ਗੁਰੂ ਨਾਨਕ ਦੇ ਸਾਂਝੇ ਪ੍ਰਕਾਸ਼ ਪੁਰਬ ਸਮਾਗਮ ਲਈ ਸਹਿਮਤੀ ਬਣੀ

ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ਉਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ‘ਚ ਸਹਿਮਤੀ ਬਣ ਗਈ ਹੈ। ਇਸ ਸਬੰਧੀ ਮੁੜ ਤਾਲਮੇਲ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਚ ਹੋਈ ਜਿਸ ਵਿਚ ਦੋਵਾਂ ਧਿਰਾਂ ਨੇ ਮੁੱਖ ਸਮਾਗਮ ਇਕ ਮੰਚ ਤੋਂ ਸਾਂਝੇ ਤੌਰ ਉਤੇ ਮਨਾਉਣ ਦੀ ਸਹਿਮਤੀ ਦੇ ਦਿੱਤੀ ਹੈ।
ਇਹ ਸਮਾਗਮ ਕਿਸ ਮੰਚ ‘ਤੇ ਹੋਵੇਗਾ ਅਤੇ ਇਸ ਦੇ ਪ੍ਰਬੰਧ ਕੌਣ ਕਰੇਗਾ, ਫਿਲਹਾਲ ਇਸ ਬਾਰੇ ਕੁਝ ਵੀ ਤੈਅ ਨਹੀਂ ਹੈ।

ਮੀਟਿੰਗ ਵਿਚ ਸਰਕਾਰ ਦੇ ਨੁਮਾਇੰਦੇ ਵਜੋਂ ਸਿਰਫ ਇਕ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਜਦੋਂ ਕਿ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਨਹੀਂ ਹੋਏ। ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਦੋ ਨੁਮਾਇੰਦੇ ਬੀਬੀ ਜਗੀਰ ਕੌਰ ਅਤੇ ਜਥੇਦਾਰ ਤੋਤਾ ਸਿੰਘ, ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਂਝੇ ਨੁਮਾਇੰਦੇ ਵਜੋਂ ਬਾਬਾ ਨਿਹਾਲ ਸਿੰਘ ਹਰੀਆਂਵੇਲਾਂ ਅਤੇ ਬਾਬਾ ਨਾਰੰਗ ਸਿੰਘ ਸ਼ਾਮਲ ਹੋਏ। ਲਗਭਗ ਇਕ ਘੰਟਾ ਚੱਲੀ ਮੀਟਿੰਗ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਮੀਟਿੰਗ ਸਦਭਾਵਨਾ ਵਾਲੇ ਮਾਹੌਲ ਅਤੇ ਸੁਹਿਰਦ ਭਾਵਨਾ ਨਾਲ ਕੀਤੀ ਗਈ ਹੈ। ਦੋਵਾਂ ਧਿਰਾਂ 550 ਸਾਲਾ ਪ੍ਰਕਾਸ਼ ਪੁਰਬ ਇਕ ਦੂਜੇ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਮਨਾਉਣ ਲਈ ਸਹਿਮਤ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਮੁੱਖ ਸਮਾਗਮ ਸਾਰੀਆਂ ਧਿਰਾਂ ਇਕ ਮੰਚ ਤੋਂ ਸਾਂਝੇ ਤੌਰ ਉਤੇ ਮਨਾਉਣ, ਇਸ ਲਈ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦੋਵੇਂ ਇਸ ਆਦੇਸ਼ ਮੁਤਾਬਕ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਸਮਾਗਮ ਨੂੰ ਰਲ-ਮਿਲ ਕੇ ਮਨਾਉਣ ਲਈ ਯਤਨਸ਼ੀਲ ਹਨ। ਸਰਕਾਰ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਮੀਟਿੰਗ ਵਿਚ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਮੁੱਖ ਸਮਾਗਮ ਇਕੱਠੇ ਹੋ ਕੇ ਆਪਸੀ ਸਹਿਯੋਗ ਨਾਲ ਮਨਾਉਣ ਦਾ ਫੈਸਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਕ ਨਿਮਾਣੇ ਸਿੱਖ ਵਜੋਂ ਇਹ ਸਮਾਗਮ ਸਾਂਝੇ ਤੌਰ ਉਤੇ ਮਨਾਉਣ ਦੇ ਹੱਕ ਵਿਚ ਹਨ।
ਸ਼੍ਰੋਮਣੀ ਕਮੇਟੀ ਨੇ ਵੀ ਪ੍ਰੋਗਰਾਮ ਸਾਂਝੇ ਤੌਰ ‘ਤੇ ਮਨਾਉਣ ਲਈ ਸਹਿਮਤੀ ਦਿੱਤੀ ਹੈ। ਸਰਕਾਰ ਦੇ ਦੂਜੇ ਨੁਮਾਇੰਦੇ ਵਜੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਸ੍ਰੀ ਰੰਧਾਵਾ ਨੇ ਮੀਟਿੰਗ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਕ ਪੱਤਰ ਦੇ ਕੇ ਸ਼੍ਰੋਮਣੀ ਕਮੇਟੀ ‘ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਸੀ। ਪੱਤਰ ਵਿਚ ਉਨ੍ਹਾਂ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ਉਤੇ ਸੱਦਾ ਪੱਤਰ ਦੇ ਰਹੀ ਹੈ ਅਤੇ ਇਸ ਮਾਮਲੇ ਵਿਚ ਸਰਕਾਰ ਨੂੰ ਅਣਦੇਖਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਸਪੱਸ਼ਟੀਕਰਨ ਲੈਣ ਦੀ ਅਪੀਲ ਕੀਤੀ ਸੀ।
ਪਿਛਲੀ ਮੀਟਿੰਗ ਵਿਚ ਤੈਅ ਹੋਇਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਿਚਾਲੇ ਮੀਟਿੰਗ ਹੋਵੇਗੀ, ਜਿਸ ਵਿਚ ਆਪਸੀ ਸਹਿਮਤੀ ਨਾਲ ਸਾਰੇ ਪ੍ਰੋਗਰਾਮ ਤੈਅ ਕਰ ਲਏ ਜਾਣਗੇ ਪਰ ਇਹ ਮੀਟਿੰਗ ਹੁਣ ਤੱਕ ਨਹੀਂ ਹੋ ਸਕੀ ਹੈ। ਹੁਣ ਮੁੜ ਉਮੀਦ ਪ੍ਰਗਟਾਈ ਗਈ ਹੈ ਕਿ ਜਲਦੀ ਹੀ ਇਹ ਮੀਟਿੰਗ ਹੋਵੇਗੀ। ਇਥੇ ਦੱਸਣਯੋਗ ਹੈ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਚ ਆਪੋ ਆਪਣੇ ਮੰਚ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਮੁੱਖ ਸਮਾਗਮ ਪਹਿਲਾਂ ਹੋਏ ਸ਼ਤਾਬਦੀ ਸਮਾਗਮਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੰਚ ਤੋਂ ਹੀ ਮਨਾਇਆ ਜਾਵੇ।