ਮਨ ਨੀਵਾ ਮਤਿ ਉਚੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ਗੁਰੂ ਨਾਨਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣ ਵਾਲੀ ਬੁੱਧੀ ਦੇ ਮਾਲਕ ਸਨ। ਅਜਿਹਾ ਕਰਨ ਵੇਲੇ ਉਹ ਕਿਸੇ ਦਾ ਲਿਹਾਜ਼ ਨਹੀਂ ਸਨ ਕਰਦੇ, ਭਾਵੇਂ ਰਾਜਾ ਹੋਵੇ ਜਾਂ ਰੰਕ। ਮੰਨੂਵਾਦੀ, ਮੌਲਾਣੇ ਤੇ ਨਾਥ-ਤਿੰਨੇ ਉਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਸਮਾਜ ਦੀ ਐਸੀ ਕਿਹੜੀ ਵਿਵਸਥਾ ਹੋਵੇਗੀ, ਜਿਸ ਨੂੰ ਉਨ੍ਹਾਂ ਨੇ ਆਪਣੀਆਂ ਠੋਸ ਦਲੀਲਾਂ ਦੇ ਕੇ ਤਰਕਹੀਣ ਨਹੀਂ ਦੱਸਿਆ, ਪਰ ਜਿੰਨੀ ਨਿਖੇਧੀ ਉਨ੍ਹਾਂ ਨੇ ਭੇਡੂ ਕਿਸਮ ਦੇ, ਲਾਈਲੱਗ, ਦੱਬੂ, ਮੂੰਹ ਵਿਚ ਘੁੰਗਣੀਆਂ ਪਾ ਕੇ ਦੂਜਿਆਂ ਦੇ ਪਿੱਛੇ ਲਗਣ ਵਾਲੇ, ਬੇਈਮਾਨ, ਬੇਅਕਲ ਤੇ ਪਖੰਡੀ ਇਨਸਾਨਾਂ ਦੀ ਕੀਤੀ ਹੈ, ਇੰਨੀ ਸ਼ਾਇਦ ਕਿਸੇ ਹੋਰ ਦੀ ਨਾ ਕੀਤੀ ਹੋਵੇਗੀ।

ਪਰ ਪ੍ਰਸ਼ੰਸਾ ਦੇ ਖੇਤਰ ਵਿਚ ਉਨ੍ਹਾਂ ਨੇ ਹੱਥ ਖੁਲ੍ਹ ਕੇ ਨਹੀਂ ਵਰਤਿਆ ਕਿਉਂਕਿ ਹੁਣ ਵਾਂਗ ਪ੍ਰਸ਼ੰਸਾਲਾਇਕ ਇੱਥੇ ਬਹੁਤਾ ਕੁਝ ਹੈ ਹੀ ਨਹੀਂ ਸੀ। ਉਨ੍ਹਾਂ ਨੇ ਆਪਣੀ ਸੋਚ ਦੇ ਮੁੱਦੇ ‘ਕਰਤਾਰ’ ਤੋਂ ਬਿਨਾ ਕੇਵਲ ਦੋ ਚੀਜ਼ਾਂ ਦੀ ਹੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਵਿਚੋਂ ਇਕ ਹੈ, ਮਨੁੱਖੀ ਕਿਰਤ ਅਤੇ ਦੂਜਾ ਹੈ, ਸੱਚਖੰਡ। ਮਨੁੱਖੀ ਕਿਰਤ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ, “ਸਰਮ ਖੰਡ ਕੀ ਬਾਣੀ ਰੂਪ॥ ਤਿਥੈ ਘਾੜਤ ਘੜੀਐ ਬਹੁਤ ਅਨੂਪ॥” ਇਸ ਦੀ ਹੋਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਲਿਖਿਆ, “ਤਿਥੈ ਘੜੀਐ ਸੁਰਤਿ ਮਤਿ ਮਨ ਬੁਧਿ॥”
ਇਸ ਦਾ ਸਿੱਧਾ ਅਰਥ ਹੈ ਕਿ ਸਰਮ ਭਾਵ ਕਿਰਤ ਮਨੁੱਖ ਦੀ ਸੁਰਤ, ਮਤ, ਮਨ ਤੇ ਬੁਧੀ ਨੂੰ ਵੀ ਤਰਾਸ਼ਦੀ ਹੈ। ਇਸ ਕਥਨ ਦੀ ਪ੍ਰਮਾਣਿਕਤਾ ਦੇ ਹੱਕ ਵਿਚ ਕਈ ਵਿਗਿਆਨਕ ਹਵਾਲੇ ਦਿੱਤੇ ਜਾ ਸਕਦੇ ਹਨ, ਪਰ ਲੋੜ ਨਹੀਂ, ਕਿਉਂਕਿ ਇਹ ਗੱਲ ਸਵੈ-ਪ੍ਰਤੱਖ ਵੀ ਹੈ। ਲੋੜ ਹੈ, ਇਸ ਬਾਰੇ ਮੁੱਢਲੀ ਜਾਣਕਾਰੀ ਦੀ। ਅਜੋਕੇ ਰਾਗੀ, ਢਾਡੀ ਤੇ ਪ੍ਰਚਾਰਕ ਅਤੇ ਉਨ੍ਹਾਂ ਪਿੱਛੇ ਲੱਗੇ ਸਭ ਸਿੱਖ ਵਿਦਵਾਨ ਤੇ ਸ਼ਰਧਾਲੂ ਇਨ੍ਹਾਂ ਸ਼ਬਦਾਂ (ਸੁਰਤਿ ਮਤਿ ਮਨ ਬੁਧਿ ਆਦਿ) ਦੀ ਇਕੋ ਰੱਸੇ ਬੰਨ ਕੇ ਵਿਆਖਿਆ ਕਰਦੇ ਹਨ। ਅਜਿਹਾ ਠੀਕ ਨਹੀਂ, ਕਿਉਂਕਿ ਇਹ ਸਦੀਆਂ ਤੋਂ ਚਲੇ ਆ ਰਹੇ ਵਿਸ਼ੇਸ਼ ਅਰਥਾਂ ਵਾਲੇ ਸੰਕਲਪ ਹਨ, ਜਿਨ੍ਹਾਂ ਨੂੰ ਸਹੀ ਪਛਾਣ ਕਰ ਕੇ ਹੀ ਵਰਤਣਾ ਚਾਹੀਦਾ ਹੈ।
ਇਨ੍ਹਾਂ ਨੂੰ ਆਸਾਨੀ ਨਾਲ ਸਮਝਣ ਲਈ ਇਕ ਨਵ-ਜਨਮੇ ਬੱਚੇ ਦੀ ਮਿਸਾਲ ਲਾਭਕਾਰੀ ਰਹੇਗੀ। ਪੈਦਾ ਹੋਣ ਤੋਂ ਪਹਿਲਾਂ ਬੱਚੇ ਕੋਲ ਨਾ ਸੁਰਤ ਹੁੰਦੀ ਹੈ, ਨਾ ਮਨ; ਨਾ ਮਤ ਤੇ ਨਾ ਬੁਧੀ। ਜੌਨ ਲਾਕ ਦੇ ਕਹਿਣ ਅਨੁਸਾਰ ਉਸ ਦਾ ਮਨ ਇਕ ਸਾਫ ਸਲੇਟ ਵਾਂਗ ਹੁੰਦਾ ਹੈ। ਜਨਮ ਪਿਛੋਂ ਸਭ ਤੋਂ ਪਹਿਲਾਂ ਉਸ ਨੂੰ ਸੁਰਤ (ਛੋਨਸਚੁਸਨeਸਸ) ਆਉਂਦੀ ਹੈ ਤੇ ਉਹ ਬਾਹਰਲੇ ਵਾਤਾਵਰਣ ਨੂੰ ਅਨੁਭਵ ਕਰਦਾ ਹੈ। ਉਹ ਰੋ ਕੇ ਦੱਸਦਾ ਹੈ ਕਿ ਉਹ ਸੰਸਾਰ ਵਿਚ ਆ ਗਿਆ ਹੈ ਤੇ ਸਰੀਰਕ ਤੌਰ ‘ਤੇ ਦੁੱਖ-ਸੁੱਖ ਅਨੁਭਵ ਕਰਦਾ ਹੈ। ਸੁਰਤ (ਛੋਗਨਟਿਨ) ਦਾ ਭਾਵ ਜਿਉਂਦੇ ਹੋਣ ਦੀ ਅਵਸਥਾ ਵਿਚ ਹੋ ਕੇ ਜੀਵਨ ਸੰਕੇਤ ਦੇਣਾ ਹੈ। ਇਹ ਜੀਵ ਦੀ ਕਿਸੇ ਵੀ ਕਾਰਕੀ ਕ੍ਰਿਆ ਪ੍ਰਤੀ ਜਾਨਵਰੀ ਪ੍ਰਤੀਕਰਮ ਦਾ ਨਾਂ ਹੈ। ਜਦੋਂ ਬੀਮਾਰ ਅੱਖਾਂ ਦੀਆਂ ਪੁਤਲੀਆਂ ਫੇਰਦਾ ਹੈ ਜਾਂ ਕਿਸੇ ਨੂੰ ਪਛਾਣਦਾ ਹੈ ਤਾਂ ਡਾਕਟਰ ਮੰਨਦੇ ਹਨ ਕਿ ਇਸ ਨੂੰ ਸੁਰਤ ਹੈ।
ਸੁਰਤ ਤੋਂ ਬਾਅਦ ਉਸ ਅੰਦਰਲੇ ਵਲਵਲੇ ਜਾਂ ਹਾਵ ਭਾਵ ਪ੍ਰਗਟ ਹੋਣੇ ਸ਼ੁਰੂ ਹੁੰਦੇ ਹਨ। ਦੁਆਲੇ ਚੀਜ਼ਾਂ ਵੇਖ ਕੇ ਉਹ ਵਿਚਲਿਤ ਹੁੰਦਾ ਹੈ ਤੇ ਉਨ੍ਹਾਂ ਨੂੰ ਫੜਨਾ ਜਾਂ ਦੂਰ ਕਰਨਾ ਚਾਹੁੰਦਾ ਹੈ। ਇਨ੍ਹਾਂ ਅਧੀਨ ਉਹ ਖਾਂਦਾ, ਪੀਂਦਾ ਤੇ ਰੋਂਦਾ ਹੈ। ਕਈ ਵਾਰ ਇੱਲਤ ਤੇ ਅੜਵਾਈ ਵੀ ਕਰਦਾ ਹੈ। ਇਹ ਸਭ ਉਸ ਦੇ ਮਨ ਦੀਆਂ ਪ੍ਰਕ੍ਰਿਆਵਾਂ ਹਨ, ਜੋ ਸੋਚ ਦੀ ਅਣਹੋਂਦ ਕਾਰਨ ਉਸ ਅੰਦਰ ਆਪ ਮੁਹਾਰੇ ਚਲਦੀਆਂ ਰਹਿੰਦੀਆਂ ਹਨ।
ਮਨ ਚੰਚਲ ਤੇ ਪਰਿਵਰਤਨਸ਼ੀਲ ਹੈ। ਇਸ ਵਿਚ ਉਤਾਰ ਚੜਾਅ ਚਲਦੇ ਰਹਿੰਦੇ ਹਨ, ਜੋ ਉਸ ਦੇ ਵਿਹਾਰ ਦੀ ਅਗਵਾਈ ਕਰਦੇ ਹਨ। ਇਹੀ ਚੰਚਲਤਾ ਅੱਗੇ ਚਲ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਜਿਹੇ ਮਨੋਵੇਗਾਂ ਵਿਚ ਤਬਦੀਲ ਹੋ ਜਾਂਦੀ ਹੈ। ਜੋ ਇਨ੍ਹਾਂ ਵਿਚ ਉਲਝ ਜਾਂਦੇ ਹਨ, ਉਹ ਉਲਾਰ ਅਵਸਥਾ ਵਿਚ ਪੈ ਜਾਂਦੇ ਹਨ। ਇਨ੍ਹਾਂ ਵਿਕਾਰਾਂ ‘ਚੋਂ ਨਿਕਲਣ ਲਈ ਤਰਕ ਤੇ ਵਿਵੇਕ ਦੀ ਲੋੜ ਪੈਂਦੀ ਹੈ, ਜੋ ਪੱਛੜ ਕੇ ਆਉਂਦੇ ਹਨ। ਇਨ੍ਹਾਂ ਦੀ ਅਣਹੋਂਦ ਵਿਚ ਜ਼ਮੀਰ ਕੰਮ ਕਰਦੀ ਹੈ। ਇਹ ਮਨ ਦੀ ਹੀ ਇਕ ਸਹਾਇਕ ਪਰ ਲੇਟ ਆਉਣ ਵਾਲੀ ਸਮਰੱਥਾ ਹੈ, ਜਿਸ ਨੂੰ ਅੰਤਹਕਰਣ ਵੀ ਕਹਿੰਦੇ ਹਨ। ਇਹ ਬੁੱਧੀ ਨਹੀਂ ਹੁੰਦੀ ਸਗੋਂ ਮਨ ਦੀ ਹੀ ਨਿਜੀ ਸਲਾਹਕਾਰ (Aਲਟeਰ-eਗੋ) ਹੁੰਦੀ ਹੈ। ਇਸ ਲਈ ਇਹ ਕਦੇ ਮਨੁੱਖ ਦੇ ਸਵਾਰਥ ਤੋਂ ਸੁਤੰਤਰ ਨਹੀਂ ਹੋ ਸਕਦੀ। ਮਨ ਨਾਲ ਜੁੜੀ ਹੋਣ ਕਰਕੇ ਇਸ ਦੀ ਪਹੁੰਚ ਵੀ ਦੁਰਾਡੀ ਨਹੀਂ ਹੁੰਦੀ। ਇਸ ਲਈ ਇਸ ਦੇ ਪ੍ਰਭਾਵ ਹੇਠ ਮਨੁੱਖ ਆਪੇ ਤੋਂ ਬਾਹਰ ਨਿਕਲਦਾ ਤਾਂ ਹੈ, ਪਰ ਅੰਨੇ ਬੰਦੇ ਵਾਂਗ ਆਪਣਿਆਂ ਨੂੰ ਹੀ ਮੁੜ ਘਿੜ, ਰਿਓੜੀਆਂ ਵੰਡੀ ਜਾਂਦਾ ਹੈ। ਇਸ ਤਰ੍ਹਾਂ ਸੁਰਤ, ਮਨ ਤੇ ਅੰਤਹਕਰਣ ਨਾਲ ਮਨੁੱਖ ਚੀਜ਼ਾਂ, ਵਸਤਾਂ, ਲੋਭ, ਲਾਲਚ, ਹਿਰਸ, ਗੁੱਸਾ, ਕਾਮ ਤੇ ਅਭਿਮਾਨ ਸਬੰਧੀ ਸਰਗਰਮੀਆਂ ਵਿਚ ਵਿਚਰਦਾ ਰਹਿੰਦਾ ਹੈ।
ਅਗਲੀ ਵਾਰੀ ਬੁਧਿ ਜਾਂ ਬੁੱਧੀ ਦੀ ਹੈ, ਜੋ ਤਰਕ ਦਾ ਭੰਡਾਰ ਹੈ। ਜੌਨ ਲਾਕ ਕਹਿੰਦਾ ਹੈ, ਬੁੱਧੀ ਦਾ ਚਿਰਾਗ ਹਰ ਮਨੁੱਖ ਦੇ ਮਨ ਵਿਚ ਕੁਦਰਤ ਵਲੋਂ ਜੜਿਆ ਹੁੰਦਾ ਹੈ। ਇਸ ਦਾ ਕੰਮ ਮਨੁੱਖ ਨੂੰ ਰੋਸ਼ਨੀ ਦੇ ਕੇ ਸਹੀ ਰਾਹ ਦਿਖਾਉਣਾ ਹੈ। ਇਸ ਦੀ ਵਰਤੋਂ ਨਾਲ ਉਹ ਆਲੇ-ਦੁਆਲੇ ਦਾ ਸਹੀ ਨਿਰੀਖਣ ਕਰ ਕੇ ਜ਼ਮੀਰ ਤੋਂ ਅੱਗੇ ਦੇਖ ਸਕਦਾ ਹੈ। ਇਸ ਨਾਲ ਉਹ ਲੋੜੀਂਦੀਆਂ ਵਸਤਾਂ ਦਾ ਮੁਲਾਂਕਣ ਕਰ ਕੇ ਇਨ੍ਹਾਂ ਨੂੰ ਘੱਟ ਤੋਂ ਘੱਟ ਦੇਰੀ, ਕੀਮਤ, ਜੋਖਮ ਤੇ ਹਿੰਸਾ ਨਾਲ ਪ੍ਰਾਪਤ ਕਰਦਾ ਹੈ। ਬੁੱਧ-ਵਿਵੇਕ ਹਿਸਾਬੀ-ਕਿਤਾਬੀ ਕਾਰਜ ਹੈ, ਜੋ ਮਨੁੱਖ ਨੂੰ ਵਿਸ਼ਲੇਸ਼ਣ ਰਾਹੀਂ ਸੋਚ-ਵਿਚਾਰ, ਘਾਟਾ-ਵਾਧਾ, ਚੰਗਾ-ਮੰਦਾ ਆਦਿ ਦਾ ਗਿਆਨ ਦਿੰਦਾ ਹੈ। ਮਨੁੱਖ ਅਕਲ ਵਰਤਦਾ ਹੈ, ਤਰਕ ਫੜਦਾ ਹੈ, ਦਲੀਲਾਂ ਘੜ੍ਹਦਾ ਹੈ ਅਤੇ ਆਪਣੀ ਸੁਰੱਖਿਆ ਤੇ ਸਵਾਰਥ ਪ੍ਰਤੀ ਕਾਰਜਾਂ ਨੂੰ ਸਮਾਜਕ ਪੱਧਰ ‘ਤੇ ਲੈ ਜਾਂਦਾ ਹੈ ਤੇ ਲਾਭਕਾਰੀ ਢੰਗ ਨਾਲ ਅੱਗੇ ਤੋਰਦਾ ਹੈ। ਚੁਫੇਰੇ ਧਿਆਨ ਮਾਰੀਏ ਤਾਂ ਰੋਟੀ, ਮਕਾਨ ਤੇ ਕੰਮਾਂ-ਕਾਰਾਂ ਦੇ ਚੱਕਰ ਵਿਚ ਉਲਝੀ ਅੱਜ ਦੀ 99.99% ਜਾਂ ਇਸ ਤੋਂ ਵੀ ਵੱਧ ਆਬਾਦੀ ਇਸੇ ਪੱਧਰ ‘ਤੇ ਜੀਅ ਰਹੀ ਹੈ। ਮਤਿ ਦੀ ਅਵਸਥਾ ਇਸ ਤੋਂ ਉਪਰਲੀ ਹੈ।
ਮਤਿ ਦਾ ਭਾਵ ਹੈ-ਸਹੂਰ, ਦਿਸ਼ਾ, ਤਰੀਕਾ, ਇਲਮ, ਸਿੱਖਿਆ, ਆਲਮੀ ਸੋਚ-ਸੰਦਰਭ ਜਾਂ ਅਤਿ-ਉਤਮ ਵਿਚਾਰ, ਸਿਸ਼ਟਾਚਾਰ, ਤੇ ਇਨ੍ਹਾਂ ਪ੍ਰਤੀ ਧਾਰੀ ਪੱਕੀ ਸੋਚ। ਮਤਿ ਜਾਂ ਸੱਚੀ ਮੱਤ ਵਿਚੋਂ ਮਾਨਵਤਾ, ਪ੍ਰਮਾਰਥ, ਜਨ-ਕਲਿਆਣ, ਸਰਬਪੱਖੀ ਵਿਕਾਸ ਤੇ ਸੁਹਜ ਵਾਲੇ ਵਿਚਾਰਾਂ ਨਾਲ ਪੱਕੀ ਪ੍ਰਤੀਬੱਧਤਾ ਤੇ ਚੜ੍ਹਦੀ ਕਲਾ ਦੀ ਰੌਂਅ ਵਾਲੇ ਕਈ ਭਾਵ ਉਮਡਦੇ ਹਨ। ਇਸ ਦਾ ਕੰਮ ਮਨੁੱਖ ਨੂੰ ਪਸੂ ਭਾਵ ਹੇਠਲੇ ਬੌਧਿਕ ਪੱਧਰ ਤੋਂ ਉਤਲੇ ਬੌਧਿਕ ਪੱਧਰ ‘ਤੇ ਲੈ ਜਾਣਾ ਹੈ। ਜੌਨ ਲਾਕ ਨੇ ਇਸ ਬਾਰੇ ਕੁਝ ਨਹੀਂ ਲਿਖਿਆ ਕਿਉਂਕਿ ਉਸ ਦਾ ਮਨੋਰਥ ਬੜਾ ਸੀਮਤ ਸੀ, ਪਰ ਅਰਸਤੂ ਨੇ ਇਸ ਬਾਰੇ ਕਿਹਾ ਹੈ ਕਿ ਉਚਤਮ ਬੌਧਿਕਤਾ ਦੀ ਅਵਸਥਾ ਪ੍ਰਾਪਤ ਕਰਨਾ ਹੀ ਮਨੁੱਖ ਦੇ ਜੀਵਨ ਦਾ ਅੰਤਿਮ ਉਦੇਸ਼ ਹੈ।
ਮਾਰਕਸ ਨੇ ਕਿਹਾ ਹੈ ਕਿ ਵਸਤ ਆਧਾਰਤ ਮੁਢਲੀਆਂ ਲੋੜਾਂ ਦੀ ਪੂਰਤੀ ਤੋਂ ਬਾਅਦ ਹੀ ਮਨੁੱਖ ਸਹੀ ਤੇ ਸੁਤੰਤਰ ਸੋਚ ਸਹਾਰੇ ਗਿਆਨ-ਵਿਗਿਆਨ ਦੇ ਖੇਤਰ ਵਿਚ ਪ੍ਰਵੇਸ਼ ਕਰ ਸਕੇਗਾ। ਥੁੜ੍ਹ ਤੋਂ ਮੁਕਤੀ ਤੇ ਸੁਤੰਤਰ ਵਿਚਾਰਾਂ ਨੂੰ ਉਸ ਨੇ ਸਭਿਆ ਜੀਵਨ ਦੀ ਸਿਖਰ ਮੰਨਿਆ ਹੈ। ਇਸ ਤਰ੍ਹਾਂ ਸੰਸਾਰ ਪੱਧਰ ਦੇ ਸਾਰੇ ਫਿਲਾਸਫਰਾਂ ਅਨੁਸਾਰ ਮਨੁੱਖੀ ਮਤਿ ਦਾ ਵਿਕਾਸ ਵਸਤਾਂ ਤੋਂ ਵਿਚਾਰਾਂ ਵਲ ਚਲਦਾ ਹੈ।
ਪਰ ਗੁਰੂ ਨਾਨਕ ਹੀ ਇਕ ਅਜਿਹਾ ਸਿਧਾਂਤਕਾਰ ਹੈ, ਜਿਸ ਨੇ ਬੁੱਧੀ ਨੂੰ ਧਨਾਤਮਕ ਸਿੱਖਿਆ ਨਾਲ ਜੋੜ ਕੇ ਮਤਿ ਦਾ ਸੰਕਲਪ ਦਿੱਤਾ। ਉਨ੍ਹਾਂ ਨੇ ਬੁੱਧੀ ਨੂੰ ‘ਗੁਰ’ ਦਾ ਸਹਾਰਾ ਦੇ ਕੇ ਗੁਰਮਤਿ ਦੀ ਕਲਪਨਾ ਕੀਤੀ ਤੇ ਇਸ ਨੂੰ ਸਾਕਾਰਾਤਮਕ ਖੋਜ ਅਤੇ ਗਿਆਨ ਦੇ ਗਲਿਆਰਿਆਂ ਵਿਚ ਲਿਆਂਦਾ। ਉਨ੍ਹਾਂ ਨੇ ਮਨੁੱਖ ਦਾ ਧਿਆਨ ਵਸਤਾਂ ਤੇ ਵਿਅਕਤੀਆਂ ਅਤੇ ਵਿਕਾਰਾਂ ਤੋਂ ਹਟਾ ਕੇ ਵਿਚਾਰਾਂ ਵਾਲੇ ਪਾਸੇ ਘੁਮਾਇਆ ਤੇ ਉਸ ਨੂੰ ਖੋਜ ਦਾ ਵਿਵੇਕੀ ਕਾਰਜ ਸੰਭਾਲਿਆ। ਉਨ੍ਹਾਂ ਅਨੁਸਾਰ ਮਨੁੱਖੀ ਬੁੱਧੀ ਦਾ ਮੁੱਖ ਕਾਰਜ-ਖੇਤਰ ਪਸੂ-ਬਿਰਤੀਆਂ ਦੀ ਪੂਰਤੀ ਤੋਂ ਉਪਰ ਉਠ ਕੇ ਉਤਲੇ ਪੱਧਰ ਦੇ ਪ੍ਰਸ਼ਨਾਂ ਦੇ ਤਰਕ-ਸੰਗਤ ਸਮਾਧਾਨ ਨਾਲ ਦੋ ਚਾਰ ਹੋਣਾ ਹੈ।
ਉਨ੍ਹਾਂ ਦੇ ਮਤਿ ਅਨੁਸਾਰ ਮਨੁੱਖ ਨੂੰ ਆਪਣੀ ਬੁੱਧੀ ਦੀ ਵਰਤੋਂ ਕੁਦਰਤ ਤੇ ਕੁਦਰਤ ਦੀ ਸੰਚਾਲਨ ਕ੍ਰਿਆ ਦੇ ਭੇਦਾਂ ਦੇ ਅਧਿਐਨ ਲਈ ਕਰਨੀ ਚਾਹੀਦੀ ਹੈ, ਕਿਉਂਕਿ ਇਹ ਉਸੇ ਦਾ ਹੀ ਕਾਰਜ ਬਣਦਾ ਹੈ, ਕਿਸੇ ਹੋਰ ਜੀਵ ਜੰਤੂ ਦਾ ਨਹੀਂ। ਇਸ ਤਰ੍ਹਾਂ ਗੁਰੂ ਨਾਨਕ ਨੇ ‘ਬੁਧ’ ਤੋਂ ਉਤਲੀ ਅਵਸਥਾ ‘ਮਤਿ’ ਦੀ ਪਛਾਣ ਕਰਵਾ ਕੇ ਆਪਣੇ ਸਿੱਖਾਂ ਨੂੰ ਇਸ ਵਿਚ ਪ੍ਰਵੇਸ਼ ਕਰਨ ਲਈ ਉਤਸ਼ਾਹਿਤ ਕੀਤਾ। ਸਿੱਖ-ਮੱਤ ਦਾ ਮੁੱਢ ਬੰਨ੍ਹ ਕੇ ਉਨ੍ਹਾਂ ਨੇ ਸੱਚ ਮੁੱਚ ਹੀ ਮਨੁੱਖ ਨੂੰ ਉਸ ਦਾ ਸਹੀ ਸਥਾਨ ਦਿਖਾਇਆ ਤੇ ਮਾਨਵ ਤੋਂ ਦੇਵਤੇ ਦੇ ਪੱਧਰ ‘ਤੇ ਪਹੁੰਚਾਇਆ।
ਗੁਰੂ ਨਾਨਕ ਨੇ ਸਿੱਖੀ ਦੀ ਮੱਤ ਸਮਝਾ ਕੇ ਸਿੱਖਾਂ ਨੂੰ ਸਵਾਰਥ ਤੇ ਵਿਕਾਰਾਂ ਦੇ ਦਾਇਰੇ ਤੋਂ ਉਪਰ ਚੁੱਕ ਕੇ ਬ੍ਰਹਿਮੰਡੀ ਪਸਾਰੇ ਦੀ ਖੋਜ ਦਾ ਕਾਰਜ-ਕਰਮ ਦਿੱਤਾ। ਸਤਿਨਾਮ ਦੀ ਖੋਜ ਨਾਲ ਜੁੜਿਆ ਹੋਣ ਕਰ ਕੇ ਉਨ੍ਹਾਂ ਨੇ ਇਸ ਸਮੁੱਚੇ ਕਾਰਜ ਨੂੰ ਨਾਮ ਧਿਆਉਣ ਜਾਂ ਨਾਮ ਜਪਣ ਦੀ ਸੰਗਿਆ ਦਿਤੀ, ਪਰ ਬ੍ਰਾਹਮਣਵਾਦੀ ਪਰੰਪਰਾਵਾਂ ਦੇ ਪ੍ਰਭਾਵ ਅਨੁਸਾਰ ਸਿੱਖ-ਸ਼ਰਧਾਲੂ ਇਸ ਨੂੰ ਤੋਤਾ-ਰਟ ਸਮਝ ਬੈਠੇ। ਉਨ੍ਹਾਂ ਨੇ ਹਿੰਦੂ ਸ਼ਰਧਾਲੂਆਂ ਵਾਂਗ ਗੁਰੂ ਦੀ ਬਾਣੀ ਨੂੰ ਮੰਤਰਾਂ ਵਾਂਗ ਰਟ ਕੇ ਪੜ੍ਹਨਾ ਅਰੰਭ ਦਿਤਾ ਤੇ ਇਸ ਦੇ ਅਰਥਾਂ ਨੂੰ ਸਮਝਣ ਤੇ ਜੋਰ ਨਾ ਦਿਤਾ। ਹਿੰਦੂਆਂ ਦੀ ਦੇਖਾ-ਦੇਖੀ ਉਹ ਆਪਣੇ ਵਿਗਿਆਨਕ ਮੱਤ ਨੂੰ ਸਿੱਖ ਧਰਮ ਦੱਸ ਕੇ ਆਪਣੀ ਧਾਰਮਿਕ ਕਟੱੜਤਾ ਮਜ਼ਬੂਤ ਕਰਦੇ ਰਹੇ। ਸਿੱਟੇ ਵਜੋਂ ਅੱਜ ਗੁਰੂ ਨਾਨਕ ਦਾ ਸਿੱਖ-ਮੱਤ ਸਾਰੀ ਦੁਨੀਆਂ ਵਿਚ ਦੂਜੇ ਸਭ ਧਰਮਾਂ ਵਾਂਗ ਇਕ ਧਰਮ ਹੀ ਮੰਨਿਆ ਜਾਂਦਾ ਹੈ।
ਇਸ ਨਾਲ ਗੁਰੂ ਨਾਨਕ ਦੀ ਅੱਦੁਤੀ ਪ੍ਰਤਿਭਾ ਨਾਲ ਬਹੁਤ ਅਨਿਆਂ ਹੋਇਆ ਹੈ। ਹਿੰਦੂ-ਧਰਮ, ਈਸਾਈ-ਮੱਤ, ਇਸਲਾਮ ਆਦਿ ਮਿੱਥਿਆ-ਆਧਾਰਤ ਧਰਮਾਂ ਦੀ ਤਾਂ ਗੱਲ ਹੀ ਛੱਡੋ, ਗੁਰੂ ਨਾਨਕ ਦੀ ਵਿਵੇਕੀ ਪਹੁੰਚ ਸੁਕਰਾਤ, ਪਲੈਟੋ, ਸੇਂਟ ਐਕੁਆਨਸ, ਦਾਂਤੇ, ਹਾਬਜ਼ ਲਾਕ ਰੂਸੋ, ਕਾਂਤ, ਹੀਗਲ, ਮਾਰਕਸ, ਗੈਲੀਲੀਓ ਨਿਉਟਨ ਤੇ ਆਈਨਸਟੀਨ ਜਿਹੇ ਸਾਰੇ ਵਿਸ਼ਵ-ਪ੍ਰਸਿੱਧ ਦਾਰਸ਼ਨਿਕਾਂ ਤੇ ਵਿਗਿਆਨੀਆਂ ਤੋਂ ਵੀ ਕਿਤੇ ਉਚੇਰੀ ਹੈ। ਇਕ ਤਰ੍ਹਾਂ ਨਾਲ ਸੰਸਾਰ ਦੇ ਇਹ ਸਾਰੇ ਹੀ ਬੁੱਧੀਜੀਵੀ ਬਾਬੇ ਨਾਨਕ ਦੇ ਗੁਰ-ਮੰਤਰ ‘ਤੇ ਚਲਦਿਆਂ ਉਨ੍ਹਾਂ ਦੀ ਸਿੱਖੀ ਸੋਚ ‘ਤੇ ਪਹਿਰਾ ਦਿੰਦੇ ਜਾਪਦੇ ਹਨ! ਇਹ ਇਸ ਲਈ ਕਿ ਜਿਸ ਵਿਗਿਆਨ-ਵਿਵੇਕੀ ਰੱਥ ਨੂੰ ਇਨ੍ਹਾਂ ਵਿਦਵਾਨਾਂ ਨੇ ਵਾਹਿਆ, ਉਸ ਦੀ ਵਿਧੀਵੱਤ ਰੂਪ-ਰੇਖਾ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਪਣੀ ਵਿਲੱਖਣ ‘ਨਦਰ’ ਨਾਲ ਆਪ ਤਿਆਰ ਕੀਤੀ ਸੀ। ਇਹ ਗੱਲ ਵੱਖਰੀ ਹੈ ਕਿ ਗਿਆਨ ਦੇ ਵਿਕਾਸ਼ ਵਿਚ ਉਨ੍ਹਾਂ ਦਾ ਬਣਦਾ ਸਥਾਨ ਉਨ੍ਹਾਂ ਨੂੰ ਦਿਵਾਉਣ ਲਈ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦੇ ਆਪਣੇ ਹੀ ‘ਸਿੱਖ’ ਉਨ੍ਹਾਂ ਨੂੰ ਇਕ ਧਾਰਮਿਕ ਆਗੂ ਤੋਂ ਵੱਧ ਕੁਝ ਹੋਰ ਨਾ ਦੇਖ ਸਕੇ।
ਗੁਰੂ ਨਾਨਕ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜਿਹੇ ਬਾਧਾਕੁਨ ਵਲਵਲਿਆਂ ਤੋਂ ਉਪਰ ਉਠ ਕੇ ਉਚੀ ਮਤਿ ਨਾਲ ਕੁਦਰਤ ਘੋਖਣ ਦੀ ਸਿੱਖਿਆ ਦਿੱਤੀ। ਹੁਣ ਸ਼ਰਧਾਵਾਨ ਪਾਠਕ ਆਪ ਹੀ ਅੰਦਾਜ਼ਾ ਲਾਉਣ ਕਿ ‘ਮਨ ਨੀਵਾਂ ਮਤਿ ਉਚੀ’ ਦਾ ਹੋਕਾ ਦੇਣ ਵਾਲਾ ਅਜੋਕਾ ਸਿੱਖ ਪਿਛਲੇ ਸਾਢੇ ਪੰਜ ਸੌ ਸਾਲਾਂ ਵਿਚ ਕਿੰਨਾ ਕੁ ਮਾਨਵ ਤੋਂ ਦੇਵਤਾ ਬਣਿਆ ਹੈ? ਉਹ ਦੇਖਣ ਕਿ ਕਿੰਨੇ ਕੁ ਸਿੱਖ ਵਿਦਵਾਨ, ਪ੍ਰਚਾਰਕ, ਰਾਗੀ, ਢਾਡੀ, ਪਾਠੀ ਤੇ ਪ੍ਰਬੰਧਕ ਚੀਜ਼ਾਂ-ਵਸਤਾਂ, ਗੋਲਕਾਂ ਤੇ ਵੋਟਾਂ ਦੇ ਦਾਇਰੇ ‘ਚੋਂ ਨਿਕਲ ਕੇ ਵਿਚਾਰ, ਖੋਜ, ਗਿਆਨ ਤੇ ਵਿਗਿਆਨ ਦੀ ਗੱਲ ਕਰਦੇ ਹਨ? ਉਹ ਇਹ ਵੀ ਦੇਖਣ ਕਿ ਕਿੰਨੇ ਕੁ ਸਿੱਖ ਸ਼ਰਧਾਲੂ ਚੌਧਰਾਂ, ਮੈਂਬਰੀਆਂ, ਮੈਨੇਜਰੀਆਂ ਤੇ ਸਿਰੋਪਾਓ ਜਿਹੇ ਮਾਨਾਂ-ਸਨਮਾਨਾਂ ਦਾ ਮੋਹ ਤਿਆਗ ਕੇ ਗੁਰਮਤਿ ਅਨੁਸਾਰ ਨੀਵੇਂ ਮਨ ਦੇ ਧਾਰਨੀ ਹੋ ਕੇ ਸੇਵਾ ਨਾਲ ਜੁੜਦੇ ਹਨ ਤੇ ਉਚੀ ਮਤਿ ਨਾਲ ਕੁਦਰਤ ਦੇ ਭੇਦ ਫਰੋਲਦੇ ਹਨ। ਬਾਕੀ ਗੱਲਾਂ ਵੀ ਉਹ ਆਪ ਹੀ ਦੇਖਣ, ਕਿਉਂਕਿ ਹੁਣ ਨਾਨਕੀ ਸੋਚ ਦੇ ਮਾਪ ਦੰਡ ਤਾਂ ਉਹ ਸਮਝ ਹੀ ਗਏ ਹਨ।