ਭਾਈ ਬਾਲਾ ਅਤੇ ਭਾਈ ਮਰਦਾਨਾ

ਡਾ. ਆਸਾ ਸਿੰਘ ਘੁੰਮਣ
ਨਡਾਲਾ, ਕਪੂਰਥਲਾ।
ਫੋਨ: 91-97798-53245
ਨਾਨਕ ਨਾਮ ਲੇਵਾ ਸ਼ਰਧਾਲੂਆਂ ਦੇ ਮਨਾਂ ਵਿਚ ਭਾਈ ਬਾਲਾ ਅਤੇ ਭਾਈ ਮਰਦਾਨਾ ਵਿਸ਼ੇਸ਼ ਸਤਿਕਾਰ ਦੇ ਪਾਤਰ ਹਨ। ਦੋਵੇਂ ਸ਼ਖਸੀਅਤਾਂ ਗੁਰੂ ਜੀ ਦੇ ਨਾਲ ਸਾਰੀ ਉਮਰ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੇ ਅੰਗ-ਸੰਗ ਰਹੀਆਂ। ਜਿੱਥੇ ਗੁਰੂ ਜੀ ਪਹੁੰਚੀ ਹੋਈ ਅਵੱਸਥਾ ਦੇ ਮਾਲਕ ਸਨ, ਉਥੇ ਇਹ ਦੋਵੇਂ ਕਈ ਗੁਣਾਂ ਦੇ ਬਾਵਜੂਦ ਜਨਮ ਸਾਖੀਆਂ ਵਿਚ ਜਨ-ਸਾਧਾਰਣ ਤੇ ਕਮਜ਼ੋਰ ਇਨਸਾਨਾਂ ਵਜੋਂ ਪੇਸ਼ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਕਈ ਵਾਰ ਕਿਸੇ ਖਾਸ ਮੰਤਵ-ਅਧੀਨ ਹਾਸੇ-ਮਖੌਲ ਦਾ ਪਾਤਰ ਵੀ ਬਣਾਇਆ ਜਾਂਦਾ ਹੈ। ਅਜਿਹਾ ਆਮ ਬੰਦੇ ਦੀ ਮਾਨਸਿਕਤਾ ਉਜਾਗਰ ਕਰਨ ਲਈ ਕੀਤਾ ਜਾਂਦਾ ਹੈ।

ਗੁਰੂ ਜੀ ਅਧਿਆਤਮਵਾਦ ਦੀ ਅਖੀਰਲੀ ਪੌੜੀ ‘ਤੇ ਪਹੁੰਚੇ ਹੋਏ ਵੀ ਇਨ੍ਹਾਂ ਦੋਹਾਂ ਨਾਲ ਅਥਾਹ ਪਿਆਰ ਕਰਦੇ ਸਨ। ਸਿੱਖ-ਚਿੱਤਰਾਂ ਵਿਚ ਮਰਦਾਨਾ ਰਬਾਬੀ ਦੇ ਤੌਰ ‘ਤੇ ਨਜ਼ਰ ਆਉਂਦਾ ਹੈ, ਜਦੋਂ ਕਿ ਬਾਲਾ ਚੌਰ-ਬਰਦਾਰ ਦੇ ਤੌਰ ‘ਤੇ।
ਮੌਜੂਦਾ ਵਿਦਵਾਨਾਂ, ਖੋਜੀਆਂ ਅਤੇ ਇਤਿਹਾਸਕਾਰਾਂ ਦੇ ਸਥਾਪਤ ਕਰਨ ਦੇ ਬਾਵਜੂਦ ਕਿ ਬਾਲਾ ਨਾਂ ਦਾ ਕੋਈ ਵਿਅਕਤੀ ਗੁਰੂ ਜੀ ਦੇ ਨਾਲ ਨਹੀਂ ਸੀ, ਸਿੱਖ ਮਾਨਸਿਕਤਾ ਇਹ ਮੰਨਣ ਨੂੰ ਤਿਆਰ ਨਹੀਂ। ਅਜਿਹੀਆਂ ਕਈ ਦਲੀਲਾਂ ਦਿਤੀਆਂ ਜਾਂਦੀਆਂ ਹਨ, ਜੋ ਸਾਬਤ ਕਰਦੀਆਂ ਹਨ ਕਿ ਭਾਈ ਬਾਲੇ ਬਾਰੇ ਨਿਸ਼ਚਿਤ ਤੌਰ ‘ਤੇ ਕੁਝ ਕਹਿ ਸਕਣਾ ਕਰੀਬ ਅਸੰਭਵ ਹੈ। ਸਾਡੇ ਕੋਲ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਲਈ ਜਾਂ ਤਾਂ ਜਨਮ ਸਾਖੀਆਂ ਹਨ ਜਾਂ ਭਾਈ ਗੁਰਦਾਸ ਦੀਆਂ ਵਾਰਾਂ। ਗੁਰੂ ਜੀ ਦੀ ਆਪਣੀ ਰਚਨਾ ਵਿਚ ਇਤਿਹਾਸਕ ਜਾਂ ਨਿਜੀ ਹਵਾਲੇ ਬਹੁਤ ਘੱਟ ਮਿਲਦੇ ਹਨ। ਜਨਮ ਸਾਖੀ ਸਾਹਿਤ ਵਿਚ ਬਾਲੇ ਵਾਲੀ ਜਨਮ ਸਾਖੀ ਮੁਤਾਬਕ ਭਾਈ ਬਾਲਾ ਭਾਈ ਮਰਦਾਨੇ ਵਾਂਗ ਹੀ ਗੁਰੂ ਨਾਨਕ ਦੇਵ ਜੀ ਦਾ ਗਰਾਈਂ ਸੀ। ਉਸ ਦਾ ਜਨਮ ਚੰਦਰਭਾਨ ਸੰਧੂੰ ਜੱਟ ਦੇ ਘਰ 1466 ਵਿਚ ਹੋਇਆ। ਭਾਵ ਉਹ ਗੁਰੂ ਜੀ ਤੋਂ ਤਿੰਨ ਕੁ ਸਾਲ ਵੱਡਾ ਸੀ। ਇਸ ਜਨਮ-ਸਾਖੀ ਅਨੁਸਾਰ ਭਾਈ ਬਾਲਾ ਭਾਈ ਮਰਦਾਨੇ ਵਾਂਗ ਹਮੇਸ਼ਾ ਗੁਰੂ ਜੀ ਦੇ ਨਾਲ ਰਿਹਾ। ਗੁਰੂ ਅੰਗਦ ਦੇਵ ਨੇ ਉਸ ਤੋਂ ਗੁਰੂ ਨਾਨਕ ਦੇਵ ਦੀ ਜੀਵਨ-ਕਥਾ ਲਿਖਵਾਈ, ਜੋ ਭਾਈ ਬਾਲੇ ਵਾਲੀ ਜਨਮ ਸਾਖੀ ਅਖਵਾਉਂਦੀ ਹੈ। ਉਸ ਸਮੇਂ ਗੁਰੂ ਅੰਗਦ ਦੇਵ ਖਡੂਰ ਸਾਹਿਬ ਸਨ। ਭਾਈ ਬਾਲੇ ਦਾ ਦਿਹਾਂਤ ਵੀ ਖਡੂਰ ਸਾਹਿਬ ਵਿਖੇ ਹੋਇਆ ਦੱਸਿਆ ਜਾਂਦਾ ਹੈ। ਉਹ ਗੁਰੂ ਜੀ ਤੋਂ ਪੰਜ ਕੁ ਸਾਲ ਪਿਛੋਂ ਭਾਵ 1544 ਵਿਚ ਪੂਰਾ ਹੋਇਆ। ਖਡੂਰ ਸਾਹਿਬ ਵਿਖੇ ਗੁਰਦੁਆਰਾ ਤਪਿਆਣਾ ਸਾਹਿਬ ਵਿਚ ਤਲਾ ਦੇ ਕੰਢੇ ਇਕ ਥੜ੍ਹਾ ਨੁਮਾ ਸਮਾਰਕ ਉਸ ਦੀ ਮ੍ਰਿਤੂ-ਜਗ੍ਹਾ ਦੱਸੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਬਿਨਾ ਹੋਰ ਕਿਸੇ ਵੀ ਜਨਮ ਸਾਖੀ ਵਿਚ ਭਾਈ ਬਾਲੇ ਦਾ ਵੇਰਵਾ ਨਹੀਂ ਮਿਲਦਾ, ਹਾਲਾਂਕਿ ਬਾਕੀ ਜਨਮ ਸਾਖੀਆਂ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਪੁਰਾਤਨ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਜਨਮ ਸਾਖੀਆਂ ਵਿਚ ਮਿਹਰਬਾਨ ਸੋਢੀ ਵਾਲੀ ਜਨਮ ਸਾਖੀ ਵੀ ਸ਼ਾਮਲ ਹੈ, ਜੋ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਦੀ ਲਿਖੀ ਦੱਸੀ ਜਾਂਦੀ ਹੈ। ਸਭ ਤੋਂ ਵੱਡਾ ਸਬੂਤ ਭਾਈ ਗੁਰਦਾਸ ਦੀਆਂ ਵਾਰਾਂ ਹਨ, ਜਿਨ੍ਹਾਂ ਵਿਚ ਮਰਦਾਨੇ ਸਮੇਤ ਹੋਰ ਕਈ ਗੁਰ-ਭਗਤਾਂ ਦਾ ਜ਼ਿਕਰ ਹੈ। ਜੇ ਭਾਈ ਬਾਲਾ ਗੁਰੂ ਜੀ ਦਾ ਏਨਾ ਨਜ਼ਦੀਕੀ ਹੁੰਦਾ ਤਾਂ ਉਸ ਦਾ ਜ਼ਿਕਰ ਭਾਈ ਗੁਰਦਾਸ ਨੇ ਜ਼ਰੂਰ ਕਰਨਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ “ਬੀ-40 ਗੁਰੂ ਬਾਬਾ ਨਾਨਕ ਜਨਮ ਸਾਖੀ ਚਿਤਰਾਵਲੀ” ਵਿਚ ਛਾਪੇ ਗਏ ਚਿੱਤਰਾਂ ਵਿਚ ਭਾਈ ਬਾਲਾ ਨਜ਼ਰ ਨਹੀਂ ਆਉਂਦਾ। ਹਾਲਾਂਕਿ ਇਹ ਜਨਮ ਸਾਖੀ ਬੜੀ ਪ੍ਰਮਾਣਿਤ ਹੈ, ਜਿਸ ਦਾ ਹੱਥ ਲਿਖਤ ਖਰੜਾ ਬ੍ਰਿਟਿਸ਼ ਮਿਊਜ਼ੀਅਮ ਵਿਚੋਂ ਪ੍ਰਾਪਤ ਹੋਇਆ ਹੈ।
ਸਿੱਖ ਸੰਗਤਾਂ ਵਿਚ ਭਾਈ ਬਾਲੇ ਦੇ ਹਰਮਨ ਪਿਆਰੇ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਭਾਈ ਬਾਲੇ ਵਾਲੀ ਜਨਮ ਸਾਖੀ, ਜਿਸ ਵਿਚ ਭਾਈ ਬਾਲਾ ਆਪਣੇ ਆਪ ਨੂੰ ਗੁਰੂ ਜੀ ਦਾ ਨਜ਼ਦੀਕੀ ਦਰਸਾ ਕੇ ਗੁਰੂ ਜੀ ਦੀ ਜੀਵਨ ਲੀਲਾ ਬਿਆਨ ਕਰਦਾ ਹੈ। ਇਸ ਜਨਮ ਸਾਖੀ ਦੀ ਭਾਸ਼ਾ ਸਾਡੀ ਅਜੋਕੀ ਭਾਸ਼ਾ ਦੇ ਨਜ਼ਦੀਕ ਹੋਣ ਕਰਕੇ ਅਤੇ ਘਟਨਾਵਾਂ ਨੂੰ ਰੌਚਕ ਤੇ ਕਾਲਪਨਿਕ ਬਣਾਉਣ ਦੀ ਕਲਾ ਕਰਕੇ ਇਹ ਜਨਮ ਸਾਖੀ ਗੁਰਦੁਆਰਿਆਂ ਵਿਚ ਸਵੇਰ-ਸ਼ਾਮ ਦੇ ਕਥਾ-ਪਾਠ ਵਜੋਂ ਬਹੁਤ ਮਕਬੂਲ ਹੋ ਗਈ, ਭਾਵੇਂ ਹੁਣ ਵਿਦਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਜਨਮ ਸਾਖੀ ਨਾ ਤਾਂ ਗੁਰੂ ਅੰਗਦ ਦੇਵ ਨੇ ਲਿਖਵਾਈ ਅਤੇ ਨਾ ਹੀ ਕੋਈ ਬਾਲੇ ਨਾਂ ਦਾ ਐਸਾ ਵਿਅਕਤੀ ਹੋਇਆ ਹੈ, ਜੋ ਗੁਰੂ ਜੀ ਦਾ ਮਰਦਾਨੇ ਵਾਂਗ ਲੰਬੀ ਦੇਰ ਸਾਥੀ ਰਿਹਾ ਹੋਵੇ।
ਰਤਨ ਸਿੰਘ ਜੱਗੀ ਅਨੁਸਾਰ ਨਵੀਂ ਖੋਜ ਇਸ ਦਿਸ਼ਾ ਵੱਲ ਸੰਕੇਤ ਕਰਦੀ ਹੈ ਕਿ ਭਾਈ ਬਾਲਾ ਹੰਦਾਲ ਦਾ ਪੁੱਤਰ ਅਤੇ ਬਿਧੀ ਚੰਦ ਦਾ ਵੱਡਾ ਭਰਾ ਸੀ। “ਜਨਮ ਸਾਖੀ ਬਾਬੇ ਹੰਦਾਲ ਕੀ” ਅਤੇ “ਪ੍ਰਚੀ ਬਾਬਾ ਹੰਦਾਲ” ਵਿਚ ਇਸ ਦਾ ਨਾਂ ਬਾਲ ਚੰਦ ਹੈ; ਜਦੋਂ ਕਿ ਸਾਖੀਆਂ ‘ਤੇ ਪੀ.ਐਚਡੀ. ਕਰਨ ਵਾਲੇ ਪ੍ਰਸਿੱਧ ਵਿਦਵਾਨ ਡਬਲਿਯੂ. ਐਚ. ਮੈਕਲੌਡ ਮੰਨਦਾ ਹੈ ਕਿ ਭਾਈ ਬਾਲੇ ਨੂੰ ਮੁਕੰਮਲ ਤੌਰ ‘ਤੇ ਖਾਰਜ ਨਹੀਂ ਕੀਤਾ ਜਾ ਸਕਦਾ, ਇਸ ਬਾਰੇ ਹੋਰ ਖੋਜ ਕਰਨ ਦੀ ਲੋੜ ਹੈ। ਹੋ ਸਕਦਾ ਹੈ, ਭਾਈ ਬਾਲਾ ਸੁਲਤਾਨਪੁਰ ਤੱਕ ਉਨ੍ਹਾਂ ਦਾ ਟਹਿਲੂਆ ਰਿਹਾ ਹੋਵੇ।
ਭਾਈ ਬਾਲੇ ਤੋਂ ਉਲਟ ਭਾਈ ਮਰਦਾਨੇ ਬਾਰੇ ਸਾਡੇ ਕੋਲ ਵਿਸ਼ਵਾਸਯੋਗ ਸਬੂਤ ਹਨ। ਉਨ੍ਹਾਂ ਬਾਰੇ ਗੁਰੂ ਨਾਨਕ ਦੇਵ ਦੇ ਸਭ ਤੋਂ ਨੇੜਲੇ ਸਰੋਤ ਭਾਈ ਗੁਰਦਾਸ ਤੋਂ ਹੀ ਪਤਾ ਲੱਗ ਜਾਂਦਾ ਹੈ,
ਫਿਰਿ ਬਾਬਾ ਗਇਆ ਬਗਦਾਦਿ ਨੋ
ਬਾਹਰਿ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪ
ਦੂਜਾ ਰਬਾਬੀ ਮਰਦਾਨਾ।
ਦਿਤੀ ਬਾਂਗਿ ਨਿਵਾਜਿ ਕਰਿ
ਸੁੰਨਿ ਸਮਾਨਿ ਹੋਆ ਜਹਾਨਾ।
ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 553 ‘ਤੇ ਬਿਹਾਗੜੇ ਦੀ ਵਾਰ, ਮਹਲਾ ਚੌਥਾ, 12ਵੀਂ ਪਓੜੀ ਵਿਚ ਮਰਦਾਨੇ ਦੇ ਨਾਂ ਤਿੰਨ ਸਲੋਕ ਦਿੱਤੇ ਗਏ ਹਨ,
ਸਲੋਕ ਮਰਦਾਨਾ 1
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥
ਕਰਣੀ ਲਾਹਣਿ ਸਤੁ ਗੁੜੁ ਸਚਾ ਸਰਾ ਕਰਿ ਸਾਰੁ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥
ਗੁਰਮੁਖਿ ਪਾਈਐ ਨਾਨਕਾ ਖਾਧੈ ਜਹਿ ਬਿਕਾਰ॥ 1॥

ਮਰਦਾਨਾ 1
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥
ਇਕੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸ ਆਹਾਰੁ॥
ਨਾਨਕ ਇਹੁ ਭੋਜਨ ਸਚੁ ਹੈ ਸਚੁ ਨਾਮ ਅਧਾਰੁ॥ 2॥

ਕਾਂਯਾਂ ਲਾਹਣਿ ਆਪੁ ਮਦੁ
ਅੰਮ੍ਰਿਤ ਤਿਸ ਕੀ ਧਾਰ॥
ਸਤਸੰਗਤਿ ਸਿਉ ਮੇਲਾਪੁ ਹੋਇ
ਲਿਵ ਕਟੋਰੀ ਅੰਮ੍ਰਿਤ ਭਰੀ
ਪੀ ਪੀ ਕਟਹਿ ਬਿਕਾਰ॥ 3॥
ਇਨ੍ਹਾਂ ਤਿੰਨਾਂ ਸਲੋਕਾਂ ਨੂੰ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਵਿਚ ਸਥਾਨ ਦੇ ਕੇ ਭਾਈ ਮਰਦਾਨੇ ਨੂੰ ਅਮਰ ਕਰ ਦਿੱਤਾ ਹੈ, ਭਾਵੇਂ ਵਿਦਵਾਨਾਂ ਵਿਚ ਇਹ ਬਹਿਸ ਜਾਰੀ ਹੈ ਕਿ ਕੀ ਇਹ ਸਲੋਕ ਭਾਈ ਮਰਦਾਨੇ ਦੇ ਹਨ ਜਾਂ ਕਿਸੇ ਦੋ ਮਰਦਾਨਿਆਂ ਵਿਚੋਂ ਕਿਸੇ ਇੱਕ ਦੇ ਹਨ ਜਾਂ ਪਹਿਲੀ ਪਾਤਸ਼ਾਹੀ ਵੱਲੋਂ ਮਰਦਾਨੇ ਨੂੰ ਮੁਖਾਤਬ ਹਨ।
ਭਾਈ ਕਾਹਨ ਸਿੰਘ ਨਾਭਾ ਅਨੁਸਾਰ ਭਾਈ ਮਰਦਾਨੇ ਦਾ ਜਨਮ ਮਾਈ ਲੱਖੋ ਦੇ ਉਦਰ ਤੋਂ ਬਾਦਰੇ/ਬਾਦਰੂ ਮਿਰਾਸੀ ਦੇ ਘਰ ਸੰਨ 1516 ਬਿ: (1459 ਈ:) ਵਿਚ ਤਲਵੰਡੀ ਵਿਖੇ ਹੋਇਆ। ਮਿਰਾਸੀ ਜਾਤ ਭਾਵੇਂ ਮੁਸਲਮਾਨਾਂ ਵਿਚ ਨੀਵੀਂ ਜਾਤ ਮੰਨੀ ਜਾਂਦੀ ਹੈ, ਪਰ ਬਦਰੂ ਮੀਰ-ਮੀਰਾਸੀ ਸੀ, ਨਾ ਕਿ ਆਮ ਮਿਰਾਸੀ। ਮੀਰ-ਮਿਰਾਸੀ ਮਿਰਾਸੀ ਸਮਾਜ ਵਿਚ ਚੰਗਾ ਸਥਾਨ ਰੱਖਦੇ ਹਨ। ਮੀਰ ਸਤਿਕਾਰ-ਸੂਚਕ ਸ਼ਬਦ ਹੈ। ਮੀਰ ਮਿਰਾਸੀ ਐਵੇਂ ਨਹੀ ਤੁਰੇ ਫਿਰਦੇ ਤੇ ਨਾ ਮੰਗਦੇ ਹੀ ਹਨ। ਉਹ ਆਪਣੇ ਜਜਮਾਨ ਦਾ ਮਨ ਪ੍ਰਚਾਵਾ ਕਰਦੇ ਹਨ, ਉਸ ਦੀ ਗਾਹੇ-ਬਗਾਹੇ ਸਿਫਤ ਸਾਲਾਹ ਕਰਦੇ ਹਨ ਅਤੇ ਖੁਸ਼ੀ ਦੇ ਮੌਕਿਆਂ ‘ਤੇ ਗਾਉਣ-ਵਜਾਉਣ ਦਾ ਕੰਮ ਕਰਦੇ ਹਨ। ਉਹ ਆਪਣੇ ਜਜਮਾਨਾਂ ਦੇ ਬੰਸਾਵਲੀਨਾਮੇ ਦੇ ਜਿੰਮੇਵਾਰ ਹੁੰਦੇ ਹਨ ਤੇ ਬੰਸਾਵਲੀਨਾਮਾ ਵੀ ਕਬਿੱਤ ਵਾਂਗ ਪੜ੍ਹਦੇ ਹਨ। ਵਿਸ਼ੇਸ਼ ਮੌਕਿਆਂ ‘ਤੇ ਜਜਮਾਨਾਂ ਦੇ ਕੰਮ ਕਾਰ ਦੀ ਸੰਭਾਲ ਕਰਦੇ ਹਨ। ਕਈ ਵਾਰੀ ਜਜਮਾਨ ਨੂੰ ਖੁਸ਼ ਕਰਨ ਲਈ ਐਵੇਂ ਹੀ ਕਸੀਦੇ ਗਾਈ ਜਾਂਦੇ ਹਨ। ਸੌਗਾਤ ਵਜੋਂ ਉਨ੍ਹਾਂ ਨੂੰ ਮਿਰਾਸ ਮਿਲਦੀ ਹੈ।
ਭਾਈ ਮਰਦਾਨਾ ਗੁਰੂ ਜੀ ਤੋਂ ਦਸ ਸਾਲ ਵੱਡਾ ਸੀ ਤੇ ਆਪਣੇ ਪਿਤਾ ਦੇ ਨਾਲ ਮਿਰਾਸਪੁਣੇ ਦੀਆਂ ਜਿੰਮੇਵਾਰੀਆਂ ਨਿਭਾਉਂਦਾ ਸੀ। ਸੋਹਣਾ ਗਾ ਲੈਂਦਾ ਸੀ। ਗੁਰੂ ਜੀ ਉਸ ਦੇ ਗਾਉਣ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰੂ ਜੀ ਦੇ ਪਿੰਡ ਦੇ ਦੁਆਲੇ ਕੁਝ ਖੇਤਾਂ ਤੋਂ ਪਰੇਰੇ ਦੂਰ ਦੂਰ ਤੱਕ ਬਨ-ਬਨਸਪਤੀ ਫੈਲੀ ਹੋਈ ਸੀ, ਜਿੱਥੇ ਅਕਸਰ ਪੀਰ-ਫਕੀਰ, ਸਾਧ-ਸੰਤ ਆਉਂਦੇ-ਜਾਂਦੇ ਰਹਿੰਦੇ ਸਨ। ਇਹ ਸਾਧ ਸਵੇਰੇ-ਸ਼ਾਮ ਪ੍ਰਭੂ-ਕੀਰਤੀ ਦੀ ਸਦ ਲਾਉਣ ਆਉਂਦੇ ਤੇ ਇੱਕ-ਤਾਰੇ ਜਾਂ ਦੋ-ਤਾਰੇ ਨਾਲ ਉਚੀ-ਉਚੀ ਗਾਉਂਦੇ। ਦੋ-ਤਾਰੇ ਜਿਹਾ ਸਾਜ਼ ਮਰਦਾਨੇ ਨੇ ਵੀ ਪ੍ਰਾਪਤ ਕਰ ਲਿਆ। ਜ਼ਰੂਰ ਹੀ ਗੁਰੂ ਜੀ ਨੇ ਮਰਦਾਨੇ ਨੂੰ ਸਮਝਾਇਆ ਹੋਵੇਗਾ, “ਵੇਖ ਮਰਦਾਨਿਆ, ਇਹ ਸਾਧ ਵੀ ਰੋਟੀ ਦੀ ਇੱਛਾ ਤਾਂ ਕਰਦੇ ਨੇ, ਪਰ ਓਸ ਪਰਮ-ਪਿਤਾ ਦੀ ਸਿਫਤਿ ਸਾਲਾਹ ਕਰਕੇ। ਤੁਸੀਂ ਕਾਹਨੂੰ ਦੁਨਿਆਵੀ ਜਜਮਾਨਾਂ ਦੇ ਕਸੀਦੇ ਗਾਈ ਜਾਂਦੇ ਓ, ਝੂਠੀਆਂ-ਸੱਚੀਆਂ ਖੁਸ਼ਾਮਦੀਆਂ ਕਰੀ ਜਾਂਦੇ ਓ? ਗੁਣ ਗਾਈਏ ਓਸ ਪ੍ਰਤਿਪਾਲਕ ਦੇ, ਜਿਸ ਦੀ ਸਲਾਹੁਨਾ ਪੌਣ, ਪਾਣੀ, ਬੈਸੰਤਰ ਕਰਦੇ ਨੇ; ਜਿਸ ਦਾ ਜੱਸ ਬ੍ਰਹਮਾ, ਵਿਸ਼ਨੂੰ, ਮਹੇਸ਼ ਗਾਉਂਦੇ ਨੇ। ਰੋਟੀਆਂ ਕਾਰਨ ਹੀ ਤਾਲ ਪੂਰੇ, ਸੁਰ ਲਾਏ, ਤਾਂ ਉਹਦਾ ਕੀ ਫਾਇਦਾ?” ਇਸ ਵਿਸਮਾਦੀ ਸੰਦੇਸ਼ ਦੇ ਪ੍ਰਭਾਵ ਅਧੀਨ ਮਰਦਾਨਾ ਭਗਤੀ-ਸੰਗੀਤ ਵੱਲ ਖਿਚਿਆ ਗਿਆ ਅਤੇ ਭਗਤ ਨਾਮਦੇਵ, ਕਬੀਰ, ਤਰਲੋਚਨ, ਬੈਨੀ ਆਦਿ ਦੇ ਦੋਹੜੇ ਰਬਾਬ ਨਾਲ ਗਾਉਣ ਲੱਗਾ।
ਸਮਾਂ ਪਾ ਕੇ ਮਰਦਾਨਾ ਵੀ ਗੁਰੂ ਜੀ ਵਾਂਗ ਗ੍ਰਹਿਸਥ ਵਿਚ ਪਾ ਦਿੱਤਾ ਗਿਆ। ਉਸ ਦੇ ਇੱਕ ਧੀ ਅਤੇ ਦੋ ਪੁੱਤਰ ਹੋਏ। ਪੁੱਤਰਾਂ ਦੇ ਨਾਂ ਸਨ-ਸ਼ਾਹਜ਼ਾਦਾ ਅਤੇ ਰਾਏਜ਼ਾਦਾ। ਬੇਟੀ ਦੀ ਸ਼ਾਦੀ ਵੇਲੇ ਮਰਦਾਨਾ ਗੁਰੂ ਜੀ ਦੇ ਮਗਰ ਸੁਲਤਾਨਪੁਰ ਲੋਧੀ ਪਹੁੰਚਿਆ, ਮਦਦ ਮੰਗਣ ਨਹੀਂ, ਆਪਣਾ ਹੱਕ ਮੰਗਣ ਲਈ। ਗੁਰੂ ਜੀ ਨੇ ਧੀ ਲਈ ਵਿਸ਼ੇਸ਼ ਸਮਾਨ ਮੰਗਵਾਉਣ ਲਈ ਆਪਣੇ ਇੱਕ ਗੁਰਸਿੱਖ ਨੂੰ ਲਾਹੌਰ ਭੇਜਿਆ ਅਤੇ ਇਹ ਵੀ ਹੁਕਮ ਦਿੱਤਾ ਕਿ ਜਲਦੀ ਵਾਪਸ ਮੁੜੇ। ਬੇਟੀ ਦੀ ਸ਼ਾਦੀ ਕਰਕੇ ਮਰਦਾਨਾ ਪੱਕਾ ਹੀ ਗੁਰੂ ਜੀ ਕੋਲ ਆ ਗਿਆ।
ਗੁਰੂ ਜੀ ਦੇ ਮਨ ਵਿਚ ਮਰਦਾਨੇ ਲਈ ਅਥਾਹ ਪਿਆਰ ਸੀ ਤੇ ਮਰਦਾਨੇ ਦੇ ਮਨ ਵਿਚ ਉਮਰੋਂ ਛੋਟੇ ਗੁਰੂ-ਬਾਬੇ ਲਈ ਬੇ-ਪਨਾਹ ਸ਼ਰਧਾ ਤੇ ਸਤਿਕਾਰ। ਉਹ ਹਮੇਸ਼ਾ ਗੁਰੂ ਜੀ ਤੋਂ ਥੋੜ੍ਹੀ ਵਿੱਥ ‘ਤੇ ਜਾਂ ਨੀਵਾਂ ਹੋ ਕੇ ਬੈਠਦਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ “ਬੀ-40 ਗੁਰੂ ਬਾਬਾ ਨਾਨਕ ਜਨਮ ਸਾਖੀ ਚਿਤਰਾਵਲੀ” ਵਿਚਲੇ ਸਭ ਪੁਰਾਤਨ ਚਿੱਤਰਾਂ ਵਿਚ ਭਾਈ ਮਰਦਾਨਾ ਆਪਣੀ ਰਬਾਬ ਸਮੇਤ ਇੱਕ ਸਤਿਕਾਰਤ ਵਿੱਥ ‘ਤੇ ਬੈਠਾ ਨਜ਼ਰ ਆਉਂਦਾ ਹੈ।
ਮਰਦਾਨਾ ‘ਦਾਨਾ’ ਵੀ ਸੀ, ਭਲਾ ਵੀ ਸੀ, ਪਰ ਮੌਕਾ ਆਉਣ ‘ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਉਦਾਸੀਆਂ ਤੇ ਜੋਖਮ ਝੱਲਣ ਲਈ ਮਰਦਾਂ ਵਾਗੂੰ ਗੁਰੂ ਜੀ ਦੇ ਨਾਲ ਡਟ ਕੇ ਚੱਲਿਆ। ਜ਼ਿੰਦਗੀ ਦੇ 75 ਸਾਲਾਂ ਵਿਚੋਂ 47 ਸਾਲ ਗੁਰੂ ਜੀ ਸੰਗ ਰਹਿਣ ਦਾ ਸੁਭਾਗ ਉਸ ਨੂੰ ਪ੍ਰਾਪਤ ਹੋਇਆ। ਮਰਦਾਨੇ ਤੋਂ ਬਿਨਾ ਇਹ ਸੁਭਾਗ ਹੋਰ ਕਿਸੇ ਨੂੰ ਪ੍ਰਾਪਤ ਨਾ ਹੋ ਸਕਿਆ। ਜਦੋਂ ਉਸ ਦਾ ਅੰਤ ਆਇਆ ਤਾਂ ਉਸ ਸਮੇਂ ਗੁਰੂ ਜੀ ਅਫਗਾਨਿਸਤਾਨ ਵਿਚ ਸਨ। ਭਾਈ ਕਾਹਨ ਸਿੰਘ ਨਾਭਾ ਅਨੁਸਾਰ 13 ਮੱਘਰ 1591 ਬਿਕਰਮੀ ਭਾਵ 1534 ਈਸਵੀ ਨੂੰ ਦਰਿਆ ਕੁਰਮ (ਖੁਰਮ) ਦੇ ਕੰਢੇ ‘ਤੇ ਕੁਰਮ ਨਗਰ ਵਿਚ ਮਰਦਾਨੇ ਦਾ ਦਿਹਾਂਤ ਹੋ ਗਿਆ, ਉਨ੍ਹਾਂ ਦੀਆਂ ਆਖਰੀ ਰਸਮਾਂ ਗੁਰੂ ਜੀ ਨੇ ਆਪਣੇ ਹੱਥੀਂ ਨਿਭਾਈਆਂ।
ਮੈਕਾਲਿਫ ਸਮੇਤ ਹੋਰ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਭਾਈ ਮਰਦਾਨਾ ਅਖੀਰਲੇ ਸਾਲਾਂ ਵਿਚ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਗੁਰੂ ਜੀ ਦੇ ਨਾਲ ਹੀ ਰਹਿ ਰਿਹਾ ਸੀ, ਜਿਥੇ ਉਹ 1534 ਵਿਚ ਪਰਲੋਕ ਸਿਧਾਰਿਆ। ਕਹਿੰਦੇ ਹਨ, ਆਖਰੀ ਸਮੇਂ ਗੁਰੂ ਜੀ ਨੇ ਮਰਦਾਨੇ ਤੋਂ ਪੁਛਿਆ, “ਮਰਦਾਨਿਆਂ ਮਰਨ ਉਪਰੰਤ ਤੇਰਾ ਸਰੀਰ ਦਫਨਾਇਆ ਜਾਵੇ ਜਾਂ ਸਸਕਾਰਿਆ ਜਾਵੇ?” ਮਰਦਾਨੇ ਬੜੇ ਸਤਿਕਾਰ ਸਹਿਤ ਜੁਆਬ ਦਿੱਤਾ, “ਬਾਬਾ, ਏਨੇ ਸਾਲ ਤੇਰੀ ਸੰਗਤ ਕਰਨ ਉਪਰੰਤ ਮੈਂ ਇਨ੍ਹਾਂ ਗੱਲਾਂ ਤੋਂ ਉਤਾਂਹ ਉਠ ਗਿਆਂ, ਤੂੰ ਜਾਣੇ, ਤੇਰਾ ਕੰਮ।”
ਕਿੰਨਾ ਦਰਦਨਾਕ ਹੋਵੇਗਾ ਉਹ ਸਮਾਂ ਜਦੋਂ ਰਬਾਬ ‘ਤੇ ਰੱਬੀ ਸੁਰਾਂ ਕੱਢਣ ਵਾਲੀਆਂ ਉਂਗਲਾਂ ਨਿਰਜਿੰਦ ਹੋ ਗਈਆਂ। ਕੋਲ ਪਈ ਰਬਾਬ ਮਰਦਾਨੇ ਦੇ ਸਰੀਰ ਨਾਲੋਂ ਵੀ ਵੱਧ ਸੰਵੇਦਨਾ-ਜਲੌ ਸੀ। ਗੁਰੂ ਜੀ ਨੇ ਇਸ ਵਿਛੋੜੇ ਨੂੰ ਕਿੱਦਾਂ ਮਹਿਸੂਸ ਕੀਤਾ ਹੋਵੇਗਾ? ਪਹੁੰਚੇ ਹੋਏ ਪੈਗੰਬਰ ਵਾਂਗ ਜਾਂ ਆਮ ਬੰਦੇ ਵਾਂਗ? ਕੁਝ ਨਹੀਂ ਕਿਹਾ ਜਾ ਸਕਦਾ,
ਤੂਟੀ ਤੰਤ ਰਬਾਬ ਕੀ ਵਾਜੈ ਨਹੀ ਵਿਜੋਗ॥
ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ॥
ਕਹਿੰਦੇ ਹਨ, ਗੁਰੂ ਜੀ ਨੇ, “ਸਾਜਣ ਮੈਂਡੇ ਰਾਂਗਲੇ ਜਾਇ ਸੁਤੇ ਜੀਰਾਣੁ” ਸ਼ਬਦ ਵੀ ਮਰਦਾਨੇ ਦੇ ਪ੍ਰਥਾਇ ਹੀ ਰਚਿਆ।
ਜ਼ਿੰਦਗੀ ਦੇ ਪਿਛਲੇ ਪੰਜ ਸਾਲ ਗੁਰੂ ਜੀ ਰਬਾਬੀ ਮਰਦਾਨੇ ਦੀ ਸੰਗਤ ਤੋਂ ਵਿਰਵੇ ਹੋ ਕੇ ਕਰਤਾਰਪੁਰ ਟਿਕ ਗਏ। ਕਿਹਾ ਜਾਂਦਾ ਹੈ ਕਿ ਮਰਦਾਨੇ ਪਿਛੋਂ ਉਸ ਦਾ ਬੇਟਾ ਸ਼ਾਹਜ਼ਾਦਾ ਗੁਰੂ ਜੀ ਦੇ ਨਾਲ ਰਬਾਬੀ ਦੀਆਂ ਸੇਵਾਵਾਂ ਨਿਭਾਉਂਦਾ ਰਿਹਾ, ਪਰ ਜਪੁਜੀ ਸਾਹਿਬ ਵਰਗੀਆਂ ਰਾਗ-ਮੁਕਤ ਬਾਣੀਆਂ ਦਾ ਉਨ੍ਹਾਂ ਸਮਿਆਂ ਵਿਚ ਲਿਖਿਆ ਜਾਣਾ ਇਹ ਸਾਬਤ ਕਰਦਾ ਹੈ ਕਿ ਮਰਦਾਨੇ ਦੀ ਰਬਾਬ ਸ਼ਾਂਤ ਹੋ ਜਾਣ ਪਿਛੋਂ ਰਾਗ-ਸਾਜ਼ ਵਿਗੁੱਤੀਆਂ ਬਾਣੀਆਂ ਦਾ ਪ੍ਰਵਾਹ ਮੱਠਾ ਪੈ ਗਿਆ।