ਸਰ ਜੀ ਦੀ ਸ਼ਾਨ

ਬਲਜੀਤ ਬਾਸੀ
ਭਾਰਤ ਵਿਚ ਪੰਜ ਹਫਤੇ ਗੁਜ਼ਾਰਨ ਪਿਛੋਂ ਵਾਪਿਸ ਅਮਰੀਕਾ ਆਉਂਦੇ ਹੋਏ ਮੈਂ ਇਕ ਦਿਨ ਲਈ ਦਿੱਲੀ ਆਪਣੇ ਰਿਸ਼ਤੇਦਾਰ ਦੇ ਘਰ ਰੁਕਿਆ। ਦੇਸ਼ ਵਿਚ ਸਵੇਰੇ ਸਵੇਰੇ ਮੇਜ਼ ‘ਤੇ ਲੱਤਾਂ ਪਸਾਰ ਕੇ ਅਖਬਾਰ ਪੜ੍ਹਨ ਦੀ ਮੌਜ ਤੇ ਲੁਤਫ ਆਪਣਾ ਹੀ ਹੈ। ਸੁਬਹ ਉਠਿਆ ਤਾਂ ਇਹ ਅਯਾਸ਼ੀ ਹਾਜ਼ਿਰ ਸੀ। ਅਖਬਾਰਾਂ ਦੇ ਥੱਬੇ ਵਿਚੋਂ ਹਰ ਇਕ ਵਿਚੋਂ ਇਕ ਪਰਚਾ ਨਿਕਲਿਆ ਜੋ ਇੰਜੀਨੀਅਰਿੰਗ ਵਿਚ ਪ੍ਰਵੇਸ਼ ਦੀ ਤਿਆਰੀ ਲਈ ਕਿਸੇ ਕੋਚ ਕੇਂਦਰ ਦਾ ਇਸ਼ਤਿਹਾਰ ਸੀ। ਇਸ ਵਿਚ ਟਿਊਟਰਾਂ ਦੇ ਨਾਂ ਇਸ ਤਰ੍ਹਾਂ ਦਿੱਤੇ ਹੋਏ ਸਨ, ਡਾæ ਅਨਿਲ ਸਰ ਅਤੇ ਡਾæ ਗੌਤਮ ਸਰ।
ਸਰ ਸ਼ਬਦ ਦੀ ਇਕ ਉਪਨਾਮ ਵਜੋਂ ਵਰਤੋਂ ਦੇਖ ਕੇ ਮੈਂ ਹੈਰਾਨ ਰਹਿ ਗਿਆ। ਗੱਲ ਦੀ ਤਹਿ ਤਕ ਗਿਆ ਤਾਂ ਪਤਾ ਲੱਗਾ ਕਿ ਪਟਨਾ ਵਿਚ ਇਕ ‘ਸੁਪਰ ਥਰਟੀ’ ਨਾਂ ਦੇ ਟਿਊਸ਼ਨ ਕੇਂਦਰ ਦੇ ਸੰਚਾਲਕ ਅਨੰਦ ਕੁਮਾਰ ਨੂੰ ਆਦਰ ਨਾਲ ‘ਅਨੰਦ ਸਰ’ ਬੁਲਾਇਆ ਜਾਂਦਾ ਹੈ ਅਤੇ ਉਹ ਇਸੇ ਨਾਂ ਨਾਲ ਦੇਸ਼ ਵਿਚ ਮਸ਼ਹੂਰ ਹੋ ਗਿਆ ਹੈ। ਆਈæਆਈæਟੀæ ਵਿਚ ਪ੍ਰਵੇਸ਼ ਦੀ ਤਿਆਰੀ ਕਰਾ ਰਹੇ ਅਨੰਦ ਸਰ ਹਰ ਸਾਲ ਤੀਹ ਗਰੀਬ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਉਂਦੇ ਹਨ। ਮਜ਼ੇ ਦੀ ਗੱਲ ਹੈ ਕਿ ਹਰ ਵਾਰੀ ਉਸ ਦੇ ਵੀਹ ਤੋਂ ਤੀਹ ਵਿਦਿਆਰਥੀ ਚੁਣੇ ਜਾਂਦੇ ਹਨ। ਗਜ਼ਬ ਹੈ ਕਿ ਅਨੰਦ ਕੁਮਾਰ ਨੇ ਤਾਂ ਆਪਣੇ ਪੁਰਸ਼ਾਰਥ ਕਰਕੇ ਸਰ ਦੀ ਖੱਟੀ ਕੀਤੀ ਪਰ ਇਸ ਉਪਨਾਮ ਦੀ ਸ਼ਰਧਾ ਦੇਖ ਕੇ ਦੇਸ਼ ਭਰ ਦੇ ਟਿਊਸ਼ਨਾਂ ਕਰਨ ਵਾਲੇ ਸਾਧਾਰਨ ਅਧਿਆਪਕ ਵੀ ਸਰ ਦੀ ਕਨ੍ਹੇੜੀ ਚੜ੍ਹ ਕੇ ਧੜਾ ਧੜ ਪੈਸੇ ਬਟੋਰਨ ਦਾ ਧੰਦਾ ਚਮਕਾਉਣ ਲੱਗ ਪਏ ਹਨ।
ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅਸੀਂ ਆਪਣੇ ਅਧਿਆਪਕਾਂ ਨੂੰ ਸਰ ਕਹਿ ਕੇ ਸੰਬੋਧਨ ਕਰਿਆ ਕਰਦੇ ਸਾਂ ਜਦ ਕਿ ਸਕੂਲਾਂ ਵਿਚ ਮਾਸਟਰ ਜਾਂ ਮਾਹਟਰ ਜੀ ਹੀ ਚਲਦਾ ਸੀ। ਉਂਜ ਹਾਜ਼ਰੀ ਲੱਗਣ ਵੇਲੇ ਸਕੂਲਾਂ ਵਿਚ ‘ਜੈ ਹਿੰਦ’ ਕਹਿ ਕੇ ਆਪਣੀ ਮੌਜੂਦਗੀ ਦਰਸਾਈ ਜਾਂਦੀ ਸੀ। ਇਕ ਵਾਰੀ ਸਾਡੇ ਪ੍ਰਾਇਮਰੀ ਸਕੂਲ ਵਿਚ ਇਕ ਮਹਤਵਾਕਾਂਖੀ ‘ਦੇਸ਼ ਭਗਤ’ ਅਧਿਆਪਕ ਆ ਗਿਆ। ਉਸ ਨੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਜਦ ਉਹ ਕਲਾਸ ਵਿਚ ਪ੍ਰਵੇਸ਼ ਕਰੇ, ਸਾਰੇ ਬੱਚੇ ਖੜੋ ਕੇ ਸਵਾਗਤ ਵਜੋਂ ਬੋਲਣ, ‘ਸ੍ਰੀਮਾਨ ਜੀ, ਜੈ ਹਿੰਦ।’ ਦੁਬਕੇ ਹੋਏ ਵਿਦਿਆਰਥੀ ਮਸੀਂ ਏਡਾ ਲੰਮਾ ਫਿਕਰਾ ਬੋਲ ਸਕਦੇ। ਉਰਦੂ ਦੇ ਜ਼ਮਾਨੇ ਵਿਚ ਹਾਜ਼ਰੀ ਵੇਲੇ, ‘ਹਾਜਰ ਜਨਾਬ’ ਕਹਿਣ ਦਾ ਰਿਵਾਜ ਸੀ। ਪੰਜਾਬੀ ਵਿਚ ਅਰਜ਼ੀ ਲਿਖਣ ਸਮੇਂ ‘ਸ੍ਰੀ ਮਾਨ ਜੀ’ ਨਾਲ ਫਰਿਆਦ ਸ਼ੁਰੂ ਕੀਤੀ ਜਾਂਦੀ ਹੈ ਜਦ ਕਿ ਅੰਗਰੇਜ਼ੀ ਵਿਚ ‘ਸਰ ਜਾਂ ਡੀਅਰ ਸਰ’ ਨਾਲ। ਦੇਸ਼ ਵਿਚ ਮੁਲਾਜ਼ਮ ਤੇ ਅਫਸਰਸ਼ਾਹੀ ਵਰਗ ਆਪ ਤੋਂ ਉਪਰਲੇ ਬੌਸ ਨੂੰ ਸਰ, ਬਲਕਿ ਸਰ ਜੀ ਨਾਲ ਹੀ ਸੰਬੋਧਨ ਕਰਦੇ ਹਨ। ਚਮਚੀ ਮਾਰਨ ਦਾ ਇਹ ਇਕ ਸੌਖਾ ਤੇ ਲਾਹੇਵੰਦ ਤਰੀਕਾ ਹੈ,
ਸਰ ਸਰ ਕਰਦੇ ਹਾਂ,
ਕਿਸੇ ਤੋਂ ਨਹੀਂ ਡਰਦੇ ਹਾਂ।
ਸਰ ਦਾ ਪ੍ਰਚਲਨ ਅੰਗਰੇਜ਼ੀ ਰਾਜ ਵੇਲੇ ਤੋਂ ਸ਼ੁਰੂ ਹੋਇਆ। ਬਰਤਾਨੀਆ ਵਿਚ ਨਾਈਟ ਜਾਂ ਬੈਰੋਨਟ ਖਿਤਾਬ ਦੇ ਅਧਿਕਾਰੀ ‘ਸਰ’ ਨੂੰ ਆਪਣੇ ਨਾਮ ਦੇ ਅਗੇਤਰ ਵਜੋਂ ਵਰਤਦੇ ਸਨ ਜਿਵੇਂ ‘ਸਰ ਵਾਲਟਰ ਸਕਾਟ।’ 1857 ਦੇ ਗਦਰ ਪਿਛੋਂ ਅੰਗਰੇਜ਼ੀ ਹਕੂਮਤ ਨੂੰ ਆਪਣਾ ਰਾਜ ਪੱਕਾ ਕਰਨ ਲਈ ਰਾਜੇ ਮਹਾਰਾਜਿਆਂ ਅਤੇ ਉਚ ਸਿਵਿਲ ਅਧਿਕਾਰੀਆਂ ਦੀ ਯਕੀਨੀ ਵਫਾਦਾਰੀ ਲੋੜੀਂਦੀ ਸੀ। ਇਸ ਸਿਧੀ ਲਈ ਉਨ੍ਹਾਂ ਨੂੰ ਬਾਂਸ ‘ਤੇ ਚੜ੍ਹਾਉਣਾ ਜ਼ਰੂਰੀ ਸੀ ਜਿਸ ਨਾਲ ਇਹ ਲੋਕ ਆਮ ਜਨਤਾ ਤੋਂ ਆਪਣੇ ਆਪ ਨੂੰ ਕਿਤੇ ਉਚੇ ਅਤੇ ਅਲੱਗ ਹੀ ਸਮਝਣ। ਸਰਕਾਰ ਨੇ ਉਨ੍ਹਾਂ ਨੂੰ ਆਰਡਰ ਆਫ ਸਟਾਰ ਆਦਿ ਦੇ ਖਿਤਾਬ ਦੇਣੇ ਸ਼ੁਰੂ ਕਰ ਦਿੱਤੇ। ਅਜਿਹੇ ਪਰਵਾਨੇ ਨਾਲ ਉਹ ਆਪਣੇ ਨਾਂ ਅੱਗੇ ‘ਸਰ’ ਦਾ ਛੱਜ ਚਿਪਕਾ ਸਕਦੇ ਸਨ। ਇਸ ਤਰ੍ਹਾਂ ਉਨ੍ਹਾਂ ਦੀ ਹਉਮੈ ਪੱਠੇ ਚਰਦੀ ਰਹਿੰਦੀ ਸੀ। ਆਜਾਦੀ ਤੋਂ ਬਾਅਦ ਭਾਵੇਂ ਇਨ੍ਹਾਂ ਖਿਤਾਬਾਂ ਦੀ ਵਰਤੋਂ ਬੰਦ ਕਰ ਦਿੱਤੀ ਗਈ ਪਰ ‘ਸਰ ਜੀ, ਸਰ ਜੀ’ ਸਾਡੇ ਹੱਡਾਂ ਵਿਚ ਰਚ ਚੁਕਿਆ ਹੈ।
ਉਂਜ ਅਜ ਕੱਲ ਅੰਗਰੇਜ਼ੀ ਵਿਚ ਇਹ ਸਨਮਾਨਯੋਗ ਸੰਬੋਧਨ ਕਿਸੇ ਨੂੰ ਮਜ਼ਾਕੀਆ ਲਹਿਜੇ ਵਿਚ ਬੋਲਿਆ ਜਾਂਦਾ ਹੈ ਜਿਵੇਂ ਸਰਿ ਚਰਟਿਚਿ। ਸ਼ੇਕਸਪੀਅਰ ਦੇ ਨਾਟਕ ‘ਮਰਚੈਂਟ ਆਫ਼ ਵੀਨਿਸ’ ਵਿਚ ਇਕ ਥਾਂ ‘ਸਰ ਆਰੇਕਲ’ ਉਕਤੀ ਦਾ ਪ੍ਰਯੋਗ ਹੋਇਆ ਹੈ। ਆਰੇਕਲ ਅਸਲ ਵਿਚ ਪ੍ਰਾਚੀਨ ਗਰੀਕ ਵਿਚ ਦੇਵਤਿਆਂ ਦਾ ਸੰਦੇਸ਼ ਲੋਕਾਂ ਤਕ ਪਹੁੰਚਾਉਣ ਵਾਲੇ ਮਾਧਿਅਮ ਨੂੰ ਆਖਿਆ ਜਾਂਦਾ ਸੀ। ਪੰਜਾਬੀ ਵਿਚ ਇਸ ਨੂੰ ਕੁਝ ਲੋਕ ਹਰੜਪੋਪੋ ਜਾਂ ਪੁਛਾਂ ਦੇਣ ਵਾਲਾ ਵੀ ਆਖ ਦਿੰਦੇ ਹਨ। ਇਹ ਹਰੜਪੋਪੋ ਦੇਵਤਿਆਂ ਤੋਂ ਆਈ ਅਕਾਸ਼ਵਾਣੀ ਅੱਗੇ ਤੋਰਨ ਦਾ ਢੋਂਗ ਰਚਦੇ ਸਨ। ਦੇਵਤਿਆਂ ਦਾ ਆਦੇਸ਼ ਅਟੱਲ ਹੁੰਦਾ ਹੈ, ਇਸ ਲਈ ਅੱਜ ਕੱਲ ‘ਸਰ ਆਰੇਕਲ’ ਉਕਤੀ ਦਾ ਅਰਥ ਬਣਿਆ ਪੱਥਰ ਤੇ ਲਕੀਰ ਵਿਅਕਤੀ, ਜਿਸ ਅੱਗੇ ਕੋਈ ਫਰਿਆਦ ਨਾ ਹੋ ਸਕੇ, ਕੁਲੱਕੜ, ਨਿਠੁਰ। ਸ਼ੇਕਸਪੀਅਰ ਦੇ ਨਾਟਕ ਵਿਚ ਇਸ ਦੀ ਜੋ ਵਰਤੋਂ ਹੋਈ ਉਸ ਦਾ ਅਨੁਵਾਦ ਕੁਝ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ,
ਉਹ ਆਪਣੇ ਆਪ ਨੂੰ ਸਰ ਆਰੇਕਲ ਸਮਝਦਾ ਹੈ
ਜਿਸ ਦੇ ਮੂੰਹ ਖੋਲ੍ਹਣ ਤੇ ਕੋਈ ਕੁੱਤਾ ਭੌਂਕ ਨਹੀਂ ਸਕਦਾ।
ਇਹ ਹੈ ਸਰ ਦੀ ਝੂਠੀ ਸੱਚੀ ਸ਼ਾਨ ਦਾ ਪਿਛੋਕੜ। ਪਰ ਵਾਸਤਵ ਵਿਚ ਅੰਗਰੇਜ਼ੀ ਸ਼ਬਦ ‘ਸਰ’ ਦੀਆਂ ਜੜਾਂ ਬਹੁਤ ਦੂਰ ਤੱਕ ਜਾਂਦੀਆਂ ਹਨ। ਇਸ ਦੀ ਇਕ ਸ਼ਾਖਾ ਸੰਸਕ੍ਰਿਤ ਵੱਲ ਵੀ ਹੈ। ਮੁਢੋਂ ਸੁਢੋਂ ਇਹ ਲਾਤੀਨੀ ਅਸਲੇ ਦਾ ਸ਼ਬਦ ਹੈ। ਮਧਯੁਗ ਵਿਚ ਅੰਗਰੇਜ਼ੀ ਵਿਚ ਇਹ ਸ਼ਬਦ ਫਰਾਂਸੀਸੀ ਸਰਿe ਤੋਂ ਰੂਪ ਵਟਾ ਕੇ ਆਇਆ ਜੋ ਅੱਗੋਂ ਪੁਰਾਣੀ ਫਰਾਂਸੀਸੀ ੰeਗਿਨeੁਰ ਤੋਂ ਬਣਿਆ ਸੀ। ਫਰਾਂਸੀਸੀ ਦੇ ਇਸ ਸ਼ਬਦ ਨੇ ਲਾਤੀਨੀ ਸੀਨੀਅਰ (ਸeਨਿਰ) ਤੋਂ ਭੇਸ ਬਦਲਿਆ ਸੀ। ਜਿਵੇਂ ਤੁਸੀਂ ਅੰਦਾਜ਼ਾ ਲਾ ਲਿਆ ਹੋਵੇਗਾ, ਲਾਤੀਨੀ ਸੀਨੀਅਰ ਦਾ ਅਰਥ ਵਡਿਕਾ, ਸਿਆਣਾ, ਬਜ਼ੁਰਗ ਆਦਿ ਸੀ। ਪਰ ਅੰਗਰੇਜ਼ੀ ਵਿਚ ਸੀਨੀਅਰ ਸ਼ਬਦ ਚੌਧਵੀਂ ਸਦੀ ਵਿਚ ਸਿਧਾ ਲਾਤੀਨੀ ਵਿਚੋਂ ਆਇਆ ਜਿਥੇ ਇਸ ਦਾ ਅਰਥ ਵਡੇਰਾ ਹੁੰਦਾ ਸੀ। ਇਹ ਵਿਸ਼ੇਸ਼ਣ ਦੀ ਦੂਜੀ ਡਿਗਰੀ ਦਾ ਸ਼ਬਦ ਸੀ ਅਤੇ ਪਹਿਲਾਂ ਪਹਿਲਾਂ ਹਮਨਾਮ ਪਿਉ-ਪੁਤ ਦੀ ਸੂਰਤ ਵਿਚ ਪਿਉ ਦਾ ਨਾਂ ਪੁਤਰ ਦੇ ਨਾਂ ਤੋਂ ਵਖਰਾਉਣ ਲਈ ਪਿਉ ਦੇ ਨਾਂ ਅੱਗੇ ਲਾਇਆ ਜਾਂਦਾ ਸੀ। ਅਸੀਂ ਪੰਜਾਬੀ ਵਿਚ ਇਸ ਲਈ ਵਰਿਸ਼ਠ ਸ਼ਬਦ ਵਰਤ ਸਕਦੇ ਹਾਂ। ਸੀਨੀਅਰ ਤੋਂ ਯੂਰਪੀ ਭਾਸ਼ਾਵਾਂ ਫਰਾਂਸੀਸੀ, ਸਪੈਨਿਸ਼, ਇਤਾਲਵੀ ਆਦਿ ਵਿਚ ਕਈ ਸਨਮਾਨਸੂਚਕ ਸ਼ਬਦ ਬਣੇ ਜਿਵੇਂ ਇਤਾਲਵੀ ਸਗਿਨੋਰ।  ਫਰਾਂਸੀਸੀ ਸਰਿe ਅੰਗਰੇਜ਼ੀ ਵਿਚ ਪਹਿਲਾਂ ਪਿਉ, ਵਡਿਕਾ, ਬਜੁਰਗ ਆਦਿ ਦੇ ਅਰਥ ਦੇਣ ਲੱਗਾ ਪਰ ਬਾਅਦ ਵਿਚ ਇਸ ਦੀ ਕਿਸੇ ਰਾਜੇ ਆਦਿ ਲਈ ਸਨਮਾਨਸੂਚਕ ਸੰਬੋਧਨੀ ਸ਼ਬਦ ਵਜੋਂ ਵਰਤੋਂ ਹੋਣ ਲੱਗੀ। ਇਸ ਦਾ ਅਰਥ ਬਦਲਦਾ ਬਦਲਦਾ ਸਾਂਢ ਵੀ ਹੋ ਗਿਆ ਅਰਥਾਤ ਚੁਪਾਏ ਜਾਨਵਰ ਦਾ ਪਿਉ। ਅੱਜ ਕੱਲ ਤਾਂ ਕਿਰਿਆ ਵਜੋਂ ਇਸ ਦਾ ਅਰਥ ਬੱਚਾ ਪੈਦਾ ਕਰਨਾ ਵੀ ਹੋ ਗਿਆ ਹੈ।
ਅੰਗਰੇਜ਼ੀ ਦਾ ਇਕ ਬਹੁਤ ਜਾਣਿਆ-ਪਛਾਣਿਆ ਸ਼ਬਦ ਹੈ ਸeਨਲਿe ਜਿਸ ਦਾ ਆਮ ਅਰਥ ਬੁਢੇ ਵਾਂਗਰ ਸੁਸਤ, ਬੁਢਾ-ਠੇਰਾ, ਬੁਢੜ ਹੈ। ਇਹ ਵੀ ਇਸੇ ਕੜੀ ਵਿਚ ਆਉਂਦਾ ਹੈ। ਇਨ੍ਹਾਂ ਸਾਰੇ ਸ਼ਬਦਾਂ ਦਾ ਭਾਰੋਪੀ ਮੂਲ ‘ਸeਨ’ ਹੈ ਜਿਸ ਦਾ ਅਰਥ ਹੈ-ਪੁਰਾਣਾ, ਬੁਢਾ। ਬੇਸ਼ੁਮਾਰ ਪ੍ਰਾਚੀਨ ਅਤੇ ਆਧੁਨਿਕ ਭਾਰੋਪੀ ਭਾਸ਼ਾਵਾਂ ਜਿਵੇਂ ਅਵੇਸਤਨ, ਗੌਥਿਕ, ਆਰਮੀਨੀਅਨ, ਗਰੀਕ, ਲਿਥੂਏਨੀਅਨ, ਗਰੀਕ, ਆਇਰਿਸ਼ ਆਦਿ ਵਿਚ ਇਸ ਮੂਲ ਤੋਂ ਵਿਕਸਿਤ ਸ਼ਬਦ ਮਿਲਦੇ ਹਨ ਜਿਨ੍ਹਾਂ ਵਿਚ ਇਹ ਬੁਢਾਪਾ, ਸਮੇਂ ਦੇ ਬੀਤਣ ਆਦਿ ਦੇ ਅਰਥ ਦਿੰਦੇ ਹਨ। ਕੁਝ ਸਰੋਤਾਂ ਵਿਚ ਅਵੇਸਤਨ ‘ਹਨ’ ਅਤੇ ਪੁਰਾਣੀ ਫਾਰਸੀ ਦੇ ‘ਹਨਤ’ ਸ਼ਬਦ ਦਾ ਜ਼ਿਕਰ ਹੈ ਜਿਨ੍ਹਾਂ ਵਿਚ ਵੀ ਬੁਢਾਪੇ ਦਾ ਭਾਵ ਹੈ ਪਰ ਇਨ੍ਹਾਂ ਤੋਂ ਅਜੋਕੀ ਫਾਰਸੀ ਤੱਕ ਪਹੁੰਚੇ ਸ਼ਬਦ ਮੈਨੂੰ ਨਹੀਂ ਮਿਲ ਸਕੇ।
ਮੋਨੀਅਰ ਵਿਲੀਅਮਜ਼ ਨੇ ਸੰਸਕ੍ਰਿਤ ਸ਼ਬਦ ‘ਸਨ’ ਦਾ ਹਵਾਲਾ ਦਿੱਤਾ ਹੈ ਜਿਸ ਨੂੰ ਇਸ ਦਾ ਸੁਜਾਤੀ ਦੱਸਿਆ ਗਿਆ ਹੈ। ‘ਸਨ’ ਸ਼ਬਦ ਦਾ ਅਰਥ ਪ੍ਰਾਚੀਨ ਹੈ। ਪੰਜਾਬੀ ਵਿਚ ਰਚ-ਮਿਚ ਗਿਆ ‘ਸਨਾਤਨ’ ਸ਼ਬਦ ਇਸੇ ਧਾਤੂ ਤੋਂ ਉਪਜਿਆ ਹੈ। ਇਸ ਦਾ ਅਰਥ ਹੈ-ਸਦੀਵੀ, ਚਿਰਜੀਵੀ, ਪ੍ਰਾਚੀਨ, ਕਦੀਮੀ ਆਦਿ। ਸਨਾਤਨ ਧਰਮ ਅਸਲ ਵਿਚ ਪ੍ਰਾਚੀਨ ਹਿੰਦੂ ਧਰਮ ਨੂੰ ਆਖਿਆ ਜਾਂਦਾ ਹੈ ਜਿਸ ਦੇ ਨਿਯਮ ਕਦੀਮੀ, ਸਦੀਵੀ ਅਤੇ ਪ੍ਰਮਾਣੀਕ ਮੰਨੇ ਗਏ ਹਨ। ਹਿੰਦੂ ਨਾਂ ਦਾ ਸ਼ਬਦ ਕਿਸੇ ਵੇਦ ਸ਼ਾਸਤਰ ਵਿਚ ਨਹੀਂ ਮਿਲਦਾ। ਅਸਲ ਵਿਚ ਤਾਂ ਖੁਦ ਬ੍ਰਹਮਾ ਲਈ ਵੀ ਸਨਾਤਨ ਸ਼ਬਦ ਵਰਤਿਆ ਮਿਲਦਾ ਹੈ। ਬ੍ਰਹਮਾ ਸ੍ਰਿਸ਼ਟੀ ਦਾ ਸਿਰਜਣਹਾਰ ਹੋਣ ਕਾਰਨ ਸਾਰੇ ਪਰਪੰਚ ਤੋਂ ਪੁਰਾਣਾ ਹੈ, ਸਭਨਾਂ ਜੀਵਾਂ ਤੋਂ ਬ੍ਰਿਧ ਹੈ। ਇਸੇ ਲਈ ਸਭ ਦੇਵਤਿਆਂ ਵਿਚੋਂ ਕੇਵਲ ਬ੍ਰਹਮਾ ਨੂੰ ਹੀ ਚਿੱਟੀ ਦਾੜ੍ਹੀ ਵਾਲਾ ਦਿਖਾਇਆ ਜਾਂਦਾ ਹੈ। ਬ੍ਰਹਮਾ ਦੇ ਇਕ ਪੁਤਰ ਦਾ ਨਾਂ ਵੀ ਸਨਾਤਨ ਹੈ।
ਬ੍ਰਹਮਾ ਦੇ ਮੱਥੇ ‘ਚੋਂ ਪੈਦਾ ਹੋਣ ਵਾਲੇ ਚਾਰ ਪੁੱਤਰਾਂ ਨੂੰ ‘ਸਨ’ ਜਾਂ ਸਨਕ ਆਖਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਚਹੁੰਆਂ ਦੇ ਨਾਂ ਵਿਚ ‘ਸਨ’ ਅੰਸ਼ ਆਉਂਦਾ ਹੈ। ਉਹ ਨਾਂ ਹਨ-ਸਨਕ, ਸਨੰਦਨ, ਸਨਾਤਨ ਅਤੇ ਸਨਤ। ਇਨ੍ਹਾਂ ਨੂੰ ਕੁਮਾਰ ਜਾਂ ਚਤੁਰਸਨ ਵੀ ਕਿਹਾ ਗਿਆ ਹੈ। ਸਮੂਹਕ ਤੌਰ ‘ਤੇ ਇਨ੍ਹਾਂ ਨੂੰ ਸਨਕਾਦਿ/ਸਨਕਾਦਿਕ (ਸਨਕ+ਆਦਿ) ਕਹਿਣ ਦੀ ਰਵਾਇਤ ਹੈ। ਗੁਰੂ ਅਰਜਨ ਦੇਵ ਨੇ ਇਹ ਸਾਰੇ ਨਾਮ ਇਕੋ ਥਾਂ ਵਰਤੇ ਹਨ, “ਬ੍ਰਹਮਆਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿਨੁ ਕਉ ਮਹਲ ਦੁਲਭਾਵਉ” ਅਰਥਾਤ ਪਰਮਾਤਮਾ ਦੀ ਪ੍ਰਾਪਤੀ ਤਾਂ ਬ੍ਰਹਮਾ ਤੇ ਉਸ ਦੇ ਸਨਕਆਦਿਕ ਪੁੱਤਰਾਂ-ਸਨਕ, ਸਨੰਦਨ, ਸਨਾਤਨ ਅਤੇ ਸਨਤ ਆਦਿ ਲਈ ਵੀ ਦੁਰਲਭ ਹੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਵਲੋਂ ਇਹ ਸ਼ਬਦ ਕਈ ਵਾਰ ਵਰਤੇ ਮਿਲਦੇ ਹਨ। ਉਨ੍ਹਾਂ ਦੇ ਬਚਨ ਹਨ, “ਸਨਕ ਸਨੰਦ ਅਨੰਤ ਨਹੀ ਪਾਇਆ” ਅਰਥਾਤ ਬ੍ਰਹਮਾ ਦੇ ਪੁੱਤਰਾਂ-ਸਨਕ ਤੇ ਸਨੰਦ ਨੇ ਵੀ ਪਰਮਾਤਮਾ ਦੀ ਥਾਹ ਨਹੀਂ ਪਾਈ। ਭਗਤ ਰਵਿਦਾਸ ਨੇ ਸਨਕ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ, “ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ।” -ਵਿਆਸ ਦੀ ਰਚੀ ਪੁਸਤਕ ਵਿਚ ਲਿਖਿਆ ਮਿਲਦਾ ਹੈ ਅਤੇ ਸਨਕ ਦੇ ਜੀਵਨ ਤੋਂ ਸਪਸ਼ਟ ਹੁੰਦਾ ਹੈ ਕਿ ਨਾਮ ਦੀ ਮਹਿਮਾ ਸਾਰੇ ਸੰਸਾਰ ਵਿਚ ਹੈ। ਗੁਰੂ ਨਾਨਕ ਦੇਵ ਵੀ ਜ਼ਿਕਰ ਕਰਦੇ ਹਨ, “ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ” -ਸਨਕ ਸਨੰਦਨ ਤੇ ਉਨ੍ਹਾਂ ਜਿਹੇ ਹੋਰ ਤਪਸਵੀ ਗੁਰੂ ਦੀ ਕਿਰਪਾ ਨਾਲ ਮੁਕਤੀ ਪ੍ਰਾਪਤ ਕਰ ਸਕਦੇ ਹਨ।
ਬ੍ਰਹਮਾ ਦੀ ਤਰ੍ਹਾਂ ਉਸ ਦੇ ਚਾਰ ਮਸਤਕ ਪੁੱਤਰ ਵੀ ਪ੍ਰਾਚੀਨਤਾ, ਸਦੈਵਤਾ ਆਦਿ ਗੁਣਾਂ ਦੇ ਸੂਚਕ ਹਨ। ਪੌਰਾਣਿਕ ਮਿਥ ਅਨੁਸਾਰ ਬ੍ਰਹਮਾ ਨੇ ਇਨ੍ਹਾਂ ਨੂੰ ਪਰਜਾਪਤੀ ਬਣਾਉਣ ਦੇ ਮਨੋਰਥ ਨਾਲ ਪੈਦਾ ਕੀਤਾ ਪਰ ਇਹ ਹਮੇਸ਼ਾ ਬ੍ਰਹਮਚਾਰੀ ਰਹੇ। ਚਾਰੇ ਬ੍ਰਹਮਚਾਰੀ ਭਰਾਵਾਂ ਨੂੰ ਈਸ਼ਵਰ ਦੇ ਨਿਰੰਤਰ ਭਗਤ ਵਜੋਂ ਸਮਝਿਆ ਗਿਆ ਹੈ ਤੇ ਗੁਰਬਾਣੀ ਵਿਚ ਇਨ੍ਹਾਂ ਦਾ ਇਸੇ ਰੂਪ ਵਿਚ ਉਲੇਖ ਹੈ।
ਵਿਭਿੰਨ ਭਾਸ਼ਾਈ ਪਰਿਵੇਸ਼ਾਂ ਦੇ ਅੰਤਰਗਤ ਸ਼ਬਦ ਵਿਕਾਸ ਦੀ ਸਿਤਮਜ਼ਰੀਫੀ ਦੇਖੋ ਕਿ ਅੰਗਰੇਜ਼ੀ ‘ਸਰ’ ਤੇ ਸਾਡਾ ‘ਸਨਕਾਦਿ’ ਇਕੋ ਸ੍ਰੋਤ ਤੋਂ ਪੈਦਾ ਹੋਏ। ਇਕ ਦੁਨਿਆਵੀ ਮੋਹ ਦਾ ਅਭਿਲਾਸ਼ੀ ਤੇ ਫੋਕੀ ਸ਼ਾਨ ਦਾ ਪ੍ਰਤੀਕ ਹੈ ਤੇ ਦੂਜਾ ਇਸ ਤੋਂ ਉਲਟ ਦੁਨੀਆਵੀ ਮੋਹ ਦੇ ਤਿਆਗ ਤੇ ਈਸ਼ਵਰ ਭਗਤੀ ਦਾ!

Be the first to comment

Leave a Reply

Your email address will not be published.