ਡਾ. ਬਲਜਿੰਦਰ ਸਿੰਘ ਸੇਖੋਂ
21 ਅਕਤੂਬਰ 2019 ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਹਾਊਸ ਆਫ ਕੌਮਨ (ਲੋਕ ਸਭਾ) ਦੇ ਮੈਂਬਰਾਂ, ਸੰਸਦ ਮੈਂਬਰਾਂ ਦੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਚੋਣ ਵਿਚ ਬੇਸ਼ਕ ਛੇ ਪਾਰਟੀਆਂ-ਕੰਜ਼ਰਵੇਟਿਵ, ਲਿਬਰਲ, ਐਨ. ਡੀ. ਪੀ., ਬਲਾਕ ਕਿਊਬਕਵਾ, ਗਰੀਨ ਪਾਰਟੀ ਤੇ ਪੀਪਲਜ਼ ਪਾਰਟੀ ਆਫ ਕੈਨੇਡਾ (ਕੈਨੇਡਾ ਦੇ ਲੋਕਾਂ ਦੀ ਪਾਰਟੀ) ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਪਰ ਅਸਲ ਵਿਚ ਮੁਕਾਬਲਾ ਪਹਿਲੀਆਂ ਦੋ ਪਾਰਟੀਆਂ ਵਿਚਾਲੇ ਹੀ ਹੈ। ਮੁਕਾਬਲਾ ਫਸਵਾਂ ਹੋਣ ਕਾਰਨ ਇਹ ਵੀ ਹੋ ਸਕਦਾ ਹੈ ਕਿ ਦੋਹਾਂ ਵਿਚੋਂ ਕਿਸੇ ਨੂੰ ਵੀ ਬਹੁਮੱਤ ਨਾ ਮਿਲੇ ਅਤੇ ਐਨ. ਡੀ. ਪੀ. ਦੇ ਹੱਥ ਰਾਜਾ ਚੁਣਨ ਦੀ ਤਾਕਤ ਆ ਜਾਵੇ, ਕਿਉਂਕਿ ਜਿਸ ਪਾਰਟੀ ਨੂੰ ਉਹ ਸਮਰਥਨ ਦੇਵੇਗੀ, ਸਰਕਾਰ ਉਸੇ ਦੀ ਬਣੇਗੀ।
ਕੈਨੇਡਾ ਦੀ ਸਰਕਾਰੀ ਟੀ. ਵੀ., ਰੇਡੀਓ ਕਾਰਪੋਰੇਸ਼ਨ, ਸੀ. ਬੀ. ਸੀ., ਜੋ ਸਾਰੇ ਸਰਵੇਖਣਾਂ ਦੇ ਅੰਕੜਿਆਂ ਨੂੰ ਮਿਲਾ ਕੇ ਔਸਤ ਕੱਢਦੀ ਹੈ, ਮੁਤਾਬਕ 6 ਅਕਤੂਬਰ 2019 ਨੂੰ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਵੋਟਰਾਂ ਦੀ ਚੋਣ ਵਿਚ ਕਰੀਬ ਬਰਾਬਰ (ਲਿਬਰਲ 34.0% ਅਤੇ ਕੰਜ਼ਰਵੇਟਿਵ 33.8%) ਚਲ ਰਹੀਆਂ ਸਨ, ਐਨ. ਡੀ. ਪੀ. 14.3% ਅਤੇ ਗਰੀਨ ਪਾਰਟੀ ਦਾ ਸਮਰਥਨ 9.6% ਸੀ। ਕੈਨੇਡਾ ਭਰ ਵਿਚੋਂ ਸੀਟਾਂ ਜਿੱਤਣ ਦੀ ਸੰਭਾਵਨਾ ਲਿਬਰਲ 163 (107 ਤੋਂ 222), ਕੰਜ਼ਰਵੇਟਿਵ 135 ( 91 ਤੋਂ 181) ਅਤੇ ਐਨ. ਡੀ. ਪੀ. ਦੀ 19 (2 ਤੋਂ 47) ਦੱਸੀ ਜਾ ਰਹੀ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਇਹ ਅੰਕੜੇ ਵਧਦੇ- ਘਟਦੇ ਰਹੇ ਹਨ ਅਤੇ ਕੈਨੇਡਾ ਦੀਆਂ ਚੋਣਾਂ ਦੇ ਇਤਿਹਾਸ ਨੂੰ ਵੇਖਦਿਆਂ, ਇਹ ਅੰਕੜੇ ਚੋਣ ਦੇ ਅਖੀਰਲੇ ਦਿਨ ਤੱਕ ਬਦਲਦੇ ਰਹਿਣਗੇ। ਚੋਣ ਬਾਅਦ ਸਰਕਾਰ ਉਸੇ ਪਾਰਟੀ ਦੀ ਬਣੇਗੀ, ਜਿਸ ਨੂੰ 21 ਅਕਤੂਬਰ ਨੂੰ ਵੱਧ ਸੀਟਾਂ ਹਾਸਲ ਹੋਣਗੀਆਂ।
ਕੈਨੇਡਾ ਵਿਚ ਲੀਡਰ ਇਕੱਠੇ ਇੱਕ ਥਾਂ ਬਹਿਸ ਕਰਨ ਲਈ ਸੱਦੇ ਜਾਂਦੇ ਹਨ, ਜਿਸ ਦਾ ਪ੍ਰਸਾਰਨ ਬਹੁਤ ਸਾਰੇ ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ ‘ਤੇ ਨਾਲੋ ਨਾਲ ਕੀਤਾ ਜਾਂਦਾ ਹੈ। ਇਸ ਨੂੰ ਕਰੋੜਾਂ ਲੋਕ ਵੇਖਦੇ ਹਨ ਅਤੇ ਕਈ ਵਾਰ ਬਹਿਸ ਵਿਚ ਬੋਲੀ ਇੱਕ ਅੱਧ ਟੂਕ ਦਾ ਵੱਡਾ ਪ੍ਰਭਾਵ ਪੈਂਦਾ ਹੈ। ਇਸ ਬਹਿਸ ਵਿਚ, 7 ਅਕਤੂਬਰ 2019 ਨੂੰ, ਜੋ ਅੰਗਰੇਜੀ ਵਿਚ ਆਖਰੀ ਸੀ, 6 ਲੀਡਰਾਂ, ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਦੇ ਐਂਡਰੀਊ ਸ਼ੀਅਰ, ਐਨ. ਡੀ. ਪੀ. ਦੇ ਜਗਮੀਤ ਸਿੰਘ, ਗਰੀਨ ਪਾਰਟੀ ਦੀ ਅਲਿਜ਼ਾਬੈਥ ਮੇਅ, ਬਲਾਕ ਕਿਊਬਕਵਾ ਦੇ ਹੀਸ-ਫਰੈਂਕਵਾ ਬਲੈਂਚੈਟ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਮੈਕਸਿਮ ਬਰਨੀਏ ਨੇ ਹਿੱਸਾ ਲਿਆ। ਪਹਿਲੀਆਂ ਬਹਿਸਾਂ ਵਿਚ ਕੰਜ਼ਰਵੇਟਿਵ ਪਾਰਟੀ ਨਾਲੋਂ ਵੱਖ ਹੋ ਕੇ ਨਵੀਂ ਬਣੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਏ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ, ਪਰ ਇਸ ਬਹਿਸ ਵਿਚ ਉਹ ਵੀ ਸ਼ਾਮਿਲ ਹੋਏ। ਇਹ ਬਹਿਸ ਕਿਊਬਕ ਦੇ ਗਾਟਿਨਿਊ ਸ਼ਹਿਰ ਵਿਚ ਕਰਵਾਈ ਗਈ। ਦੋ ਘੰਟੇ ਚੱਲੀ ਬਹਿਸ ਵਿਚ ਬੇਸ਼ੱਕ ਕੋਈ ਵੀ ਸਪਸ਼ਟ ਜੇਤੂ ਨਹੀਂ ਕਿਹਾ ਜਾ ਸਕਦਾ, ਪਰ ਜਗਮੀਤ ਸਿੰਘ ਸਹਿਜ ਸੁਭਾ ਬੋਲਣ ਅਤੇ ਹਾਜ਼ਰ ਜੁਆਬੀ ਵਿਚ ਆਪਣਾ ਅਕਸ ਬਣਾ ਗਏ। ਟਰੂਡੋ ਨੇ ਜਗਮੀਤ ਨੂੰ ਦੋ ਵਾਰ ਮਿਸਟਰ ਸ਼ੀਅਰ ਕਰਕੇ ਸੱਦਿਆ, ਜਿਸ ਦੇ ਜਵਾਬ ਵਿਚ ਜਗਮੀਤ ਦਾ ਕਹਿਣਾ ਸੀ ਕਿ ਉਹ ਮਿਸਟਰ ਸ਼ੀਅਰ ਨਾਲੋ ਬਹੁੱਤ ਵੱਖਰੇ ਹਨ, ਇਸ ਨਾਲ ਉਹ ਆਪਣੇ ਅਤੇ ਸ਼ੀਅਰ ਦੀ ਪਾਰਟੀ ਵਿਚਲੇ ਵਿਚਾਰਾਂ ਦੇ ਵਖਰੇਵੇਂ ਨੂੰ ਉਜਾਗਰ ਕਰ ਗਏ। ਜਦ ਸੰਚਾਲਕ ਨੇ ਵੀ ਉਸ ਨੂੰ ਸ਼ੀਅਰ ਕਰਕੇ ਸੰਬੋਧਨ ਕੀਤਾ ਤਾਂ ਹਾਲ ਵਿਚ ਹਾਸਾ ਪੈ ਗਿਆ, ਜਿਸ ‘ਤੇ ਜਗਮੀਤ ਨੇ ਕਿਹਾ ਕਿ ਅਜ ਮੈਨੂੰ ਬੜੇ ਲੋਕ ਹੋਰ ਸਮਝ ਰਹੇ ਹਨ, ਆਪਣੇ ਆਪ ਦੀ ਪਛਾਣ ਸੌਖੀ ਕਰਨ ਵਾਸਤੇ ਸਗੋਂ ਅੱਜ ਮੈਂ ਸੰਤਰੀ ਪੱਗ ਬੰਨ੍ਹੀ ਸੀ।
ਮੈਕਸਿਮ ਬਰਨੀਏ, ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਨਾ ਚਾਹੁੰਦਾ ਸੀ, ਪਰ ਲੀਡਰਸ਼ਿਪ ਦੀ ਚੋਣ ਵਿਚ ਐਂਡਰੀਊ ਸ਼ੀਅਰ ਕੋਲੋਂ ਹਾਰ ਗਿਆ। ਉਸ ਪਿਛੋਂ ਉਸ ਨੇ ਵਖਰੀ ਪਾਰਟੀ ਬਣਾ ਲਈ ਅਤੇ ਆਪਣੇ ਆਪ ਨੂੰ ਧੁਰ ਸੱਜੇ ਵਿਚਾਰਾਂ ਵੱਲ ਲੈ ਗਿਆ। ਉਸ ਦੇ ਵਿਚਾਰ ਕੰਜ਼ਰਵੇਟਿਵ ਵਾਲੇ ਹੀ ਹਨ, ਬੱਸ ਕੁਝ ਹੋਰ ਸੱਜੇ ਪੱਖੀ, ਜਿਵੇਂ ਉਸ ਦਾ ਕਹਿਣਾ ਹੈ ਕਿ ਕੈਨੇਡਾ ਦੇ 49% ਲੋਕ ਇਮੀਗਰੇਸ਼ਨ ਘਟਾਉਣ ਜਾਂ ਰੋਕਣ ਦੇ ਪੱਖ ਵਿਚ ਹਨ, ਸੋ ਇਹ ਬੰਦ ਹੋਣੀ ਚਾਹੀਦੀ ਹੈ ਅਤੇ ਉਹ ਬਹੁਸਭਿਆਚਾਰ ਦਾ ਵਿਰੋਧ ਕਰਦਾ ਹੈ, ਸਗੋਂ ਇਕੋ ਕੈਨੇਡੀ ਸਭਿਆਚਾਰ ਦਾ ਮੁੱਦਈ ਹੈ। ਸਟੀਫਨ ਹਾਰਪਰ ਦੀ ਸਰਕਾਰ ਵਿਚ ਮੰਤਰੀ ਹੁੰਦਿਆਂ ਉਹ ਬੜੇ ਸੰਵੇਦਨਸ਼ੀਲ ਪੇਪਰ ਆਪਣੀ ਪ੍ਰੇਮਿਕਾ ਦੇ ਘਰ ਭੁੱਲ ਆਇਆ ਸੀ।
ਗਰੀਨ ਪਾਰਟੀ ਦਾ ਆਧਾਰ ਨੌਜਵਾਨਾਂ ਵਿਚ ਬਣਦਾ ਜਾ ਰਿਹਾ ਹੈ, ਉਹ ਮੁੱਖ ਤੌਰ ‘ਤੇ ਵਾਤਾਵਰਣ ਬਚਾਉਣ ਵਾਲੀਆਂ ਨੀਤੀਆਂ ‘ਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਅਤੇ ਮੂਲ ਨਿਵਾਸੀਆਂ ਦੇ ਇਲਾਕਿਆਂ ਵਿਚੋਂ ਉਨ੍ਹਾਂ ਦੀ ਮਰਜ਼ੀ ਬਿਨਾ ਗੈਸ ਪਾਈਪ ਲਾਈਨਾਂ ਲਿਜਾਣ ਦੇ ਵਿਰੁਧ ਹੈ।
ਐਨ. ਡੀ. ਪੀ. ਵੀ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੀ ਹੈ। ਜਗਮੀਤ ਸਿੰਘ ਨੇ ਇਸ ‘ਤੇ ਬਹਿਸ ਦੌਰਾਨ ਟਿੱਪਣੀ ਕਰਦਿਆਂ ਕਿਹਾ ਕਿ ਵਾਤਾਵਰਣ ਦੇ ਮੁੱਦੇ ‘ਤੇ ਲਿਬਰਲ ਅਤੇ ਕੰਜ਼ਰਵੇਟਿਵ-ਦੋਵੇਂ ਆਨਾਕਾਨੀ ਕਰਦੀਆਂ ਹਨ। ਉਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਮਿਸਟਰ ਦੇਰੀ ਅਤੇ ਮਿਸਟਰ ਮੁਕਰਨਵਾਲੇ-ਦੋਹਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਉਸ ਦਾ ਇਸ਼ਾਰਾ ਸ਼ੀਅਰ, ਜਿਸ ਦੀ ਪਾਰਟੀ ਵਾਤਾਵਰਣ ਬਦਲਾਅ ਨੂੰ ਨਹੀਂ ਮੰਨਦੀ ਅਤੇ ਟਰੂਡੋ, ਜੋ ਵਾਤਾਵਰਣ ਠੀਕ ਰੱਖਣ ਵਾਲੀਆਂ ਨੀਤੀਆਂ ਲਾਗੂ ਕਰਨ ਵਿਚ ਦੇਰੀ ਕਰਦੇ ਹਨ, ਵੱਲ ਸੀ। ਇਹ ਪਾਰਟੀ ਅਮੀਰਾਂ ‘ਤੇ ਵੱਧ ਟੈਕਸ ਲਾ ਕੇ ਗਰੀਬਾਂ ਲਈ ਹੋਰ ਸਹੂਲਤਾਂ ਜਿਵੇਂ ਮੁਫਤ ਡਾਕਟਰੀ ਸਹੂਲਤਾਂ ਦੇ ਨਾਲ ਮੁਫਤ ਦਵਾਈਆਂ ਦੇਣ ਦੀ ਗੱਲ ਕਰਦੀ ਹੈ। ਮੁਫਤ ਉਚ ਵਿਦਿਆ ਵੀ ਇਸ ਦਾ ਵਾਅਦਾ ਹੈ। ਜੈਕ ਲੇਅਟਨ 2003 ਤੋਂ 2011 ਤੱਕ ਐਨ. ਡੀ. ਪੀ. ਦੇ ਲੀਡਰ ਰਹੇ। ਉਨ੍ਹਾਂ ਦੀ ਰਹਿਨੁਮਾਈ ਵਿਚ ਪਾਰਟੀ ਨੇ ਬੜੀ ਤਰੱਕੀ ਕੀਤੀ। ਲੋਕਾਂ ਨੂੰ ਉਮੀਦ ਸੀ ਕਿ ਅਗਲੇ ਪ੍ਰਧਾਨ ਮੰਤਰੀ ਉਹ ਹੋਣਗੇ, ਪਰ ਲੇਅਟਨ ਦੀ ਕੈਂਸਰ ਕਾਰਨ ਘੱਟ ਉਮਰੇ ਮੌਤ ਨੇ ਇਸ ਪਾਰਟੀ ਨੂੰ ਵੱਡਾ ਧੱਕਾ ਲਾਇਆ। ਬੇਸ਼ੱਕ ਜਗਮੀਤ ਸਿੰਘ ਚੰਗੇ ਲੀਡਰ ਹਨ, ਪਰ ਕੈਨੇਡਾ ਦੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਦਿੱਖ ਤੋਂ ਉਚਾਟ ਲਗਦੇ ਹਨ। ਇੱਕ ਵਿਅਕਤੀ ਨੇ ਤਾਂ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਇਹ ਕਹਿ ਦਿੱਤਾ ਕਿ ਆਪਣੀ ਪੱਗ ਕੱਟ ਦੇ (ਲਾਹ ਦੇ) ਤੇ ਕੈਨੇਡੀਅਨ ਲੱਗ। ਜਗਮੀਤ ਸਿੰਘ ਨੇ ਬੜੇ ਪ੍ਰੇਮ ਨਾਲ ਜਵਾਬ ਦਿੱਤਾ, ਵਖਰੇਵਾਂ ਹੀ ਕੈਨੇਡਾ ਦੀ ਪਛਾਣ ਹੈ। ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੈਨੇਡਾ ਵਿਚ ਵਸਦੇ ਯੁਰਪੀ ਮੂਲ ਦੇ ਬਹੁਤ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਗੁਰਸਿੱਖ ਮਨਜੂਰ ਨਹੀਂ।
ਕੰਜ਼ਰਵੇਟਿਵ ਪਾਰਟੀ ਮੁੱਖ ਤੌਰ ‘ਤੇ ਵੱਡੀਆਂ ਕੰਪਨੀਆਂ ਅਤੇ ਵਪਾਰੀਆਂ ਨੂੰ ਟੈਕਸਾਂ ਵਿਚ ਛੋਟ, ਸਰਕਾਰੀ ਮਹਿਕਮਿਆਂ ਵਿਚ ਕਟੌਤੀਆਂ, ਘੱਟ ਖਰਚ ਅਤੇ ਕੈਨੇਡਾ ਸਿਰ ਚੜ੍ਹੇ ਕਰਜ਼ੇ ਨੂੰ ਛੇਤੀ ਖਤਮ ਕਰਨ ਦੀ ਗੱਲ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਅਮੀਰਾਂ ਨੂੰ ਵੱਧ ਸਹੂਲਤਾਂ ਦੇਣ ਨਾਲ ਉਹ ਵੱਧ ਪੈਸੇ ਕਮਾ ਕੇ ਕੈਨੇਡਾ ਵਿਚ ਹੀ ਹੋਰ ਕਾਰੋਬਾਰ ਚਲਾ ਕੇ ਵੱਧ ਨੌਕਰੀਆਂ ਪੈਦਾ ਕਰਨਗੇ, ਜਿਸ ਨਾਲ ਸਭ ਨੂੰ ਫਾਇਦਾ ਹੋਵੇਗਾ, ਪਰ ਜੋ ਲੋਕ ਗਰੀਬੀ ਵਿਚ ਜਾ ਡਿਗਦੇ ਹਨ, ਉਨ੍ਹਾਂ ਬਾਰੇ ਇਸ ਪਾਰਟੀ ਨੂੰ ਘੱਟ ਹੀ ਫਿਕਰ ਹੈ।
ਲਿਬਰਲ ਪਾਰਟੀ ਦੀਆਂ ਨੀਤੀਆਂ ਐਨ. ਡੀ. ਪੀ. ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿਚ-ਵਿਚਾਲੇ ਹਨ। ਉਹ ਮੱਧ ਵਰਗ ਦੀ ਗਿਣਤੀ ਵਧਾਉਣ ਦੀ ਗੱਲ ਕਰਦੀ ਹੈ। ਵਾਤਾਵਰਣ ਬਚਿਆ ਰਹੇ ਪਰ ਜੇ ਵੱਧ ਵਿਤੀ ਫਰਕ ਪੈਂਦਾ ਹੈ ਤਾਂ ਕੁਝ ਖਤਰਾ ਵੀ ਮੁੱਲ ਲੈ ਲਿਆ ਜਾ ਸਕਦਾ ਹੈ, ਜਿਵੇਂ ਬਹੁਤ ਸਾਰੇ ਲੋਕਾਂ ਅਤੇ ਮੂਲ ਨਿਵਾਸੀਆਂ ਵਲੋਂ ਪੜਚੋਲ ਦੇ ਬਾਵਜੂਦ ਅਲਬਰਟਾ ਦੇ ਕੱਚੇ ਤੇਲ ਨੂੰ ਬੀ. ਸੀ. ਦੇ ਸਮੁੰਦਰੀ ਤੱਟ ਤੱਕ ਪਹੁੰਚਾਉਣ ਲਈ ਤੇਲ ਪਾਈਪ ਪਾਉਣ ਲਈ ਬਜਿੱ.ਦ ਹੈ।
ਇਨ੍ਹਾਂ ਚੋਣਾਂ ਵਿਚ 30 ਤੋਂ ਵੱਧ ਹਲਕਿਆਂ ਵਿਚ ਭਾਰਤੀ ਜਾਂ ਪਾਕਿਸਤਾਨੀ ਮੂਲ ਦੇ ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਚ 18 ਪੰਜਾਬੀ ਔਰਤਾਂ ਅਤੇ 50 ਤੋਂ ਵੱਧ ਪੰਜਾਬੀ ਮਰਦ ਚੋਣ ਮੈਦਾਨ ਵਿਚ ਹਨ। ਉਮੀਦ ਹੈ, ਇਸ ਵਾਰ 2015 ਦੇ ਮੁਕਾਬਲੇ ਸੰਸਦ ਵਿਚ ਵੱਧ ਪੰਜਾਬੀ ਹੋਣ।
ਕੈਨੇਡਾ ਵਿਚ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੀਆਂ ਪੰਜੇ ਸੀਟਾਂ ‘ਤੇ ਪ੍ਰਮੁੱਖ ਪਾਰਟੀਆਂ ਦੇ 15 ਵਿਚੋਂ 11 ਉਮੀਦਵਾਰ ਪੰਜਾਬੀ ਹਨ। ਇਸ ਵਿਚ 2015 ਦੀਆਂ ਚੋਣਾਂ ਵਿਚ ਸਾਰੇ ਉਮੀਦਵਾਰ-ਰਾਜ ਗਰੇਵਾਲ, ਸੋਨੀਆ ਸਿੱਧੂ, ਕਮਲ ਖਹਿਰਾ, ਰਾਮੇਸ਼ ਸੰਘਾ ਅਤੇ ਰੂਬੀ ਸਹੋਤਾ ਲਿਬਰਲ ਪਾਰਟੀ ਦੀ ਟਿਕਟ ‘ਤੇ ਚੋਣਾਂ ਜਿੱਤੇ ਸਨ। ਇਨ੍ਹਾਂ ਵਿਚੋਂ ਰਾਜ ਗਰੇਵਾਲ ਨੂੰ ਛੱਡ ਕੇ ਬਾਕੀ ਇਸ ਵਾਰ ਵੀ ਲਿਬਰਲ ਪਾਰਟੀ ਵਲੋਂ ਉਮੀਦਵਾਰ ਹਨ। ਰਾਜ ਗਰੇਵਾਲ ਨੂੰ ਕੁਝ ਨਿੱਜੀ ਮੁਸ਼ਕਿਲਾਂ ਕਰਕੇ ਪਾਰਟੀ ਵਿਚੋਂ ਬਾਹਰ ਜਾਣਾ ਪਿਆ ਅਤੇ ਇਸ ਵਾਰ ਉਹ ਚੋਣ ਨਹੀਂ ਲੜ ਰਹੇ। ਇਸ ਸੀਟ ‘ਤੇ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਉਮੀਦਵਾਰ ਹਨ।
ਮਿਸੀਸਾਗਾ ਮਾਲਟਨ ਤੋਂ ਉੱਘੇ ਲਿਬਰਲ ਆਗੂ ਤੇ ਮੰਤਰੀ ਨਵਦੀਪ ਬੈਂਸ ਦਾ ਮੁਕਾਬਲਾ ਗੈਰ ਪੰਜਾਬੀ ਟੋਮ ਵਰਗੀਜ਼ ਨਾਲ ਹੈ, ਬਰੈਂਪਟਨ ਸੈਂਟਰ ਤੋਂ ਵਕੀਲ ਰਮੇਸ਼ ਸੰਘਾ ਜੋ ਪਿਛਲੀ ਵਾਰ ਮੰਤਰੀ ਰਹੇ, ਬੱਲ ਗੋਸਲ ਕੰਜ਼ਰਵੇਟਿਵ ਨੂੰ ਹਰਾ ਕੇ ਆਏ ਸਨ, ਦਾ ਮੁਕਾਬਲਾ ਪਵਨਜੀਤ ਗੋਸਲ ਕੰਜ਼ਰਵੇਟਿਵ ਨਾਲ, ਬਰੈਂਪਟਨ ਵੈਸਟ ਤੋਂ ਲਿਬਰਲ ਕਮਲ ਖਹਿਰਾ ਦਾ ਕੰਜ਼ਰਵੇਟਿਵ ਮੁਰਾਰੀ ਲਾਲ ਥਾਪਿਆਲ ਨਾਲ ਅਤੇ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਲਿਬਰਲ ਦਾ ਰਮਨਦੀਪ ਬਰਾੜ ਕੰਜ਼ਰਵੇਟਿਵ ਨਾਲ ਹੋਵੇਗਾ। ਕਿਚਨਰ ਸੈਂਟਰ ਤੋਂ ਰਾਜ ਸੈਣੀ ਲਿਬਰਲ, ਈਟੋਬੀਕੋ ਉਤਰੀ ਤੋਂ ਸਰਬਜੀਤ ਕੌਰ ਕੰਜ਼ਰਵੇਟਿਵ, ਡੋਵਾਲ-ਲੇਚਿਨ-ਲਾਸੇਲ ਤੋਂ ਅੰਜੂ ਢਿੱਲੋਂ ਉਮੀਦਵਾਰ ਹਨ।
ਅਲਬਰਟਾ ਵਿਚ ਮੰਤਰੀ ਅਮਰਜੀਤ ਸੋਹੀ ਲਿਬਰਲ, ਟਿਮ ਉਪਲ ਕੰਜ਼ਰਵੇਟਿਵ ਦਾ ਮੁਕਾਬਲਾ ਕਰਨਗੇ। ਬੀ. ਸੀ. ਵਿਚ ਦੇਵ ਵਿਰਦੀ, ਜਟੀ ਸਿੱਧੂ, ਰਨਦੀਪ ਸਿੰਘ ਸਰਾਏ, ਸੁੱਖ ਧਾਲੀਵਾਲ, ਨੀਲਮ ਬਰਾੜ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਲਿਬਰਲ ਵਲੋਂ ਅਤੇ ਟੀਨਾ ਬੈਂਸ, ਹਰਪ੍ਰੀਤ ਸਿੰਘ ਕੰਜ਼ਰਵੇਟਿਵ ਪਾਰਟੀ ਵਲੋਂ ਚੋਣ ਮੈਦਾਨ ਵਿਚ ਹਨ। ਬੀ. ਸੀ. ਵਿਚ ਐਨ. ਡੀ. ਵਲੋਂ ਸਰਜੀਤ ਸਿੰਘ ਸਰਾਂ, ਹਰਜੀਤ ਸਿੰਘ ਗਿੱਲ ਅਤੇ ਪ੍ਰਧਾਨ ਮੰਤਰੀ ਲਈ ਉਮੀਦਵਾਰ ਜਗਮੀਤ ਸਿੰਘ ਵੀ ਪਾਰਲੀੰਮੈਂਟ ਵਿਚ ਪਹੁੰਚਣ ਲਈ ਜੋਰ ਲਾ ਰਹੇ ਹਨ। (ਦੇਖੋ ਸਾਰਨੀ)
ਸਾਰਨੀ: ਕੈਨੇਡਾ ਪੱਧਰ ਤੇ ਪ੍ਰਮੁੱਖ ਪਾਰਟੀਆਂ ਦੇ ਪੰਜਾਬੀ ਅਤੇ ਦੱਖਣ ਏਸ਼ੀਆ ਨਾਲ ਸਬੰਧਿਤ ਉਮੀਦਵਾਰ
ਹਲਕਾ ਲਿਬਰਲ ਕੰਜ਼ਰਵੇਟਿਵ ਐਨ. ਡੀ. ਪੀ.
ਬਰੈਪਟਨ ਪੂਰਬੀ ਮਨਿੰਦਰ ਸਿੱਧੂ ਰਾਮੋਨਾ ਸਿੰਘ ਸਰਨਜੀਤ ਸਿੰਘ
ਬਰੈਂਪਟਨ ਪੱਛਮੀ ਕਮਲ ਖਹਿਰਾ ਮੁਰਾਰੀਲਾਲ ਥਾਪਿਆਲ ਨਵਜੀਤ ਕੌਰ
ਬਰੈਂਪਟਨ ਉਤਰੀ ਰੂਬੀ ਸਹੋਤਾ ਅਰਪਨਾ ਖੰਨਾ ਮਲੀਸਾ ਐਡਵਾਰਡਜ
ਬਰੈਂਪਟਨ ਸੈਂਟਰ ਰਾਮੇਸ਼ ਸੰਘਾ ਪਵਨਜੀਤ ਗੋਸਲ ਜੌਰਡਨ ਬੋਸਵੈਲ
ਬਰੈਂਪਟਨ ਦੱਖਣੀ ਸੋਨੀਆਂ ਸਿੱਧੂ ਰਮਨਦੀਪ ਬਰਾੜ ਮਨਦੀਪ ਕੌਰ
ਮਿਸੀਸਾਗਾ ਸਟਰੀਟਵਿਲ ਗਗਨ ਸਿਕੰਦ ਘੰਡਾ ਮਲੀਕ ਸਮੀਰ ਗਿਰਗੀਜ
ਮਿਸੀਸਾਗਾ ਐਰਿਨ ਮਿਲਜ਼ ਇਕਰਾ ਖਾਲਿਦ ਹਾਨੀ ਟਾਫਿਲਜ ਸਲਮਾਨ ਤਾਰਿਕ
ਮਸੀਸਾਗਾ-ਮਾਲਟਨ ਨਵਦੀਪ ਬੈਂਸ ਟੌਮ ਵਰਗੀਜ਼ ਨਿੱਕੀ ਕਲਾਰਕ
ਮਿਸੀਸਾਗਾ ਸੈਂਟਰ ਓਮਾਰ ਅਲਘਾਬਰਾ ਮਿਲਾਦ ਮਾਈਕਲ ਸਰਾਹ ਵਾਲਜੀ
ਸਕਾਰਬਰੋ ਉਤਰੀ ਸ਼ੌਨ ਚੈੱਨ ਡੇਵਿਡ ਕੌਂਗ ਯਾਨ ਚੈਂਨ
ਸਕਾਰਬਰੋ ਰੋਗ ਪਾਰਕ ਗੈਰੀ ਆਨੰਦਸਾਂਗਰੀ ਬੌਬੀ ਸਿੰਘ ਕਿੰਗਸਲੇ ਕਵੌਕ
ਸਕਾਰਬਰੋ ਸੈਂਟਰ ਸਲਮਾਨ ਜਾਹਿਦ ਇਰਸ਼ਾਦ ਚੌਧਰੀ ਫੇਜ਼ ਕਮਲ
ਓਕਵਿਲ ਅਨੀਤਾ ਆਨੰਦ ਟਰੈਂਸ ਯੰਗ ਜੀਰੋਮ ਅਡਾਮੋ
ਈਟੋਬੀਕੋ ਉਤਰੀ ਕਰਿਸਟੀ ਡੰਕਨ ਸਰਬਜੀਤ ਕੌਰ ਨਾਲੀਮਾ ਫਰਾਹ
ਗਲਫ਼ ਲਲੌਇਡ ਲੌਂਗਫੀਲਡ ਅਸ਼ੀਸ਼ ਸਚਨ ਅਇਸ਼ਾ ਜਹਾਂਗੀਰ
ਕਿਚਨਰ ਸੈਂਟਰ ਰਾਜ ਸੈਨੀ ਸਟੀਫਨ ਵੁਡਵਰਥ ਐਂਡਰਿਊ ਮੋਰਾਗਾ
ਹਮਿਲਟਨ ਪੂਰਬੀ- ਸਟੋਨੀ ਕਰੀਕ ਬੌਬ ਬਰੇਟਿਨਾ ਨਿੱਕੀ ਕੌਰ ਨਿੱਕ ਮਲੈਨੋਵਿੱਕ
ਯੋਰਕ ਦੱਖਣੀ- ਵੈਸਟਨ ਅਹਿਮਦ ਹੁਸੈਨ ਜਸਵੀਨ ਰਤਨ ਯਾਫੇਟ ਟਵੈਲਡ
ਨੇਪੀਅਨ ਚੰਦਰ ਆਰੀਆ ਬਰਾਇਨ ਲਿਉਸ ਜੇਫ ਅਨਸਾਰੀ
ਓਟਵਾ ਪੱਛਮੀ-ਨੇਪੀਅਨ ਅਨੀਤਾ ਵੈਂਡਨਬੈਲਡ ਅਬਦੁੱਲ ਆਬਦੀ ਐਂਜਲਾ ਮੈਕਈਵਨ
ਡੋਵਾਲ-ਲੇਚਿਨ-ਲਾਸੇਲ ਅੰਜੂ ਢਿਲੋਂ ਸਲੀਨ ਲੇਕਿਉਰੇ ਲੋਰੀ ਮੌਰੀਸਨ
ਪੀਅਰਫੌਂਡਜ-ਡੋਲਾਰਡ ਸਮੀਰ ਜ਼ੂਬੇਰੀ ਮਰੀਅਮ ਇਸ਼ਾਕ ਬਰੂਨੋ ਇਬਰਾਹੀਮ ਅਲ ਖੌਰੀ
ਐਡਮਿੰਨਟਨ ਮਿਲ ਵੂਡਜ਼ ਅਮਰਜੀਤ ਸੋਹੀ ਟਿਮ ਉਪਲ ਨਿਗਿਲ ਲੋਗਾਂ
ਐਡਮਿੰਟਨ ਮੈਨਿੰਗ ਕਮਲ ਕਾਦਰੀ ਜਿਆਦ ਅਬੂਲਟੈਫ ਚਰਮੇਨ ਜਰਮੇਨ
ਕੈਲਗਰੀ ਫੋਰੈਸਟ ਲਾਅਨ ਜੈਗ ਆਨੰਦ ਜਸਰਾਜ ਸਿੰਘ ਹਾਲਾਂ ਜੋ ਪਿਮਲੌਟ
ਕੈਲਗਰੀ ਸਕਾਈ ਵਿਊ ਨਿਰਮਲਾ ਨਾਇਡੂ ਜੈਗ ਸਹੋਤਾ ਗੁਰਿੰਦਰ ਸਿੰਘ ਗਿੱਲ
ਸਕੀਨਾ ਬਲਕਲੇ ਵੈਲੀ ਦੇਵ ਬਿਰਦੀ ਕਲੈਅਰ ਰੇਟੀ ਟੇਅਲਰ ਬਚਰੈਚ
ਕਲੋਵਰਡੇਲ-ਲੈਂਗਲੇ ਸਿੱਟੀ ਜੌਹਨ ਐਲਡਾਗ ਤਮਾਰਾ ਜੈਨਸਨ ਰਾਏ ਬਨਵਾਰੀ
ਮਿਸ਼ਨ-ਮੇਟਸਕਿਉਈ-ਫਰੇਸ਼ਰ ਕੇਨੀਓਨ ਜਟੀ ਸਿੱਧੂ ਬਰੈਡ ਵਿਸ ਮਾਇਕਲ ਨੈਨ
ਸਰੀ ਸੈਂਟਰਲ ਰਨਦੀਪ ਸਿੰਘ ਸਰਾਏ ਟੀਨਾ ਬੈਂਸ ਸਰਜੀਤ ਸਿੰਘ ਸਰਾਂ
ਸਰੀ ਨਿਊਟਨ ਸੁੱਖ ਧਾਲੀਵਾਲ ਹਰਪ੍ਰੀਤ ਸਿੰਘ ਹਰਜੀਤ ਸਿੰਘ ਗਿੱਲ
ਬਰਨਬੀ ਦੱਖਣ ਨੀਲਮ ਬਰਾੜ ਜੇਅ ਸ਼ਿਨ ਜਗਮੀਤ ਸਿੰਘ
ਵੈਨਕੂਵਰ ਦੱਖਣ ਹਰਜੀਤ ਸਿੰਘ ਸਜਣ ਵਾਈ ਯੰਗ ਸ਼ੀਨ ਮੈਕਕਿਊਲੇਨ
ਓਨਟਾਰੀਓ ਵਿਚ ਪਾਰਟੀਆ ਨੂੰ ਸਮਰਥਨ (%) 38.9 33.6 15.5
ਬ੍ਰਿਟਿਸ਼ ਕੋਲੰਬੀਆ ਵਿਚ ਪਾਰਟੀਆ ਨੂੰ ਸਮਰਥਨ (%) 32.1 29.3 20.4
ਕਿਊਬਿਕ ਵਿਚ ਪਾਰਟੀਆ ਨੂੰ ਸਮਰਥਨ (%) 36.9 18.9 10.9
ਕੈਨੇਡਾ ਭਰ ਵਿਚ ਪਾਰਟੀਆਂ ਨੂੰ ਸਮਰਥਨ (%) 34.0 33.8 14.3
ਕੈਨੇਡਾ ਭਰ ਵਿਚੋਂ ਸੀਟਾਂ ਜਿਤਣ ਦੀ ਸੰਭਾਵਨਾ 163 (107 ਤੋਂ 222) 135 ( 91 ਤੋਂ 181) 19 (2 ਤੋਂ 47)
ਕਿਊਬਿਕ ਦੀ ਖੇਤਰੀ ਪਾਰਟੀ ਬਲਾਕ ਕਿਊਬਕਵਾ ਦੇ ਉਥੇ 22.3% ਲੋਕ ਹਮਾਇਤੀ ਹਨ ਅਤੇ 16 ਦੇ ਕਰੀਬ ਉਮੀਦਵਾਰ ਚੋਣ ਜਿੱਤ ਸਕਦੇ ਹਨ। ਗਰੀਨ ਪਾਰਟੀ, ਜਿਸ ਨੂੰ 9.6% ਵੋਟਰਾਂ ਦੇ ਵੋਟ ਮਿਲ ਸਕਦੇ ਹਨ, ਨੂੰ 1 ਤੋਂ 7 ਸੀਟਾਂ ਆਉਣ ਦਾ ਅਨੁਮਾਨ ਹੈ।