ਕਮਜ਼ੋਰ ਹੋ ਰਹੇ ਨਾਰੀ ਕਿਰਦਾਰ

ਬਾਲੀਵੁਡ ਵਿਚ ਇਕ ਅਰਸੇ ਤੋਂ ਨਾਇਕਾ ਪ੍ਰਧਾਨ ਫਿਲਮਾਂ ਨਹੀਂ ਬਣ ਰਹੀਆਂ। ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਮੌਜੂਦਾ ਕਰੀਬ 95 ਫੀਸਦੀ ਫਿਲਮਾਂ ਵਿਚ ਅਭਿਨੇਤਰੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੀ। ਉਂਜ ਕਦੇ ਨਰਗਿਸ, ਮੀਨਾ ਕੁਮਾਰੀ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤਕ ਦੇ ਦੌਰ ਵਿਚ ਫਿਲਮਾਂ ਵਿਚ ਨਾਇਕਾਵਾਂ ਦਾ ਦਬਦਬਾ ਸਾਫ ਨਜ਼ਰ ਆਉਂਦਾ ਸੀ। ਇਹੀ ਨਹੀਂ, ਉਹ ਬਾਕਾਇਦਾ ਆਪਣਾ ਰੋਲ ਵਧਾਉਣ ਦਾ ਦਾਅਵਾ ਵੀ ਕਰਦੀਆਂ ਸਨ। ਅੱਜ ਵਿਦਿਆ ਬਾਲਨ, ਕੰਗਨਾ ਰਣੌਤ, ਦੀਪਿਕਾ ਹੀ ਇਸ ਮਾਮਲੇ ਵਿਚ ਥੋੜ੍ਹਾ ਅਪਵਾਦ ਹਨ। ਦੀਪਿਕਾ ਨੇ ਹਾਲ ਹੀ ਵਿਚ ‘ਛਪਾਕ’ ਦਾ ਕੰਮ ਪੂਰਾ ਕੀਤਾ ਹੈ। ਨਹੀਂ ਤਾਂ ‘ਪਦਮਾਵਤ’ ਵਰਗੀ ਨਾਇਕਾ ਆਧਾਰਿਤ ਫਿਲਮ ਵਿਚ ਵੀ ਦੀਪਿਕਾ ਦੀ ਬਜਾਏ ਰਣਵੀਰ ਸਿੰਘ ਨੂੰ ਜ਼ਿਆਦਾ ਤਵੱਜੋ ਮਿਲੀ। ਆਖਿਰ ਅਜਿਹੀ ਕੀ ਗੱਲ ਹੈ ਕਿ ਸਟਾਰਡਮ ਹਾਸਲ ਕਰਨ ਦੇ ਬਾਵਜੂਦ ਜ਼ਿਆਦਾਤਰ ਅਭਿਨੇਤਰੀਆਂ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਨਹੀਂ ਕਰ ਸਕਦੀਆਂ।

ਇਹ ਗੱਲ ਸਿਨੇਮਾ ਜਗਤ ਦੀ ਚੋਟੀ ਦੀ ਅਭਿਨੇਤਰੀ ਵੈਜੰਤੀ ਮਾਲਾ ਅਤੇ ਦਿਲੀਪ ਕੁਮਾਰ ਦੀ ਸੁਪਰਹਿਟ ਫਿਲਮ ‘ਨਯਾ ਦੌਰ’ ਦੇ ਦਿਨਾਂ ਦੀ ਹੈ। ਉਨ੍ਹਾਂ ਦਿਨਾਂ ਵਿਚ ਦਿਲੀਪ-ਵੈਜੰਤੀ ਵਿਚਕਾਰ ਕਾਫੀ ਮਤਭੇਦ ਸਨ। ਦੋਵੇਂ ਹੀ ਚੋਟੀ ਦੇ ਕਲਾਕਾਰ, ਪਰ ਦੋਵਾਂ ਨੇ ਆਪਣੇ ਹਉਮੈ ਨੂੰ ਫਿਲਮ ਨਿਰਮਾਣ ਵਿਚ ਕਦੇ ਆਉਣ ਨਹੀਂ ਦਿੱਤਾ। ਉਂਜ, ਵੈਜੰਤੀ ਮਾਲਾ ਨੇ ਫਿਲਮਸਾਜ਼ ਬੀ.ਆਰ. ਚੋਪੜਾ ਸਾਹਮਣੇ ਸ਼ਰਤ ਰੱਖੀ ਸੀ ਕਿ ਦਿਲੀਪ ਕੁਮਾਰ ਨੂੰ ਕਿਸੇ ਵੀ ਤਰ੍ਹਾਂ ਉਸ ਤੋਂ ਜ਼ਿਆਦਾ ਫੁਟੇਜ ਨਾ ਮਿਲੇ;ਭਾਵ ਜੇਕਰ 12 ਦ੍ਰਿਸ਼ ਦਿਲੀਪ ਦੇ ਹਨ ਤਾਂ ਉਸ ਦੇ ਵੀ 12 ਦ੍ਰਿਸ਼ ਹੀ ਹੋਣੇ ਚਾਹੀਦੇ ਹਨ। ਇਹੀ ਨਹੀਂ, ਉਸ ਨੇ ਫਿਲਮ ਦੇ ਹਰਮਨਪਿਆਰੇ ਗੀਤ ‘ਸਾਥੀ ਹਾਥ ਬੜ੍ਹਾਨਾ’ ਵਿਚ ਵੀ ਆਪਣੇ ਕਈ ਫਰੇਮ ਰਖਵਾਏ ਜਦੋਂ ਕਿ ਇਸ ਗੀਤ ਵਿਚ ਉਸ ਦੇ ਮੌਜੂਦ ਰਹਿਣ ਵਾਲੀ ਕੋਈ ਗੱਲ ਨਹੀਂ ਸੀ।
ਦੀਪਿਕਾ ਪਾਦੁਕੋਣ ਕਦੇ ਵੀ ਵੈਜੰਤੀ ਮਾਲਾ ਵਰਗਾ ਰੁਖ ਨਹੀਂ ਅਪਣਾ ਸਕੇਗੀ। ਅਸਲ ਵਿਚ ਉਸ ‘ਤੇ ਹਮੇਸ਼ਾਂ ਸਟਾਰਡਮ ਭਾਰੂ ਰਹਿੰਦਾ ਹੈ। ਟਰੇਡ ਵਿਸ਼ਲੇਸ਼ਕ ਤਰੁਣ ਆਦਰਸ਼ ਵੀ ਮੰਨਦਾ ਹੈ ਕਿ ਅਸਲ ਵਿਚ ਦੀਪਿਕਾ ਦਾ ਜ਼ਿਆਦਾਤਰ ਧਿਆਨ ਖੁਦ ਨੂੰ ਸੰਭਾਲਣ ਵਿਚ ਲੱਗਿਆ ਰਹਿੰਦਾ ਹੈ। ਇਸ ਲਈ ਵੀ ਬਤੌਰ ਅਭਿਨੇਤਰੀ ਉਸ ਦੀ ਹਾਲਤ ਡਗਮਗਾਈ ਰਹਿੰਦੀ ਹੈ। ਕਦੇ-ਕਦੇ ਕੁਝ ਹਿੱਟ ‘ਫਾਈਡਿੰਗ ਫੈਨੀ’ ਜਾਂ ‘ਪੀਕੂ’ ਤੋਂ ਹੀ ਉਸ ਨੂੰ ਸੰਤੁਸ਼ਟ ਹੋਣਾ ਪਿਆ। ਇਥੋਂ ਤਕ ਕਿ ਆਪਣੇ ਪਸੰਦੀਦਾ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ‘ਬਾਜੀਰਾਵ ਮਸਤਾਨੀ’ ਅਤੇ ‘ਪਦਮਾਵਤ’ ਵਿਚ ਵੀ ਉਸ ਦਾ ਰੁਤਬਾ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਿਆ। ਕੋਮਲ ਨਾਹਟਾ ਇਸ ਦੀ ਵਜ੍ਹਾ ਦਸਦੇ ਹਨ, “ਦੀਪਿਕਾ ਦੀ ਮੁਸ਼ਕਿਲ ਇਹ ਹੈ ਕਿ ਉਸ ਨੂੰ ਹਮੇਸ਼ਾਂ ਇਹ ਡਰ ਲੱਗਿਆ ਰਹਿੰਦਾ ਹੈ ਕਿ ਜ਼ਿਆਦਾ ਮੰਗ ਰੱਖਣ ‘ਤੇ ਕਿਤੇ ਉਸ ਦੀ ਮੰਗ ਨਾ ਘਟ ਜਾਏ। ਵੱਡੇ ਬੈਨਰ ਉਸ ਦੇ ਹੱਥ ਤੋਂ ਤਿਲਕ ਨਾ ਜਾਣ। ਇਸ ਨਾਲ ਉਸ ਦੇ ਪਿੱਛੇ ਖੜ੍ਹੀਆਂ ਦੂਜੀਆਂ ਸਟਾਰ ਅਭਿਨੇਤਰੀਆਂ ਉਸ ਤੋਂ ਅੱਗੇ ਨਾ ਵਧ ਜਾਣ।”
ਅਭਿਨੇਤਰੀ ਕੈਟਰੀਨਾ ਕੈਫ ਤਾਂ ਇਸ ਬਾਰੇ ਕੋਈ ਦਾਅਵਾ ਹੀ ਨਹੀਂ ਕਰਦੀ। ਵੱਡੇ ਹੀਰੋ ਦੀ ਟਾਈਮਪਾਸ ਅਭਿਨੇਤਰੀ ਬਣ ਕੇ ਹੀ ਉਹ ਆਪਣੇ ਅਦਾਕਾਰੀ ਦੇ ਸ਼ੌਕ ਨੂੰ ਪੂਰਾ ਕਰ ਰਹੀ ਹੈ। ਸਲਮਾਨ ਖਾਨ ਨਾਲ ਫਿਲਮ ‘ਭਾਰਤ’ ਵਿਚ ਵੀ ਉਸ ਨੇ ਇਹੀ ਕੰਮ ਕੀਤਾ ਹੈ। ਕੈਟ ਵੀ ਉਨ੍ਹਾਂ ਅਭਿਨੇਤਰੀਆਂ ਵਿਚੋਂ ਹੈ ਜੋ ਵੱਡੇ ਹੀਰੋ ਨੂੰ ਸਫਲਤਾ ਦਾ ਵੱਡਾ ਫਾਰਮੂਲਾ ਮੰਨਦੀ ਹੈ। ਤਿੰਨੋਂ ਖਾਨਾਂ ਨਾਲ ਕੰਮ ਕਰਕੇ ਉਹ ਖੁਸ਼ ਹੈ, ਕਿਉਂਕਿ ਉਹ ਖੁਦ ਵੀ ਚੰਗੀ ਤਰ੍ਹਾਂ ਜਾਣ ਗਈ ਹੈ ਕਿ ਉਸ ਦਾ ਅਦਾਕਾਰੀ ਹੁਨਰ ਕਿੰਨਾ ਕੁ ਹੈ। ਕਦੇ ਉਸ ਨੇ ‘ਫਿਤੂਰ’ ਅਤੇ ‘ਬਾਰ ਬਾਰ ਦੇਖੋ’ ਵਰਗੀਆਂ ਫਿਲਮਾਂ ਜ਼ਰੀਏ ਆਪਣੀ ਅਦਾਕਾਰੀ ਦੇ ਰੰਗ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਅਦਾਕਾਰੀ ਉਸ ਦੇ ਬਸ ਦੀ ਗੱਲ ਨਹੀਂ ਹੈ, ਉਹ ਸਿਰਫ ਗਲੈਮਰ ਡੌਲ ਹੈ। ਨਾਹਟਾ ਕਹਿੰਦਾ ਹੈ, “ਕੈਟ ਵਰਗੀਆਂ ਕਈ ਅਭਿਨੇਤਰੀਆਂ ਆਪਣੇ ਗਲੈਮਰ ਨੂੰ ਹੀ ਆਪਣਾ ਸਟਾਰਡਮ ਮੰਨ ਬੈਠਦੀਆਂ ਹਨ ਅਤੇ ਇਕ ਦਿਨ ਇਸੇ ਸੋਚ ਨਾਲ ਉਨ੍ਹਾਂ ਦੀ ਇੰਡਸਟਰੀ ਤੋਂ ਵਿਦਾਇਗੀ ਹੋ ਜਾਂਦੀ ਹੈ।”
ਕਾਫੀ ਅਰਸੇ ਤੋਂ ਨਾ ਦੇ ਬਰਾਬਰ ਫਿਲਮਾਂ ਕਰ ਰਹੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਉਮਦਾ ਅਭਿਨੇਤਰੀ ਹੈ। ਕਈ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਵਿਚ ਉਸ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਪਰ ਕੋਈ ਫਿਲਮ ਅਜਿਹੀ ਨਹੀਂ ਹੈ ਜਿਸ ਬਾਰੇ ਇਹ ਕਿਹਾ ਜਾ ਸਕੇ ਕਿ ਇਸ ਵਿਚ ਉਸ ਦਾ ਦਬਦਬਾ ਸੀ। ‘ਐਨਐਚ-10’ ਅਤੇ ‘ਫਿਲੌਰੀ’ ਵਿਚ ਹੀ ਉਹ ਦਮਦਾਰ ਅਦਾਕਾਰੀ ਕਰਦੀ ਨਜ਼ਰ ਆਉਂਦੀ ਹੈ। ਉਂਜ ਉਸ ਵਰਗੀਆਂ ਸਮਝਦਾਰ ਅਭਿਨੇਤਰੀਆਂ ਨੂੰ ‘ਐ ਦਿਲ ਹੈ ਮੁਸ਼ਕਿਲ’, ‘ਜਬ ਹੈਰੀ ਮੈੱਟ ਸੇਜਲ’ ਵਰਗੀਆਂ ਸਾਧਾਰਨ ਫਿਲਮਾਂ ਵਿਚ ਕੰਮ ਕਰਨ ਦੀ ਕੀ ਮਜਬੂਰੀ ਸੀ? ਹੁਣ ਤਾਂ ਆਲੋਚਕ ਮੰਨਦੇ ਹਨ ਕਿ ਜੇ ਅਨੁਸ਼ਕਾ ਦੀ ਇਹੀ ਸੋਚ ਰਹੀ ਤਾਂ ਬਹੁਤ ਜਲਦੀ ਦਰਸ਼ਕ ਉਸ ਨੂੰ ਭੁੱਲ ਜਾਣਗੇ।
ਅਚਾਨਕ ਮਿਲੇ ਸਟਾਰਡਮ ਤੋਂ ਬਾਅਦ ਆਲੀਆ ਭੱਟ ਅਜੇ ਵੀ ਪ੍ਰੌੜ ਨਹੀਂ ਹੋ ਸਕੀ। ਕਈ ਫਿਲਮਾਂ ਦੀ ਸਫਲਤਾ ਨੇ ਉਸ ਨੂੰ ਬੇਫਿਕਰੀ ਦੇ ਦਿੱਤੀ ਹੈ। ‘ਬਦਰੀਨਾਥ ਕੀ ਦੁਲਹਨੀਆ’ ਹੋਵੇ ਜਾਂ ਫਿਰ ‘ਹਾਈਵੇ’, ਆਪਣੀਆਂ ਜ਼ਿਆਦਾਤਰ ਫਿਲਮਾਂ ਵਿਚ ਆਲੀਆ ਨੇ ਖੁਦ ਨੂੰ ਚੰਗੀ ਤਰ੍ਹਾਂ ਸਾਬਤ ਕੀਤਾ ਹੈ ਪਰ ਉਸ ਦੀ ਮਜਬੂਰੀ ਹੈ ਕਿ ਜੋ ਵੀ ਫਿਲਮ ਮਿਲੇ, ਉਸ ਨੂੰ ਕਰ ਹੀ ਦਿਓ। ਉਂਜ ਉਹ ਹੁਣ ਇਹ ਕਹਿਣ ਲੱਗੀ ਹੈ ਕਿ ਉਹ ਫਿਲਮ ਦੀ ਪਟਕਥਾ ਨੂੰ ਬਹੁਤ ਧਿਆਨ ਨਾਲ ਪੜ੍ਹਦੀ ਹੈ,\ ਪਰ ਅਜਿਹਾ ਨਹੀਂ ਲੱਗਦਾ। ‘ਇੰਸਾਅੱਲ੍ਹਾ’ ਵਰਗੀਆਂ ਫਿਲਮਾਂ ਵੀ ਉਹ ਇਸੇ ਵਜ੍ਹਾ ਕਾਰਨ ਕਰਦੀ ਹੈ ਕਿ ਉਸ ਨੂੰ ਸਮਲਾਨ ਖਾਨ ਵਰਗੇ ਵੱਡੇ ਹੀਰੋ ਨਾਲ ਕੰਮ ਚਾਹੀਦਾ ਹੈ।
ਬਤੌਰ ਅਭਿਨੇਤਰੀ ਪ੍ਰਿਅੰਕਾ ਚੋਪੜਾ ਹਿੰਦੀ ਫਿਲਮਾਂ ਵਿਚ ਬਹੁਤ ਕੁਝ ਕਰ ਸਕਦੀ ਸੀ ਪਰ ਜ਼ਿਆਦਾ ਅਕਾਂਖਿਆਵਾਦੀ ਹੋਣ ਨਾਲ ਉਸ ਦਾ ਬਹੁਤ ਕੁਝ ਵਿਗੜ ਗਿਆ ਹੈ। ਅੱਜ ਤਾਂ ਇੰਡਸਟਰੀ ਵਿਚ ਪ੍ਰਿਅੰਕਾ ਦੀ ਸਥਿਤੀ ਕਾਫੀ ਖਰਾਬ ਹੋ ਚੁੱਕੀ ਹੈ। ਹਾਂ, ਹਾਲੀਵੁੱਡ ਵਿਚ ਉਸ ਦੀ ਕੋਸ਼ਿਸ਼ ਜ਼ਰੂਰ ਜਾਰੀ ਹੈ। ਅੱਜਕੱਲ੍ਹ ਉਹ ਸਿਰਫ ਨਿੱਜੀ ਜ਼ਿੰਦਗੀ ਕਾਰਨ ਹੀ ਚਰਚਾ ਵਿਚ ਰਹਿੰਦੀ ਹੈ। ਹਿੰਦੀ ਫਿਲਮਾਂ ਵਿਚੋਂ ਉਸ ਦੀ ਤਕਰੀਬਨ ਵਿਦਾਈ ਹੋ ਚੁੱਕੀ ਹੈ।
ਕੰਗਨਾ ਰਣੌਤ ਖੁੱਲ੍ਹੇਆਮ ਕਹਿੰਦੀ ਹੈ ਕਿ ਉਸ ਨੂੰ ਸਟਾਰਡਮ ਦੀ ਜ਼ਿਆਦਾ ਪਰਵਾਹ ਨਹੀਂ ਹੈ। ਕਈ ਵੱਡੇ ਇਸ਼ਤਿਹਾਰਾਂ ਨਾਲ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਚੁੱਕੀ ਕੰਗਨਾ ਨੇ ਆਪਣੇ ਅਭਿਨੇਤਰੀ ਵਾਲੇ ਦਮ-ਖਮ ਨੂੰ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ। ਉਸ ਦੀ ਸਫਲਤਾ ਪੁਰਾਣੇ ਦਿਨਾਂ ਦੀਆਂ ਅਭਿਨੇਤਰੀਆਂ ਦੇ ਸਟਾਰਡਮ ਦੀ ਯਾਦ ਦਿਵਾ ਦਿੰਦੀ ਹੈ। ‘ਮਣੀਕਰਣਿਕਾ’ ਦੀ ਗੱਲ ਜਾਣ ਦਈਏ ਤਾਂ ਉਸ ਦੀਆਂ ਪਿਛਲੀਆਂ ਫਿਲਮਾਂ ‘ਸਿਮਰਨ’, ‘ਜਜਮੈਂਟਲ ਹੈ ਕਿਆ’ ਨੇ ਦਰਸ਼ਕਾਂ ਨੂੰ ਥੋੜ੍ਹਾ ਨਿਰਾਸ਼ ਕੀਤਾ ਹੈ। ਹੁਣ ਦਰਸ਼ਕ ਨੂੰ ਵੀ ਸਮਝ ਨਹੀਂ ਆ ਰਹੀ ਕਿ ਇਹ ਉਮਦਾ ਅਭਿਨੇਤਰੀ ‘ਜਜਮੈਂਟਲ ਹੈ ਕਿਆ’ ਵਰਗੀਆਂ ਫਿਲਮਾਂ ਵਿਚ ਅਭਿਨੈ ਦੇ ਨਾਂ ‘ਤੇ ਕੀ ਕਰ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਕੰਗਨਾ ਨੂੰ ਕੰਮ ਦੇ ਮਾਮਲੇ ਵਿਚ ਗੈਰ ਜ਼ਰੂਰੀ ਦਖਲ ਬੰਦ ਕਰ ਦੇਣਾ ਚਾਹੀਦਾ ਹੈ।
ਨਵੀਂ ਫਿਲਮ ‘ਮਿਸ਼ਨ ਮੰਗਲ’ ਵਿਚ ਅਭਿਨੇਤਰੀ ਵਿਦਿਆ ਬਾਲਨ ਅਕਸ਼ੈ ਕੁਮਾਰ ਨਾਲ ਆਪਣੇ ਬਦਲੇ ਹੋਏ ਅੰਦਾਜ਼ ਨਾਲ ਨਜ਼ਰ ਆਈ। ਉਂਜ ਹੁਣ ਉਸ ਨੇ ਬਾਲੀਵੁੱਡ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਉਹ ਕਹਿੰਦੀ ਹੈ, “ਮੈਂ ਮੰਨਦੀ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਮੈਂ ਬੇਖੌਫ ਹੋ ਕੇ ਫਿਲਮਾਂ ਕਰ ਰਹੀ ਹਾਂ। ਇਸ ਲਈ ਬਾਲੀਵੁੱਡ ਵਿਚ ਆਪਣੀ ਸਥਿਤੀ ਨੂੰ ਲੈ ਕੇ ਜ਼ਰਾ ਵੀ ਚਿੰਤਤ ਨਹੀਂ ਰਹਿੰਦੀ। ਮੈਨੂੰ ਸਿਰਫ ਆਪਣੇ ਮਨ ਅਤੇ ਦਰਸ਼ਕਾਂ ਨੂੰ ਸੰਤੁਸ਼ਟ ਕਰਨਾ ਹੈ।” ਸ਼ਾਇਦ ਇਸ ਲਈ ਅਜੇ ਕਾਫੀ ਦਿਨਾਂ ਤਕ ਉਹ ਬਾਲੀਵੁੱਡ ਵਿਚ ਆਪਣੀ ਯਥਾਸਥਿਤੀ ਬਣਾ ਕੇ ਰੱਖੇਗੀ।
ਸੋਨਾਕਸ਼ੀ ਸਿਨਹਾ, ਸ਼੍ਰਧਾ ਕਪੂਰ, ਤਾਪਸੀ ਪੰਨੂ, ਪਰਿਣੀਤੀ ਚੋਪੜਾ, ਜੈਕੁਲਿਨ ਫਰਨਾਂਡੇਜ਼ ਵਰਗੀਆਂ ਅਭਿਨੇਤਰੀਆਂ ਦੀ ਸੂਚੀ ਬਹੁਤ ਲੰਮੀ ਹੈ। ਇਹ ਉਹ ਅਭਿਨੇਤਰੀਆਂ ਹਨ ਜਿਨ੍ਹਾਂ ਦੀ ਕੋਈ ਦਮਦਾਰ ਸਥਿਤੀ ਨਹੀਂ ਹੈ।
-ਅਸੀਮ