ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ

ਦਵਿੰਦਰ ਕੌਰ ਗੁਰਾਇਆ, ਵਰਜੀਨੀਆ
ਫੋਨ: 571-315-9543
ਮਿਲ ਗਈ ਸੀ ਇਸ ਵਿਚ
ਇੱਕ ਬੂੰਦ ਤੇਰੇ ਇਸ਼ਕ ਦੀ
ਇਸ ਲਈ ਮੈਂ ਜ਼ਿੰਦਗੀ ਦੀ
ਸਾਰੀ ਕੁੜਿੱਤਣ ਪੀ ਲਈ।

ਅੰਮ੍ਰਿਤਾ ਪ੍ਰੀਤਮ ਲਈ ਇਸ਼ਕ ‘ਉੱਚ ਦੇ ਪੀਰ’ ਵਰਗਾ ਸੀ, ਜਿਸ ਦੀ ਦਰਗਾਹ ‘ਤੇ ਜਾ ਕੇ ਲੋਕ ਸੋਚਦੇ ਨੇ, ਸ਼ਾਇਦ ਉਹ ਸਾਰੇ ਦੁੱਖਾਂ-ਤਕਲੀਫਾਂ ਤੋਂ ਮੁਕਤ ਹੋ ਜਾਣਗੇ।
ਅੰਮ੍ਰਿਤਾ ਪ੍ਰੀਤਮ ਮਹਾਨ ਲੇਖਿਕਾ ਤੇ ਕਵਿਤਰੀ ਸੀ। ਬਹੁਤ ਛੋਟੀ (ਸੋਲਾਂ ਸਾਲ) ਦੀ ਉਮਰ ਵਿਚ ਉਸ ਨੇ ਲਿਖਣਾ ਸ਼ੁਰੂ ਕੀਤਾ ਅਤੇ ਸਤਾਰਾਂ ਸਾਲ ਦੀ ਉਮਰ ਤੱਕ ਉਸ ਦੀ ਕਿਤਾਬ ‘ਅੰਮ੍ਰਿਤ ਲਹਿਰਾਂ’ ਲਾਹੌਰ ਵਿਚ ਛਪ ਗਈ ਸੀ। ਉਸ ਦਾ ਪਿਤਾ ਕਰਤਾਰ ਸਿੰਘ ਹਿਤਕਾਰੀ ਚੰਗਾ ਲੇਖਕ ਅਤੇ ਸਾਹਿਤ ਪ੍ਰੇਮੀ ਸੀ, ਪਰ ਜ਼ਿਆਦਾਤਰ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ। ਅੰਮ੍ਰਿਤਾ ਦੀ ਪਹਿਲੇ ਦੌਰ ਦੀ ਸਿਰਮੌਰ ਰਚਨਾ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਸੀ। ਇਸ ਵਿਚ ਉਸ ਨੇ 1947 ਦੀ ਕਤਲੋਗਾਰਤ ਦੇ ਦੁਖਾਂਤ ਅਤੇ ਪੀੜਾ ਨੂੰ ਇਸ ਢੰਗ ਨਾਲ ਬਿਆਨਿਆ ਕਿ ਹਰ ਪੜ੍ਹਨ-ਸੁਣਨ ਵਾਲੇ ਦਾ ਦਿਲ ਪਸੀਜ ਕੇ ਰਹਿ ਗਿਆ। ਉਹ ਹਿਰਦੇ ਵਿਚ ਹੂਕ ਭਰ ਕੇ ਆਖਦੀ ਹੈ,
ਅੱਜ ਆਖਾਂ ਵਾਰਸ ਸ਼ਾਹ ਨੂੰ
ਕਿਤੇ ਕਬਰਾਂ ਵਿਚੋਂ ਬੋਲ
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ।

ਅੱਗੇ ਲਿਖਦੀ ਹੈ,
ਕਿਸੇ ਨੇ ਪੰਜਾਂ ਪਾਣੀਆਂ ਵਿਚ ਦਿੱਤੀ ਜ਼ਹਿਰ ਮਿਲਾ…।
ਇਥੇ ਉਹ ਮਨੁੱਖਤਾ ਵਿਚ ਵੰਡੀਆਂ ਪੁਆ ਕੇ ਕੋਹਰਾਮ ਮਚਾਉਣ ਵਾਲੀ ਅੰਗਰੇਜ਼ ਹਕੂਮਤ ਵੱਲ ਇਸ਼ਾਰਾ ਕਰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅੰਮ੍ਰਿਤਾ ਸਿਰਫ ਸਾਹਿਤਕਾਰ ਜਾਂ ਕਵਿਤਰੀ ਨਹੀਂ ਸੀ, ਸਗੋਂ ਉਸ ਨੂੰ ਸਮਾਜਕ ਤੇ ਰਾਜਨੀਤਕ ਸੂਝ ਵੀ ਸੀ। ਆਲੇ-ਦੁਆਲੇ ਵਾਪਰ ਰਹੇ ਵਰਤਾਰੇ ਤੋਂ ਉਹ ਭਲੀਭਾਂਤ ਜਾਣੂ ਸੀ।
ਅੰਮ੍ਰਿਤਾ ਨੇ ਕਾਵਿ-ਸੰਗ੍ਰਿਹਾਂ ਤੋਂ ਇਲਾਵਾ ਬੜੇ ਚੰਗੇ ਨਾਵਲ ਵੀ ਲਿਖੇ। ‘ਆਲ੍ਹਣਾ’, ‘ਪਿੰਜਰ’ ਤੇ ‘ਡਾ. ਦੇਵ’ ਉਸ ਦੀਆਂ ਮਹਾਨ ਕਿਰਤਾਂ ਹਨ। ਇਨ੍ਹਾਂ ਨਾਵਲਾਂ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਇਆ। ਨਾਵਲ ‘ਪਿੰਜਰ’ ਉਤੇ ਤਾਂ ਬੜੀ ਸੰਜੀਦਗੀ ਨਾਲ ਇਸੇ ਨਾਂ ਦੀ ਫਿਲਮ ਵੀ ਤਿਆਰ ਕੀਤੀ ਗਈ। ਇਸ ਨਾਵਲ ਦੀ ਕਹਾਣੀ ਵਿਚ ਦੱਸਿਆ ਗਿਆ ਹੈ ਕਿ ਕੁਨਬਿਆਂ/ਪਰਿਵਾਰਾਂ ਦੀ ਪੀੜ੍ਹੀਆਂ ਤੋਂ ਚਲੀ ਆਉਂਦੀ ਦੁਸ਼ਮਣੀ ਦਾ ਬਦਲਾ ਵੀ ਔਰਤ ਨੂੰ ਬਲੀ ਚੜ੍ਹਾ ਕੇ ਲਿਆ ਜਾਂਦਾ ਹੈ। ਇਕ ਹੋਰ ਬੜੀ ਘਿਨਾਉਣੀ ਘਟਨਾ, ਜੋ ਫਿਲਮ ਵਿਚ ਵੀ ਫਿਲਮਾਈ ਗਈ ਹੈ। ਪਾਗਲ ਔਰਤ ਸੜਕ ਕੰਢੇ ਬੈਠੀ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਬੱਚਾ ਬੱਚਾ ਨਹੀਂ, ਵਿਨਾਸ਼ ਵੱਲ ਵਧ ਰਹੀ ਮਨੁੱਖਤਾ ਦਾ ਚਿੰਨ੍ਹ ਹੁੰਦਾ ਹੈ।
ਅੰਮ੍ਰਿਤਾ ਨੇ ਸਵੈ ਜੀਵਨੀ ਵੀ ਲਿਖੀ, ‘ਰਸੀਦੀ ਟਿਕਟ’, ਜੋ ਉਸ ਦੀ ਬੇਬਾਕੀ ਅਤੇ ਦਲੇਰੀ ਦੀ ਮੂੰਹ ਬੋਲਦੀ ਤਸਵੀਰ ਹੈ। ਉਸ ਨੇ ਸਮਾਜਕ ਬੰਦਿਸ਼ਾਂ ਅਤੇ ਰੀਤੀ-ਰਿਵਾਜਾਂ ਦਾ ਖੰਡਨ ਕਰਕੇ ਜਿਸ ਤਰ੍ਹਾਂ ਚਾਹਿਆ, ਉਸ ਤਰ੍ਹਾਂ ਜੀਵਿਆ ਅਤੇ ਜਿਸ ਤਰ੍ਹਾਂ ਜੀਵਿਆ, ਲਿਖ ਵੀ ਦਿੱਤਾ। ਉਸ ਨੇ ਆਪਣੀਆਂ ਕਮਜ਼ੋਰੀਆਂ ਲੁਕੋਈਆਂ ਨਹੀਂ ਸਗੋਂ ਇਨ੍ਹਾਂ ਨੂੰ ਵੀ ਪ੍ਰਾਪਤੀਆਂ ਵਾਂਗ ਹੀ ਜੱਗ ਜਾਹਰ ਕੀਤਾ। ਇਸ ਤਰ੍ਹਾਂ ਕਰਨਾ, ਤੇ ਉਹ ਵੀ ਕਿਸੇ ਔਰਤ ਵਲੋਂ, ਵੱਡੇ ਜਿਗਰੇ ਵਾਲੀ ਗੱਲ ਹੈ।
ਹਾਲਾਤ ਨੇ ਅੰਮ੍ਰਿਤਾ ਨੂੰ ਬੜੀਆਂ ਕਠਿਨ ਪ੍ਰੀਖਿਆਵਾਂ ਵਿਚ ਪਾਈ ਰੱਖਿਆ ਪਰ ਉਸ ਨੇ ਕਦੀ ਹਿੰਮਤ ਨਹੀਂ ਸੀ ਹਾਰੀ। ਛੋਟੀ ਉਮਰ ਵਿਚ ਹੀ ਮਾਂ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਪ੍ਰੀਤਮ ਸਿੰਘ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ। ਉਸ ਸਮੇਂ ਉਹ ਇੰਨੀ ਸੂਝਵਾਨ ਨਹੀਂ ਸੀ, ਸੋ ਵਿਰੋਧ ਨਾ ਕਰ ਸਕੀ, ਪਰ ਜਵਾਨ ਹੋ ਕੇ ਪੜ੍ਹ-ਲਿਖ ਕੇ ਉਸ ਨੇ ਮਾਂ ਬਾਪ ਦੇ ਚੁਣੇ ਵਰ ਨੂੰ ਇੱਕ ਪਾਸੇ ਕਰਕੇ ਆਪਣੀ ਸੋਚ ਦੇ ਹਾਣ ਦਾ ਇੰਦਰਜੀਤ (ਇਮਰੋਜ਼) ਚੁਣ ਲਿਆ। ਉਹ ਦਿੱਲੀ ਸਦਰ ਬਾਜ਼ਾਰ ਵਿਚ ਆਪਣੇ ਦੁਕਾਨਦਾਰ ਪਤੀ ਪ੍ਰੀਤਮ ਸਿੰਘ ਨੂੰ ਛੱਡ ਕੇ ਕਲਾਕਾਰ ਇਮਰੋਜ਼ ਨਾਲ ਰਹਿਣ ਲੱਗ ਪਈ। ਇਸ ਗੱਲ ਦੀ ਸ਼ਹਿਰ ਅਤੇ ਸਾਹਿਤਕ ਹਲਕਿਆਂ ਵਿਚ ਬੜੀ ਚਰਚਾ ਹੋਈ। ਫਿਰ ਇਸ ਦੰਦ-ਕਥਾ ਤੋਂ ਬਚਣ ਲਈ ਉਹ ਦੋਵੇਂ ਮੁੰਬਈ ਚਲੇ ਗਏ। ਵੈਸੇ ਵੀ ਅੰਮ੍ਰਿਤਾ ਸੋਚਦੀ ਸੀ, ਮੁੰਬਈ ਅੱਗੇ ਵਧਣ ਲਈ ਬੜਾ ਵੱਡਾ ਪਲੇਟਫਾਰਮ ਹੈ, ਹੈ ਵੀ ਸੀ। ਉਥੇ ਉਸ ਦਾ ਮੇਲ ਨਾਮੀ ਸਾਹਿਤਕਾਰਾਂ ਨਾਲ ਹੋਇਆ। ਸਾਹਿਰ ਲੁਧਿਆਣਵੀ ਨੂੰ ਵੀ ਉਹ ਇਥੇ ਹੀ ਮਿਲੀ ਸੀ। ਫਿਰ ਅੰਮ੍ਰਿਤਾ ਅਤੇ ਇਮਰੋਜ਼ ਨੇ ਮਿਲ ਕੇ ‘ਨਾਗਮਣੀ’ ਰਸਾਲਾ ਸ਼ੁਰੂ ਕੀਤਾ।
ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ, ਪਰ ਅਚਾਨਕ ਦੋਹਾਂ ਵਿਚਾਲੇ ਅਣਬਣ ਹੋ ਗਈ। ਅੰਮ੍ਰਿਤਾ ਦਿੱਲੀ ਵਾਪਸ ਆ ਕੇ ਆਪਣੇ ਪਤੀ ਨਾਲ ਰਹਿਣ ਲੱਗ ਪਈ। ਉਸ ਦਾ ਪਤੀ ਪ੍ਰੀਤਮ ਸਿੰਘ ਵੱਡੇ ਜਿਗਰੇ ਵਾਲਾ ਇਨਸਾਨ ਸੀ। ਉਹ ਆਖਦਾ ਸੀ, ਉਸ ਦੇ ਘਰ ਦੇ ਦਰਵਾਜੇ ਅੰਮ੍ਰਿਤਾ ਲਈ ਸਦਾ ਖੁੱਲ੍ਹੇ ਰਹਿਣਗੇ, ਉਹ ਜਦੋਂ ਵੀ ਚਾਹੇ, ਘਰ ਵਾਪਸ ਆ ਸਕਦੀ ਹੈ, ਪਰ ਅੰਮ੍ਰਿਤਾ ਪ੍ਰੀਤਮ ਨੂੰ ਆਪਣੇ ਪਤੀ ਨਾਲ ਰਹਿ ਕੇ ਉਹ ਸਾਹਿਤਕ ਮਾਨਸਿਕ ਸਕੂਨ ਨਹੀਂ ਸੀ ਮਿਲਦਾ, ਜੋ ਉਹ ਕਲਾਕਾਰ ਇਮਰੋਜ਼ ਨਾਲ ਰਹਿ ਕੇ ਮਹਿਸੂਸ ਕਰਦੀ ਸੀ। ਕੁਝ ਸਮੇਂ ਬਾਅਦ ਉਹ ਮੁੜ ਇਮਰੋਜ਼ ਕੋਲ ਚਲੀ ਗਈ ਅਤੇ ਉਹ ਦਿੱਲੀ ਹੌਜ਼ ਖਾਸ ਘਰ ਬਣਾ ਕੇ ਇਕੱਠੇ ਰਹਿਣ ਲੱਗ ਪਏ।
ਅੰਮ੍ਰਿਤਾ ਨੇ ਆਪਣੇ ਪਤੀ ਨੂੰ ਤਲਾਕ ਨਹੀਂ ਸੀ ਦਿੱਤਾ ਤੇ ਨਾ ਹੀ ਇਮਰੋਜ਼ ਨਾਲ ਵਿਆਹ ਕਰਵਾਇਆ ਸੀ। ਇਹ ਗੱਲ ਉਸ ਸਮੇਂ ਦੀ ਔਰਤ ਜਾਤ ਲਈ ਕੋਈ ਚੰਗਾ ਮਾਡਲ ਨਹੀਂ ਸੀ ਪਰ ਉਸ ਦੀ ਦਲੇਰੀ ਅਤੇ ਸੋਚ ਨੇ ਸਿੱਧ ਕਰ ਦਿੱਤਾ ਕਿ ‘ਚਾਰ ਲਾਵਾਂ’ ਲੈਣ ਨਾਲ ਕੋਈ ਔਰਤ ਮਰਦ ਦੀ ਮਲਕੀਅਤ ਨਹੀਂ ਬਣ ਜਾਂਦੀ। ਜੇ ਇਹ ਰਿਸ਼ਤਾ ਬੰਧਨ ਬਣ ਜਾਏ ਤਾਂ ਇਸ ਨੂੰ ਛੱਡਣ ਲਈ ਵੀ ਕਿਸੇ ਅਗਵਾਈ ਦੀ ਲੋੜ ਨਹੀਂ ਹੁੰਦੀ। ਦੂਜੇ ਪਾਸੇ ਜੋ ਰਿਸ਼ਤੇ ਦਿਲ ਦੀ ਧਰਤੀ ‘ਤੇ ਕਸ਼ੀਦੇ ਜਾਂਦੇ ਨੇ, ਉਹ ਵੀ ਸਮਾਜਕ ਰਸਮਾਂ ਦੇ ਮੁਥਾਜ ਨਹੀਂ ਹੁੰਦੇ। ਉਨ੍ਹਾਂ ਨੂੰ ਇੰਜ ਵੀ ਨਿਭਾਇਆ ਜਾ ਸਕਦਾ ਏ।
ਅੰਮ੍ਰਿਤਾ ਸਦੀਆਂ ਤੋਂ ਕਦਰਾਂ-ਕੀਮਤਾਂ ਪਾਲਣ ਵਾਲੀ ਆਦਰਸ਼ ਨਾਰੀ ਦੀ ਤਸਵੀਰ ਨਹੀਂ ਸੀ, ਸਗੋਂ ਉਹ ਤਾਂ ਘੁਟ-ਘੁਟ ਕੇ ਨਰਕ ਵਾਂਗ ਜ਼ਿੰਦਗੀ ਭੋਗਦੀ ਔਰਤ ਲਈ ਵੰਗਾਰ ਸੀ। ਉਹ ਆਜ਼ਾਦ ਭਾਰਤ ਦੀ ਆਜ਼ਾਦ ਲੇਖਿਕਾ ਸੀ, ਪਰ ਕਿਉਂਕਿ ਮਰਦ ਪ੍ਰਧਾਨ ਸਮਾਜ ਵਿਚ ਔਰਤ ਸਦਾ ਹਾਸ਼ੀਏ ‘ਤੇ ਰਹੀ ਹੈ, ਇਸ ਲਈ ਸਵਾਲ ਤਾਂ ਉਠਣਗੇ ਹੀ। ਇਥੇ ਮੈਂ ਕਦਰਾਂ-ਕੀਮਤਾਂ ਅੰਦਰ ਘਿਰੀ ਅਤੇ ਇਨ੍ਹਾਂ ਦਾ ਘੇਰਾ ਤੋੜ ਕੇ ਬਾਹਰ ਨਿਕਲੀ ਅੰਮ੍ਰਿਤਾ ਦਾ ਫਰਕ ਦੱਸਦੀ ਆਪਣੀ ਕਵਿਤਾ ਦਾ ਬੰਦ ਪੇਸ਼ ਕਰਦੀ ਹਾਂ,
ਮੈਂ ਵੀ ਅੱਲ੍ਹੜ ਵਰੇਸ ਵੇਲੇ
ਕੋਈ ਸੁਪਨਾ ਬੁਣਿਆ ਕਰਦੀ ਸੀ
ਮੇਰੇ ਦਿਲ ਦੇ ਬੰਦ ਦਰਵਾਜੇ ਦਾ
ਕਿਸੇ ਕੁੰਡਾ ਆ ਖੜਕਾਇਆ ਸੀ
ਮੈਂ ਸਾਹ ਘੁੱਟ ਲਏ ਬੂਹਾ ਖੋਲ੍ਹਿਆ ਨਾ
ਕਬਰਸਤਾਨ ਹੋ ਗਈ
ਮੈਂ ਧੀ ਕਿਸੇ ਧਰਮੀ ਬਾਬਲ ਦੀ
ਜਵਾਨ ਹੋ ਗਈ।
ਗੱਲ ਅੱਗ (ਇਸ਼ਕ) ਦੀ ਕਰਦੀ
ਤਾਂ ਰਿਸ਼ਤਿਆਂ ਦਾ ਤਾਣਾ-ਪੇਟਾ ਸੜਦਾ ਸੀ
ਬਾਬਲ ਦੀ ਚਿੱਟੀ ਪੱਗ ‘ਤੇ
ਜੱਗ ਕਾਲਖ ਮਲਦਾ ਸੀ
ਮੈਂ ਮਾਰ ਕੇ ਸੱਧਰਾਂ ਚਾਵਾਂ ਨੂੰ
ਜੱਗ ਵਿਚ ਪ੍ਰਵਾਨ ਹੋ ਗਈ
ਮੈਂ ਧੀ ਕਿਸੇ ਧਰਮੀ ਬਾਬਲ ਦੀ
ਜਵਾਨ ਹੋ ਗਈ।
ਅੰਮ੍ਰਿਤਾ ਸਾਹ ਘੁੱਟ ਕੇ ਜਿਉਣ ਵਾਲੀਆਂ ਔਰਤਾਂ ‘ਚੋਂ ਨਹੀਂ ਸੀ। ਜਿਥੇ ਉਹ ਉਚ ਦਰਜੇ ਦੀ ਲੇਖਿਕਾ ਸੀ, ਉਥੇ ਉਸ ਦਾ ਇਸ਼ਕ ਵੀ ਉਸ ਸਿਖਰ ‘ਤੇ ਸੀ ਜਿਥੇ ਕਲਾ ਇਸ਼ਕ ਤੇ ਇਸ਼ਕ ਕਲਾ ਹੋ ਜਾਂਦੀ ਹੈ। ਫਿਰ ਵੀ ਅੰਮ੍ਰਿਤਾ ਸਮਾਜਕ ਗੁਲਦਸਤੇ ਦਾ ਉਹ ਫੁੱਲ ਸੀ, ਜਿਸ ਨੇ ਬੇਪ੍ਰਵਾਹੀ ਨਾਲ ਉਸ ਤੋਂ ਅਲੱਗ ਹੋ ਕੇ ਉਸ ਦੀ ਸੁੰਦਰਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਸਨ।
ਅੰਮ੍ਰਿਤਾ ਦੀ ਵਿਵਾਦਾਂ ਭਰੀ ਜ਼ਿੰਦਗੀ ਲਈ ਕਿਤੇ ਨਾ ਕਿਤੇ ਉਸ ਦੇ ਮਾਪੇ ਵੀ ਜ਼ਿੰਮੇਵਾਰ ਨੇ। ਉਹ ਆਪਣੀ ਧੀ ਦੀ ਮਾਨਸਿਕਤਾ, ਉਸ ਦੀ ਸੋਚ ਨਾ ਪਛਾਣ ਸਕੇ। ਛੋਟੀ ਉਮਰੇ ਵਿਆਹ ਦਿੱਤਾ। ਛੋਟੀ ਉਮਰ ਦਾ ਵਿਆਹ ਉਸ ਸਮੇਂ ਆਮ ਗੱਲ ਸੀ ਪਰ ਅੰਮ੍ਰਿਤਾ ਆਮ ਨਹੀਂ ਸੀ। ਜਦੋਂ ਉਸ ਨੇ ਇਸ ਨੂੰ ਨਕਾਰ ਦਿੱਤਾ ਤਾਂ ਦੁਹਾਈ ਪੈ ਗਈ, ਪੈਣੀ ਹੀ ਸੀ ਕਿਉਂਕਿ ਕਦਰਾਂ-ਕੀਮਤਾਂ ਪਾਲਣ ਦੀ ਗੁੜਤੀ ਜੰਮਦੀ ਧੀ ਨੂੰ ਹੀ ਦੇ ਦਿੱਤੀ ਜਾਂਦੀ ਹੈ ਅਤੇ ਉਸ ਨੇ ਇਸ ਦੀ ਉਲੰਘਣਾ ਕਰ ਦਿੱਤੀ ਸੀ। ਜਦੋਂ ਔਰਤ ਆਪਣੀ ਇੱਛਾ ਪੂਰੀ ਕਰਨ ਲਈ ਬਾਗੀ ਹੋ ਜਾਂਦੀ ਹੈ ਤਾਂ ਇਸ ਦੀ ਸਜ਼ਾ ਜਿਉਂਦਿਆਂ ਹੀ ਨਹੀਂ, ਮਰਨ ਪਿਛੋਂ ਵੀ ਪੀੜ੍ਹੀ-ਦਰ-ਪੀੜ੍ਹੀ ਉਸ ਨੂੰ ਚੁਕਾਉਣੀ ਪੈਂਦੀ ਹੈ, ਜਿਵੇਂ ਅੰਮ੍ਰਿਤਾ ਅੱਜ ਵੀ ਚੁਕਾ ਰਹੀ ਹੈ। ਜਦੋਂ ਗੱਲ ਉਸ ਦੇ ਸਾਹਿਤਕ ਪੱਖ ਦੀ ਹੁੰਦੀ ਹੈ ਤਾਂ ਬਾਗੀ ਸੁਰ ਨੂੰ ਵੀ ਨਾਲ ਘੜੀਸਿਆ ਜਾਂਦਾ ਹੈ।
ਅੰਮ੍ਰਿਤਾ ਦੀ ਵਿਵਾਦਾਂ ਭਰੀ ਜ਼ਿੰਦਗੀ ਲਈ ਸਾਹਿਤਕ ਭਾਈਚਾਰਾ ਵੀ ਭਾਈਵਾਲ ਹੈ, ਕਿਉਂਕਿ ਉਹ ਪੰਜਾਬੀ ਦੀ ਪਹਿਲੀ ਇਕਲੌਤੀ ਲੇਖਿਕਾ ਸੀ। ਖੂਬਸੂਰਤ, ਜਵਾਨ, ਪੜ੍ਹੀ-ਲਿਖੀ ਤੇ ਚੰਗੇ ਸ਼ਹਿਰਾਂ ਵਿਚ ਰਹਿ ਰਹੀ ਸੀ। ਦੂਜੀ ਗੱਲ ਉਹ ਕਾਨੂੰਨਨ ਇੰਦਰਜੀਤ ਇਮਰੋਜ਼ ਦੀ ਪਤਨੀ ਨਹੀਂ ਸੀ। ਇਸ ਲਈ ਪਰਿਵਾਰਕ ਕਦਰਾਂ-ਕੀਮਤਾਂ, ਬੰਦਿਸ਼ਾਂ ਤੋਂ ਉਸ ਦਾ ਘਰ ਆਜ਼ਾਦ ਸੀ। ਲੇਖਕਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਲਈ ਉਹ ਘਰ ਖੁੱਲ੍ਹਾ ਗਲਿਆਰਾ ਸੀ।
ਅੰਮ੍ਰਿਤਾ ਦੀ ਸ਼ਰਾਬ ਅਤੇ ਸਿਗਰਟ ਬਾਰੇ ਵੀ ਚਰਚਾ ਹੁੰਦੀ ਹੈ। ਜਾਹਰ ਹੈ ਕਿ ਉਸ ਦਾ ਪਰਿਵਾਰਕ ਜੀਵਨ ਨਹੀਂ ਸੀ ਅਤੇ ਯਾਰਾਂ-ਦੋਸਤਾਂ ਦੀਆਂ ਮਹਿਫਿਲਾਂ ਵਿਚ ਇਨ੍ਹਾਂ ਚੀਜ਼ਾਂ ‘ਤੇ ਬੰਦਿਸ਼ਾਂ ਨਹੀਂ ਹੁੰਦੀਆਂ। ਸੋ, ਇਸ ਖੁੱਲ੍ਹ ਨੂੰ ਵੀ ਉਸ ਨੇ ਰੱਜ ਕੇ ਮਾਣਿਆ। ਵੱਡੇ-ਵੱਡੇ ਸਾਹਿਤਕਾਰ, ਲੇਖਕ ਅੰਮ੍ਰਿਤਾ ਨੂੰ ਮਿਲ ਕੇ, ਗੱਲ ਕਰਕੇ, ਚਾਹ ਦਾ ਕੱਪ ਪੀ ਕੇ ਮਾਣ ਮਹਿਸੂਸ ਕਰਦੇ ਸਨ। ਇਥੇ ਮੈਂ ਸ਼ਾਇਰ ਪ੍ਰੋ. ਮੋਹਨ ਸਿੰਘ ਦੀ ਗੱਲ ਵੀ ਕਰਾਂਗੀ। ਉਹ ਅੰਮ੍ਰਿਤਾ ਨੂੰ ਬਹੁਤ ਪਸੰਦ ਕਰਦਾ ਸੀ, ਪਰ ਉਸ ਦੀ ਚਾਹਤ ਇਕਪਾਸੜ ਸੀ। ਉਸ ਦੇ ਕਿਸੇ ਦੋਸਤ ਨੇ ਆਖਿਆ ਕਿ ਉਹ ਇਸ ਇਕਤਰਫਾ ਪਿਆਰ ਦਾ ਖਹਿੜਾ ਛੱਡ ਕਿਉਂ ਨਹੀਂ ਦਿੰਦਾ, ਤਾਂ ਪ੍ਰੋ. ਮੋਹਨ ਸਿੰਘ ਨੇ ਕਵਿਤਾ ਲਿਖੀ,
ਆਖਰ ਤੀਕਰ ਪਿਆਰ ਨਿਭਾ ਕੇ ਛੱਡਿਆ
ਬੇਸ਼ੱਕ ਉਹ ਇਕ ਹਿੱਲਦਾ ਦੁਖਦਾ ਦੰਦ ਸੀ
ਆਖਣ ਦੋਸਤ ਲੋੜ ਕੀ ਏ? ਇਸ ਹਿੰਡ ਦੀ
ਕੀ ਕਰਦਾ ਯਾਰੋ ਜ਼ਾਲਮ ਬੜਾ ਪਸੰਦ ਸੀ।
ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਮਹਿਫਿਲਾਂ ਕਿੰਨੀਆਂ ਖੁੱਲ੍ਹੀਆਂ ਤੇ ਰੰਗੀਨ ਹੁੰਦੀਆਂ ਹੋਣਗੀਆਂ।
ਆਮ ਰਾਏ ਹੈ ਕਿ ਅੰਮ੍ਰਿਤਾ ਬੜੀ ਦਲੇਰ ਸੀ, ਕਿਸੇ ਵੀ ਗੱਲ ਦੀ ਪ੍ਰਵਾਹ ਕੀਤੇ ਬਿਨਾ ਪਤੀ ਨੂੰ ਛੱਡ ਕੇ ਬੇਗਾਨੇ ਮਰਦ ਨਾਲ ਰਹਿਣ ਲੱਗ ਪਈ, ਪਰ ਕਿਤੇ ਨਾ ਕਿਤੇ ਉਸ ਅੰਦਰ ਆਪਣੀ ਬਣੀ ਛਵੀ ਖਰਾਬ ਹੋਣ ਦਾ ਡਰ ਵੀ ਸੀ। ਸ਼ਾਇਦ ਤਾਂ ਹੀ ਨਾ ਆਪਣੇ ਪਤੀ ਨੂੰ ਤਲਾਕ ਦਿੱਤਾ ਤੇ ਨਾ ਇਮਰੋਜ਼ ਨਾਲ ਵਿਆਹ ਕਰਾਇਆ। ਬਹੁਤ ਚਿਰ ਇਹ ਰਿਸ਼ਤਾ ਦੋਸਤੀ ਦੀ ਆੜ ਵਿਚ ਪਲਦਾ ਰਿਹਾ।
ਅੰਮ੍ਰਿਤਾ ਸਿਰਮੌਰ ਲੇਖਿਕਾ ਸੀ, ਉਸ ਦਾ ਵੱਡਾ ਨਾਂ ਸੀ, ਅੱਜ ਵੀ ਹੈ, ਪਰ ਉਹ ਆਪਣੇ ਜਜ਼ਬਾਤ ‘ਤੇ ਕਾਬੂ ਨਹੀਂ ਸੀ ਰੱਖ ਸਕੀ। ਇਸ ਪੱਖੋਂ ਉਹ ਕਮਜ਼ੋਰ ਔਰਤ ਰਹੀ ਹੈ। ਉਹ ਖੁੱਲ੍ਹੀ ਕਿਤਾਬ ਵਰਗੀ ਸੀ। ਉਸ ਨੇ ਵਾਰਸ ਸ਼ਾਹ ਦੇ ਇਸ ਕਥਨ ਨੂੰ ਨਕਾਰ ਦਿੱਤਾ, ਜੋ ਲਿਖਦਾ ਏ,
ਵਾਰਸ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ
ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਵੇ।
ਫਿਰ ਵੀ ਬਾਕੀ ਸਭ ਗੱਲਾਂ ਪਾਸੇ ਰੱਖ ਕੇ ਅੰਮ੍ਰਿਤਾ ਦੇ ਸਾਹਿਤਕ ਪੱਖ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਦੀ ਪਹਿਲੀ ਔਰਤ ਲੇਖਿਕਾ ਸੀ। ਉਸ ਦੀਆਂ ਸਮਕਾਲੀ ਹੋਰ ਔਰਤ ਲੇਖਿਕਾਵਾਂ ਨਹੀਂ ਸਨ। ਉਸ ਤੋਂ ਉਤਸ਼ਾਹਤ ਹੋ ਕੇ ਪ੍ਰਭਸਰਨ ਕੌਰ, ਅਜੀਤ ਕੌਰ ਅਤੇ ਦਲੀਪ ਕੌਰ ਟਿਵਾਣਾ ਅੱਗੇ ਆਈਆਂ।
ਅੰਮ੍ਰਿਤਾ ਨੂੰ ਬਹੁਤ ਵੱਡੇ ਇਨਾਮ ਮਿਲੇ, ਜੋ ਵਿਰਲੇ ਸਾਹਿਤਕਾਰਾਂ ਦੇ ਹਿੱਸੇ ਆਉਂਦੇ ਹਨ। ਸਾਹਿਤ ਅਕਾਦਮੀ ਇਨਾਮ ਉਸ ਨੂੰ 1956 ਵਿਚ ਕਾਵਿ ਸੰਗ੍ਰਿਹ ‘ਸੁਨੇਹੜੇ’ ਲਈ ਮਿਲਿਆ। ਗਿਆਨਪੀਠ ਇਨਾਮ 1980 ਵਿਚ ‘ਕਾਗਜ਼ ਤੇ ਕੈਨਵਸ’ ਕਾਵਿ ਸੰਗ੍ਰਿਹ ‘ਤੇ ਮਿਲਿਆ। ਪੰਜਾਬੀ ਵਿਚ ਗਿਆਨਪੀਠ ਇਨਾਮ ਅੰਮ੍ਰਿਤਾ ਤੋਂ ਬਾਅਦ ਕੇਵਲ ਗੁਰਦਿਆਲ ਸਿੰਘ ਨੂੰ ਹੀ ਮਿਲਿਆ ਹੈ। ਅੰਮ੍ਰਿਤਾ ਨੇ ਦਿੱਲੀ ਯੂਨੀਵਰਸਿਟੀ ਤੋਂ ਡੀ.ਲਿਟ. ਦੀ ਡਿਗਰੀ ਵੀ ਪ੍ਰਾਪਤ ਕੀਤੀ।
ਅੰਮ੍ਰਿਤਾ ਸੌ ਸਾਲ ਪਹਿਲਾਂ ਵੀ ਅੱਜ ਦੀ ਔਰਤ ਦੇ ਬਰਾਬਰ ਖੜ੍ਹੀ ਸੀ। ਜਿਸ ਸਮੇਂ ਔਰਤ ਖੱਦਰ ਦੀ ਫੁਲਕਾਰੀ ਦੇ ਘੁੰਡ ਵਿਚੋਂ ਹੱਥ ਦੀਆਂ ਉਗਲਾਂ ਤੱਕ ਬਾਹਰ ਨਹੀਂ ਸੀ ਕੱਢਦੀ, ਅੰਮ੍ਰਿਤਾ ਨੇ ਚੁੰਨੀ ਲਾਹ ਕੇ ਕਿੱਲੀ ‘ਤੇ ਟੰਗ ਦਿੱਤੀ ਸੀ। ਅੰਮ੍ਰਿਤਾ ਨੂੰ ਅੱਜ ਪਸੰਦ ਸੀ, ਉਹ ਕੱਲ੍ਹ ਵੱਲ ਮੁੜ ਕੇ ਦੇਖਣ ਦੀ ਆਦੀ ਨਹੀਂ ਸੀ। ਇਥੇ ਦੱਸ ਦਿਆਂ ਕਿ ਇੰਦਰਜੀਤ ਨੂੰ ਇਮਰੋਜ਼ ਨਾਂ ਵੀ ਉਸੇ ਨੇ ਦਿੱਤਾ ਸੀ। ਇਮਰੋਜ਼ ਦਾ ਅਰਥ ‘ਅੱਜ’ ਹੈ।
ਅੰਮ੍ਰਿਤਾ ਨੇ ਖੁੱਲ੍ਹ ਕੇ ਲਿਖਿਆ ਅਤੇ ਖੁੱਲ੍ਹ ਕੇ ਜ਼ਿੰਦਗੀ ਨੂੰ ਮਾਣਿਆ। ਉਸ ਦੀ ਮਨਮਾਨੀ ਅਤੇ ਬੇਬਾਕੀ ‘ਤੇ ਕਿੰਨੇ ਵੀ ਸਵਾਲ ਉਠਣ, ਪਰ ਉਸ ਦੀ ਸਾਹਿਤਕ ਦੇਣ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਅੰਮ੍ਰਿਤਾ ਆਜ਼ਾਦ ਸੋਚ ਅਤੇ ਨਵੀਂ ਦਿਸ਼ਾ ਦੀ ਲਖਾਇਕ ਸੀ, ਇਸ ਲਈ ਪੁਰਾਣੇ ਨਾਲ ਟੱਕਰ ਤਾਂ ਹੋਣੀ ਹੀ ਸੀ।
ਉਸ ਦੇ ਸੌਵੇਂ ਜਨਮ ਦਿਨ ‘ਤੇ ਕਹਾਂਗੀ,
ਉਸ ਨੂੰ ਸ਼ੌਕ ਸੀ ਫੁੱਲਾਂ ਦਾ
ਉਸ ਖੁਸ਼ਬੋਆਂ ਮਾਣੀਆਂ,
ਸਾਡੀ ਫਿਤਰਤ ਵਿਚ ਕੰਡੇ ਸੀ
ਅਸੀਂ ਵਾੜਾਂ ਕਰਦੇ ਰਹੇ।