ਮਰਦਾਨਿਆ! ਕਾਈ ਨਾਨਕ ਦੀ ਖਬਰ ਆਖ਼ਿ..

ਗੱਜਣਵਾਲਾ ਸੁਖਮਿੰਦਰ ਸਿੰਘ
ਰੀਸਰਚ ਸਕਾਲਰ
ਵਟਸਐਪ ਨੰ. 91-99151-06449
ਤਲਵੰਡੀ (ਰਾਇ-ਭੋਇ) ਦੇ ਗਲੀ-ਮੁਹੱਲਿਆਂ ‘ਚ ਖੇਲਣ-ਵਿਚਰਨ ਵਾਲੇ ਬਾਬੇ ਨਾਨਕ ਅਤੇ ਭਾਈ ਮਰਦਾਨੇ ਦੇ ਲੰਮੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮੁਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ, ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨੇ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਫਜ਼ੀਲਤ ਜਾਣੀ। ਇਸੇ ਕਰਕੇ ਉਹ ਆਪਣੇ ਦੀਨ ਵਿਚ ਰਹਿ ਕੇ ਬਿਖੜੇ ਪੈਂਡੇ-ਲੰਮੀਆਂ ਰਾਹਾਂ ਦੀਆਂ ਤਕਲੀਫਦੇਹ ਚੁਣੌਤੀਆਂ ਝੱਲਦਾ ਗੁਰੂ-ਆਸ਼ੇ ‘ਤੇ ਪੂਰਾ ਖਰਾ ਉਤਰਿਆ।

ਬੇਸ਼ਕ ਭਾਈ ਮਰਦਾਨੇ ਦਾ ਇਕ ਗਰੀਬ ਪੱਛੜੇ ਘਰਾਣੇ ਨਾਲ ਸਬੰਧ ਸੀ, ਪਰ ਉਸ ਦਾ ਹਿਰਦਾ ਰੱਬੀ ਰਮਜਾਂ ਦੀਆਂ ਬਾਰੀਕ ਪਰਤਾਂ ਦੀ ਸਮਝ ਤੋਂ ਮਨਫੀ ਨਹੀਂ ਸੀ। ਉਸ ਦੇ ਧੁਰ-ਮਨ ਅੰਦਰ ਸ਼ੁਰੂ ਵਿਚ ਹੀ ਇਸ ਗੱਲ ਦੀ ਵਸਾਈ ਹੋ ਗਈ ਸੀ ਕਿ ਇਹ ਗੁਰੂ ਬਾਬਾ ਕੋਈ ਆਮ ਪੁਰਖਾ ਨਹੀਂ, ਕੋਈ ਉਚ-ਮੰਡਲਾਂ ਦਾ ਵਾਸੀ ਹੈ, ਕੋਈ ਬ੍ਰਹਿਮੰਡੀ ਗਿਆਤਾ ਹੈ। ਉਸ ਦਾ ਜਵਾਨੀ ਬੁਢੇਪਾ ਅਤੇ ਉਮਰ ਦਾ ਅੰਤਲਾ ਪਹਿਰ ਗੁਰੂ ਸਾਹਿਬ ਦੇ ਲੇਖੇ ਲੱਗ ਜਾਣਾ ਇਸ ਦੀ ਗਵਾਹੀ ਭਰਦਾ ਹੈ। ਇਤਿਹਾਸ ਦੇ ਪੱਤਰੇ ਦਸਦੇ ਹਨ ਕਿ ਭਾਈ ਮਰਦਾਨਾ ਗੁਰੂ ਸਾਹਿਬ ਤੋਂ ਉਮਰ ਵਿਚ ਦਸ ਸਾਲ ਵੱਡਾ ਸੀ। ਪਹਿਲੀ ਉਦਾਸੀ ‘ਤੇ ਜਾਣ ਵੇਲੇ ਭਾਈ ਮਰਦਾਨਾ 41 ਸਾਲਾਂ ਦਾ ਸੀ। ਉਸ ਦੀ ਗੁਰੂ ਬਾਬੇ ਦੇ ਨਿਰੰਤਰ ਸਾਥ ਦੀ ਚਾਹਤ ਪੂਰੀ ਹਯਾਤੀ ਮਨ-ਮਸਤਕ ਅੰਦਰ ਐਸੀ ਛਾਈ ਰਹੀ ਕਿ ਉਹ ਵਾਰ ਵਾਰ ਗੁਰੂ ਸਾਹਿਬ ਅੱਗੇ ਫਰਿਆਦ ਕਰਦਾ ਸੁਣੀਂਦਾ, ਬਾਬਾ! ਮੈਂ ਇਕ ਹੋਰ ਦਾਨ ਦੀ ਭਿਖਿਆ ਮੰਗਦਾ ਹਾਂ ਕਿ ਮੈਂ ਸਦਾ ਤੁਹਾਡੇ ਨਾਲ ਰਹਾਂ। ‘ਕਬਹੂੰ ਨ ਤਜੀਏ ਦਯਾਲ। ਸਦਾ ਰਾਖ ਚਰਨਨ ਨਾਲ।’
ਗੁਰੂ ਸਾਹਿਬ ਨਾਲ ਵਰ੍ਹਿਆਂ ਬੱਧੀ ਸੰਗ ਕਰਦਿਆਂ ਭਾਈ ਮਰਦਾਨਾ ਤਲਵੰਡੀ ਵਾਲਾ ਗਰੀਬ ਡੂਮ ਨਹੀਂ ਸੀ ਰਿਹਾ, ਉਹ ਵੀ ਰੂਹਾਨੀਅਤ ਦੀ ਖਾਸ ਮੰਜ਼ਿਲ ਨੂੰ ਹਾਸਲ ਹੋ ਗਿਆ ਸੀ। ਬਾਰਾਂ ਵਰਿਆਂ ਦੇ ਵੱਡੇ ਭ੍ਰਮਣ ਪਿਛੋਂ ਇਕ ਵਾਰ ਜਦੋਂ ਦੋਵੇਂ-ਗੁਰੂ ਬਾਬਾ ਤੇ ਭਾਈ ਮਰਦਾਨਾ ਵਾਪਸ ਤਲਵੰਡੀ ਪਹੁੰਚੇ ਤਾਂ ਉਹ ਨਗਰ ਤੋਂ ਬਾਹਰ ਦੋ ਤਿੰਨ ਕੋਹ ਪਿੱਛੇ ਹੀ ਬੈਠ ਗਏ। ਤਦ ਭਾਈ ਮਰਦਾਨਾ ਆਖਦਾ, “ਬਾਬਾ ਜੀ! ਹੁਕਮੁ ਹੋਵੈ ਤਾਂ ਮੈਂ ਘਰ ਵਲੋਂ ਫਿਰਿ ਆਵਾਂ, ਜਾ ਕੇ ਵੇਖਾਂ ਮਾਣੁ (ਮਨੁੱਖ) ਮੁਏ ਗਏ, ਕੀ ਹਾਲ ਹੋਇਆ ਹੋਵੇਗਾ ਓਨਾਂ ਦਾ।” ਤਾਂ ਗੁਰੂ ਬਾਬੇ ਆਖਿਆ, “ਮਰਦਾਨੇ! ਤੂੰ ਚਲਾ ਜਾਹ, ਪਰ ਮੇਰਾ ਨਾਉਂ ਨਾਂਹ ਲਈਂ। ਜੇ ਕੋਇ ਆਇ ਆ ਕੇ ਤੈਨੂੰ ਪੁੱਛੇ ਕਿ ਨਾਨਕ ਦੀ ਕਾਈ ਖਬਰ? ਤਾਂ ਈਵੈ (ਇਵੇਂ) ਆਖੀਂ, ਮੈਂ ਜਾਣਦਾ ਨਾਹੀਂ, ਜਿਦੋਕਣਾ (ਜਦ ਦਾ) ਸੁਲਤਾਨਪੁਰਹੁ ਡੇਰਾ ਲੁਟਾਇ ਨਿਕਲਿਆ ਤਿਦੋਕਣਾ (ਤਦ ਦਾ) ਮੈਂ ਤਾਂ ਉਸ ਦਾ ਨਾਉ ਜਪਦਾ ਫਿਰਦਾ ਹਾਂ। ਪਤਾ ਨਹੀਂ ਕਿਥੇ ਚਲਾ ਗਇਆ। ਤੂੰ ਈਵੈ ਆਖੀਂ।”
ਭਾਈ ਮਰਦਾਨਾ ਗੁਰੂ ਸਾਹਿਬ ਨੂੰ ਪਿੰਡ ਤਲਵੰਡੀ ਤੋਂ ਬਾਹਰ ਉਥੇ ਹੀ ਬੈਠਾ ਕੇ ਆਪ ਅਬਾਦ ਘਰਾਂ ਵਿਚ ਚਲਾ ਗਿਆ। ਉਸ ਨੂੰ ਵੇਖ ਕੇ ਲੋਕ ਇਕੱਠੇ ਹੋਣ ਲੱਗੇ। ਲੋਕ ਆਖਣ ਲੱਗੇ, ‘ਮਰਦਾਨਾ ਡੂਮ ਆਇਆ, ਮਰਦਾਨਾ ਡੂਮ ਆਇਆ ਜੋ ਨਾਨਕ ਨਾਲ ਗਇਆ ਸਾ।’ ਸਭਿ ਆ ਆ ਉਸ ਦੇ ਪੈਰੀਂ ਪਈ ਜਾਣ, ਮੱਥਾ ਟੇਕੀ ਜਾਣ। ਇਕ ਦੂਜੇ ਨਾਲ ਘੁਸਰ ਮੁਸਰ ਜਿਹੀ ਕਰਦੇ ਆਖੀ ਜਾਣ, ਇਸ ਉਪਰ ਵੀ ਬਾਬੇ ਦੇ ਨਾਲ ਦਾ ਹੀ ਪਰਤਾਪ ਹੈ। ਇਹ ਪਹਿਲਾਂ ਵਾਲਾ ਮਰਦਾਨਾ ਨਹੀਂ ਰਿਹਾ, ਇਸ ਦੇ ਸਿਰ ‘ਤੇ ਵੀ ਉਸ ਬਾਬੇ ਨਾਨਕ ਦਾ ਹੀ ਸਾਇਆ ਹੈ। ਇਸ ਤਰ੍ਹਾਂ ਸੁਣ ਸੁਣ ਸਾਰੇ ਨਗਰ ਦੇ ਲੋਕ ਆਈ ਜਾਣ ਤੇ ਚਰਨ ਬੰਦਨਾ ਕਰੀ ਜਾਣ।
ਫਿਰ ਭਾਈ ਮਰਦਾਨਾ ਆਪਣੇ ਸਕੇ ਸਹੋਦਰਿਆਂ ਨੂੰ ਮਿਲ ਕੇ ਛੇਤੀ ਛੇਤੀ ਗੁਰੂ ਬਾਬੇ ਦੇ ਘਰ ਚਲਾ ਗਿਆ। ਮਾਤਾ ਤ੍ਰਿਪਤਾ ਨੇ ਅਚਾਨਕ ਚਿਰਾਂ ਤੋਂ ਵਿਛੜੇ ਮਰਦਾਨੇ ਨੂੰ ਵੇਖਿਆ ਤਾਂ ਉਹ ਉਸ ਡੂਮ ਦੇ ਗਲੇ ਚਿੰਬੜ ਗਈ ਛੱਡੇ ਹੀ ਨਾ। ਫਿਰ ਮਾਤਾ ਨੇ ਮੁੱਖੋਂ ਆਖਿਆ, “ਮਰਦਾਨਿਆ ਕਾਈ ਨਾਨਕ ਦੀ ਖਬਰ ਆਖਿ!” ਤਾਂ ਭਾਈ ਮਰਦਾਨੇ ਨੇ ਕਿਹਾ, “ਜਿਦੋਕਣਾ ਸੁਲਤਾਨਪੁਰੋਂ ਡੇਰਾ ਲੁਟਾਇ ਨਿਕਲਿਆ ਤਿਦੋਕਣਾ ਕਿਹੁ ਨਾ ਜਾਪੀ ਉਹ ਕਿਥੇ ਗਇਆ, ਹਉ (ਮੈਂ) ਭੀ ਉਸ ਦਾ ਨਾਮ ਜਪਦਾ ਫਿਰਿਦਾ ਹਾਂ। ਉਹ ਕਿਥਾਊ (ਕਿਥੇ) ਹੈ ਸੁ, ਉਹ ਜਾਣੇ।” ਪਰ ਮਾਤਾ ਜਾਣ ਗਈ ਸੀ, ਉਸ ਦੇ ਚਿਹਰੇ ਮੋਹਰੇ ਤੋਂ ਭਾਪ ਗਈ ਕਿ ਉਸ ਦਾ ਇਹ ਪੱਕਾ ਮਿੱਤਰ ਮਰਦਾਨਾ, ਨਾਨਕ ਨੂੰ ਛੱਡ ਕੇ ਇਕੱਲਾ ਨਹੀਂ ਆ ਸਕਦਾ। ਨਾਨਕ ਜਰੂਰ ਇਸ ਦੇ ਨਾਲ ਹੀ ਹੋਵੇਗਾ। ਜਦ ਭਾਈ ਮਰਦਾਨਾ ਮਿਲ ਕੇ ਪਿੰਡੋਂ ਬਾਹਰ ਨਿਕਲਿਆ ਤਾਂ ਮਾਤਾ ਕੁਝ ਮਿਠਾਈ ਵਗੈਰਾ ਨਾਲ ਲੈ ਕੇ ਉਸ ਦੀ ਪੈੜ ਦੱਬ ਕੇ ਉਸ ਦੇ ਮਗਰ ਮਗਰ ਚੱਲ ਪਈ। ਉਸ ਵੇਖਿਆ ਬਾਬਾ ਨਾਨਕ ਬਾਹਰ ਉਜਾੜ ‘ਚ ਬੈਠਾ ਸੀ।
ਛੋਟੇ ਹੁੰਦਿਆਂ ਭਾਈ ਮਰਦਾਨਾ ਜਦ ਆਪਣੇ ਕਸਬ ਹਿਤ ਘਰੋਂ ਬਾਹਰ ਨਿਕਲਦਾ ਤਾਂ ਪਿੰਡ ‘ਚ ਚਲਦਿਆਂ ਚਲਦਿਆਂ ਉਸ ਦੇ ਕਦਮ ਸੁਭਾਵਕ ਹੀ ਬਾਬੇ ਦੇ ਘਰ ਦੇ ਦਰ ਅੱਗੇ ਆ ਕੇ ਰੁਕ ਜਾਂਦੇ। ਉਥੇ ਰੁਕ ਕੇ ਉਹ ਰਬਾਬ ਵਜਾਉਣ ਲੱਗ ਪੈਂਦਾ। ਉਹ ਉਸ ਸਮੇਂ ਦੇ ਨਾਮਵਰ ਭਗਤਾਂ ਦੇ ਪਦੇ ਗਾਉਂਦਾ, ਜਾਣੋ ਉਸ ਕੋਲ ਸੰਗੀਤ ਦੀ ਹੀ ਕਿਰਤ ਨਹੀਂ ਸੀ ਸਗੋਂ ਭਗਤੀ ਭਾਵ ਦਾ ਗਿਆਨ ਵੀ ਸੀ। ਇਕ ਦਿਨ ਭਾਈ ਮਰਦਾਨਾ ਰਬਾਬ ਵਜਾ ਰਿਹਾ ਸੀ ਅਤੇ ਕੋਈ ਪ੍ਰਸਿੱਧ ਵਾਰ ਗਾ ਰਿਹਾ ਸੀ ਤਾਂ ਗੁਰੂ ਬਾਬੇ ਨੇ ਉਸ ਨੁੰ ਪੁੱਛਿਆ, “ਮਰਦਾਨੇ! ਤੂੰ ਰਬਾਬ ਬੜੀ ਸੋਹਣੀ ਵਜਾAੁਂਦਾ ਹੈਂ। ਰਬਾਬ ਸੁਣ ਕੇ ਪਰਤੀਤ ਹੁੰਦਾ ਤੈਨੂੰ ਤਾਂ ਰਾਗਾਂ ਦੀ ਬੜੀ ਸੋਝੀ ਹੈ, ਕਿੰਨਾ ਚੰਗਾ ਹੋਵੇ ਜੇ ਤੂੰ ਉਸ ਸੁਆਮੀ ਦੀ ਉਸਤਤ ‘ਚ ਰੱਬੀ ਬਾਣੀ ਨੂੰ ਸੁਰ ਦੇ ਕੇ ਸਰਸ਼ਾਰ ਕਰੇਂ।”
ਰਚੀਆਂ ਸਾਖੀਆਂ ਕਥਾਵਾਂ ਨੂੰ ਵਾਚਦਿਆਂ ਇੰਜ ਲਗਦਾ ਹੈ ਕਿ ਸਾਡੇ ਇਤਿਹਾਸਕਾਰਾਂ, ਵਿਖਿਆਨਕਾਰਾਂ ਅਤੇ ਪ੍ਰਚਾਰਕਾਂ ਨੇ ਬਹੁਤੇ ਥਾਂਈਂ ਭਾਈ ਮਰਦਾਨੇ ਨੂੰ ਪਛੜੀ ਜਾਤ ਦਾ ਕਹਿ ਕੇ ਇਕ ਭੁੱਖੜ ਬਿਰਤੀ ਵਾਲੇ ਬੰਦੇ ਦਾ ਹੀ ਅਕਸ ਉਘਾੜਿਆ ਹੈ। ਭਾਈ ਮਰਦਾਨੇ ਨੂੰ ਇਕ ਲਾਗੀ, ਡੂਮ ਕਹਿ ਕੇ ਕਥਾਨਕ ਨੂੰ ਲੁਭਾਉਣਾ ਤੇ ਰੌਚਕ ਬਣਾਉਣ ਦੇ ਰੂਪ ਵਿਚ ਹੀ ਸਿਰਜਿਆ ਹੈ। ਗੁਰੂ ਬਾਬਾ ਜਿਨ੍ਹਾਂ ਵੇਲੇ ਸਾਰਾ ਸਮਾਜ ਸਭ ਪੱਖਾਂ ਤੋਂ ਨਿਘਰ ਚੁਕਾ ਸੀ, ਅਲੂਦਗੀ ਦਾ ਪਸਾਰਾ ਸੀ, ਇਖਲਾਕੀ ਕਦਰਾਂ ਕੀਮਤਾਂ ਵਿਸਰ ਗਈਆਂ ਸਨ, ਭੋਲੇ ਭਾਲੇ ਲੋਕਾਂ ਦੀ ਕਿਰਤ ਨਾਲ ਲੁੱਟ-ਖਸੁੱਟ ਜੋਰਾਂ ‘ਤੇ ਸੀ, ਊਚ-ਨੀਚ ਤੇ ਜਾਤ-ਪਾਤ ਦਾ ਸਿਖਰ ਸੀ। ਫਿਰ ਉਹ ਗੁਰੂ ਬਾਬਾ ਜਿਨ੍ਹਾਂ ਨੇ ਇਸ ਸਭ ਮਨਫੀ ਵਰਤਾਰੇ ਨੂੰ ਦੂਰ ਕਰਨ ਹਿਤ ਨਵੀਂ ਮਾਨਵੀ ਕ੍ਰਾਂਤੀ ਦਾ ਆਗਾਜ਼ ਕੀਤਾ, ਭਲਾਂ ਉਸ ਮਹਾਨ ਕ੍ਰਾਂਤੀਕਾਰੀ ਗੁਰੂ ਨਾਲ ਤਮਾਮ ਉਮਰ ਬਿਤਾਉਣ ਵਾਲਾ ਭਾਈ ਮਰਦਾਨਾ ਅਸੂਝਵਾਨ ਪ੍ਰਾਣੀ ਕਿਵੇਂ ਰਹਿ ਸਕਦਾ ਸੀ? ਸਾਡੇ ਵਿਦਵਾਨਾਂ ਤੇ ਰਚਣਹਾਰਿਆਂ ਨੇ ਮਰਦਾਨੇ ਬਾਰੇ ਹਲਕੀ ਪੱਧਰ ਦਾ ਵਿਖਿਆਨ ਕਰ ਕੇ ਉਸ ਦੇ ਅੰਤਰ-ਚਿੰਤਨ ਨੂੰ ਨਹੀਂ ਜਾਣਿਆ, ਉਹ, ਉਸ ‘ਤੇ ਛਾਈ ਦੀਨੀ ਵਿਰਾਨੀ ਦਾ ਸਹੀ ਮੁਤਾਲਿਆ ਨਹੀਂ ਕਰ ਸਕੇ, ਉਹ, ਉਸ ਦੇ ਅੰਦਰ ਦੀ ਅਗਮ ਨਿਗਮ ਦੀ ਸੋਝੀ ਨੂੰ ਪਛਾਣ ਹੀ ਨਹੀਂ ਸਕੇ।
ਭਾਈ ਮਰਦਾਨਾ ਪੱਕਾ ਮੁਸਲਮਾਨ ਸੀ। ਪੰਜ ਵਕਤ ਦਾ ਨਿਮਾਜ਼ੀ, ਰਮਜ਼ਾਨ ਦੇ ਦਿਨੀਂ ਰੋਜ਼ਾ ਰੱਖਦਾ। ਫਿਰ ਵੀ ਦੂਜੇ ਦੀਨੀ ਅਮਲ ਵਿਚ ਰਹਿ ਕੇ ਉਹ ਗੁਰੂ ਸਾਹਿਬ ਦੇ ਦ੍ਰਿੜ ਕਰਵਾਏ ਉਪਦੇਸ਼ ‘ਤੇ ਚੱਲਦਿਆਂ, ਉਨ੍ਹਾਂ ਦੇ ਬਚਨਾਂ ‘ਤੇ ਵਾਅਦੇ-ਵਫਾ ਰਿਹਾ। ਤਿੰਨ ਸਾਲ ਪੂਰਬ ਦਿਸ਼ਾ ਵੱਲ ਭ੍ਰਮਣ ਕਰਨ ਪਿਛੋਂ ਜਦ ਉਹ ਦੱਖਣ ਵੱਲ ਗਏ ਤਾਂ ਇਕ ਸਾਖੀ ਗੋਸ਼ਟਿ ਗੁਰੂ (ਦੁਖ ਸੁਖ ਬਾਰੇ) ਵਿਚ ਦਰਜ ਹੈ, ਜਦ ਗੁਰੂ ਬਾਬਾ ਜੀ ਤਪੱਸਿਆ ਕਰਦੇ ਤਾਂ ਭਾਈ ਮਰਦਾਨਾ ਪੰਜ ਕਰਮਾਂ ਦੀ ਵਿੱਥ ‘ਤੇ ਬੈਠਦਾ ਅਤੇ ਜਦ ਗੁਰੂ ਸਾਹਿਬ ਕੀਰਤਨ ਕਰਦੇ ਤਾਂ ਭਾਈ ਮਰਦਾਨਾ ਉਨ੍ਹਾਂ ਦੇ ਗੋਡੇ ਨਾਲ ਗੋਡਾ ਲਾ ਕੇ ਬੈਠਦਾ।(੩੨*)
ਅਨੇਕਾਂ ਸਾਲ ਗੁਰੂ ਸਾਹਿਬ ਦੀ ਸੰਗਤ ਵਿਚ ਰਹਿੰਦਿਆਂ ਉਸ ਉਪਰ ਐਸੀ ਅਵਸਥਾ ਤਾਰੀ ਹੋ ਗਈ ਸੀ ਕਿ ਉਹ ਗੁਰੂ ਸਾਹਿਬ ਨਾਲੋਂ ਵਿਛੋੜਾ ਮੂਲ ਨਹੀਂ ਸੀ ਚਾਹੁੰਦਾ। ਇਕ ਵਾਰ ਭਾਈ ਮਰਦਾਨੇ ਨੇ ਗੁਰੂ ਸਾਹਿਬ ਦੇ ਜਵਾਬ ਵਿਚ ਹੌਸਲਾ ਕਰਦਿਆਂ ਕਹਿ ਹੀ ਦਿੱਤਾ, “ਜੀ ਤੂੰ ਖੁਦਾਇ ਦਾ ਡੂਮ ਹਂੈ, ਮੈਂ ਤੇਰਾ ਡੂਮ। ਤੈ ਖੁਦਾਇ ਪਾਇਆ ਹੈ ਤੈ ਖੁਦਾਇ ਦੇਖਿਆ ਹੈ ਤੇਰਾ ਕਹਿਆ ਖੁਦਾ ਕਰਦਾ ਹੈ, ਤੂੰ ਮੇਰੀ ਬੇਨਤੀ ਸੁਣਿ ਜੀ! ਏਕੁ ਮੈਨੋ ਵਿਛੋੜਣਾ ਨਾਹੀ ਆਪ ਨਾਲਹੁ, ਨ ਐਥੇ ਨ ਓਥੇ।”
ਗੁਰੂ ਸਾਹਿਬ ਨੇ ਭਾਈ ਮਰਦਾਨੇ ਦੇ ਵੱਡੇ ਤਿਆਗ ਅਤੇ ਉਸ ਦੀ ਘਾਲ ਕਮਾਈ ਨੂੰ ਖੂਬ ਨਿਵਾਜਿਆ। ਉਸ ਦੀ ਨਿਛਾਵਰਤਾ ਦੀ ਦੇਣ ਦਾ ਮੁੱਲ ਨਹੀਂ ਰੱਖਿਆ। ਤਵਾਰੀਖ ਦੱਸਦੀ ਹੈ ਕਿ ਭਾਈ ਮਰਦਾਨਾ ਤੇ ਗੁਰੂ ਸਾਹਿਬ ਜਦ ਬਗਦਾਦ ਫੇਰੀ ਤੋਂ ਬਾਅਦ ਅਫਗਾਨਿਸਤਾਨ ਭੱਖਰ ਤੇ ਕੰਧਾਰ ਦੇ ਇਲਾਕੇ ਵਿਚ ਅਫਗਾਨਿਸਤਾਨ ਕੁਰਮ ਦਰਿਆ ਕੋਲ ਜਾ ਰਹੇ ਸਨ ਤਾਂ ਭਾਈ ਮਰਦਾਨੇ ਦੀ ਸਿਹਤ ਖਰਾਬ ਹੋਣ ਲੱਗੀ, ਦੇਹੀ ਜਵਾਬ ਦੇਣ ਲੱਗੀ। ਤਾਂ ਭਾਈ ਮਰਦਾਨੇ ਨੇ ਆਖਿਆ, “ਜੀ! ਮੇਰੀ ਦੇਹ ਕਿੱਥੇ ਛੂਟੇਗੀ? ਗੁਰੂ ਸਾਹਿਬ ਕਹਿਆ, ਤੇਰੀ ਦੇਹ ਭਲੀ ਜਗ੍ਹਾ ਛੁੱਟੇਗੀ।” ਤਾਂ ਭਾਈ ਮਰਦਾਨੇ ਨੇ ਆਖਿਆ, “ਜੀ ਤੁਸੀ ਹਾਜ਼ਰ ਹੋਸੋ ਨਾ?” ਗੁਰੂ ਬਾਬਾ ਜੀ ਕਹਿਆ, “ਮਰਦਾਨਾ! ਅਸੀਂ ਤੇਰਾ ਕੰਮ ਕਰ ਕੇ ਜਾਸੀਏ (ਜਾਵਾਂਗੇ)।” ਤਦ ਭਾਈ ਮਰਦਾਨੇ ਪੁੱਛਿਆ, “ਜੀ ਸਾੜੋਗੇ ਕਿ ਦੱਬੋਗੇ?” ਗੁਰੂ ਸਾਹਿਬ ਆਖਿਆ, “ਮਰਦਾਨਾ ਜੋ ਤੂੰ ਆਖੇ ਸੋ ਕਰੀਏ।” ਫਿਰ ਗੁਰੂ ਸਾਹਿਬ ਜੀ ਉਸ ਨੁੰ ਖੁਰਮ ਸ਼ਹਿਰ ਲੈ ਗਏ। ਉਥੇ ਪੰਜਵੇਂ ਦਿਨ ਗੁਰੂ ਸਾਹਿਬ ਪੁੱਛਿਆ, “ਕਿਉਂ ਮਰਦਾਨਾ ਦੇਹਿ ਖਬਰਾਂ।” ਭਾਈ ਮਰਦਾਨੇ ਨੇ ਆਖਿਆ “ਜੀ ਤਈਆਰੀ ਹੈ।” ਤਾਂ ਕੁਝ ਪਲਾਂ ਬਾਅਦ ਭਾਈ ਮਰਦਾਨਾ ਪੂਰੇ ਹੋ ਗਏ। ਉਨ੍ਹਾਂ ਦੀ ਜੀਵਨ ਯਾਤਰਾ ਸੰਪੰਨ ਹੋ ਗਈ, ਗੁਰੂ ਸਾਹਿਬ ਦੀ ਹਜ਼ੂਰੀ ਵਿਚ। ਗੁਰੂ ਸਾਹਿਬ ਨੇ ਉਸ ਵੇਲੇ ਆਪਣੇ ਉਪਰੋਂ ਚਾਦਰ ਲਾਹੀ, “ਨਿਜ ਪਰ ਤੇ ਪਟ ਇਕ ਗੁਰ ਦੀਨੋ।” ਤੇ ਭਾਈ ਮਰਦਾਨੇ ਦੇ ਮ੍ਰਿਤਕ ਸਰੀਰ ‘ਤੇ ਪਾ ਦਿੱਤੀ।
ਭਾਈ ਮਰਦਾਨਾ ਜਦ ਕਾਲਵੱਸ ਹੋ ਗਏ ਤਾਂ ਗੁਰੂ ਸਾਹਿਬ ਨੇ ਆਪਣੇ ਅਰਸ਼ੀ ਸਾਥੀ ਦੇ ਤਿਆਗ ਅਤੇ ਸਿਦਕ ਦਾ ਮੁੱਲ ਅਦਾ ਕੀਤਾ। ਉਨ੍ਹਾਂ ਨੇ ਭਾਈ ਮਰਦਾਨੇ ਦੇ ਨਾਂ ‘ਤੇ ਰਚੇ ਤਿੰਨ ਸਲੋਕਾਂ ਨੂੰ ਬਾਣੀ ਅਥਵਾ ਬਾਣੀਕਾਰ ਦੇ ਰੂਪ ਵਿਚ ਸ੍ਰੇਸ਼ਟ ਸਿਰੋਪੇ ਦੀ ਬਖਸ਼ਿਸ਼ ਕਰਦਿਆਂ ਉਸ ਨੂੰ ਹਮੇਸ਼ਾ ਲਈ ਮਾਲਾ ਮਾਲ ਕਰ ਦਿੱਤਾ, ਉਸ ਨੂੰ ਬ੍ਰਹਮੀ ਪੁਰਖ ਬਣਾ ਦਿੱਤਾ।
ਕਦੇ ਕਦੇ ਲਗਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਆਪਣੇ ਮਹਾਨ ਸੰਗੀ ‘ਤੇ ਬਹੁਤ ਉਚਤਾ ਦੀ ਬਖਸ਼ਿਸ਼ ਕਰ ਦਿੱਤੀ, ਪਰ ਅਸੀਂ ਭਾਈ ਮਰਦਾਨੇ ਨੂੰ ਕੋਈ ਉਚਾ ਸਥਾਨ ਨਹੀਂ ਦੇ ਸਕੇ। ਅੱਜ ਗੁਰੂ ਨਾਨਕ ਦੇਵ ਜੀ ਦਾ ਅਸੀਂ ਕੁਲ ਆਲਮ ਪਰ 550ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਸਹਿਤ ਮਨਾ ਰਹੇ ਹਾਂ। ਕਿੰਨਾ ਚੰਗਾ ਹੁੰਦਾ ਉਸ ਧੰਨਤਾ ਦੇ ਯੋਗ, ਨੇਕ-ਬਖਤ ਭਾਈ ਮਰਦਾਨੇ ਨੂੰ ਵੀ ਚੇਤੇ ਕਰਦਿਆਂ ਕਿਸੇ ਬੁਲੰਦ ਯਾਦਗਾਰ ਦਾ ਨਿਰਮਾਣ ਕਰ ਕੇ, ਦੀਨੀ ਵਿਤਕਰਿਆਂ ਦੇ ਵੇਗ ਨੂੰ ਠੱਲਣ ਪ੍ਰਤੀ ਕੋਈ ਪੈਗਾਮ ਦੇ ਸਕਦੇ।