‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਨਾਅਰੇ ਦੀ ਹਕੀਕਤ

ਭਾਰਤ ਅੰਦਰ ਸਾਲ 2014 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਪਿਛੋਂ ਹਿੰਦੂ-ਹਿੰਦੀ-ਹਿੰਦੋਸਤਾਨ ਦਾ ਨਾਅਰਾ ਰਤਾ ਕੁ ਵੱਧ ਜ਼ੋਰ ਨਾਲ ਸੁਣਿਆ ਜਾਣ ਲੱਗਾ, ਪਰ ਹੁਣ 2019 ਵਿਚ ਬੇਮਿਸਾਲ ਜਿੱਤ ਪਿਛੋਂ ਇਸ ਦੀ ਗੂੰਜ ਬਹੁਤ ਦੂਰ-ਦੂਰ ਤਕ ਪੁੱਜ ਰਹੀ ਹੈ। ਇਹ ਅਸਲ ਵਿਚ ਹਿੰਦੂਤਵੀਆਂ ਦੀ ਨਿਰੋਲ ਸਿਆਸਤ ਹੀ ਹੈ। ਇਸੇ ਸਿਆਸੀ ਆਧਾਰ ਉਤੇ ਹੀ ਇਸ ਨੇ ਬਹੁਗਿਣਤੀ ਹਿੰਦੂ ਆਵਾਮ ਆਪਣੇ ਕਲਾਵੇ ਵਿਚ ਜਕੜ ਲਿਆ ਹੈ, ਹਾਲਾਂਕਿ ਭਾਸ਼ਾ ਦੇ ਪੱਖ ਤੋਂ ਹਿੰਦੀ ਦਾ ਕਿਸੇ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਉਘੇ ਵਿਗਿਆਨੀ ਡਾ. ਗੁਰੂਮੇਲ ਸਿੱਧੂ ਨੇ ਆਪਣੇ ਇਸ ਲੇਖ ਵਿਚ ਹਿੰਦੂਤਵੀਆਂ ਦੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਵਾਲੇ ਨਾਅਰੇ ਦੀ ਡੂੰਘੀ ਪੁਣਛਾਣ ਕੀਤੀ ਹੈ।

ਇਸ ਪੁਣਛਾਣ ਵਿਚੋਂ ਜੋ ਤੱਥ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਜਾਹਰ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਰ. ਐਸ਼ ਐਸ਼ ਅਜਿਹੇ ਨਾਅਰੇ ਸਿਰਫ ਵੋਟਾਂ ਦੇ ਧਰੁਵੀਕਰਨ ਲਈ ਹੀ ਲਾ ਰਹੇ ਹਨ। -ਸੰਪਾਦਕ

ਡਾ. ਗੁਰੂਮੇਲ ਸਿੱਧੂ

ਹਿੰਦੂ ਸੰਸਥਾ ਆਰ.ਐਸ਼ਐਸ਼ (ਹਿੰਦੂਤਵ) ਦਾ ਨਾਅਰਾ ‘ਹਿੰਦੀ-ਹਿੰਦੂ-ਹਿੰਦੋਸਤਾਨ’ ਇਤਿਹਾਸਕ, ਸਭਿਆਚਾਰਕ ਅਤੇ ਵਿਗਿਆਨਕ ਪੱਖੋਂ ਨਿਰਮੂਲ ਤੇ ਥੋਥਾ ਹੈ। ਇਹ ਨਾਅਰਾ ਉਹ ਇਸ ਦਲੀਲ ਦੇ ਆਧਾਰ ‘ਤੇ ਲਾਉਂਦੇ ਹਨ ਕਿ,
1. ਇੰਡਸ ਵੈਲੀ ਸਭਿਅਤਾ ਸਭ ਤੋਂ ਪੁਰਾਣੀ ਹੈ। ਇਸ ਦੇ ਸਿਰਜਕ ਆਰੀਆ ਲੋਕ ਸਨ ਅਤੇ ਇਸ ਸਭਿਅਤਾ ਦਾ ਨਿਕਾਸ ਤੇ ਵਿਕਾਸ ਹਿੰਦੋਸਤਾਨ ਵਿਚ ਹੋਇਆ।
2. ਵੇਦਾਂ ਦੇ ਗ੍ਰੰਥ ਇਸੇ ਸਭਿਅਤਾ ਦੇ ਕਾਲ ਵਿਚ ਰਚੇ ਗਏ, ਜਿਨ੍ਹਾਂ ਦੀ ਭਾਸ਼ਾ ਸੰਸਕ੍ਰਿਤ ਹੈ।
3. ਸੰਸਕ੍ਰਿਤ ਵਿਚੋਂ ਹਿੰਦੀ ਭਾਸ਼ਾ ਵਿਗਸੀ ਤੇ ਇਹ ਉਦੋਂ ਤੋਂ ਹਿੰਦੋਸਤਾਨ ਦੀ ਭਾਸ਼ਾ ਚਲੀ ਆਉਂਦੀ ਹੈ।
ਪਰ ਤੱਥ ਇਨ੍ਹਾਂ ਮਨੌਤਾਂ ਦੇ ਉਲਟ ਹਨ, ਜਿਨ੍ਹਾਂ ਦੀ ਤਸਦੀਕ ਪਥਰਾਟ ਵਿਗਿਆਨੀਆਂ ਨੇ ਚਿਰਾਂ ਤੋਂ ਕੀਤੀ ਹੋਈ ਹੈ ਅਤੇ ਰਹਿੰਦੀ-ਖੂਹੰਦੀ ਕਸਰ ਜੈਨੇਟਿਕਸ ਵਿਗਿਆਨ ਦੇ ਤੱਥਾਂ ਨੇ ਕੱਢ ਦਿੱਤੀ ਹੈ। ਸਤੰਬਰ 2019 ਵਿਚ ਦੋ ਮਸ਼ਹੂਰ ਰਸਾਲਿਆਂ-‘ਸੈਲ’ ਅਤੇ ‘ਸਾਇੰਸ’ ਵਿਚ ਵੱਖ ਵੱਖ ਸਭਿਅਤਾਵਾਂ ਦੇ ਵਸਨੀਕਾਂ ਦੇ ਪਿੰਜਰਾਂ ‘ਚੋਂ ਪ੍ਰਾਪਤ ਕੀਤੇ ਡੀ.ਐਨ.ਏ. ਦੀ ਤੁਲਨਾ ਕੀਤੀ ਗਈ ਹੈ। ਇਨ੍ਹਾਂ ਦੇ ਜੀਨਜ਼ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ,
1. ਇੰਡਸ ਵੈਲੀ ਸਭਿਅਤਾ ਵਾਕਈ ਸਭ ਤੋਂ ਪੁਰਾਣੀ ਹੈ, ਪਰ ਇਸ ਦੇ ਸਿਰਜਕ ਆਰੀਆ ਨਹੀਂ, ਅਫਰੀਕਾ ਦੇ ਕਬੀਲੇ ਹਨ।
2. ਇੰਡਸ ਵੈਲੀ ਸਭਿਅਤਾ ਦਾ ਮੁੱਖ ਕੇਂਦਰ ਹੜੱਪਾ ਸ਼ਹਿਰ ਸੀ, ਫਲਸਰੂਪ ਇਸ ਦਾ ਨਾਂ ‘ਹੜੱਪਾ ਸਭਿਅਤਾ’ ਪੈ ਗਿਆ। ਹੜੱਪਨ ਲੋਕ ਪੜ੍ਹੇ-ਲਿਖੇ ਸਨ ਅਤੇ ਦਰਾਵਿੜ ਭਾਸ਼ਾਵਾਂ- ਕੰਨੜ, ਤੈਲਗੂ, ਤੁਲੂ, ਤਾਮਿਲ ਤੇ ਮਲਿਆਲਮ ਬੋਲਦੇ ਸਨ, ਜੋ ਅੱਜ ਕੱਲ੍ਹ ਦੱਖਣ ਭਾਰਤੀ ਸੂਬਿਆਂ ਵਿਚ ਪ੍ਰਚਲਿਤ ਹਨ। ਹੜੱਪਾ ਸਭਿਅਤਾ ਨੂੰ ਬਰੌਂਜ਼ ਏਜ ਸਭਿਅਤਾ ਵੀ ਕਹਿੰਦੇ ਹਨ, ਕਿਉਂਕਿ ਉਦੋਂ ਕਹੇਂ ਦੀ ਧਾਤ ਤੋਂ ਬੁੱਤ ਅਤੇ ਬਰਤਨ ਬਣਾਏ ਜਾਂਦੇ ਸਨ।
3. ਆਰੀਆ ਲੋਕ ਆਖੀਰ ਵਿਚ ਹਿੰਦੋਸਤਾਨ ਪਹੁੰਚੇ ਜੋ ਇੰਡੋ-ਯੂਰਪੀਅਨ ਭਾਸ਼ਾਵਾਂ ਬੋਲਦੇ ਸਨ, ਜਿਨ੍ਹਾਂ ਵਿਚ ਸੰਸਕ੍ਰਿਤ ਵੀ ਸ਼ਾਮਿਲ ਹੈ।
ਆਧੁਨਿਕ ਸਮੇਂ ਵਿਚ ਡੀ.ਐਨ.ਏ. ਦੀ ਗਵਾਹੀ ਪੱਥਰ ‘ਤੇ ਲੀਕ ਵਾਂਗ ਮੰਨੀ ਜਾਂਦੀ ਹੈ। ਇਸ ਗਵਾਹੀ ਦੇ ਆਧਾਰ ‘ਤੇ ਕਈ ਬੇਕਸੂਰ ਲੋਕਾਂ ਦੀ ਫਾਂਸੀ ਅਤੇ ਜੇਲ੍ਹ ਤੋਂ ਮੁਕਤੀ ਹੋਈ ਹੈ ਅਤੇ ਅਦਾਲਤ ਤੋਂ ਬਰੀ ਹੋਏ ਸ਼ੱਕੀ ਅਪਰਾਧੀਆਂ ਨੂੰ ਮੁੜ ਕੇ ਜੇਲ੍ਹ ਵਿਚ ਸੁੱਟਿਆ ਗਿਆ ਹੈ। ਹਿੰਦੂਤਵੀਆਂ ਨੂੰ ਵੀ ਚਾਹੀਦਾ ਹੈ ਕਿ ਡੀ.ਐਨ.ਏ. ਦੀ ਗਵਾਹੀ ਦੀ ਲੋਅ ਵਿਚ ਆਪਣੀਆਂ ਥੋਥੀਆਂ ਮਨੌਤਾਂ-ਦਲੀਲਾਂ ਵਾਪਸ ਲੈਣ ਅਤੇ ‘ਹਿੰਦੀ-ਹਿੰਦੂ-ਹਿੰਦੋਸਤਾਨ’ ਦੇ ਨਾਅਰੇ ਉਤੇ ਲੀਕ ਮਾਰਨ। ਹਿੰਦੂ ਜਾਤੀ ਦੀ ‘ਮੈਂ ਨਾ ਮਾਨੂੰ’ ਦੀ ਰਟ ਭਵਿੱਖ ਵਿਚ ਹਾਨੀਕਾਰਕ ਸਿੱਧ ਹੋ ਸਕਦੀ ਹੈ।
ਪੁਰਾਣੀਆਂ ਸਭਿਅਤਾਵਾਂ ਦਾ ਇਤਿਹਾਸ: ਇਤਿਹਾਸਕ ਤੌਰ ‘ਤੇ ਹਿੰਦੋਸਤਾਨ ਦੀ ਮੌਜੂਦਾ ਵਸੋਂ ਚਾਰ ਕਿਸਮ ਦੇ ਪੂਰਵ-ਇਤਿਹਾਸਕ ਆਵਾਸੀਆਂ ਦਾ ਮਿਲਗੋਭਾ ਹੈ, ਜੋ ਵੱਖ ਵੱਖ ਸੰਮਤਾਂ ਦੌਰਾਨ ਵੱਖ ਵੱਖ ਖਿਤਿਆਂ ਤੋਂ ਹਿੰਦੋਸਤਾਨ ਪਹੁੰਚੇ।
1. ਪਹਿਲੇ ਆਵਾਸੀ ਕਰੀਬ 65,000 ਸਾਲ ਪਹਿਲਾਂ ਅਫਰੀਕਾ ਤੋਂ ਆਏ। ਇਨ੍ਹਾਂ ਨੇ ‘ਇੰਡਸ ਵੈਲੀ ਸਭਿਅਤਾ’ ਦੀ ਨੀਂਹ ਰੱਖੀ, ਜੋ 2600 ਬੀ.ਸੀ. ਤੋਂ 1900 ਬੀ.ਸੀ. ਤਕ ਕਾਇਮ ਰਹੀ।
2. ਦੂਜੇ ਆਵਾਸੀ ਇਰਾਨ ਦੇ ਖਿੱਤੇ ‘ਜ਼ਾਗਰਸ’ (ਇਰਾਨ ਤੋਂ ਟਰਕੀ ਤਕ ਦਾ ਪਹਾੜੀ ਇਲਾਕਾ) ਤੋਂ 7,000-3,000 ਬੀ.ਸੀ. ਦੌਰਾਨ ਹਿੰਦੋਸਤਾਨ ਦੇ ਉਤਰ-ਪੱਛਮੀ ਹਿੱਸੇ ਵਿਚ ਪਹੁੰਚੇ ਤੇ ਖੇਤੀਬਾੜੀ ਦਾ ਕਿੱਤਾ ਨਾਲ ਲਿਆਏ। ਇਨ੍ਹਾਂ ਦੀ ਪਹਿਲੇ ਆਵਾਸੀਆਂ ਨਾਲ ਮਿਲਾਵਟ ਹੋਈ ਤੇ ਨਵੀਂ ਨਸਲ ਨੇ ਖੇਤੀਬਾੜੀ ਦੇ ਧੰਦੇ ਪ੍ਰਫੁਲਿਤ ਕੀਤੇ। ਇਹ ਲੋਕ ਜ਼ਿਆਦਾਤਰ ਕਣਕ ਅਤੇ ਜੌਆਂ ਦੀ ਫਸਲ ਉਗਾਉਂਦੇ ਸਨ। ਇਸ ਸਭਿਅਤਾ ਦੀ ਰਾਜਧਾਨੀ ‘ਹੜੱਪਾ’ ਸ਼ਹਿਰ ਸੀ, ਜਿਸ ਕਰਕੇ ਇਸ ਨੂੰ ਹੜੱਪਾ ਸਭਿਅਤਾ ਵੀ ਕਿਹਾ ਗਿਆ।
3. ਤੀਜੇ ਆਵਾਸੀ 2,000 ਬੀ.ਸੀ. ਵਿਚ ਏਸ਼ੀਆ ਦੇ ਦੱਖਣ-ਪੱਛਮੀ ਦੇਸ਼ਾਂ ਤੋਂ ਹਿੰਦੋਸਤਾਨ ਪਹੁੰਚੇ। ਇਨ੍ਹਾਂ ਵਿਚ ਬਹੁਤੇ ਚੀਨ ਦੇ ਇਲਾਕੇ ਤੋਂ ਸਨ, ਜੋ ਆਪਣੇ ਨਾਲ ਔਸਟ੍ਰੋ-ਏਸ਼ੀਐਟਿਕ ਭਾਸ਼ਾਵਾਂ ਲਿਆਏ, ਜਿਨ੍ਹਾਂ ਵਿਚੋਂ ਦੋ- ਮੁੰਦਾਰੀ ਅਤੇ ਖਾਸੀ ਅੱਜ ਵੀ ਹਿੰਦੋਸਤਾਨ ਦੇ ਕੇਂਦਰੀ ਅਤੇ ਪੱਛਮੀ ਹਿੱਸਿਆਂ ਵਿਚ ਬੋਲੀਆਂ ਜਾਂਦੀਆਂ ਹਨ।
4. ਚੌਥੀ ਕਿਸਮ ਦੇ ਆਵਾਸੀ ਕਰੀਬ 2,000-1000 ਬੀ. ਸੀ. ਵਿਚ ਮੱਧ ਏਸ਼ੀਆ ਤੋਂ ਹਿੰਦੋਸਤਾਨ ਵਿਚ ਆਏ। ਇਹ ਚਰਵਾਹੇ ਸਨ ਅਤੇ ਇੰਡੋ-ਯੂਰਪੀਅਨ ਭਾਸ਼ਾਵਾਂ ਬੋਲਦੇ ਸਨ। ਇਨ੍ਹਾਂ ਨੇ ਵੈਦਿਕ ਸਭਿਆਚਾਰ ਨੂੰ ਜਨਮ ਦਿੱਤਾ। ਇਨ੍ਹਾਂ ਦੀ ਆਮਦ ਨੂੰ ਆਰੀਆ ਲੋਕਾਂ ਦਾ ਧਾਵਾ ਵੀ ਕਿਹਾ ਜਾਂਦਾ ਹੈ। ਇਸ ਸਮੇਂ (1500-1000 ਬੀ.ਸੀ.) ਦੌਰਾਨ ਵੇਦ ਰਚੇ ਗਏ, ਜੋ ਆਮ ਬੋਲਚਾਲ ਦੀ ਸੰਸਕ੍ਰਿਤ ਭਾਸ਼ਾ ਵਿਚ ਹਨ। ਵਿਆਕਰਣ ਗਿਆਤਾ ਪਾਨਿਨੀ ਸਮੇਂ ਲੌਕਿਕ ਸੰਸਕ੍ਰਿਤ ‘ਚੋਂ ਸੰਸਕ੍ਰਿਤ ਭਾਸ਼ਾ ਦਾ ਆਗਾਜ਼ ਹੋਇਆ।
ਅੰਤਰ-ਸੰਭੋਗ ਰਾਹੀਂ ਪਹਿਲਾਂ ਆਏ ਆਵਾਸੀਆਂ ਅਤੇ ਆਰੀਆ ਲੋਕਾਂ ਵਿਚਾਲੇ ਵੱਡੇ ਪੱਧਰ ‘ਤੇ ਮਿਸ਼ਰਣ ਹੋਇਆ। ਰਾਜਨੀਤਕ ਚੇਤਨਾ ਵਧਣ ਕਰਕੇ ਆਵਾਸੀਆਂ ਦਾ ਵਰਗੀਕਰਣ ਹੋਣਾ ਸ਼ੁਰੂ ਹੋ ਗਿਆ। ਫਲਸਰੂਪ ਵੱਖ ਵੱਖ ਗਰੁੱਪਾਂ ਵਿਚਾਲੇ ਮਿਲਾਵਟ ਘਟ ਗਈ ਅਤੇ ਜਾਤੀਵਾਦ ਵਧ ਗਿਆ। ਮਨੂੰ ਨੇ ਇਸ ਵਸੋਂ ਨੂੰ ਚਾਰ ਜਾਤੀਆਂ ਵਿਚ ਵੰਡਿਆ-ਬ੍ਰਾਹਮਣ (ਆਚਾਰੀਆ ਆਦਿ), ਕਸ਼ੱਤਰੀ, ਵੈਸ਼ਿਆ (ਕਿਸਾਨ ਅਤੇ ਵਪਾਰੀ) ਅਤੇ ਸ਼ੂਦਰ (ਮਜ਼ਦੂਰ: ਗਲੀਆਂ ਹੂੰਜਣ ਵਾਲੇ, ਪਾਖਾਨੇ ਦੀ ਸਫਾਈ ਕਰਨ ਵਾਲੇ ਆਦਿ)। ਮਨੂਸਮ੍ਰਿਤੀ ਗ੍ਰੰਥ 1250 ਤੋਂ 1000 ਬੀ.ਸੀ. ਵਿਚਾਲੇ ਲਿਖਿਆ ਗਿਆ, ਜਿਸ ਵਿਚੋਂ ਇਨ੍ਹਾਂ ਜਾਤੀਆਂ ਬਾਰੇ ਭਰਪੂਰ ਵਾਕਫੀਅਤ ਮਿਲਦੀ ਹੈ। ਮਨੂੰ ਨੇ ਕੰਮਾਂ-ਕਾਰਾਂ ਦੇ ਆਧਾਰ ‘ਤੇ ਲੋਕਾਂ ਨੂੰ ਵੰਡਿਆ ਸੀ, ਪਰ ਬ੍ਰਾਹਮਣਾਂ ਨੇ ਇਸ ਵੰਡ ਨੂੰ ਜਾਤੀਵਾਦ ਵਿਚ ਬਦਲ ਦਿੱਤਾ।
ਪਿੰਜਰਾਂ ਵਿਚੋਂ ਕੱਢੇ ਡੀ.ਐਨ.ਏ. ਦੀ ਗਵਾਹੀ: ਪਹਿਲਾ ਸਵਾਲ ਇਹ ਹੈ ਕਿ ਸਦੀਆਂ ਪੁਰਾਣੇ ਮਾਨਵੀ ਪਿੰਜਰਾਂ ‘ਚੋਂ ਡੀ.ਐਨ.ਏ. ਕਿਵੇਂ ਕੱਢਿਆ ਜਾ ਸਕਦਾ ਹੈ? ਬੰਦੇ ਦੇ ਮਰਨ ਨਾਲ ਡੀ.ਐਨ.ਏ. ਵੀ ਨਸ਼ਟ ਹੋ ਜਾਂਦਾ ਹੋਵੇਗਾ, ਪਰ ਤੱਥ ਇਹ ਹੈ ਕਿ ਡੀ.ਐਨ.ਏ. ਦੇ ਕਣ ਦੀ ਬਣਤਰ ਕੁਦਰਤਨ ਸਦੀਆਂ ਤਕ ਸਥਿਰ ਰਹਿੰਦੀ ਹੈ। ਇਸ ਦੇ ਬਿਣਸਨ ਦੀ ਅੱਧੀ ਉਮਰ 521 ਸਾਲ ਹੈ; ਭਾਵ ਜੇ ਪਿੰਜਰ ਧਰਤੀ ਹੇਠਾਂ ਦੱਬਿਆ ਰਹੇ ਤਾਂ ਡੀ.ਐਨ.ਏ. ਦੇ ਹਿੱਸੇ ਇਕ-ਦੂਜੇ ਨਾਲੋਂ 521 ਸਾਲ ਤਕ ਜੁਦਾ ਨਹੀਂ ਹੁੰਦੇ। ਇਸ ਦਾ ਮਤਲਬ ਇਹ ਹੋਇਆ ਕਿ ਪਿੰਜਰ ਦਾ ਡੀ.ਐਨ.ਏ. 6.8 ਮਿਲੀਅਨ ਸਾਲ ਸਥਿਰ ਰਹਿ ਸਕਦਾ ਹੈ। ਵਿਗਿਆਨੀਆਂ ਨੇ ਇਸ ਤੱਥ ਦਾ ਲਾਹਾ ਲੈਂਦਿਆਂ ਡੀ.ਐਨ.ਏ. ਕਣ ਪਿੰਜਰਾਂ ਦੀਆਂ ਹੱਡੀਆਂ ਜਾਂ ਦੰਦਾਂ ਵਿਚੋਂ ਕੱਢਿਆ।
ਵਿਗਿਆਨ ਦੇ ਮੈਗਜ਼ੀਨ ‘ਸੈਲ’ ਵਿਚ ਛਪੀ ਪਹਿਲੀ ਰਿਪੋਰਟ ਵਿਚ ਹਰਿਆਣੇ ਦੇ ਰਾਖੀਗੜ੍ਹੀ ਸਥਾਨ ਤੋਂ ਮਿਲੇ ਪਿੰਜਰਾਂ ਦੇ ਡੀ.ਐਨ.ਏ. ਤੋਂ ‘ਇੰਡਸ ਵੈਲੀ ਸਭਿਅਤਾ’ ਅਤੇ ‘ਹੜੱਪਨ ਸਭਿਅਤਾ’ ਦੇ ਵਾਸੀਆਂ ਦਾ ਪਤਾ ਲੱਗਾ ਹੈ। (ਚਿਤਰ-1)
ਇਸ ਪਿੰਜਰ ਦੇ ਡੀ.ਐਨ.ਏ. ਤੋਂ ਤਸਦੀਕ ਹੁੰਦਾ ਹੈ ਕਿ ਇਹ ਲੋਕ ਅੱਜ ਦੇ ਦੱਖਣੀ ਏਸ਼ੀਆ ਦੇ ਲੋਕਾਂ ਨਾਲ ਮਿਲਦੇ-ਜੁਲਦੇ ਹਨ ਅਤੇ ਇਨ੍ਹਾਂ ਦਾ ਹਿੰਦੋਸਤਾਨ ਦੇ ਦੱਖਣੀ ਭਾਰਤੀ ਪ੍ਰਾਂਤਾਂ ਦੇ ਵਸਨੀਕਾਂ ਨਾਲ ਸਿੱਧਾ ਨਾਤਾ ਹੈ। ਇਹ ਲੋਕ ‘ਇੰਡਸ ਵੈਲੀ ਸਭਿਅਤਾ’ ਦੇ ਨਿਰਮਾਤਾ ਸਨ।
ਹਰਿਆਣਾ ਦੇ ਪਿੰਡ ਰਾਖੀਗੜ੍ਹ ਲਾਗਿਉਂ ਮਿਲੇ ਪਿੰਜਰ ਦਾ ਡੀ.ਐਨ.ਏ. ਹੜੱਪਨ ਸਭਿਅਤਾ ਦੇ ਵਸਨੀਕਾਂ ਨਾਲ ਮਿਲਦਾ ਹੈ। (ਚਿਤਰ-2)
ਦੋਹਾਂ ਸਭਿਅਤਾਵਾਂ ਦੇ ਵਸਨੀਕਾਂ ਵਿਚ ਅੰਤਰ-ਸੰਭੋਗ ਰਾਹੀਂ ਮਿਲਾਵਟ ਹੁੰਦੀ ਰਹੀ, ਜਿਸ ਦੀ ਤਸਦੀਕ ਡੀ.ਐਨ.ਏ. ਤੋਂ ਭਲੀਭਾਂਤ ਹੁੰਦੀ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ‘ਸੈਲ’ ਵਿਚ ਛਪੇ ਲੇਖ ਦਾ ਮੁੱਖ ਵਿਗਿਆਨੀ ਅਮਰੀਕਾ ਦੀ ਨਾਮੀ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਡੇਵਿਡ ਰੀਛ ਹੈ, ਉਸ ਦੇ ਨਾਲ 92 ਹੋਰ ਵਿਗਿਆਨੀ ਹਨ, ਜੋ ਵੱਖ ਵੱਖ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿਚ ਖੋਜੀ ਹਨ। ਇਨ੍ਹਾਂ ਨੇ ਇੰਡਸ ਵੈਲੀ ਦੇ ਦਸ ਥਾਂਵਾਂ ਤੋਂ ਮਿਲੇ 100 ਪਿੰਜਰਾਂ ਦੇ ਡੀ.ਐਨ.ਏ. ਦਾ ਅਧਿਐਨ ਕਰਕੇ ਹੇਠਲੇ ਨਤੀਜੇ ਕੱਢੇ:
1. ਇੰਡਸ ਵੈਲੀ ਅਤੇ ਹੜੱਪਾ ਸਭਿਅਤਾਵਾਂ ਦੇ ਲੋਕਾਂ ਨੇ ਹਿੰਦੋਸਤਾਨ ਦੀ ਵਸੋਂ ਦਾ ਮੁੱਢ ਬੰਨਿਆ। ਇਹ ਲੋਕ ਆਰੀਆ ਲੋਕਾਂ ਨਾਲੋਂ ਦਰਾਵਿੜ (ਦੱਖਣੀ ਭਾਰਤੀ) ਲੋਕਾਂ ਨਾਲ ਵੱਧ ਮਿਲਦੇ ਸਨ।
2. ਆਰੀਆ ਲੋਕ ਸਭ ਤੋਂ ਬਾਅਦ ਹਿੰਦੋਸਤਾਨ ਵਿਚ ਆਏ, ਜੋ ਇੰਡੋ-ਯੂਰਪੀਅਨ ਭਾਸ਼ਾਵਾਂ ਬੋਲਦੇ ਸਨ, ਜਿਨ੍ਹਾਂ ਵਿਚ ਸੰਸਕ੍ਰਿਤ ਵੀ ਸ਼ਾਮਿਲ ਸੀ।
ਹਿੰਦੂਤਵੀਆਂ ਦਾ ਪ੍ਰਚਾਰ: ਹਿੰਦੁਤਵੀ ‘ਮੈਂ ਨਾ ਮਾਨੂੰ’ ਦੀ ਰੱਟ ਲਾਈ ਜਾਂਦੇ ਹਨ ਅਤੇ ਉਕਤ ਤੱਥਾਂ ਨੂੰ ਪੁੱਠਾ ਗੇੜਾ ਦੇ ਕੇ ਇਹ ਪ੍ਰਚਾਰਦੇ ਹਨ ਕਿ ਇੰਡਸ ਵੈਲੀ ਸਭਿਅਤਾ ਆਰੀਆ ਲੋਕਾਂ ਦੀ ਦੇਣ ਸੀ। ਆਰੀਆ ਲੋਕਾਂ ਨੇ ਹਿੰਦੋਸਤਾਨ ਵਿਚੋਂ ਬਾਹਰ ਆਵਾਸ ਕੀਤਾ। ਫਲਸਰੂਪ ਇੰਡਸ ਵੈਲੀ ਸਭਿਅਤਾ ਦੁਨੀਆਂ ਦੇ ਹੋਰ ਖਿਤਿਆਂ ਵਿਚ ਫੇਲੀ; ਭਾਵ ਇਹ ਕਿ ਬਾਹਰਲੇ ਆਵਾਸੀਆਂ ਨੇ ਹਿੰਦੋਸਤਾਨ ਦੀ ਸਭਿਅਤਾ ਵਿਚ ਕੋਈ ਹਿੱਸਾ ਨਹੀਂ ਪਾਇਆ, ਸਗੋਂ ਇੰਡਸ ਵਾਦੀ ਦੇ ਆਰੀਆ ਲੋਕਾਂ ਨੇ ਬਾਹਰਲੇ ਮੁਲਕਾਂ ਵਿਚ ਪਰਵੇਸ਼ ਕਰਕੇ ਉਨ੍ਹਾਂ ਦੀ ਸਭਿਅਤਾ ਨੂੰ ਪ੍ਰਭਾਵਿਤ ਕੀਤਾ। ਪਰ ਡੀ.ਐਨ.ਏ. ਦੀ ਗਵਾਹੀ ਹਿੰਦੂਤਵੀਆਂ ਦੀ ਮਨੌਤ ਦੇ ਪੱਖ ਵਿਚ ਨਹੀਂ ਭੁਗਤਦੀ। ਉਹ ਤੱਥਾਂ ਨੂੰ ਪੁੱਠਾ ਗੇੜਾ ਦਈ ਜਾ ਰਹੇ ਹਨ। ਅੰਗਰੇਜ਼ੀ ਵਿਚ ਅਜਿਹੀ ਸੋਚ ਨੂੰ ‘ਘੋੜੇ ਅੱਗੇ ਤਾਂਗਾ ਜੋੜਨਾ’ ਕਹਿੰਦੇ ਹਨ।
ਇਸ ਵਿਵਾਦ ਦਾ ਮੁੱਢ 18ਵੀਂ ਸਦੀ ਦੇ ਆਖੀਰ ਵਿਚ ਉਸ ਵੇਲੇ ਬੱਝਾ ਜਦ ਇਹ ਸਾਫ ਜ਼ਾਹਰ ਹੋ ਗਿਆ ਕਿ ਯੂਰਪ, ਇਰਾਨ ਅਤੇ ਦੱਖਣੀ ਏਸ਼ੀਆ (ਇੰਡੀਆ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀ ਲੰਕਾ, ਨੇਪਾਲ, ਭੂਟਾਨ ਅਤੇ ਮਾਲਦੀਵ) ਵਿਚ ਬੋਲੀਆਂ ਜਾਂਦੀਆਂ ਭਾਸਾਵਾਂ ਦਾ ਆਪਸ ਵਿਚ ਗੂੜ੍ਹਾ ਰਿਸ਼ਤਾ ਹੈ। 19ਵੀਂ ਸਦੀ ਵਿਚ ਕੁਝ ਯੂਰਪੀ ਇਤਿਹਾਸਕਾਰਾਂ ਨੇ ਹਿੰਦੋਸਤਾਨੀ ਅਤੇ ਇਰਾਨੀ ਗ੍ਰੰਥਾਂ ਦੇ ਅਧਿਐਨ ਤੋਂ ਇਹ ਨਤੀਜਾ ਕੱਢਿਆ ਕਿ ਮੂਲ ਇੰਡੋ-ਯੂਰਪੀਅਨ ਭਾਸ਼ਾਵਾਂ ਬੋਲਣ ਵਾਲੇ ਲੋਕ ਆਪਣੇ ਆਪ ਨੂੰ ਆਰੀਆ ਕਹਿੰਦੇ ਸਨ। ਇਸ ਸੋਚ ਨੇ ਗੋਰੇ ਲੋਕਾਂ ਨੂੰ ਕੌਕੇਸ਼ੀਅਨ ਅਤੇ ਹਿੰਦੋਸਤਾਨੀ ਲੋਕਾਂ ਨੂੰ ਆਰੀਆ ਕਿਹਾ। ਇਨ੍ਹਾਂ ਲੋਕਾਂ ਦੀਆਂ ਜੜ੍ਹਾਂ ਬਲੈਕ ਅਤੇ ਕੈਸਪੀਅਨ ਸਮੁੰਦਰਾਂ ਦੇ ਆਲੇ-ਦੁਆਲੇ ਸਨ। ਇਨ੍ਹਾਂ ਵਰਗਾਂ ਦੀ ਭਾਸ਼ਾ ਵੈਦਿਕ ਸੰਸਕ੍ਰਿਤ ਸੀ। 19ਵੀਂ ਸਦੀ ਦੇ ਸੰਸਕ੍ਰਿਤ ਵਿਦਵਾਨ, ਫ੍ਰੈਡਰਿਕ ਮੈਕਸ ਮੁੱਲਰ ਦਾ ਵਿਚਾਰ ਹੈ ਕਿ ਪਹਿਲੇ ਵੈਦਿਕ ਲੋਕ, ਜੋ ਅਰਧ ਟੱਪਰੀਵਾਸੀ/ਖਾਨਾਬਦੋਸ਼ ਚਰਵਾਹੇ ਸਨ, ਹਿੰਦੋਸਤਾਨ ਵਿਚ ਪਹੁੰਚ ਕੇ ਉਥੋਂ ਦੇ ਕਿਸਾਨੀ ਲੋਕਾਂ ਨਾਲ ਟਕਰਾਏ ਤੇ ਅਖੀਰ ਆਰੀਆ ਲੋਕ ਅਖਵਾਏ।
ਸੰਸਕ੍ਰਿਤ ਨਾਲ ਪੰਜਾਬੀ ਅਤੇ ਹਿੰਦੀ ਦਾ ਨਾਤਾ: ਵੈਦ ਲੌਕਿਕ ਸੰਸਕ੍ਰਿਤ ਵਿਚ ਰਚੇ ਹੋਏ ਹਨ। ਇਨ੍ਹਾਂ ਵਿਚ ਦੱਖਣੀ ਭਾਰਤੀ ਭਾਸ਼ਾਵਾਂ, ਖਾਸ ਕਰਕੇ ਤਾਮਿਲ ਭਾਸ਼ਾ ਦੇ ਸ਼ਬਦ ਮਿਲਦੇ ਹਨ। ਸੰਸਕ੍ਰਿਤ ਭਾਸ਼ਾ, ਵੈਦਿਕ ਸੰਸਕ੍ਰਿਤ ਵਿਚੋਂ ਵਿਗਸੀ। ਇਸ ਵਿਚ ਪੰਜਾਬੀ ਭਾਸ਼ਾ ਦੇ ਤਤਸਮ ਅਤੇ ਤਤਭਵ ਸ਼ਬਦਾਂ ਦੀ ਭਰਮਾਰ ਹੈ। ਪੰਜਾਬੀ ਦੀਆਂ ਕਈ ਧੁਨੀਆਂ ਸੰਸਕ੍ਰਿਤ ਭਾਸ਼ਾ ਨਾਲ ਮਿਲਦੀਆਂ ਹਨ। ਮਿਸਾਲ ਵਜੋਂ ‘ਯ’ ਦਾ ਉਚਾਰਨ ‘ਜ’ ਵਿਚ ਬਦਲ ਗਿਆ ਹੈ ਅਤੇ ‘ਸ਼’ ਦੀ ਧੁਨੀ ‘ਖ’ ਵਿਚ ਬਦਲ ਗਈ ਹੈ। ਵੈਦਿਕ ਸੰਸਕ੍ਰਿਤ ਵਿਚ ‘ਲ਼’ ਦੀ ਵਰਤੋਂ ਮਿਲਦੀ ਹੈ, ਪਰ ਸੰਸਕ੍ਰਿਤ ਵਿਚ ਨਹੀਂ ਮਿਲਦੀ। ਪੰਜਾਬੀ ਵਿਚ ‘ਲ਼’ ਦੀ ਧੁਨੀ ਕਾਇਮ ਹੈ ਜਿਵੇਂ, ਗੋਲੀ (ਦਾਸੀ) ਅਤੇ ਗੋਲ਼ੀ (ਬੰਦੂਕ ਵਿਚ ਭਰਨ ਵਾਲੀ), ਬੋਲੀ (ਬੋਲਣਾ) ਅਤੇ ਬੋਲ਼ੀ (ਬਹਿਰੀ) ਆਦਿ। ਹਿੰਦੀ ਵਿਚ ਇਹ ਧੁਨੀਆਂ ਲੋਪ ਹਨ। ਵੈਦਿਕ ਸੰਸਕ੍ਰਿਤ ਵਾਂਗ ਪੰਜਾਬੀ ਭਾਸ਼ਾ ਸੁਰਾਤਮਕ ਭਾਸ਼ਾ ਹੈ। ਹਿੰਦੀ ਵਿਚ ਇਸ ਵਿਸ਼ੇਸ਼ਤਾ ਦੀ ਘਾਟ ਹੈ।
ਪੰਜਾਬੀ ਸ਼ਬਦ ਰਚਨਾ ਦਾ ਬਣਤਰੀ ਢਾਂਚਾ ਵੀ ਸੰਸਕ੍ਰਿਤ ਨਾਲ ਮਿਲਦਾ ਹੈ ਜਿਵੇਂ ਪੰਜਾਬੀ ਸ਼ਬਦ ਕਰਤਾ, ਦੋਹਤਰਾ, ਪਿਤਾ, ਕੋਸੀ, ਪਾਣੀ, ਚੁਕੰਨਾ, ਕੁਲਹਿਣੀ, ਭਰਜਾਈ, ਧੀ ਆਦਿ ਸ਼ਬਦ ਸੰਸਕ੍ਰਿਤ ਵਿਚ ਮਿਲਦੇ ਹਨ। ਪੰਜਾਬੀ ਅਤੇ ਸੰਸਕ੍ਰਿਤ ਦੇ ਅਗੇਤਰ ਵੀ ਆਪਸ ਵਿਚ ਮਿਲਦੇ ਹਨ ਜਿਵੇਂ ਅਭਿਮਾਨ, ਅਭਿਲਾਸ਼ਾ, ਅਤਕਥਨੀ, ਅਧਿਆਪਕ, ਅਨੁਸਾਰ, ਔਗਣ, ਅਤਿਆਚਾਰ ਆਦਿ। ਵਿਸਥਾਰ ਲਈ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਦੀ ਪੁਸਤਕ ‘ਪੰਜਾਬੀ ਭਾਸ਼ਾ ਦਾ ਸਰੋਤ ਤੇ ਬਣਤਰ’ ਵਾਚੀ ਜਾ ਸਕਦੀ ਹੈ।
ਪੰਜਾਬੀ ਭਾਸ਼ਾ ਦੀ ਨੁਹਾਰ ਨੌਵੀਂ-ਦਸਵੀਂ ਈਸਵੀ ਤੋਂ ਬੱਝਣੀ ਸ਼ੁਰੂ ਹੋ ਗਈ ਸੀ। 12ਵੀਂ ਸਦੀ ਵਿਚ ਬਾਬਾ ਫਰੀਦ ਦੇ ਸਲੋਕਾਂ ਦੀ ਬੋਲੀ ਠੇਠ ਪੰਜਾਬੀ ਹੈ, ਪਰ ਲਿਖੀ ਸ਼ਾਹਮੁਖੀ ਅੱਖਰਾਂ ਵਿਚ ਜਾਂਦੀ ਸੀ। ਗੁਰਬਾਣੀ ਵਿਚ ਗੁਰੂ ਨਾਨਕ ਦੀ ਬਾਣੀ ‘ਪੱਟੀ ਲਿਖੀ’ ਮਿਲਦੀ ਹੈ। ਇਸ ਵਿਚ ਪੰਜਾਬੀ ਪੈਂਤੀ ਦੇ ਸਾਰੇ ਅੱਖਰ ਦਰਕਾਰ ਹਨ; ਫਰਕ ਕੇਵਲ ਇਹ ਹੈ ਕਿ ਇਹ ‘ਅ’ ਦੀ ਥਾਂ ‘ਸ’ ਤੋਂ ਸ਼ੁਰੂ ਹੁੰਦੀ ਹੈ। ਦੂਜੇ ਗੁਰੂ ਅੰਗਦ ਦੇਵ ਨੇ ਇਸ ਨੂੰ ਤਰਤੀਬ ਦੇ ਕੇ ਹੁਣ ਵਾਲੀ ਪੈਂਤੀ ਦੇ ਰੂਪ ਵਿਚ ਬਦਲਿਆ, ਫਲਸਰੂਪ ਇਸ ਦਾ ਨਾਂ ਗੁਰਮੁਖੀ ਪੈ ਗਿਆ। ਮੁਕਾਬਲੇ ‘ਤੇ ਹਿੰਦੀ ਭਾਸ਼ਾ, ਉਰਦੂ ਭਾਸ਼ਾ ਦੇ ਨਾਲ 17ਵੀਂ ਸਦੀ ਵਿਚ ਵਿਗਸੀ। ਇਨ੍ਹਾਂ ਦੀ ਵਿਆਕਰਣ ਵੀ ਸਾਂਝੀ ਹੈ।
ਸਿੱਟਾ ਇਹ ਕਿ ਪੰਜਾਬੀ ਦਾ ਸੰਸਕ੍ਰਿਤ ਭਾਸ਼ਾ ਨਾਲ ਨਾਤਾ ਹਿੰਦੀ ਭਾਸ਼ਾ ਨਾਲੋਂ ਪੁਰਾਣਾ ਹੈ। ਗ੍ਰੀਅਰਸਨ ਵਰਗੇ ਸੰਸਾਰ ਪ੍ਰਸਿੱਧ ਭਾਸ਼ਾ ਵਿਗਿਆਨੀ ਅਤੇ ਮਸ਼ਹੂਰ ਭਾਰਤੀ ਭਾਸ਼ਾ ਵਿਗਿਆਨੀਆਂ- ਵਿਦਿਆ ਭਾਸਕਰ ਅਰੁਨ ਅਤੇ ਪ੍ਰੇਮ ਪ੍ਰਕਾਸ਼ ਸਿੰਘ ਨੇ ਪੰਜਾਬੀ ਨੂੰ ਹਿੰਦੋਸਤਾਨ ਦੀਆਂ ਹੋਰ ਭਾਸ਼ਾਵਾਂ ਨਾਲੋਂ ਸੰਸਕ੍ਰਿਤ ਦੇ ਵਧੇਰੇ ਕਰੀਬ ਸਿੱਧ ਕੀਤਾ ਹੈ (ਸਬੱਬ ਨਾਲ ਮੈਂ ਇਨ੍ਹਾਂ ਦੋਹਾਂ ਵਿਦਵਾਨਾਂ ਦਾ ਸਾਥ ਮਾਣਿਆ ਹੈ)। ਭਾਰਤੀ ਭਾਸ਼ਾਵਾਂ ਦੇ ਮਾਹਿਰ ਪ੍ਰੋ. ਕ੍ਰਿਸਟੋਫਰ ਸੈਕਲਜ਼ ਨੇ ਤਾਂ ਸੰਸਕ੍ਰਿਤ ਨੂੰ ਪੰਜਾਬੀ ਦੀ ਨਕੜਦਾਦੀ ਕਿਹਾ ਹੈ।
ਭਾਰਤ ਵਿਚ ਸੰਸਕ੍ਰਿਤ ‘ਚੋਂ ਵਿਗਸੀ ਠੇਠ ਹਿੰਦੀ ਬੋਲਣ ਵਾਲੇ ਲੋਕ ਕਵੇਲ 7% ਹਨ, ਬਾਕੀ ਦੀ ਵਸੋਂ ਸਥਾਨਕ ਬੋਲੀਆਂ ਬੋਲਦੇ ਹਨ। ਹਿੰਦੋਸਤਾਨ ਵਿਚ 22 ਪ੍ਰਾਂਤ ਹਨ ਅਤੇ ਹਰ ਪ੍ਰਾਂਤ ਦੀ ਆਪਣੀ ਵੱਖਰੀ ਭਾਸ਼ਾ ਹੈ। ਇਸ ਲਈ ਹਿੰਦੋਸਤਾਨ ਦੀ ਕੋਈ ਇਕ ਭਾਸ਼ਾ ਨਹੀਂ ਮੰਨੀ ਜਾ ਸਕਦੀ। ਜੇ ਵੱਖ ਵੱਖ ਜਾਤੀਆਂ ਵਿਚ ਅਦਾਨ ਪ੍ਰਦਾਨ ਲਈ ਕੋਈ ਸੰਪਰਕ ਭਾਸ਼ਾ ਬਣਾਉਣੀ ਹੈ ਤਾਂ ਇਸ ਵਿਚ ਹਰ ਭਾਸ਼ਾ ਦੇ ਬੋਲਚਾਲ ਦੇ ਸ਼ਬਦ ਹੋਣੇ ਚਾਹੀਦੇ ਹਨ ਅਤੇ ਤਕਨੀਕੀ ਅਤੇ ਖਾਸ ਸ਼ਬਦਾਂ ਨੂੰ ਅੰਗਰੇਜ਼ੀ ਵਿਚ ਲਿਖਿਆ ਜਾ ਸਕਦਾ। ਅਜਿਹੀ ਮਿਸ਼ਰਤ ਭਾਸ਼ਾ ਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ, ਜਿਵੇਂ ਹਿੰਦਵੀ, ਹਿੰਦੋਸਤਾਨੀ, ਭਾਰਤੀ ਆਦਿ।