ਟਿਕਟਾਂ ਦੀ ਵੰਡ ਨੂੰ ਲੈ ਕੇ ਅਕਾਲੀਆਂ ਵਿਚ ਪੁਆੜਾ ਵਧਿਆ

ਸੰਗਰੂਰ: ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੋਬਿੰਦ ਸਿੰਘ ਕਾਂਝਲਾ ਨੇ ਇਕ ਵਾਰ ਫਿਰ ਸੁਖਦੇਵ ਸਿੰਘ ਢੀਂਡਸਾ ਵਿਰੱਧ ਮੋਰਚਾ ਖੋਲ੍ਹਦਿਆਂ ਉਨ੍ਹਾਂ ਨੂੰ ਹਲਕਾ ਮਹਿਲ ਕਲਾਂ ਦੇ ਇੰਚਾਰਜ ਦੇ ਅਹੁਦੇ ਤੋਂ ਸੇਵਾਮੁਕਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ। ਸ਼ ਕਾਂਝਲਾ ਨੇ ਢੀਂਡਸਾ ‘ਤੇ ਪਾਰਟੀ ਨੂੰ ਸੰਗਰੂਰ ਤੇ ਬਰਨਾਲਾ ਦੀਆਂ ਪੰਜ ਵਿਧਾਨ ਸਭਾ ਸੀਟਾਂ ਹਰਾਉਣ, ਪਾਰਟੀ ਦੇ ਟਕਸਾਲੀ ਅਕਾਲੀਆਂ ਨੂੰ ਖੁੱਡੇ ਲਾ ਕੇ ਕਾਂਗਰਸੀਆਂ ਦੀ ਪੁਸ਼ਤਪਨਾਹੀ ਕਰਨ ਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਰਗੇ ਦੋਸ਼ ਲਾਏ।
ਉਨ੍ਹਾਂ ਇਸ ਮਾਮਲੇ ‘ਤੇ ਪਾਰਟੀ ਪ੍ਰਧਾਨ ਕੋਲ ਆਪਣਾ ਪੱਖ ਰੱਖਣ ਦੇ ਸੰਕੇਤ ਵੀ ਦਿੱਤੇ ਹਨ। ਉਨ੍ਹਾਂ ਭਾਵੇਂ ਸ਼ ਢੀਂਡਸਾ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਹਿਣ ਦਾ ਐਲਾਨ ਵੀ ਕੀਤਾ। ਉਨ੍ਹਾਂ ਆਪਣੇ ਨਾਲ ਹੋਈ ਸਿਆਸੀ ਬੇਇਨਸਾਫੀ ਦੇ ਮੱਦੇਨਜ਼ਰ ਸੁਖਦੇਵ ਸਿੰਘ ਢੀਂਡਸਾ ਖ਼ਿਲਾਫ਼ ਡਟੇ ਰਹਿਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਹਲਕਾ ਮਹਿਲ ਕਲਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਟਿਕਟਾਂ ਦੀ ਵੰਡ ਦੌਰਾਨ ਉਨ੍ਹਾਂ ਦੀ ਰਾਇ ਨਾ ਲੈਣ ਤੇ ਹੋਰ ਦੋਸ਼ਾਂ ਤਹਿਤ ਪਾਰਟੀ ਪ੍ਰਧਾਨ ਦੇ ਹਵਾਲੇ ਨਾਲ ਸ਼ ਕਾਂਝਲਾ ਦੀ ਬਤੌਰ ਹਲਕਾ ਇੰਚਾਰਜ ਦੀ ਮੁਅੱਤਲੀ ਦਾ ਖੁਲਾਸਾ ਕੀਤਾ ਸੀ। 2002 ਵਿਚ ਪਾਰਟੀ ਵੱਲੋਂ ਟਿਕਟ ਕੱਟੇ ਜਾਣ ‘ਤੇ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸ਼ ਕਾਂਝਲਾ ਨੇ ਢੀਂਡਸਾ ਵਿਰੁੱਧ ਪਹਿਲਾਂ ਵੀ ਬਗਾਵਤ ਦਾ ਝੰਡਾ ਚੁੱਕਿਆ ਸੀ।
ਹਲਕੇ ਵਿਚ ਟਿਕਟਾਂ ਦੀ ਵੰਡ ਨੂੰ ਪਾਰਦਰਸ਼ੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਟਿਕਟਾਂ ਦੀ ਵੰਡ ਐਸ਼ਜੀæਪੀæਸੀ ਮੈਂਬਰਾਂ ਤੇ ਪਾਰਟੀ ਦੇ ਪ੍ਰਮੁੱਖ ਆਗੂਆਂ ‘ਤੇ ਆਧਾਰਤ 55 ਮੈਂਬਰੀ ਕਮੇਟੀ ਨੇ ਤਕਰੀਬਨ ਛੇ ਮੀਟਿੰਗਾਂ ਕਰਨ ਤੋਂ ਬਾਅਦ ਕੀਤੀ ਸੀ ਜਿਸ ਨੂੰ 11 ਮੈਂਬਰੀ ਸਕਰੀਨਿੰਗ ਕਮੇਟੀ ਨੇ ਮੁੜ ਜਾਂਚਿਆ ਤੇ ਵਾਚਿਆ। ਉਨ੍ਹਾਂ ਕਿਹਾ ਕਿ ਅਸਲ ਲੜਾਈ ਤਾਂ ਇਹ ਹੈ ਕਿ ਸ਼ ਢੀਂਡਸਾ ਵਿਧਾਨ  ਸਭਾ ਚੋਣਾਂ ਵੇਲੇ ਕਾਂਗਰਸ ਦੇ ਝੰਡੇ ਆਪਣੀਆਂ ਗੱਡੀਆਂ ‘ਤੇ ਲਾ ਕੇ ਅਕਾਲੀ ਉਮੀਦਵਾਰ ਦਾ ਸ਼ਰੇਆਮ ਵਿਰੋਧ ਕਰਨ ਦੇ ਦੋਸ਼ ਹੇਠ ਪਾਰਟੀ ਵਿਚੋਂ ਕੱਢੇ ਗਏ ਆਗੂਆਂ ਨੂੰ ਟਿਕਟਾਂ ਦਿਵਾਉਣ ਦੀ ਦਿਆਨਤਦਾਰੀ ਦਿਖਾ ਰਹੇ ਸਨ ਤੇ ਇਸ ਫੈਸਲੇ ‘ਤੇ ਕਿੰਤੂ ਕਰਨਾ ਜਾਂ ਸੁਣਨਾ ਵੀ ਉਨ੍ਹਾਂ ਨੂੰ ਗਵਾਰਾ ਨਹੀਂ ਸੀ।

Be the first to comment

Leave a Reply

Your email address will not be published.