ਪ੍ਰੀਤਲੜੀ ਤੇ ਪ੍ਰੀਤਨਗਰ ਦੀ ਗੱਲ

ਗੁਲਜ਼ਾਰ ਸਿੰਘ ਸੰਧੂ
ਇਨ੍ਹੀਂ ਦਿਨੀਂ ਆਪਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜਨਮ ਦੇ 125ਵੇਂ ਵਰ੍ਹੇ ਵਿਚੋਂ ਲੰਘ ਰਹੇ ਹਾਂ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਚ ਦਿਲਚਸਪੀ ਰੱਖਣ ਵਾਲੇ ਉਸ ਨੂੰ ਸਹਿਜ ਪ੍ਰੀਤ ਤੇ ਸੁਪਨਿਆਂ ਦੇ ਸਿਰਜਕ ਵਜੋਂ ਚੇਤੇ ਕਰਦੇ ਹਨ। ਇਹ ਘਟਨਾਕ੍ਰਮ ਅਪਰੈਲ ਮਹੀਨੇ ਅਰੰਭ ਹੋਇਆ ਤੇ ਆਉਂਦੀ ਅਪਰੈਲ ਤੱਕ ਜਾਰੀ ਰਹੇਗਾ। ਗੁਰਬਖਸ਼ ਸਿੰਘ ਦਾ ਜਨਮ ਲਹਿੰਦੇ ਪੰਜਾਬ ਦੇ ਸਿਆਲਕੋਟ ਜਿਲੇ ਵਿਚ ਹੋਇਆ ਤੇ ਉਸ ਨੇ ਅਮਰੀਕਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਕੁਝ ਸਾਲ ਇੰਡੀਅਨ ਰੇਲਵੇ ਵਿਚ ਨੌਕਰੀ ਵੀ ਕੀਤੀ। ਆਪਣੇ ਜਨਮ ਵਾਲੇ ਪੰਜਾਬ ਵਿਚ ਥੋੜ੍ਹੀ ਦੇਰ ਮਸ਼ੀਨੀ ਖੇਤੀ ਉਤੇ ਹੱਥ ਅਜ਼ਮਾ ਕੇ ਏਧਰਲੇ ਪੰਜਾਬ ਦੀ ਸਰਹੱਦ ਦੇ ਨੇੜੇ ਪ੍ਰੀਤਨਗਰ ਨਾਂ ਦਾ ਕਸਬਾ ਵਸਾ ਕੇ ਨਵੀਂ ਤੇ ਨਰੋਈ ਜ਼ਿੰਦਗੀ ਦਾ ਸੁਪਨਾ ਸਾਕਾਰ ਕਰਨ ਵਾਲਾ ਵੀ ਉਹੀਓ ਸੀ।

ਗੁਰਬਖਸ਼ ਸਿੰਘ ਦੀ 125ਵੀਂ ਵਰੇਗੰਢ ਦੇ ਪ੍ਰੋਗਰਾਮ ਜਾਰੀ ਹਨ। ਹਥਲੇ ਲੇਖ ਦਾ ਮੰਤਵ ਉਨ੍ਹਾਂ ਦੇ ਮਿੱਤਰ ਪਿਆਰਿਆਂ ਤੇ ਮੱਦਾਹਾਂ ਵਲੋਂ ਹੁਣ ਤੱਕ ਨਿਤਾਰੀਆਂ ਗਈਆਂ ਗੱਲਾਂ ਨੂੰ ਪੇਸ਼ ਕਰਨਾ ਹੈ। ਪ੍ਰੀਤਨਗਰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਤੇ ਅਣਵੰਡੇ ਪੰਜਾਬ ਦੀ ਵਪਾਰਕ ਰਾਜਧਾਨੀ ਅੰਮ੍ਰਿਤਸਰ ਤੋਂ ਕਰੀਬ ਇਕੋ ਜਿੰਨੀ ਦੂਰ ਹੋਣ ਸਦਕਾ ਇਸ ਨੂੰ ਪੰਜਾਬੀ ਪਿਆਰਿਆਂ ਨੇ ਆਪਣੀ ਰਿਹਾਇਸ਼ ਲਈ ਹੁਮ ਹਮਾ ਕੇ ਅਪਨਾਇਆ। ਇਨ੍ਹਾਂ ਵਿਚ ਨਾਨਕ ਸਿੰਘ ਨਾਵਲਕਾਰ ਜਿਹੇ ਉਤਮ ਸਾਹਿਤਕਾਰ ਹੀ ਨਹੀਂ, ਸੋਭਾ ਸਿੰਘ ਚਿੱਤਰਕਾਰ, ਐਕਟਰ, ਡਾਇਰੈਕਟਰ ਬਲਰਾਜ ਸਾਹਨੀ ਜਿਹੇ ਹੋਰ ਵੀ ਸਨ। ਇਸ ਨਗਰੀ ਦੀ ਮਹਿਮਾ ਮਾਣਨ ਵਾਲਿਆਂ ਵਿਚ ਫੈਜ਼ ਅਹਿਮਦ ਫੈਜ਼, ਸਾਹਿਰ ਲੁਧਿਆਣਵੀ, ਉਪਿੰਦਰ ਨਾਥ ਅਸ਼ਕ ਤੇ ਅੰਮ੍ਰਿਤਾ ਪ੍ਰੀਤਮ ਜਿਹੇ ਉਚ ਦੁਮਾਲੜੇ ਸਾਹਿਤਕਾਰ ਹੀ ਨਹੀਂ, ਪੰਡਿਤ ਜਵਾਹਰ ਲਾਲ ਨਹਿਰੂ ਜਿਹੇ ਸਿਆਸਤਦਾਨ ਅਤੇ ਨੌਰਾ ਰਿਚਰਡ ਤੇ ਰਾਬਿੰਦਰ ਨਾਥ ਟੈਗੋਰ ਜਿਹੇ ਨਾਟਕ ਰਸੀਏ ਵੀ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਰਹੇ। ਨੌਰਾ ਰਿਚਰਡ ਨੇ 1941 ਵਾਲੀ ਫੇਰੀ ਸਮੇਂ ਪ੍ਰੀਤਨਗਰ ਦੀ ਵਿਜਿਟਰ ਬੁੱਕ ਵਿਚ ਇਥੋਂ ਦੇ ਐਕਟੀਵਿਟੀ ਸਕੂਲ ਨੂੰ ਬਹੁ-ਭੰਤੀ ਨਖਲਿਸਤਾਨ (ਮਾਰੂਥਲ ਵਿਚ ਹਰਿਆਵਲ) ਲਿਖਿਆ ਤੇ ਪੰਡਿਤ ਨਹਿਰੂ ਨੇ ਪ੍ਰੀਤਨਗਰ ਨੂੰ ਇਕਸ਼ਰਤਾ ਤੇ ਇਕਸਾਰਤਾ ਦੀ ਲੋਅ।
ਟੈਗੋਰ ਦੇ ਸਹਿਯੋਗੀ ਗੁਰੂ ਦਿਆਲ ਮਲਿਕ ਨੇ ਆਪਣੀ ਫੇਰੀ ਸਮੇਂ ਇਸ ਨਗਰੀ ਨੂੰ ਸ਼ਾਂਤੀ ਨਿਕੇਤਨ ਦੀ ਭੈਣ ਲਿਖਿਆ। ਇਸ ਨਗਰੀ ਵਿਚ ਸ਼ਾਂਤੀ ਨਿਕੇਤਨ ਜਿਹੀ ਲੋਅ ਵੰਡਣ ਵਿਚ ਗੁਰਬਖਸ਼ ਸਿੰਘ ਦੀ ‘ਪ੍ਰੀਤਲੜੀ’ ਦਾ ਵਿਸ਼ੇਸ਼ ਯੋਗਦਾਨ ਹੈ, ਜੋ ਦੇਸ਼ ਵੰਡ ਤੋਂ ਪਹਿਲਾਂ ਤੇ ਪਿੱਛੋਂ ਫਾਰਸੀ ਤੇ ਦੇਵਨਾਗਰੀ ਲਿਪੀ ਵਿਚ ਵੀ ਛਪਦੀ ਰਹੀ ਹੈ। ਇੱਕ ਦਾ ਸੰਪਾਦਕ ਸਾਹਿਰ ਲੁਧਿਆਣਵੀ ਸੀ ਤੇ ਦੂਜੀ ਦਾ ਉਪਿੰਦਰ ਨਾਥ ਅਸ਼ਕ।
ਸੰਤਾਲੀ ਦੀ ਦੇਸ਼ ਵੰਡ ਨੇ ਪੰਜਾਬ ਦੀਆਂ ਸਭਿਆਚਾਰਕ ਤੇ ਆਰਥਕ ਕੀਮਤਾਂ ਨੂੰ ਹੀ ਖੇਰੂੰ ਖੇਰੂੰ ਨਹੀਂ ਕੀਤਾ, ਪ੍ਰੀਤਾਂ ਦੀ ਪਹਿਰੇਦਾਰ ਵਜੋਂ ਸਿਰਜੀ ਇਸ ਨਗਰੀ ਨੂੰ ਵੀ ਖੰਡਰ ਬਣਾ ਛੱਡਿਆ। ਪੰਜਾਬ ਦੇ ਟੁਕੜੇ ਕਰਨ ਵਾਲੀ ਸਰਹੱਦੀ ਲਕੀਰ ਪ੍ਰੀਤਨਗਰ ਦੀ ਸਾਹ ਰਗ ਦੇ ਕੋਲੋਂ ਦੀ ਲੰਘਦੀ ਸੀ। ਇਸ ਦੇ ਨਿਰਮਾਤਾ ਗੁਰਬਖਸ਼ ਸਿੰਘ ਨੂੰ ਆਪਣਾ ਸਾਜ਼ੋ ਸਮਾਨ ਲੈ ਕੇ ਕੁਤਬ ਦੀ ਲਾਠ ਵਾਲੀ ਮਹਿਰੌਲੀ ਵਿਚ ਸ਼ਰਨ ਲੈਣੀ ਪਈ ਤੇ ਪ੍ਰੀਤਲੜੀ ਦਾ ਛਾਪਾਖਾਨਾ ਵੀ ਲਾਲ ਕਿਲੇ ਤੇ ਗੁਰਦੁਆਰਾ ਸੀਸ ਗੰਜ ਦੇ ਅੱਧ ਵਿਚਾਲੇ ਨਵੇਂ ਸਿਰਿਓਂ ਚਾਲੂ ਕਰਨਾ ਪਿਆ। ਸ਼ੁਭਾਗਵੱਸ ਦੇਸ਼ ਵੰਡ ਪਿੱਛੋਂ ਦਿੱਲੀ ਦਾ ਨਵਾਂ ਡਿਪਟੀ ਕਮਿਸ਼ਨਰ, ਪ੍ਰਸਿੱਧ ਪ੍ਰਸ਼ਾਸਕ ਮਹਿੰਦਰ ਸਿੰਘ ਰੰਧਾਵਾ ਨਿਯੁਕਤ ਹੋਇਆ, ਜੋ ਗੁਰਬਖਸ਼ ਸਿੰਘ ਦੀ ਕਰਨੀ, ਕਥਨੀ ਤੇ ਲੇਖਣੀ ਦਾ ਮੱਦਾਹ ਸੀ। ਉਸ ਦੀ ਦਰਿਆਦਿਲੀ ਤੇ ਧੜੱਲੇ ਨੇ ਵਿਰੋਧੀ ਲਹਿਰਾਂ ਦੀ ਸ਼ਿਕਾਰ ਪ੍ਰੀਤਲੜੀ ਨੂੰ ਮਰਨੋਂ ਬਚਾ ਲਿਆ, ਜੋ ਅੱਜ ਵੀ ਸਾਹ ਲੈ ਰਹੀ ਹੈ।
ਇਸ ਪਿੱਛੋਂ ਇਸ ਨਗਰੀ ਨੂੰ ਇੱਕ ਝਟਕਾ ਪੰਜਾਬ ਵਿਚ ਜਨਮੇ ਅਤਿਵਾਦ ਨੇ ਵੀ ਮਾਰਿਆ, ਜਿਸ ਵਿਚ ਗੁਰਬਖਸ਼ ਸਿੰਘ ਦੇ ਪੋਤਰੇ ਸੁਮੀਤ ਸਿੰਘ ਦੀ ਜਾਨ ਵੀ ਲੇਖੇ ਲੱਗੀ। ਪ੍ਰੀਤਲੜੀ ਨੂੰ ਬਣਦੇ ਸਰਦੇ ਸਵਾਸ ਦੇਈ ਰੱਖਣ ਵਿਚ ਗੁਰਬਖਸ਼ ਸਿੰਘ ਦੀ ਪੋਤ-ਨੂੰਹ ਪੂਨਮ ਦਾ ਬੜਾ ਯੋਗਦਾਨ ਹੈ, ਜਿਸ ਨੇ ਸੁਮੀਤ ਦੇ ਭਰਾ ਰਤੀਕਾਂਤ ਨਾਲ ਵਿਆਹ ਹੀ ਨਹੀਂ ਕੀਤਾ, ਪ੍ਰੀਤਲੜੀ ਨੂੰ ਜਾਰੀ ਰੱਖਣ ਵਿਚ ਤਨ, ਮਨ ਲਾ ਰੱਖਿਆ ਹੈ। ਭਾਵੇਂ ਪ੍ਰੀਤਨਗਰ ਨੂੰ ਛੱਡ ਕੇ ਮਹਿਰੌਲੀ ਜਾ ਵੱਸਣ ਵਾਲੇ ਪ੍ਰੀਤਾਂ ਦੇ ਬਹੁਤੇ ਪਹਿਰੇਦਾਰ ਇਸ ਨਗਰੀ ਨਹੀਂ ਪਰਤੇ, ਇਸ ਦਾ ਸਿਰਜਣਹਾਰ ਗੁਰਬਖਸ਼ ਸਿੰਘ ਤੇ ਉਨ੍ਹਾਂ ਦਾ ਛੋਟਾ ਬੇਟਾ ਹਿਰਦੇਪਾਲ ਸਿੰਘ ਦੋ ਕੁ ਸਾਲ ਦੇ ਵਕਫੇ ਪਿਛੋਂ ਪ੍ਰੀਤਨਗਰ ਪਰਤ ਆਏ। ਹਿਰਦੇਪਾਲ ਅੱਜ ਤੱਕ ਉਥੇ ਰਹਿੰਦਾ ਹੈ। ਖੁਸ਼ੀ ਦੀ ਗੱਲ ਹੈ ਕਿ ਉਸ ਦੀ ਜੀਵਨ ਸਾਥਣ ਪ੍ਰਵੀਨਪਾਲ ਸਮੇਂ ਸਮੇਂ ਇਸ ਨਗਰੀ ਦੀਆਂ ਯਾਦਾਂ ਲਿਖ ਕੇ ਇਸ ਦੇ ਚਾਨਣ ਨੂੰ ਬੁਝਣ ਨਹੀਂ ਦੇ ਰਹੀ।
ਹਾਲ ਹੀ ਵਿਚ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਇਸ ਸਬੰਧੀ ਸੈਮੀਨਾਰ ਰਚਾਇਆ ਤਾਂ ਇਸ ਵਿਚ ਸ਼ਿਰਕਤ ਕਰਕੇ ਉਸ ਨੇ ਪ੍ਰੀਤਲੜੀ, ਪ੍ਰੀਤਨਗਰ ਤੇ ਗੁਰਬਖਸ਼ ਸਿੰਘ ਦੇ ਸਾਰੇ ਪਰਿਵਾਰ ਵਲੋਂ ਮਿਲੇ ਪਿਆਰ ਦੀ ਬਾਤ ਪਾ ਕੇ ਸਰੋਤਿਆਂ ਦੇ ਸਾਹਮਣੇ ਪੌਣੀ ਸਦੀ ਪਹਿਲਾਂ ਜਲੀ ਮਿਸਾਲ ਦਾ ਚਾਨਣ ਵੀ ਬਿਖੇਰਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਏ ਡਾ. ਸੁਰਜੀਤ ਸਿੰਘ ਤੇ ‘ਸਿਰਜਣਾ’ ਦੇ ਸੰਪਾਦਕ ਰਘਬੀਰ ਸਿੰਘ ਨੇ ਵੀ ਉਨ੍ਹਾਂ ਸਮਿਆਂ ਦੇ ਨਕਸ਼ ਖੂਬ ਉਘਾੜੇ। ਇੱਕ ਸਰੋਤੇ ਨੇ ਪ੍ਰੀਤਨਗਰ ਵਿਚ ਬਿਤਾਏ ਬਚਪਨ ਦੀਆਂ ਗੱਲਾਂ ਕਰਕੇ ਪ੍ਰੀਤਲੜੀ ਦਾ ਮੁੱਖ ਸੰਦੇਸ਼ ਦੁਹਰਾਇਆ, ਜੋ ਗੁਰਬਖਸ਼ ਸਿੰਘ ਨੇ ਖੁਦ ਰਚਿਆ ਸੀ,
ਕਿਸੇ ਦਿਲ ਸਾਂਝੇ ਦੀ ਧੜਕਣ
ਕਿਸੇ ਪ੍ਰੀਤ ਗੀਤ ਦੀ ਲੈਅ,
ਪੰਨੇ ਪ੍ਰੀਤਲੜੀ ਦੇ ਦੱਸਣ
ਇਸ ਵਿਚ ਪ੍ਰੋਤੀ ਸੱਭੇ ਸ਼ੈਅ।
ਜੇ ਮੈਂ ਆਪਣੀ ਗੱਲ ਕਰਨੀ ਹੋਵੇ ਤਾਂ ਮੈਨੂੰ ਇਹ ਦੱਸਣ ਵਿਚ ਖੁਸ਼ੀ ਮਿਲਦੀ ਹੈ ਕਿ ਮੇਰੀ ਜੀਵਨ ਸ਼ੈਲੀ ਨੂੰ ਢਾਲਣ ਵਿਚ ਗੁਰਬਖਸ਼ ਸਿੰਘ ਦੀਆਂ ਲਿਖਤਾਂ ਦਾ ਮੇਰੇ ਮਾਪਿਆਂ ਤੋਂ ਵੀ ਵੱਧ ਹੱਥ ਸੀ, ਜਿਸ ਨੂੰ ਅੱਗੇ ਜਾ ਕੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਕਰਨੀ ਤੇ ਕਥਨੀ ਨੇ ਦ੍ਰਿਸ਼ਟੀ ਪ੍ਰਦਾਨ ਕੀਤੀ ਅਤੇ ਹੋਰ ਪਿਛੋਂ ਕਾਮਰੇਡ ਈ. ਐਮ. ਐਸ਼ ਨੰਬੂਦਰੀਪਦ ਦੀ ਸੋਚ ਨੇ ਫਲਣ ਲਾਇਆ।
ਅੰਤਿਕਾ: ਐਸ਼ ਐਸ਼ ਮੀਸ਼ਾ
ਹੈ ਉਵੇਂ ਤ੍ਰਿੰਜਣਾਂ ਦੀ ਰੌਣਕ
ਹੈ ਉਵੇਂ ਪਿੱਪਲਾਂ ਦੀ ਛਾਂ,
ਪਰ ਤੇਰੇ ਬਾਝੋਂ ਇਹ
ਬਸਤੀ ਜਾਪਦੀ ਵੀਰਾਨ ਹੈ।