ਰਣਜੀਤ ਬਾਵਾ: ਫਿਲਮ ‘ਤੂਫਾਨ ਸਿੰਘ’ ਤੋਂ ‘ਤਾਰਾ ਮੀਰਾ’ ਤੱਕ

ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦਾ ਪੰਜਾਬੀ ਮਨੋਰੰਜਨ ਜਗਤ ਵਿਚ ਇਕ ਖਾਸ ਮੁਕਾਮ ਹੈ। ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ। ਪੰਜਾਬੀ ਗਾਇਕੀ ਨਾਲ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਵਿਚ ਵੀ ਸਰਗਰਮ ਹੈ। ਇਸ ਮਹੀਨੇ ਉਸ ਦੀ ਬਾਲੀਵੁੱਡ ਸਟਾਰ ਗਾਇਕ ਗੁਰੂ ਰੰਧਾਵਾ ਵਲੋਂ ਬਣਾਈ ਗਈ ਵੱਡੇ ਬਜਟ ਦੀ ਫਿਲਮ ‘ਤਾਰਾ ਮੀਰਾ’ ਰਿਲੀਜ਼ ਹੋਈ ਹੈ।

ਰਣਜੀਤ ਬਾਵਾ ਪੰਜਾਬੀ ਗਾਇਕੀ ਵਿਚ ਸਥਾਪਤ ਹੋਣ ਪਿਛੋਂ ਹੀ ਫਿਲਮਾਂ ਵੱਲ ਆਇਆ। ਉਸ ਦੀ ਪਹਿਲੀ ਫਿਲਮ 1984 ਦੇ ਸਮਿਆਂ ‘ਚ ਸਿੱਖ ਪੰਥ ਲਈ ਸ਼ਹੀਦ ਹੋਏ ਭਾਈ ਜਗਰਾਜ ਸਿੰਘ ਬਾਰੇ ‘ਤੂਫਾਨ ਸਿੰਘ’ ਸੀ, ਜਿਸ ਨੂੰ ਸੈਂਸਰ ਬੋਰਡ ਨੇ ਪੰਜਾਬ ਵਿਚ ਰਿਲੀਜ਼ ਨਹੀਂ ਹੋਣ ਦਿੱਤਾ, ਜਦਕਿ ਵਿਦੇਸ਼ਾਂ ਵਿਚ ਇਸ ਫਿਲਮ ਨੇ ਚੰਗੀ ਕਮਾਈ ਕੀਤੀ। ਇਸ ਪਿਛੋਂ ‘ਭਲਵਾਨ ਸਿੰਘ’, ‘ਖਿੱਦੋ ਖੂੰਡੀ’ ਫਿਲਮਾਂ ਨਾਲ ਰਣਜੀਤ ਬਾਵਾ ਸਰਗਰਮ ਰਿਹਾ, ਪਰ ਪਿਛਲੇ ਸਾਲ ਆਈਆਂ ਫਿਲਮਾਂ ‘ਵੇਖ ਬਰਾਤਾਂ ਚੱਲੀਆਂ’, ‘ਮਿਸਟਰ ਐਡ ਮਿਸਿਜ 420’ ਅਤੇ ‘ਹਾਈ ਐਂਡ ਯਾਰੀਆਂ’ ਨਾਲ ਬਾਵਾ ਇੱਕ ਨਵੇਂ ਅੰਦਾਜ ਵਿਚ ਪੰਜਾਬੀ ਪਰਦੇ ‘ਤੇ ਨਜ਼ਰ ਆਇਆ ਤੇ ਸਿੱਧਾ ਦਰਸ਼ਕਾਂ ਦੇ ਦਿਲਾਂ ‘ਚ ਉਤਰ ਗਿਆ।
ਫਿਲਮ ‘ਮਿਸਟਰ ਐਂਡ ਮਿਸਿਜ 420’ ਵਿਚਲੇ ਲਾਡੀ ਅਮਲੀ ਦੇ ਕਿਰਦਾਰ ਨੇ ਉਸ ਨੂੰ ਇੱਕ ਨਵੀਂ ਪਛਾਣ ਦਿੱਤੀ। ਆਪਣੇ ਮੁਢਲੇ ਗੀਤਾਂ ‘ਜੱਟ ਦੀ ਅਕਲ’ ਅਤੇ ਫਿਲਮਾਂ ‘ਤੂਫਾਨ ਸਿੰਘ’ ਵਿਚ ਰਣਜੀਤ ਬਾਵਾ ਇੱਕ ਅਣਖੀ ਯੋਧੇ ਵਾਲੇ ਕਿਰਦਾਰ ਵਿਚ ਉਭਰਿਆ, ਜਦਕਿ ਬਾਅਦ ਵਿਚ ਉਹ ਹਰ ਤਰ੍ਹਾਂ ਦੇ ਕਿਰਦਾਰਾਂ ਵਿਚ ਨਜ਼ਰ ਆਉਣ ਲੱਗਾ।
ਗੁਰਦਾਸਪੁਰ ਨੇੜਲੇ ਪਿੰਡ ਵਡਾਲਾ ਗ੍ਰੰਥੀਆਂ ਦੇ ਜੰਮਪਲ ਰਣਜੀਤ ਬਾਵਾ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ-ਕਾਲਜ ਦੀਆਂ ਸਟੇਜਾਂ ਤੋਂ ਉਪਰ ਉਠ ਕੇ ਗਾਇਕੀ ਦੇ ਅੰਬਰਾਂ ਨੂੰ ਛੂਹਣ ਵਾਲਾ ਰਣਜੀਤ ਬਾਜਵਾ ਆਪਣੀ ਪਲੇਠੀ ਐਲਬਮ ‘ਮਿੱਟੀ ਦਾ ਬਾਵਾ’ ਦੀ ਕੌਮਾਂਤਰੀ ਪ੍ਰਸਿੱਧੀ ਨਾਲ ‘ਬਾਜਵਾ’ ਤੋਂ ‘ਬਾਵਾ’ ਬਣ ਗਿਆ। ਉਸ ਤੋਂ ਬਾਅਦ ਗੀਤ ‘ਪੌਣੇ ਅੱਠ’ ਅਤੇ ‘ਤਨਖਾਹ’ ਦੀ ਸਫਲਤਾ ਨਾਲ ਰਣਜੀਤ ਬਾਵਾ ਦੀ ਪਛਾਣ ਹੋਰ ਵੀ ਗੂੜ੍ਹੀ ਹੋ ਗਈ।
ਪਿਛਲੇ ਦਿਨੀਂ ਰਣਜੀਤ ਬਾਵਾ ਜਿੱਥੇ ਆਪਣੀਆਂ ਇਨ੍ਹਾਂ ਫਿਲਮਾਂ ਨਾਲ ਚਰਚਾ ਵਿਚ ਰਿਹਾ, ਉਥੇ ਆਪਣੇ ਅਨੇਕਾਂ ਗੀਤਾਂ ‘ਤਾਰੇ ਵਾਲਿਆਂ ਬਾਬਾ’, ‘ਲਾਹੌਰ’, ‘ਯਾਰੀ ਚੰਡੀਗੜ੍ਹ ਵਾਲੀਏ’, ‘ਕਹਿੰਦੇ ਸ਼ੇਰ ਮਾਰਨਾ’, ‘ਮਾਣਕ ਦੀ ਕਲੀ’, ‘ਵੀਕ ਐਂਡ’, ‘ਕੰਗਣਾ’, ‘ਫੁਲਕਾਰੀ’ ਆਦਿ ਨਾਲ ਵੀ ਸ਼ੋਹਰਤ ਦੇ ਸਿਖਰਲੇ ਡੰਡੇ ‘ਤੇ ਰਿਹਾ। ਇਨ੍ਹੀਂ ਦਿਨੀਂ ਉਸ ਦੀ ਚਰਚਾ ਫਿਲਮ ‘ਤਾਰਾ ਮੀਰਾ’ ਕਰਕੇ ਹੈ।
ਦੱਸਣਯੋਗ ਹੈ ਕਿ ਗਾਇਕ ਗੁਰੂ ਰੰਧਾਵਾ ਪਹਿਲੀ ਵਾਰ ਬਤੌਰ ਪ੍ਰੋਡਿਊਸਰ ਕਿਸੇ ਫਿਲਮ ਨਾਲ ਜੁੜਿਆ ਹੈ ਅਤੇ ਉਸ ਨੇ ਨਿਰਮਾਤਾ ਗੁਰਪ੍ਰਤਾਪ ਸਿੰਘ ਛੀਨਾ, ਜਗਰੂਪ ਬੁੱਟਰ ਅਤੇ ਸ਼ਿਲਪਾ ਸ਼ਰਮਾ ਨਾਲ ਮਿਲ ਕੇ ਇਹ ਫਿਲਮ ਬਣਾਈ ਹੈ। ਫਿਲਮ ‘ਚ ਰਣਜੀਤ ਬਾਵਾ ਨਾਲ ਹੀਰੋਇਨ ਦੀ ਭੂਮਿਕਾ ‘ਚ ਬਾਲੀਵੁੱਡ ਅਦਾਕਾਰਾ ਨਾਜ਼ੀਆ ਹੁਸੈਨ ਹੈ। ਲੇਖਕ ਤੇ ਨਿਰਦੇਸ਼ਕ ਰਾਜੀਵ ਢੀਂਗਰਾ ਦੀ ਇਹ ਫਿਲਮ ਨਸਲੀ ਭੇਦ ਭਾਵ ‘ਤੇ ਆਧਾਰਿਤ ਹੈ, ਜੋ ਇਕ ਸਾਰਥਕ ਮੁੱਦੇ ਦੀ ਗੱਲ ਕਰਦੀ ਹੈ। ਫਿਲਮ ਪੰਜਾਬ ‘ਚ ਵੱਸਦੇ ਪਰਵਾਸੀ ਮਜ਼ਦੂਰਾਂ ਤੇ ਪੰਜਾਬੀਆਂ ‘ਤੇ ਬਣਾਈ ਗਈ ਹੈ ਅਤੇ ਰੋਮਾਂਸ ਤੇ ਕਾਮੇਡੀ ਨਾਲ ਭਰਪੂਰ ਹੈ। ਫਿਲਮ ‘ਚ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਨੀਤਾ ਦੇਵਗਣ, ਜੁਗਰਾਜ ਸਿੰਘ, ਰਾਜੀਵ ਠਾਕੁਰ, ਸ਼ਵਿੰਦਰ ਮਾਹਲ ਅਤੇ ਅਸ਼ੋਕ ਪਾਠਕ ਆਦਿ ਨਾਮੀ ਕਲਾਕਾਰ ਵੀ ਹਨ। ਫਿਲਮ ਦਾ ਗੀਤ ਸੰਗੀਤ ਵੀ ਵਧੀਆ ਹੈ।
-ਹਰਜਿੰਦਰ ਸਿੰਘ ਜਵੰਦਾ