਬਣ ਕੇ।
ਜੋ ਐਸੇ ਮਾਨਵਵਾਦੀ ਗੁਣਾਂ ਦਾ ਮਾਲਕ ਹੋਵੇ, ਭਾਵ ਬਹੁ-ਵਿਸ਼ਿਆਂ ਦਾ ਮਾਹਿਰ, ਬਹੁ-ਹੁਨਰੀ, ਅੰਧ-ਵਿਸ਼ਵਾਸਾਂ ਤੋਂ ਆਜ਼ਾਦ ਤੇ ਤਰਕਸ਼ੀਲ ਸੁਤੰਤਰ ਚਿੰਤਕ ਹੋਵੇ, ਉਹਨੂੰ ‘ਰੈਨੇਸਾਂਸ ਮੈਨ’ ਕਿਹਾ ਜਾਂਦਾ ਸੀ। ਉਸ ਸਮੇਂ ਦੇ ਆਦਰਸ਼ ਰੈਨੇਸਾਂਸ ਸ਼ਖਸਾਂ ਵਿਚੋਂ ਇੱਕ ਪ੍ਰਸਿੱਧ ਸੀ, ਇਟਲੀ ਦਾ ਲਿਓਨਾਰਡੋ ਡਾ ਵਿੰਸੀ (1452-1519), ਜਿਸ ਨੇ ਲੇਖਨ, ਆਰਟ, ਸੰਗੀਤ, ਵਿਗਿਆਨ, ਕਾਢ, ਬੁੱਤ ਘੜਤਾ, ਨਿਰਮਾਣ ਕਲਾ ਆਦਿ ਖੇਤਰਾਂ ਵਿਚ ਜੌਹਰ ਦਿਖਾਏ। ਇਹ ਓਹੀ ਲਿਓਨਾਰਡੋ ਹੈ, ਜਿਸ ਦੀਆਂ ਮੋਨਾ ਲੀਜ਼ਾ, ਲਾਸਟ ਸਪਰ (ਆਖਰੀ ਭੋਜਨ), ਤੇ ਹੋਰ ਕਿੰਨੀਆਂ ਕ੍ਰਿਤਾਂ ਅੱਜ ਵੀ ਹਰਮਨ ਪਿਆਰੀਆਂ ਹਨ। ਮਾਨਵਵਾਦੀਆਂ ਦਾ ਇੱਕ ਉਦੇਸ਼ ਸੀ, ਵੱਡੇ-ਛੋਟੇ ‘ਰੈਨੇਸਾਂਸ ਸ਼ਖਸ’ ਪੈਦਾ ਕਰਨਾ।
ਰੈਨੇਸਾਂਸ ਮਾਨਵਵਾਦੀਆਂ ਵਾਂਗ ਉਸ ਸਮੇਂ ਦੇ ਪੰਜਾਬ ਵਿਚ ਵੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਅਨੇਕਾਂ ਪ੍ਰਯੋਜਨਾਂ ਵਿਚੋਂ ਇੱਕ ਸੀ, ਨਵੇਂ ਮਨੁੱਖ ਦੀ ਘਾੜਤ, ਜੋ ਅੰਧ-ਵਿਸ਼ਵਾਸਾਂ ਤੋਂ ਆਜ਼ਾਦ ਹੋ ਤਰਕ ਨਾਲ ਸੋਚੇ; ਵਹਿਮਾਂ-ਭਰਮਾਂ ‘ਚ ਯਕੀਨ ਨਾ ਕਰੇ; ਧਾਰਮਿਕ ਪਖੰਡ ਪਛਾਣ ਕੇ ਉਨ੍ਹਾਂ ਦਾ ਵਿਰੋਧ ਕਰੇ; ਆਪਣੇ ਤੇ ਹੋਰਾਂ ਦੇ ਹੱਕ ਦੀ ਕਦਰ ਕਰੇ; ਭਾਈਚਾਰੇ ਵਿਚ ਡਾਂਗ ਦੀ ਥਾਂ ਦਲੀਲ ਚਲਾਵੇ; ਤੇ ਜਾਤ-ਪਾਤ ਮਨੋਂ ਮੇਟ ਕੇ ਮਨੁੱਖਤਾ ਤੇ ਮਨੁੱਖੀ ਬਰਾਬਰੀ, ਮਨੁੱਖੀ ਵੱਕਾਰ, ਸਾਂਝੀਵਾਲਤਾ, ਭਲਾਈ ਆਦਿ ਮਨੁੱਖੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖੇ। ਗੁਰੂ ਨਾਨਕ ਦੇਵ ਜੀ ਵਲੋਂ ਅਰੰਭਿਆ ਇਹ ਮਕਸਦ ਅਗਲੇ ਗੁਰੂਆਂ ਨੇ ਜਾਰੀ ਰੱਖਿਆ। ਇਸ ਨਵੇਂ ਮਨੁੱਖ ਦਾ ਨਾਂ ਸੀ: ਸਿੱਖ, ਪੰਜਾਬ ਦਾ ਰੈਨੇਸਾਂਸ ਸ਼ਖਸ। ਜਿਸ ਤਰ੍ਹਾਂ ਯੂਰਪ ਨੂੰ ‘ਰੈਨੇਸਾਂਸ ਸ਼ਖਸ’ ਆਧੁਨਿਕ ਯੁੱਗ ਵੱਲ ਲੈ ਲਿਆ, ਉਸੇ ਤਰ੍ਹਾਂ ਪੰਜਾਬ ਨੂੰ ‘ਸਿੱਖ’ ਨੇ ਆਧੁਨਿਕ ਯੁੱਗ ਵੱਲ ਲੈ ਜਾਣਾ ਸੀ (ਪਰ ਹੋਇਆ ਕੀ, ਇਹ ਵੱਖਰੇ ਲੇਖ ਦਾ ਵਿਸ਼ਾ ਹੈ)। ਜਿੱਥੋਂ ਤੱਕ ਵਿੱਦਿਆ ਦੇ ਉਦੇਸ਼ ਦਾ ਸਬੰਧ ਹੈ, ‘ਸਿੱਖ’ ਦਾ ਤਾਂ ਅਰਥ ਹੀ ਹੈ ਸਿੱਖਣ ਵਾਲਾ, ਭਾਵ ਵਿਦਿਆਰਥੀ।
ਜਿਵੇਂ ਉਪਰ ਦੱਸਿਆ ਗਿਆ ਹੈ ਕਿ ਤਰਕ ਰੈਨੇਸਾਂਸ ਮਾਨਵਵਾਦ ਦਾ ਇੱਕ ਅਹਿਮ ਹਿੱਸਾ ਸੀ; ਇਹ ਤੱਥ ਸਿੱਖ ਲਹਿਰ ਬਾਰੇ ਵੀ ਸੱਚ ਹੈ। ਪਰ ਜੇ ਤਰਕ ਇੱਕੋ ਮੱਤ ਦੇ ਘੇਰੇ ਤੱਕ ਸੀਮਿਤ ਰਹੇ ਤਾਂ ਉਹਦੇ ਚੱਕਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ; ਜਿਵੇਂ ਇਹ ਕਥਨ “ਇਸ ਸੱਚ ਹੈ ਕਿ ਈਸਾ ਕਬਰਾਂ ਵਿਚੋਂ ਉਠ ਖੜ੍ਹਾ ਹੋਇਆ ਸੀ ਕਿਉਂਕਿ ਬਾਈਬਲ ਕਹਿੰਦੀ ਹੈ।” ਅਜਿਹਾ ਤਰਕ ਵਿਸ਼ਵਾਸ ‘ਤੇ ਖੜ੍ਹਾ ਹੁੰਦਾ ਹੈ; ਇਹਦੇ ਆਪਣੇ ਪੈਰ ਨਹੀਂ ਹੁੰਦੇ। ਇੱਕ ਸਥਿਤੀ, ਜਿੱਥੇ ਤਰਕ ਦੀ ਮਜ਼ਬੂਤੀ ਪਰਖੀ ਜਾਂਦੀ ਹੈ, ਉਦੋਂ ਪੈਦਾ ਹੁੰਦੀ ਹੈ ਜਦੋਂ ਤਰਕਾਂ-ਦਲੀਲਾਂ ਨੂੰ ਵੱਖ ਵੱਖ ਮੱਤਾਂ ਵਿਚ ਵਿਚਾਰ-ਵਟਾਂਦਰੇ ਜਾਂ ਸੰਵਾਦ ਦੌਰਾਨ ਵਰਤਿਆ ਜਾਵੇ। ਅਜਿਹੇ ਸੰਵਾਦ ਦਾ ਇੱਕ ਰੂਪ ਹੈ, ਗੋਸ਼ਟੀ। ਮਿਸਾਲ ਵਜੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਬਾਣੀ-ਦੋਹਾਂ ਵਿਚ ਤਰਕ ਤੇ ਗੋਸ਼ਟੀ ਦੀ ਵਿਸ਼ੇਸ਼ ਥਾਂ ਰਹੀ। ਜਿਵੇਂ ਸ਼ਿਵਰਾਤਰੀ ਮੇਲੇ ਦੌਰਾਨ ਅੱਚਲ ਵਟਾਲੇ ਵਿਖੇ ਹੋਏ ਗੁਰੂ ਨਾਨਕ ਜੀ ਦੇ ਸਿਧਾਂ ਨਾਲ ਸੰਵਾਦ ਦਾ ਰਿਕਾਰਡ ਗੁਰੂ ਗ੍ਰੰਥ ਸਾਹਿਬ ਵਿਚ ‘ਸਿਧ ਗੋਸਟ’ ਵਜੋਂ ਦਰਜ ਹੈ।
ਪ੍ਰਾਚੀਨ ਭਾਰਤੀ ਤੇ ਯੂਰਪੀਅਨ ਫਲਸਫਿਆਂ ਵਿਚ ਵੀ ਗੋਸ਼ਟੀ ਦੀ ਪ੍ਰਥਾ ਕਾਇਮ ਸੀ। ਯੂਰਪ ਵਿਚ ਗਰੀਕ ਫਿਲਾਸਫਰਾਂ ਦੀਆਂ ਕਈ ਕਿਤਾਬਾਂ ਗੋਸਟਿ-ਦਲੀਲਾਂ ਦੇ ਰੂਪ ਵਿਚ ਹਨ, ਮਿਸਾਲ ਵਜੋਂ ਪਲੈਟੋ ਦੀ ‘ਰਿਪਬਲਿਕ’। ਭਾਰਤ ਵਿਚ ਹਿੰਦੂ ਫਲਸਫਾ ਪੇਸ਼ ਕਰਦੇ ਰਿਗਵੇਦ, ਸਾਮਵੇਦ, ਅਥਰਵਵੇਦ ਅਤੇ ਯਜੁਰਵੇਦ ਵਿਚ ਵੀ ਗੋਸਟਿ-ਸੰਵਾਦ ਦਾ ਢੰਗ ਵਰਤਿਆ ਗਿਆ। ਮਹਾਤਮਾ ਬੁੱਧ ਤੇ ਮਹਾਵੀਰ ਜੈਨ ਨੇ ਵੀ ਇਹ ਢੰਗ ਅਪਨਾਇਆ।
ਇੱਥੇ ਜ਼ਿਕਰਯੋਗ ਹੈ ਕਿ ਪ੍ਰਾਚੀਨ ਭਾਰਤੀ ਫਲਸਫੇ ‘ਤੇ ਭਾਰੂ ਕੱਟੜ ਹਿੰਦੂਵਾਦ ਦੇ ਚੌਖਟੇ ਵਿਚ ਬਹੁਤ ਥਾਂਵਾਂ ‘ਤੇ ਤਰਕ ਸ਼ਾਸਤਰ ਜਾਂ ਤਰਕ ਵਿਧਾਨ ਅਕਸਰ ਸੱਚਾਈ ਲੱਭਣ ਦੇ ਮਨੋਰਥ ਨਾਲ, ਤਰਕ ਦੇ ਖਰੇ ਜਾਂ ਖੋਟੇ ਹੋਣ ‘ਤੇ ਘੱਟ ਆਧਾਰਿਤ ਹੈ ਅਤੇ ਜਿੱਤਣ ਦੀ ਨੀਅਤ ਤੇ ਚਲਾਕੀ ‘ਤੇ ਵੱਧ। ਮਿਸਾਲ ਵਜੋਂ ਹਿੰਦੂ ਧਰਮ ਦੇ ਘੇਰੇ ਵਿਚ ਵਿਦਵਾਨ-ਬ੍ਰਾਹਮਣ ‘ਸ਼ਾਸਤਾਰਥ’ ਕਰਿਆ ਕਰਦੇ ਸਨ, ਜਿਸ ਦੌਰਾਨ ਸੰਵਾਦ-ਬਹਿਸ ਦਾ ਉਦੇਸ਼ ਸੱਚ ਦੀ ਖੋਜ ਦੀ ਥਾਂ ਖੁਦ ਜਿੱਤਣਾ ਤੇ ਵਿਰੋਧੀ ਦੀ ਪਿੱਠ ਲਵਾਉਣਾ ਹੁੰਦਾ ਸੀ। ਇਸ ਪਿੱਠਭੂਮੀ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਤਰਕ ਤੇ ਗੋਸ਼ਟੀ ਦੇ ਖੇਤਰ ਵਿਚ ਦੋ ਵਿਸ਼ੇਸ਼ ਦੇਣਾਂ ਹਨ: (1) ਗੁਰੂ ਜੀ ਤਰਕ ਤੇ ਗੋਸ਼ਟੀ ਨੂੰ ਬ੍ਰਾਹਮਣਵਾਦ ਦੇ ਚੁੰਗਲ ਵਿਚੋਂ ਕੱਢ ਕੇ ਲੋਕਾਂ ਵਿਚ ਲੈ ਆਏ, ਲੋਕਾਂ ਦੀ ਭਾਸ਼ਾ ਵਿਚ; ਅਤੇ (2) ਤਰਕ ਤੇ ਗੋਸ਼ਟੀ ਵਿਚ ਦਿਆਨਤਦਾਰੀ ਫੂਕੀ। ਉਹ ਗੋਸ਼ਟੀਆਂ ਤੋਂ ਸਾਰਥਕ, ਭਲੇ ਤੇ ਉਸਾਰੂ ਸਿੱਟੇ ਕੱਢਣ ਹਿੱਤ ਤਰਕ ਤੇ ਗੋਸ਼ਟੀ ਦਾ ਅਜਿਹਾ ਮਾਡਲ ਪੇਸ਼ ਕਰਦੇ ਹਨ, ਜਿਸ ਲਈ ਇਹ ਗੁਣ ਜ਼ਰੂਰੀ ਨੇ-ਨੈਤਿਕਤਾ, ਨਿਮਰਤਾ, ਸੰਜਮ, ਸਹਿਣਸ਼ੀਲਤਾ, ਨੀਵੀਂ ਸੁਰ, ਵਿਵੇਕ ਬੁੱਧੀ ਦਾ ਸੰਵਾਦ ਦਾ ਆਧਾਰ ਬਣਾਉਣਾ ਅਤੇ ਦੂਜੀ ਧਿਰ ਨੂੰ ਬਣਦੀ ਮਾਨਤਾ ਦੇਣੀ। ਇਹ ਸਾਰੇ ਗੁਣ ਬਹੁਤੇ ਰੈਨੇਸਾਂਸ ਬੁੱਧੀਜੀਵੀ ਵੀ ਸੰਵਾਦ ਰਚਾਉਣ ਵਿਚ ਵਰਤਦੇ ਸਨ।
ਨੋਟ ਕਰਨ ਵਾਲੀ ਗੱਲ ਹੈ ਕਿ ਜਦੋਂ ਗੁਰੂ ਨਾਨਕ ਨੇ ਧਰਮਾਂ ਦੇ ਨੁਮਾਇੰਦਿਆਂ ਅਤੇ ਪੈਰੋਕਾਰਾਂ ਨਾਲ ਸੰਵਾਦ ਰਚਾਇਆ ਤਾਂ ਇਹ ਕਿਸੇ ਧਰਮ, ਫਿਰਕੇ ਜਾਂ ਖਿੱਤੇ ਦੇ ਪੱਖ ਵਿਚ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਕੀਤਾ। ਉਹ ਧਰਮਾਂ, ਫਿਰਕਿਆਂ, ਖਿੱਤਿਆਂ ਤੋਂ ਉਪਰ ਉਠ ਕੇ ਮਨੁੱਖਤਾ ਦੇ ਪੱਧਰ ਤੋਂ ਵਿਚਾਰ-ਵਟਾਂਦਰੇ ਦੀ ਸਿਫਾਰਸ਼ ਕਰਦੇ ਹਨ:
‘‘ਜਬਿ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’’ (ਮਹਲਾ ੧, ਪੰਨਾ 660)
ਜਿਵੇਂ ਉਪਰ ਚਰਚਾ ਕੀਤੀ ਗਈ ਹੈ ਕਿ ਰੈਨੇਸਾਂਸ ਮਾਨਵਵਾਦੀਆਂ ਦਾ ਇੱਕ ਉਦੇਸ਼ ਸੀ: ਐਸੇ ਨਾਗਰਿਕ ਤਿਆਰ ਕਰਨਾ, ਜੋ ਲੋਕਾਂ ਨੂੰ ਭਲੇ, ਤਰਕਸ਼ੀਲ ਤੇ ਅਕਲਮੰਦ ਕੰਮ ਕਰਨ ਲਈ ਪ੍ਰੇਰਨ। ਇਸ ਦੀ ਪੂਰਤੀ ਹਿੱਤ ਪਬਲਿਕ ਲਾਇਬਰੇਰੀਆਂ ਖੋਲ੍ਹੀਆਂ, ਲੋਕਾਂ ਨੂੰ ਸਿੱਖਿਅਤ ਕਰਨ ਲਈ ਨਵਾਂ ਵਿੱਦਿਅਕ ਖੇਤਰ ਸ਼ੁਰੂ ਕੀਤਾ ਗਿਆ: ਹਿਊਮੈਨਿਟੀਜ਼ ਆਦਿ। ਇਸ ਤਰ੍ਹਾਂ ਇਸ ਮਾਨਵਵਾਦੀ ਲਹਿਰ ਵਿਚ ਮਨੁੱਖੀ ਸਾਂਝੀਵਾਲਤਾ ਦਾ ਅੰਸ਼ ਸੀ। ਉਸ ਵੇਲੇ ਦੇ ਪੰਜਾਬ ਦੇ ਵੱਖਰੇ ਸਥਾਨਕ ਹਾਲਾਤ ਦੇ ਹਿਸਾਬ ਪੰਜਾਬੀ ਜਾਗ੍ਰਿਤੀ ਲਹਿਰ ਦੌਰਾਨ ਮਨੁੱਖੀ ਸਾਂਝੀਵਾਲਤਾ ਜ਼ਰਾ ਵੱਖ ਰੂਪਾਂ ਵਿਚ ਪ੍ਰਗਟ ਹੋਈ, ਜਿਵੇਂ ਸਿੱਖ ਲਹਿਰ ਵਿਚ ਲੰਗਰ ਪ੍ਰਥਾ, ਭਾਵ ਬਿਨਾ ਭੇਦ ਤੋਂ ਮੁਫਤ ਲੰਗਰ ਛਕਾਉਣਾ, ਜੋ ਮੂਲ ਰੂਪ ਵਿਚ ਗੁਰੂ ਨਾਨਕ ਦੇਵ ਤੋਂ ਸ਼ੁਰੂ ਹੋਈ। ਸਿੱਖ ਲਹਿਰ ਦਾ ਗੁਰੂ ਦਾ ਲੰਗਰ ਤੇ ਰੈਨੇਸਾਂਸ ਮਾਨਵਵਾਦੀਆਂ ਦੀਆਂ ਲੋਕਾਂ ਨੂੰ ਗਿਆਨ ਦੇ ਲੰਗਰ ਵਰਤਾਉਂਦੀਆਂ ਪਬਲਿਕ ਲਾਇਬਰੇਰੀਆਂ, ਵੱਖ ਵੱਖ ਸਥਾਨਕ ਹਾਲਾਤ ਅਧੀਨ ਮਨੁੱਖੀ ਸਾਂਝੀਵਾਲਤਾ ਦੇ ਦੋ ਵੱਖਰੇ ਰੂਪ ਹਨ। ਬਾਕੀ ਗੁਰੂਆਂ, ਭਗਤਾਂ, ਸੂਫੀ-ਫਕੀਰਾਂ ਆਦਿ ਨੇ ਗਿਆਨ ਤਾਂ ਰੋਜ਼ ਵਰਤਾਇਆ।
ਭਾਰਤੀ ਸਮਾਜ ਵਿਚ ਹਿੰਦੂ ਧਰਮ ਵਲੋਂ ਲਾਗੂ ਹਿੰਦੂ ਫਲਸਫੇ ਵਿਚਲੇ ਜਾਤ-ਪਾਤ ਦੇ ਮੱਤ ਦਾ ਖੰਡਨ ਮਨੁੱਖੀ ਸਾਂਝੀਵਾਲਤਾ ਦਾ ਇਕ ਹੋਰ ਰੂਪ ਸੀ, ਜੋ ਪੰਜਾਬ ਦੀ ਜਾਗ੍ਰਿਤੀ ਲਹਿਰ ਨੇ ਅਪਨਾਇਆ। ਉਸ ਸਮੇਂ ਦੌਰਾਨ ਸੰਕਲਿਤ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਵਿਚ ਹੀ ਮਨੁਖੀ ਏਕਤਾ ਤੇ ਸਾਂਝੀਵਾਲਤਾ ਦਾ ਪ੍ਰਤੀਕ ਸੀ, ਜਿਸ ਵਿਚ ਗੁਰੂ ਸਾਹਿਬਾਨ ਨਾਲ ਅਨੇਕਾਂ ਜਾਤਾਂ, ਵੰਸ਼ਾਂ ਦੇ ਲੇਖਕ ਸ਼ਾਮਲ ਕੀਤੇ ਗਏ, ਜਿਵੇਂ ਜੱਟ, ਚਮਾਰ, ਬ੍ਰਾਹਮਣ, ਖਤਰੀ, ਸੂਫੀ, ਮਰਾਸੀ, ਜੁਲਾਹਾ, ਕਸਾਈ, ਛੀਂਬੇ, ਵੈਸ਼, ਨਾਈ ਆਦਿ। ਜਿਸ ਤਰ੍ਹਾਂ ਰੈਨੇਸਾਂਸ ਮਾਨਵਵਾਦੀ ਲਹਿਰ ਮੁੱਖ ਰੂਪ ਵਿਚ ਬੌਧਿਕ ਲਹਿਰ ਸੀ, ਪੰਜਾਬ ਦੀ ਜਾਗ੍ਰਿਤੀ ਲਹਿਰ ਦਾ ਇੱਕ ਬੌਧਿਕ ਬੁਲਾਰਾ ਹੈ ਗੁਰੂ ਗ੍ਰੰਥ ਸਾਹਿਬ, ਜਿਸ ਵਿਚ ਹੋਰ ਮਾਨਵਵਾਦੀ ਅੰਸ਼ਾਂ ਦੇ ਨਾਲ ਮਨੁੱਖੀ ਸਾਂਝੀਵਾਲਤਾ ‘ਤੇ ਕਾਫੀ ਵਚਨ ਹਨ, ਜਿਵੇਂ ਮਨੁੱਖੀ ਸਾਂਝੀਵਾਲਤਾ ਦੇ ਹੱਕ ਵਿਚ ਅਤੇ ਜਾਤ-ਪਾਤ, ਨਸਲਵਾਦ, ਧਰਮਾਂ ਤੇ ਸਥਾਨਾਂ ਦੇ ਵਿਤਕਰਿਆਂ ਵਿਰੁਧ ਐਲਾਨਨਾਮਾ:
ਸਭੇ ਸਾਂਝੀਵਾਲ ਸਦਾਇਨਿ
ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਮ: 5, ਪੰਨਾ 97)
ਨਾਨਕ ਸਤਿਗੁਰੁ ਐਸਾ ਜਾਣੀਐ
ਜੋ ਸਭਸੈ ਲਏ ਮਿਲਾਇ ਜੀਉ॥ (ਪੰਨਾ 72)
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੂ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥ (ਭਗਤ ਕਬੀਰ, ਪੰਨਾ 1349)
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਵੀ ਮਨੁੱਖੀ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹਨ:
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਸੂਫੀ ਲਹਿਰ ਨੇ ਵੀ ਮਨੁੱਖੀ ਕਦਰਾਂ-ਕੀਮਤਾਂ ਤੇ ਸਾਂਝੀਵਾਲਤਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ, ਜੋ ਕਿਸੇ ਦੀਆਂ ਇਨ੍ਹਾਂ ਲਾਇਨਾਂ ਵਿਚ ਬੜੀ ਖੂਬਸੂਰਤੀ ਨਾਲ ਪਕੜੀ ਗਈ ਹੈ,
ਮੰਦਰ ਢਾਹ ਦੇ, ਮਸਜਿਦ ਢਾਹ ਦੇ,
ਢਾਹ ਦੇ ਜੋ ਕੁਝ ਢਾਹਿੰਦਾ।
ਐਪਰ ਕਿਸੇ ਦਾ ਦਿਲ ਨਾ ਢਾਵੀਂ,
ਰੱਬ ਦਿਲਾਂ ਵਿਚ ਰਹਿੰਦਾ।
ਮੁੱਕਦੀ ਗੱਲ, ਮੱਧਕਾਲੀ ਯੂਰਪ ਵਿਚ ਰੈਨੇਸਾਂਸ ਦੌਰਾਨ ਚੱਲੀ ਮਾਨਵਵਾਦੀ ਲਹਿਰ ਦੇ ਕਰੀਬ ਸਾਰੇ ਮੁੱਖ ਲੱਛਣ ਮੂਲ ਰੂਪ ਵਿਚ ਉਸੇ ਸਮੇਂ ਹੀ ਪੰਜਾਬ ਵਿਚ ਚੱਲ ਰਹੀ ਜਾਗ੍ਰਿਤੀ ਲਹਿਰ ਨਾਲ ਸਾਂਝੇ ਸਨ। ਇਹ ਲੱਛਣ ਹਨ: ਮਨੁੱਖੀ ਕਦਰਾਂ-ਕੀਮਤਾਂ, ਮਨੁੱਖੀ ਨੈਤਿਕਤਾ, ਮਨੁੱਖੀ ਆਤਮ-ਸਨਮਾਨ, ਤੇ ਮਨੁੱਖੀ ਸਾਂਝੀਵਾਲਤਾ ਨੂੰ ਮਾਨਤਾ; ਲੋਕ ਭਲਾਈ ਲਈ ਸਰਗਰਮੀਆਂ; ਧਰਮ ਦੀਆਂ ਕੁਰੀਤੀਆਂ ਦਾ ਵਿਰੋਧ ਅਤੇ ਅੰਧ-ਵਿਸ਼ਵਾਸਾਂ ਦਾ ਖੰਡਨ ਤੇ ਤਰਕ ਦੀ ਵਰਤੋਂ। ਇਹ ਵਿਚਾਰਦਿਆਂ ਕਿ ਪੰਜਾਬ ਸਣੇ ਭਾਰਤ ਯੂਰਪੀਅਨ ਦੇਸ਼ਾਂ ਤੋਂ ਕਿੰਨਾ ਪਛੜਿਆ ਹੋਇਆ ਸੀ, ਮਿਸਾਲੀ ਸੱਚ ਹੈ ਕਿ ਉਸ ਸਮੇਂ ਦੇ ਪੰਜਾਬ ਵਿਚ ਗੁਰੂ ਨਾਨਕ ਦੇਵ ਨੇ ਐਸੀ ਮਾਨਵਵਾਦੀ ਲਹਿਰ ਚਲਾਈ, ਜਿਸ ਵਿਚ ਸਿਰਫ ਰੈਨੇਸਾਂਸ ਮਾਨਵਵਾਦ ਦੇ ਹੀ ਨਹੀਂ, ਸਗੋਂ ਆਧੁਨਿਕ ਮਾਨਵਵਾਦ ਦੇ ਵੀ ਅੰਸ਼ ਸਨ; ਜਿਵੇਂ ਅਸੀਂ ਅਗਲੇ ਲੇਖ ਵਿਚ ਵੇਖਾਂਗੇ।
(ਚਲਦਾ)