ਕਰਤਾਰਪੁਰ ਲਾਂਘੇ ਦਾ ਸਿਹਰਾ ਲੈਣ ਲਈ ਭੱਜ-ਨੱਠ

ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘਾ ਅਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਧਿਰਾਂ ਆਪਸ ਵਿਚ ਬੁਰੀ ਤਰ੍ਹਾਂ ਉਲਝੀਆਂ ਹੋਈਆਂ ਹਨ। ਕਰਤਾਰਪੁਰ ਲਾਂਘੇ ਦਾ ਕੰਮ ਨੇੜੇ ਲੱਗ ਗਿਆ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੈਅ ਸਮੇਂ (9 ਨਵੰਬਰ) ਉਤੇ ਇਸ ਦਾ ਉਦਘਾਟਨ ਹੋਵੇਗਾ।

ਇਸ ਪਿੱਛੋਂ ਜਿਥੇ ਡੇਰਾ ਬਾਬਾ ਨਾਨਕ ਵਿਚ ਸਿਆਸੀ ਧਿਰਾਂ ਨੇ ਡੇਰੇ ਲਾਏ ਹੋਏ ਹਨ, ਉਥੇ ਲਾਂਘੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਇਕ-ਦੂਜੇ ਨੂੰ ਘੇਰਿਆ ਜਾ ਰਿਹਾ ਹੈ; ਖਾਸਕਰ ਬਾਦਲ ਪਰਿਵਾਰ ਵਲੋਂ ਲਾਂਘੇ ਦੇ ਜਾਇਜ਼ੇ ਦੇ ਨਾਮ ਉਤੇ ਮਾਰੇ ਗੇੜੇ ਤੇ ਇਸ ਕੰਮ ਦਾ ਸਾਰਾ ਲਾਹਾ ਮੋਦੀ ਸਰਕਾਰ ਨੂੰ ਦੇਣ ਪਿੱਛੋਂ ਦੋਵੇਂ ਧਿਰਾਂ (ਕਾਂਗਰਸ-ਅਕਾਲੀ) ਖੁੱਲ੍ਹ ਕੇ ਇਕ ਦੂਜੇ ਦੇ ਆਹਮੋ-ਸਾਹਮਣੇ ਹਨ। ਦਰਅਸਲ, ਡੇਰਾ ਬਾਬਾ ਨਾਨਕ ‘ਚ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਲਾਂਘਾ, ਬੰਦੀ ਸਿੱਖਾਂ ਦੀ ਰਿਹਾਈ, ਕਾਲੀ ਸੂਚੀ ‘ਚੋਂ ਸਿੱਖਾਂ ਦੇ ਨਾਮ ਹਟਾਉਣ ਅਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪ੍ਰਧਾਨ ਮੰਤਰੀ ਦੇ ਸੋਹਲੇ ਗਾਏ। ਹਰਸਿਮਰਤ ਦਾ ਦਾਅਵਾ ਸੀ ਕਿ ਲਾਂਘੇ ਦਾ ਸਾਰਾ ਖਰਚਾ ਮੋਦੀ ਸਰਕਾਰ ਕਰ ਰਹੀ ਹੈ ਤੇ ਪਿਛਲੇ 70 ਸਾਲਾਂ ਤੋਂ ਕੇਂਦਰ ‘ਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਮਾਮਲੇ ‘ਚ ਨੇਕ ਨੀਅਤ ਨਾਲ ਕੰਮ ਨਹੀਂ ਕੀਤਾ ਪਰ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਟੀਮ ਨੇ ਸੰਗਤਾਂ ਨੂੰ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਸੁਹਿਰਦ ਯਤਨ ਕੀਤੇ।
ਇਸ ਪਿੱਛੋਂ ਕਾਂਗਰਸੀਆਂ ਨੇ ਵੀ ਅਕਾਲੀ ਆਗੂਆਂ ਨੂੰ ਘੇਰ ਲਿਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰਾ ਪੈਸਾ ਕੇਂਦਰ ਸਰਕਾਰ ਵਲੋਂ ਖਰਚੇ ਜਾਣ ਉਤੇ ਹਰਸਿਮਰਤ ਨੂੰ ਘੇਰਦੇ ਹੋਏ ਦਾਅਵਾ ਕਰ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਦੇ ਚੁਫੇਰਿਉਂ ਵਿਕਾਸ ਲਈ ਲੰਘੇ ਅਗਸਤ ਮਹੀਨੇ ਤੋਂ ਪਹਿਲਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਸੂਬਾ ਸਰਕਾਰ ਡੇਰਾ ਬਾਬਾ ਨਾਨਕ ਹਲਕੇ ਲਈ 117 ਕਰੋੜ ਰੁਪਏ ਦੇ ਵਿਕਾਸ ਕੰਮ ਕਰ ਰਹੀ ਹੈ ਜਦਕਿ ਕੇਂਦਰੀ ਮੰਤਰੀ ਨੇ ਕਦੇ ਇਸ ਹਲਕੇ ਦੀ ਸਾਰ ਨਹੀਂ ਲਈ। ਰੰਧਾਵਾ ਨੇ ਇਥੋਂ ਤੱਕ ਆਖ ਦਿੱਤਾ ਕਿ ਲਾਂਘਾ ਖੁੱਲ੍ਹਵਾਉਣ ਲਈ ਯਤਨਸ਼ੀਲ ਰਹੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਬਾਦਲਾਂ ਨੇ ਉਸ ਵੇਲੇ ਕਮਰੇ ਵਿਚ ਬੰਦ ਕਰਵਾ ਦਿੱਤਾ ਸੀ, ਜਦੋਂ ਉਹ ਤਤਕਾਲੀ ਰਾਸ਼ਟਰਪਤੀ ਨੂੰ ਮਿਲਣ ਆਏ ਸਨ।
ਦਰਅਸਲ, ਸਿਆਸੀ ਧਿਰਾਂ ਆਪਣੇ ਆਪ ਨੂੰ ਸਿੱਖਾਂ ਦੀਆਂ ਸੱਚੀਆਂ ਹਮਦਰਦ ਸਾਬਤ ਕਰਨ ਦਾ ਇਹ ਮੌਕਾ ਸਾਂਭਣ ਲਈ ਭੱਜ-ਨੱਠ ਵਿਚ ਜੁਟੀਆਂ ਹੋਈਆਂ ਹਨ। ਲਾਂਘੇ ਦਾ ਐਲਾਨ ਹੋਣ ਸਮੇਂ ਜਦੋਂ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਰਹੇ ਸਨ ਕਿ ਲਾਂਘੇ ਰਾਹੀਂ ਪਾਕਿਸਤਾਨੀ ਅਤਿਵਾਦੀ ਪੰਜਾਬ ਆਉਣਗੇ ਅਤੇ ਮਾਹੌਲ ਖਰਾਬ ਹੋਵੇਗਾ; ਇਥੋਂ ਤੱਕ ਕਿ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਵੀ ਕੈਪਟਨ ਨੇ ਇਹੀ ਰੱਟ ਲਾਈ ਰੱਖੀ ਪਰ ਹੁਣ ਜਦੋਂ ਲਾਂਘਾ ਤਿਆਰ ਹੋਣ ਕੰਢੇ ਹੈ ਤਾਂ ਕੈਪਟਨ ਆਪਣੀ ਸਾਰੀ ਕੈਬਨਿਟ ਸਮੇਤ ਪਹਿਲੇ ਜਥੇ ਵਿਚ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਅਸਲ ਵਿਚ, ਪਾਕਿਸਤਾਨ ਵੱਲੋਂ ਲਾਂਘੇ ਲਈ ਵਿਖਾਈ ਦਿਲਚਸਪੀ ਭਾਰਤੀ ਸਿਆਸਤਦਾਨਾਂ ਨੂੰ ਫਿੱਟ ਬੈਠਦੀ ਨਹੀਂ ਜਾਪਦੀ ਸੀ। ਇਹੀ ਕਾਰਨ ਹੈ ਕਿ ਭਾਰਤ ਨੇ ਲਾਂਘੇ ਦਾ ਕੰਮ ਉਸ ਸਮੇਂ ਸ਼ੁਰੂ ਕੀਤਾ ਜਦੋਂ ਪਾਕਿਸਤਾਨ ਵੱਲੋਂ 50 ਫੀਸਦੀ ਕੰਮ ਨਿਬੇੜ ਲਿਆ ਸੀ। ਕੁੱਲ ਮਿਲਾ ਕੇ ਭਾਰਤ ਨੂੰ ਮਜਬੂਰੀ ਵਿਚ ਪਾਕਿਸਤਾਨ ਦੇ ਪਿੱਛੇ-ਪਿੱਛੇ ਤੁਰਨਾ ਪਿਆ। ਹੁਣ ਲਾਂਘਾ ਤਿਆਰ ਹੋਣ ਕੰਢੇ ਹੈ ਤੇ ਸਿਆਸੀ ਧਿਰਾਂ ਇਸ ਦਾ ਸਿਹਰਾ ਲੈਣ ਲਈ ਇਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਜੁਟ ਗਈਆਂ ਹਨ।
————————-
ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿਚ ਖਿੱਚੋਤਾਣ
ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿਚ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ। ਅਸਲ ਵਿਚ ਅਕਾਲ ਤਖਤ ਵਲੋਂ ਸਾਂਝੇ ਸਮਾਗਮ ਕਰਵਾਉਣ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ-ਦੂਜੇ ਨਾਲ ਤੁਰਨ ਲਈ ਤਿਆਰ ਨਹੀਂ। ਸ਼੍ਰੋਮਣੀ ਕਮੇਟੀ ਵਲੋਂ ਅਕਾਲੀ ਦਲ ਬਾਦਲ ਨੂੰ ਅੱਗੇ ਲਾਉਣ ਤੋਂ ਵੀ ਸਰਕਾਰ ਔਖੀ ਹੈ। ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਸਰਕਾਰ ਉਸ ਨੂੰ ਸਹਿਯੋਗ ਨਹੀਂ ਦੇ ਰਹੀ ਜਦੋਂਕਿ ਸਰਕਾਰ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਸਮੇਤ ਹੋਰ ਸ਼ਖਸੀਅਤਾਂ ਨੂੰ ਸਮਾਗਮ ਲਈ ਸੱਦਾ ਦੇਣ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਪੁੱਛਗਿੱਛ ਦੀ ਥਾਂ ਬਾਦਲ ਪਰਿਵਾਰ ਨੂੰ ਅੱਗੇ ਲਾਇਆ ਜਾ ਰਿਹਾ ਹੈ।