ਚੰਡੀਗੜ੍ਹ: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀ ਉਪ ਚੋਣ ਸਭ ਰਾਜਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਗਈ ਹੈ। ਸੱਤਾਧਾਰੀ ਕਾਂਗਰਸ ਜਿਥੇ ਇਹ ਚਾਰੇ ਸੀਟਾਂ ਜਿੱਤ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੜ ਆਪਣੇ ਪੈਰ ਪੱਕੇ ਕਰਨਾ ਚਾਹੁੰਦੀ ਹੈ, ਉਥੇ ਅਕਾਲੀ-ਭਾਜਪਾ ਗਠਜੋੜ ਲਈ ਵੀ ਇਹ ਚੋਣਾਂ ਸੂਬੇ ਦੀ ਸੱਤਾ ‘ਚ ਵਾਪਸੀ ਦਾ ਰਾਹ ਖੋਲ੍ਹ ਸਕਦੀਆਂ ਹਨ।
ਉਧਰ, ਇਹ ਚੋਣਾਂ ਤੀਸਰੀ ਧਿਰ ਦੀ ਲੜਾਈ ਲੜ ਰਹੀ ਆਮ ਆਦਮੀ ਪਾਰਟੀ ਦਾ ਭਵਿੱਖ ਵੀ ਤੈਅ ਕਰਨਗੀਆਂ ਤੇ ਪਿਛਲੇ ਲੰਬੇ ਸਮੇਂ ਤੋਂ ਸੱਤਾ ‘ਚ ਭਾਈਵਾਲੀ ਲਈ ਸੰਘਰਸ਼ ਕਰਦੀ ਆ ਰਹੀ ਦਲਿਤਾਂ ਦੀ ਨੁਮਾਇੰਦਾ ਜਥੇਬੰਦੀ ਬਹੁਜਨ ਸਮਾਜ ਪਾਰਟੀ ਲਈ ਵੀ ਆਕਸੀਜਨ ਦਾ ਕੰਮ ਕਰ ਸਕਦੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਵੀ ਇਨ੍ਹਾਂ ਚਾਰੇ ਸੀਟਾਂ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਪਰ ਕਿਹਾ ਜਾ ਰਿਹਾ ਹੈ ਕਿ ਜੇਕਰ ‘ਆਪ’ ਇਨ੍ਹਾਂ ਚੋਣਾਂ ‘ਚ ਆਪਣਾ ਵਜੂਦ ਹੀ ਬਚਾ ਸਕੇ ਤਾਂ ਕਾਫੀ ਹੋਵੇਗਾ, ਜਦਕਿ ਬਹੁਜਨ ਸਮਾਜ ਪਾਰਟੀ ਕੋਲ ਦਲਿਤ ਆਧਾਰ ਵਾਲੀ ਸੀਟ ਫਗਵਾੜੇ ‘ਚ ਆਪਣਾ ਖਾਤਾ ਖੋਲ੍ਹਣ ਦਾ ਸੁਨਹਿਰੀ ਮੌਕਾ ਹੈ।
ਅਕਾਲੀ ਦਲ ਪ੍ਰਤੀ ਨਰਮ ਵਤੀਰਾ ਰੱਖਣ ਅਤੇ ਬੇਅਦਬੀ ਮਾਮਲਿਆਂ ‘ਤੇ ਪੈਰ ਪਿੱਛੇ ਖਿੱਚਣ ਦੇ ਦੋਸ਼ਾਂ ਕਾਰਨ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਨਿਸ਼ਾਨੇ ਉਤੇ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੀ ਇਹ ਚੋਣਾਂ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ। ਇਨ੍ਹਾਂ ਚੋਣਾਂ ‘ਚ ਜਿੱਤ ਨਾਲ ਜਿਥੇ ਉਹ ਆਪਣੇ ਵਿਰੋਧੀਆਂ ਨੂੰ ਧੋਬੀ ਪਟਕਾ ਮਾਰ ਕੇ ਉਨ੍ਹਾਂ ਨੂੰ ਚਿੱਤ ਕਰਨ ਦੀ ਕੋਸ਼ਿਸ਼ ਕਰਨਗੇ, ਉਥੇ ਉਨ੍ਹਾਂ ਦਾ ਪਾਰਟੀ ਅੰਦਰ ਸਿਆਸੀ ਕੱਦ ਵੀ ਹੋਰ ਉਚਾ ਹੋਵੇਗਾ। ਪਰ ਇਸ ਸਭ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਨ੍ਹਾਂ ਚੋਣਾਂ ‘ਚ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਨਾ ਕੀਤੇ ਜਾਣ ਦੀਆਂ ਕਿਆਸ ਅਰਾਈਆਂ ਕਾਂਗਰਸ ਉਮੀਦਵਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ।
ਇਸ ਦੌਰਾਨ ਹਰਿਆਣੇ ‘ਚ ਅਕਾਲੀ-ਭਾਜਪਾ ਗਠਜੋੜ ਦੇ ਖੇਰੂੰ-ਖੇਰੂੰ ਹੋ ਜਾਣ ਦਾ ਪਰਛਾਵਾਂ ਪੰਜਾਬ ਦੀਆਂ ਉਪ ਚੋਣਾਂ ‘ਤੇ ਵੀ ਪੈਣ ਦੀ ਸੰਭਾਵਨਾ ਹੈ। ਭਾਜਪਾ ਦੇ ਖਾਤੇ ਵਾਲੀਆਂ ਮੁਕੇਰੀਆਂ ਤੇ ਫਗਵਾੜਾ ਸੀਟਾਂ ਉਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਖੁੱਲ੍ਹ ਕੇ ਭਾਜਪਾ ਉਮੀਦਵਾਰਾਂ ਦਾ ਸਮਰਥਨ ਨਾ ਕੀਤੇ ਜਾਣ ਦੀਆਂ ਰਿਪੋਰਟਾਂ ਨੇ ਭਾਜਪਾ ਉਮੀਦਵਾਰਾਂ ਨੂੰ ਹੱਥਾਂ ਪੈਰਾਂ ਦੀ ਪਾਈ ਹੋਈ ਹੈ। ਲੰਘੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੀ ਜਿੱਤ ‘ਚ ਮੁਕੇਰੀਆਂ ਹਲਕੇ ਦੇ ਲੋਕਾਂ ਦਾ ਵੱਡਾ ਹੱਥ ਰਿਹਾ ਸੀ ਤੇ ਦੂਸਰਾ ਫਗਵਾੜਾ ਹਲਕੇ ਉਤੇ ਵੀ ਭਾਜਪਾ ਦਾ ਕਬਜ਼ਾ ਰਿਹਾ ਹੈ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਜਪਾ ਉਮੀਦਵਾਰਾਂ ਨੂੰ ਅਕਾਲੀ ਆਗੂਆਂ ਦੀ ਨਾਰਾਜ਼ਗੀ ਮਹਿੰਗੀ ਪੈ ਸਕਦੀ ਹੈ। ਇਸ ਸਭ ਦੇ ਬਾਵਜੂਦ ਇਨ੍ਹਾਂ ਹਲਕਿਆਂ ‘ਚ ਕਾਂਗਰਸ ਉਮੀਦਵਾਰਾਂ ਦੀ ਜਿੱਤ ਦੀ ਰਾਹ ਇੰਨੀ ਆਸਾਨ ਨਹੀਂ ਹੋਵੇਗੀ, ਕਿਉਂਕਿ ਦੋਵੇਂ ਉਮੀਦਵਾਰ ਸਿਆਸੀ ਤਜਰਬੇ ਤੋਂ ਸੱਖਣੇ ਹਨ ਤੇ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਤੇ ਨਾਰਾਜ਼ਗੀ ਵੀ ਇਨ੍ਹਾਂ ਦੇ ਰਾਹ ‘ਚ ਰੋੜੇ ਅਟਕਾ ਸਕਦੀ ਹੈ। ਜਲਾਲਾਬਾਦ ਤੇ ਪੰਥਕ ਹਲਕੇ ਦਾਖਾ ‘ਤੇ ਵੀ ਕਾਂਗਰਸ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਸਖਤ ਟੱਕਰ ਦਿੱਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਾਂਗਰਸ ਨੂੰ ਇਨ੍ਹਾਂ ਹਲਕਿਆਂ ‘ਚ ਪੂਰਾ ਦਮ ਖਮ ਲਗਾਉਣਾ ਪੈ ਸਕਦਾ ਹੈ।
_______________________________________________
ਅਕਾਲੀ ਦਲ ਤੇ ਭਾਜਪਾ ਰਲ ਕੇ ਲੜਨਗੇ ਜ਼ਿਮਨੀ ਚੋਣਾਂ
ਜਲੰਧਰ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਦੋਵਾਂ ਪਾਰਟੀਆਂ ਨੇ ਪੰਜਾਬ ਵਿਚ ਹੋ ਰਹੀਆਂ ਚਾਰ ਜ਼ਿਮਨੀ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ ਹੈ। ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਹਰਿਆਣਾ ਵਿਚ ਭਾਜਪਾ ਦੇ ਵਿਰੁੱਧ ਚੋਣਾਂ ਲੜ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਪੰਜਾਬ ਬਾਰੇ ਹੋਈ ਸੀ ਤੇ ਹਰਿਆਣਾ ਬਾਰੇ ਫੈਸਲਾ 21 ਅਕਤੂਬਰ ਤੋਂ ਬਾਅਦ ਕੀਤਾ ਜਾਵੇਗਾ।
ਸੁਖਬੀਰ ਬਾਦਲ ਨੇ ਇਹ ਦਾਅਵਾ ਵੀ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ ਚਾਰੇ ਸੀਟਾਂ ਉਤੇ ਜਿੱਤ ਪ੍ਰਾਪਤ ਕਰੇਗਾ। ਸ੍ਰੀ ਬਾਦਲ ਨੇ ਕਿਹਾ ਕਿ ਚੋਣਾਂ ਜਿੱਤਣ ਲਈ ਰਣਨੀਤੀ ਘੜ ਲਈ ਹੈ ਤੇ ਉਸੇ ਮੁਤਾਬਕ ਇਕੱਠੇ ਹੋ ਕੇ ਚੋਣਾਂ ਲੜੀਆਂ ਜਾਣਗੀਆਂ। ਦੋਵਾਂ ਧਿਰਾਂ ਵਿਚ ਚੋਣਾਂ ਨੂੰ ਲੈ ਕੇ ਜੇ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਇਸ ਦੇ ਹੱਲ ਲਈ ਦੋ ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ, ਜਿਸ ਵਿਚ ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਚੀਮਾ ਤੇ ਭਾਜਪਾ ਵੱਲੋਂ ਰਾਕੇਸ਼ ਰਾਠੌਰ ਮੈਂਬਰ ਹੋਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਦੋਵੇਂ ਧਿਰਾਂ ਇਕ ਦੂਜੇ ਵਿਰੁੱਧ ਚੋਣਾਂ ਲੜ ਰਹੀਆਂ ਹਨ, ਇਸ ਦਾ ਅਸਰ ਪੰਜਾਬ ਗੱਠਜੋੜ ਉਤੇ ਵੀ ਪੈ ਰਿਹਾ ਸੀ। ਭਾਜਪਾ ਦੇ ਕੁਝ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਉਤੇ ਕੀਤੀਆਂ ਸਖਤ ਟਿੱਪਣੀਆਂ ਕਾਰਨ ਦੋਵਾਂ ਧਿਰਾਂ ਵਿਚ ਕਸ਼ੀਦਗੀ ਪੈਦਾ ਹੋ ਗਈ ਸੀ, ਉਸ ਤੋਂ ਬਾਅਦ ਹੀ ਤਾਲਮੇਲ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ।