ਸੁਖਬੀਰ ਬਾਦਲ ਨੂੰ ਉਡਾਉਣ ਦੀ ਘੜੀ ਗਈ ਸੀ ਸਾਜ਼ਿਸ਼

ਤਰਨ ਤਾਰਨ: ਤਕਰੀਬਨ ਮਹੀਨਾ ਪਹਿਲਾਂ ਤਰਨ ਤਾਰਨ-ਖਡੂਰ ਸਾਹਿਬ ਸੜਕ ਉਤੇ ਪੈਂਦੇ ਪਿੰਡ ਕਲੇਰ ਦੇ ਖੇਤਾਂ ਵਿਚ ਹੋਏ ਬੰਬ ਧਮਾਕੇ ਦੀ ਭਾਵੇਂ ਪੁਲਿਸ ਨੇ ਜਾਂਚ ਕਰਕੇ ਇਸ ਸਬੰਧੀ ਸੱਤ ਜਣਿਆਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ ਪਰ ਇਸ ਕਾਂਡ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਆਈ.ਆਈ.ਏ.) ਵੱਲੋਂ ਕੀਤੇ ਜਾਣ ਨਾਲ ਹੋਰ ਵੀ ਕਈ ਪਰਤਾਂ ਖੁੱਲ੍ਹ ਰਹੀਆਂ ਹਨ।

ਸੂਤਰਾਂ ਅਨੁਸਾਰ ਮੁਲਜ਼ਮਾਂ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਹਿਮ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ।
ਮਾਮਲੇ ਦੀ ਜਾਂਚ ਦੌਰਾਨ ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਿਆ ਹੈ ਕਿ ਮੁਲਜ਼ਮਾਂ ਦੇ ਵਿਦੇਸ਼ਾਂ ਵਿਚ ਵਸੇ ਖਾਲਿਸਤਾਨੀ ਤੱਤਾਂ ਨਾਲ ਸਬੰਧ ਅਜੇ ਵੀ ਕਾਇਮ ਸਨ। ਇਸ ਮਾਮਲੇ ਦੇ ਮੁਲਜ਼ਮ ਗੁਰਜੰਟ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਐਨ.ਆਈ.ਏ. ਵੱਲੋਂ ਹਿਰਾਸਤ ਵਿਚ ਲੈਣ ਨਾਲ ਸਥਿਤੀ ਹੋਰ ਵੀ ਸਪੱਸ਼ਟ ਹੋ ਰਹੀ ਹੈ। ਮਾਮਲੇ ਦੇ ਕੇਂਦਰ ਬਿੰਦੂ ਗੁਰਜੰਟ ਸਿੰਘ ਵਾਸੀ ਬਚੜੇ, ਹਰਜੀਤ ਸਿੰਘ ਪੰਡੋਰੀ ਗੋਲਾ, ਮਾਨਦੀਪ ਸਿੰਘ ਮੱਸਾ ਵਾਸੀ ਦੀਨੇਵਾਲ, ਚੰਨਦੀਪ ਸਿੰਘ ਬਟਾਲਾ, ਮਨਪ੍ਰੀਤ ਸਿੰਘ ਮੰਨਾ ਵਾਸੀ ਮੁਰਾਦਪੁਰ (ਤਰਨ ਤਾਰਨ), ਅੰਮ੍ਰਿਤਪਾਲ ਸਿੰਘ ਰੰਧਾਵਾ ਵਾਸੀ ਬਚੜੇ, ਮਲਕੀਤ ਸਿੰਘ ਵਾਸੀ ਕੋਟਲਾ ਗੁੱਜਰ (ਅੰਮ੍ਰਿਤਸਰ) ਅਤੇ ਅਮਰਜੀਤ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਸਾਰਿਆਂ ਦਾ ਸਬੰਧ ਗਰਮਖਿਆਲੀ ਸਿੱਖ ਜਥੇਬੰਦੀ ਨਾਲ ਸੀ।
ਮਲਕੀਤ ਸਿੰਘ ਕੋਟਲਾ ਗੁੱਜਰ ਤੇ ਅਮਰਜੀਤ ਸਿੰਘ ਦੇ ਪਰਿਵਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਪੁੱਤਰਾਂ ਦੇ ਸਬੰਧ ਇਸ ਇਲਾਕੇ ਦੇ ਵਾਸੀ ਮੁਲਜ਼ਮਾਂ ਨਾਲ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬਣੇ ਸਨ ਅਤੇ ਉਸ ਤੋਂ ਬਾਅਦ ਇਹ ਮੋਬਾਈਲ ਫੋਨ ਉਤੇ ਸੰਪਰਕ ਕਰਦੇ ਰਹੇ ਸਨ। ਇਨ੍ਹਾਂ ਮੁਲਜ਼ਮਾਂ ਨੇ ਚੱਬਾ ਵਿਚ ਹੋਏ ਸਰਬੱਤ ਖਾਲਸਾ ਦੇ ਪ੍ਰਬੰਧਾਂ ਵਿਚ ਸਰਗਰਮ ਭੂਮਿਕਾ ਅਦਾ ਕੀਤੀ ਸੀ ਅਤੇ ਸੂਬੇ ਵਿਚ ਬੇਅਦਬੀ ਦੀਆਂ ਵਾਰਦਾਤਾਂ ਦੇ ਵਿਰੋਧ ਵਿਚ ਹਫਤਿਆਂ ਤੱਕ ਸੜਕਾਂ ਜਾਮ ਕਰਨ ਵਿਚ ਵੀ ਮੋਹਰੀ ਭੂਮਿਕਾ ਅਦਾ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਇਹ ਤੱਤ ਬੇਅਦਬੀ ਦੀਆਂ ਵਾਰਦਾਤਾਂ ਲਈ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਤੌਰ ‘ਤੇ ਕਸੂਰਵਾਰ ਸਮਝਦੇ ਸਨ, ਜਿਸ ਕਰਕੇ ਉਹ ਜਿਥੇ ਬੰਬਾਂ ਨਾਲ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ, ਉਥੇ ਉਹ ਕਈ ਹੋਰ ਵੀ.ਆਈ.ਪੀਜ਼. ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।
ਉਹ ਕਿਸੇ ਧਾਰਮਿਕ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਇਕੱਠ ਨੂੰ ਵੀ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ। ਉਨ੍ਹਾਂ 2020 ਦੇ ਸਿੱਖ ਰਿਫਰੈਂਡਮ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਮਾਮਲੇ ਦੇ ਕਥਿਤ ਦੋਸ਼ੀ ਹਰਜੀਤ ਸਿੰਘ ਨੂੰ ਜਿਥੇ ਵਿਦੇਸ਼ਾਂ ਤੋਂ ਪੈਸਾ ਮਿਲਣ ਦੀ ਗੱਲ ਸਾਹਮਣੇ ਆਈ ਹੈ, ਉਥੇ ਮਾਨਦੀਪ ਸਿੰਘ ਮੱਸਾ ਦੀ ਅਗਵਾਈ ਵਾਲੀ ਸੰਸਥਾ ‘ਕਰ ਭਲਾ, ਹੋ ਭਲਾ’ ਨੂੰ ਵੀ ਵਿਦੇਸ਼ਾਂ ਤੋਂ ਪੈਸੇ ਮਿਲਣ ਦੀ ਗੱਲ ਸਾਹਮਣੇ ਆਈ ਹੈ। ਮੁਲਜ਼ਮਾਂ ਨੇ ਬੰਬ ਬਣਾਉਣ ਲਈ ਵਿਸਫੋਟਕ ਸਮੱਗਰੀ ਸਲਫਰ ਅਤੇ ਪੋਟਾਸ਼ੀਅਮ ਕਲੋਰੇਟ ਅੰਮ੍ਰਿਤਸਰ ਤੋਂ ਲਿਆਂਦੀ ਸੀ, ਜਿਸ ਨੂੰ ਉਨ੍ਹਾਂ ਨੇ ਪਿੰਡ ਕਲੇਰ ਦੇ ਖੇਤਾਂ ਵਿਚ ਦਬਾ ਕੇ ਰੱਖਿਆ ਹੋਇਆ ਸੀ।
_____________________________________________
ਪੰਜਾਬ ਤੋਂ ਮਿਲੇ ਹਥਿਆਰਾਂ ਦੀ ਜਾਂਚ ਐਨ.ਆਈ.ਏ. ਹਵਾਲੇ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਪੰਜਾਬ ‘ਚੋਂ ਮਿਲੇ ਹਥਿਆਰਾਂ, ਗੋਲੀ ਸਿੱਕਾ ਅਤੇ ਸੰਚਾਰ ਸਾਧਨਾਂ ਦੀ ਖੇਪ ਨਾਲ ਸਬੰਧਤ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਸੌਂਪਣ ਦਾ ਫੈਸਲਾ ਲਿਆ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਸਰਹੱਦ ਪਾਰੋਂ ਇਹ ਹਥਿਆਰ ਡਰੋਨਾਂ ਰਾਹੀਂ ਪੰਜਾਬ ‘ਚ ਪਹੁੰਚਾਏ ਗਏ ਸਨ। ਇਹ ਫੈਸਲਾ ਪੰਜਾਬ ਸਰਕਾਰ ਦੀ ਬੇਨਤੀ ‘ਤੇ ਲਿਆ ਗਿਆ ਹੈ ਜਿਸ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲਿਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਖਾੜਕੂਆਂ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੂੰ ਪਾਕਿਸਤਾਨ ਅਤੇ ਜਰਮਨੀ ‘ਚ ਬੈਠੇ ਗੁੱਟਾਂ ਦੀ ਹਮਾਇਤ ਹਾਸਲ ਸੀ। ਪੰਜਾਬ ਪੁਲਿਸ ਨੇ ਕਿਹਾ ਸੀ ਕਿ ਦਹਿਸ਼ਤੀ ਗੁੱਟ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ‘ਚ ਹਮਲੇ ਕਰਨ ਦੀ ਸਾਜ਼ਿਸ਼ ਘੜ ਰਹੇ ਸਨ। ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੀ ਰਾਏ ਹੈ ਕਿ ਕੌਮੀ ਜਾਂਚ ਏਜੰਸੀ ਐਕਟ 2008 ਤਹਿਤ ਜੁਰਮ ਹੋਇਆ ਹੈ ਅਤੇ ਫਿਰਕੂ ਤਣਾਅ ਪੈਦਾ ਕਰਨ, ਅਸਥਿਰਤਾ ਫੈਲਾਉਣ ਅਤੇ ਪੰਜਾਬ ਵਿਚ ਮੁੜ ਅਤਿਵਾਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਇਸ ਦੀ ਜਾਂਚ ਐਨ.ਆਈ.ਏ. ਤੋਂ ਕਰਵਾਉਣ ਦੀ ਲੋੜ ਹੈ।