ਚੰਡੀਗੜ੍ਹ: ਰਵਾਇਤੀ ਧਿਰਾਂ ਤੋਂ ਸੂਬੇ ਦੇ ਲੋਕਾਂ ਦਾ ਖਹਿੜਾ ਛੁਡਵਾਉਣ ਲਈ ਤੀਸਰਾ ਬਦਲ ਦੇਣ ਦੇ ਦਾਅਵੇ ਕਰ ਕੇ ਉਸਾਰਿਆ ਗਿਆ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਮਹਿਜ਼ ਚਾਰ ਜ਼ਿਮਨੀ ਚੋਣਾਂ ਵਿਚ ਵੀ ਇਕਸੁਰ ਨਹੀਂ ਰਹਿ ਸਕਿਆ। ਪੀ.ਡੀ.ਏ. ਵਿਚ ਸ਼ਾਮਲ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਜਿਥੇ ਹਲਕਾ ਫਗਵਾੜਾ ਵਿਚ ਉਤਾਰੇ ਆਪਣੇ ਉਮੀਦਵਾਰ ਜਰਨੈਲ ਸਿੰਘ ਨੰਗਲ ਨੂੰ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਹੈ, ਉਥੇ ਹੀ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵੀ ਫਗਵਾੜਾ ਵਿਚ ਆਪਣੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਸਿੱਧੂ ਨੂੰ ਬਰਕਰਾਰ ਰੱਖਿਆ ਹੈ।
ਪੀ.ਡੀ.ਏ. ਦੀ ਲੀਡਰਸ਼ਿਪ ਨੂੰ ਆਸ ਸੀ ਕਿ ਸ੍ਰੀ ਬੈਂਸ ਗੱਠਜੋੜ ਦੀ ਭਾਵਨਾ ਅਨੁਸਾਰ ਫਗਵਾੜਾ ਤੋਂ ਆਪਣਾ ਉਮੀਦਵਾਰ ਵਾਪਸ ਲੈ ਲੈਣਗੇ ਪਰ ਕਾਗਜ਼ ਵਾਪਸ ਲੈਣ ਦੇ ਅਖੀਰਲੇ ਦਿਨ ਵੀ ਉਨ੍ਹਾਂ ਕਾਗਜ਼ ਵਾਪਸ ਨਹੀਂ ਲਏ, ਜਿਸ ਕਰਕੇ ਹੁਣ ਪੀ.ਡੀ.ਏ. ਦਾ ਇਕਸੁਰ ਹੋਣ ਦਾ ਸਮਾਂ ਲੰਘ ਗਿਆ ਹੈ। ਪੀ.ਡੀ.ਏ. ਨੇ 4 ਜ਼ਿਮਨੀ ਚੋਣਾਂ ਵਿਚੋਂ ਹਲਕਾ ਮੁਕੇਰੀਆਂ ਨੂੰ ਛੱਡ ਕੇ 3 ਸੀਟਾਂ ਦਾਖਾ, ਫਗਵਾੜਾ ਅਤੇ ਜਲਾਲਾਬਾਦ ਲੜਨ ਦਾ ਫੈਸਲਾ ਲਿਆ ਸੀ, ਜਿਸ ਤਹਿਤ ਲੋਕ ਇਨਸਾਫ ਪਾਰਟੀ ਨੇ ਹਲਕਾ ਦਾਖਾ ਤੇ ਫਗਵਾੜਾ ਤੋਂ ਚੋਣ ਲੜਨ ਦਾ ਦਾਅਵਾ ਪੇਸ਼ ਕੀਤਾ ਸੀ। ਦੂਸਰੇ ਪਾਸੇ ਬਸਪਾ ਨੇ ਵੀ ਹਲਕਾ ਫਗਵਾੜਾ ਤੋਂ ਚੋਣ ਲੜਨ ਦਾ ਦਾਅਵਾ ਕੀਤਾ ਸੀ। ਪੀ.ਡੀ.ਏ. ਨੇ ਜਲਾਲਾਬਾਦ ਦੀ ਸੀਟ ਸੀ.ਪੀ.ਆਈ. ਲਈ ਛੱਡ ਦਿੱਤੀ ਸੀ ਪਰ ਇਸ ਪਾਰਟੀ ਨੇ ਆਪਣਾ ਉਮੀਦਵਾਰ ਹੀ ਨਹੀਂ ਉਤਾਰਿਆ, ਜਿਸ ਕਾਰਨ ਪੀ.ਡੀ.ਏ. ਇਨ੍ਹਾਂ ਚੋਣਾਂ ਵਿਚ 4 ਵਿਚੋਂ ਸਿਰਫ ਦੋ ਸੀਟਾਂ ਤੱਕ ਹੀ ਸਿਮਟ ਗਿਆ ਹੈ। ਪੀ.ਡੀ.ਏ. ਵਿਚ ਸ਼ਾਮਲ ਨਵਾਂ ਪੰਜਾਬ ਪਾਰਟੀ ਦੇ ਮੁਖੀ ਡਾਕਟਰ ਧਰਮਵੀਰ ਗਾਂਧੀ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਸੀ.ਪੀ.ਆਈ. ਦੇ ਸਕੱਤਰ ਬੰਤ ਬਰਾੜ ਅਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਸਾਫ ਕੀਤਾ ਕਿ ਉਹ ਹਲਕਾ ਫਗਵਾੜਾ ਵਿਚ ਬਸਪਾ ਦੇ ਉਮੀਦਵਾਰ ਦੀ ਹੀ ਹਮਾਇਤ ਕਰਨਗੇ।
ਡਾ. ਗਾਂਧੀ ਨੇ ਕਿਹਾ ਕਿ ਪੀ.ਡੀ.ਏ. ਦਾ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਉਤਰਨ ਦਾ ਮੁੱਖ ਮਕਸਦ ਲੋਕਾਂ ਵਿਚ ਇਹ ਵਿਸ਼ਵਾਸ ਪੈਦਾ ਕਰਨਾ ਸੀ ਕਿ ਰਵਾਇਤੀ ਪਾਰਟੀ ਦੇ ਬਦਲ ਵਜੋਂ ਉਹ ਤੀਸਰੀ ਸਿਆਸੀ ਧਿਰ ਉਸਾਰਨ ਲਈ ਇਕਜੁਟ ਤੇ ਦ੍ਰਿੜ੍ਹ ਹਨ। ਇਸ ਲਈ ਸਾਰੀਆਂ ਧਿਰਾਂ ਨੂੰ ਇਕ-ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸੀਟਾਂ ਦੀ ਵੰਡ ਕਰਨੀ ਚਾਹੀਦੀ ਸੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਹਲਕਾ ਫਗਵਾੜਾ ਵਿਚ ਬਸਪਾ ਅਤੇ ਦਾਖਾ ਵਿਚ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਪ੍ਰਚਾਰ ਕਰਨਗੇ।
ਇਸੇ ਤਰ੍ਹਾਂ ਮੰਗਤ ਰਾਮ ਪਾਸਲਾ ਅਤੇ ਬੰਤ ਬਰਾੜ ਨੇ ਵੀ ਸਾਫ ਕੀਤਾ ਕਿ ਸਿਆਸੀ ਹਾਲਾਤ ਅਨੁਸਾਰ ਫਗਵਾੜਾ ਸੀਟ ਤੋਂ ਬਸਪਾ ਦੇ ਉਮੀਦਵਾਰ ਦਾ ਚੋਣ ਲੜਨਾ ਹੀ ਲਾਹੇਵੰਦ ਰਹੇਗਾ। ਸ੍ਰੀ ਖਹਿਰਾ ਨੇ ਕਿਹਾ ਕਿ ਪੀ.ਡੀ.ਏ. ਵਿਚਲੀਆਂ ਸਾਰੀਆਂ ਧਿਰਾਂ ਦੀ ਇਕੋ ਰਾਏ ਸੀ ਕਿ ਫਗਵਾੜਾ ਸੀਟ ਬਸਪਾ ਲਈ ਛੱਡੀ ਜਾਵੇ ਪਰ ਸ੍ਰੀ ਬੈਂਸ ਇਸ ਲਈ ਸਹਿਮਤ ਨਹੀਂ ਹੋਏ, ਜਿਸ ਕਾਰਨ ਉਹ ਫਗਵਾੜਾ ਵਿਚ ਬਸਪਾ ਅਤੇ ਦਾਖਾ ਵਿਚ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕਰਨਗੇ।
ਬੈਂਸ ਭਰਾ ਲੋਕ ਸਭਾ ਚੋਣਾਂ ਤੋਂ ਬਾਅਦ ਨਿਰੰਤਰ ਪੀ.ਡੀ.ਏ. ਤੋਂ ਦੂਰੀ ਬਣਾ ਕੇ ਲੋਕ ਇਨਸਾਫ ਪਾਰਟੀ ਲਈ ਹੀ ਸਰਗਰਮੀਆਂ ਵਿੱਢ ਰਹੇ ਹਨ। ਸਿਮਰਜੀਤ ਸਿੰਘ ਬੈਂਸ ਨੂੰ ਲੋਕ ਸਭਾ ਚੋਣਾਂ ਵਿਚ ਹਲਕਾ ਲੁਧਿਆਣਾ ਤੋਂ ਭਾਰੀ ਵੋਟਾਂ ਪੈਣ ਕਾਰਨ ਉਹ ਇਨ੍ਹਾਂ ਚੋਣਾਂ ਵਿਚ ਬੜੇ ਹੌਂਸਲੇ ਵਿਚ ਹਨ। ਸ੍ਰੀ ਬੈਂਸ ਨੂੰ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਤੋਂ ਵੱਧ ਵੋਟਾਂ ਮਿਲੀਆਂ ਸਨ।
_______________________________________________
ਬਸਪਾ ਵੱਲੋਂ ਲੋਕ ਇਨਸਾਫ ਪਾਰਟੀ ਨਾਲੋਂ ਤੋੜ ਵਿਛੋੜਾ
ਜਲੰਧਰ: ਪੰਜਾਬ ਜਮਹੂਰੀ ਗੱਠਜੋੜ ਦੀ ਸਭ ਤੋਂ ਵੱਡੀ ਧਿਰ ਸਮਝੀ ਜਾਂਦੀ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਜ਼ਿਮਨੀ ਚੋਣਾਂ ਵਿਚ ਲੋਕ ਇਨਸਾਫ ਪਾਰਟੀ ਨਾਲੋਂ ਨਾਤਾ ਤੋੜ ਲਿਆ ਹੈ। ਬਸਪਾ ਲੀਡਰਸ਼ਿਪ ਨੇ ਦਾਖਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਣੀਪਾਲ ਅਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿਚ ਵੀ ਲੋਕ ਇਨਸਾਫ ਪਾਰਟੀ ਨਾਲ ਕੋਈ ਚੋਣ ਸਮਝੌਤਾ ਨਹੀਂ ਹੋਵੇਗਾ।
ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਬਸਪਾ ਦੀ ਮੀਟਿੰਗ ਵਿਚ ਰਣਧੀਰ ਸਿੰਘ ਬੈਣੀਪਾਲ ਰੁਝੇਵਿਆਂ ਕਾਰਨ ਆ ਨਹੀਂ ਸਕੇ। ਉਨ੍ਹਾਂ ਨੇ ਹਦਾਇਤ ਕੀਤੀ ਹੈ ਕਿ ਬਸਪਾ ਦੇ ਸਾਰੇ ਵਰਕਰਾਂ ਤੱਕ ਸੁਨੇਹਾ ਪਹੁੰਚਾਇਆ ਜਾਵੇ ਕਿ ਲੋਕ ਇਨਸਾਫ ਪਾਰਟੀ ਨਾਲ ਕੋਈ ਸਹਿਯੋਗ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਬਸਪਾ ਨੇ ਪਹਿਲਾਂ ਹੀ ਇਹ ਰਾਏ ਬਣਾਈ ਸੀ ਕਿ ਸਿਰਫ ਫਗਵਾੜਾ ਸੀਟ ਵਾਲੀ ਹੀ ਚੋਣ ਲੜੀ ਜਾਵੇਗੀ ਪਰ ਲੋਕ ਇਨਸਾਫ ਪਾਰਟੀ ਨੇ ਗੱਠਜੋੜ ਤੋਂ ਬਾਹਰ ਜਾਂਦਿਆਂ ਹੋਇਆਂ ਇਹ ਫੈਸਲਾ ਆਪ ਹੀ ਕਰ ਲਿਆ ਕਿ ਉਸ ਦਾ ਉਮੀਦਵਾਰ ਵੀ ਇਸ ਹਲਕੇ ਤੋਂ ਚੋਣ ਲੜੇਗਾ।
___________________________________________________
ਚਾਰ ਹਲਕਿਆਂ ਲਈ 33 ਉਮੀਦਵਾਰ ਮੈਦਾਨ ‘ਚ
ਚੰਡੀਗੜ੍ਹ: ਪੰਜਾਬ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 33 ਉਮੀਦਵਾਰ ਮੈਦਾਨ ‘ਚ ਰਹਿ ਗਏ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ 3 ਉਮੀਦਵਾਰਾਂ ਵੱਲੋਂ ਆਪਣੇ ਪੱਤਰ ਵਾਪਸ ਲਏ ਗਏ।
ਵਿਧਾਨ ਸਭਾ ਹਲਕਾ ਫਗਵਾੜਾ ਲਈ 9 ਉਮੀਦਵਾਰ ਆਮ ਆਦਮੀ ਪਾਰਟੀ (ਆਪ) ਦੇ ਸੰਤੋਸ਼ ਕੁਮਾਰ ਗੋਗੀ, ਬਸਪਾ ਦੇ ਭਗਵਾਨ ਦਾਸ, ਲੋਕ ਇਨਸਾਫ ਪਾਰਟੀ ਦੇ ਜਰਨੈਲ ਸਿੰਘ ਨੰਗਲ, ਪੀਪਲ ਪਾਰਟੀ ਆਫ ਡੈਮੋਕਰੇਟਿਵ ਚਰਨਜੀਤ ਕੁਮਾਰ, ਆਜ਼ਾਦ ਉਮੀਦਵਾਰ ਨੀਟੂ, ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਭਾਜਪਾ ਦੇ ਰਜੇਸ਼ ਬੱਗਾ, ਵਿਸਾਲ ਪਾਰਟੀ ਆਫ ਇੰਡੀਆ ਦੇ ਸੋਨੂੰ ਕੁਮਾਰ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਜੋਤ ਕੌਰ ਗਿੱਲ, ਮੁਕੇਰੀਆਂ ਲਈ 6 ਉਮੀਦਵਾਰ ਆਪ ਦੇ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ, ਕਾਂਗਰਸ ਦੀ ਇੰਦੂ ਬਾਲਾ, ਭਾਜਪਾ ਦੇ ਜੰਗੀ ਲਾਲ ਮਹਾਜਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਵਤਨ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਅਰਜੁਨ ਤੇ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤਰਾ, ਦਾਖਾ ਲਈ 11 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਸੰਦੀਪ ਸਿੰਘ ਸੰਧੂ, ਆਪ ਦੇ ਅਮਨਦੀਪ ਸਿੰਘ ਮੋਹਲੀ, ਆਪਣਾ ਪੰਜਾਬ ਦੇ ਸਿਮਰਨਦੀਪ ਸਿੰਘ, ਲੋਕ ਇਨਸਾਫ ਪਾਰਟੀ ਦੇ ਸੁਖਦੇਵ ਸਿੰਘ ਚੱਕ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਜੀਤ ਸਿੰਘ, ਅਕਾਲੀ ਦਲ (ਅ) ਦੇ ਜੋਗਿੰਦਰ ਸਿੰਘ ਵੇਗਲ, ਹਰਬੰਸ ਸਿੰਘ ਜਲਾਲ, ਗੁਰਦੀਪ ਸਿੰਘ ਕਾਹਲੋਂ, ਜੈ ਪ੍ਰਕਾਸ਼ ਜੈਨ, ਬਲਦੇਵ ਸਿੰਘ (ਸਾਰੇ ਆਜ਼ਾਦ), ਜਲਾਲਾਬਾਦ ਲਈ 7 ਉਮੀਦਵਾਰ- ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, ਆਪ ਦੇ ਮਹਿੰਦਰ ਸਿੰਘ ਕਚੂਰਾ, ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, ਜਗਦੀਪ ਕੰਬੋਜ ਗੋਲਡੀ, ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਰਾਜ ਸਿੰਘ (ਸਾਰੇ ਆਜ਼ਾਦ) ਸ਼ਾਮਲ ਹਨ।