ਭਾਰਤ-ਪਾਕਿਸਤਾਨ ਪਰਮਾਣੂ ਜੰਗ ਲੈ ਸਕਦੀ ਹੈ ਕਰੋੜਾਂ ਜਾਨਾਂ

ਵਾਸ਼ਿੰਗਟਨ: ਜੇ ਭਾਰਤ ਤੇ ਪਾਕਿਸਤਾਨ ਵਿਚ ਪਰਮਾਣੂ ਜੰਗ ਛਿੜਦੀ ਹੈ ਤਾਂ ਇਕ ਹਫਤੇ ਵਿਚ 5 ਕਰੋੜ ਤੋਂ ਲੈ ਕੇ 12.50 ਕਰੋੜ ਲੋਕਾਂ ਦੀ ਜਾਨ ਜਾ ਸਕਦੀ ਹੈ। ਮੌਤਾਂ ਦੀ ਗਿਣਤੀ ਦੂਜੀ ਸੰਸਾਰ ਜੰਗ, ਜੋ ਛੇ ਸਾਲ ਚੱਲੀ ਸੀ, ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਤੋਂ ਵੀ ਵਧ ਸਕਦੀ ਹੈ।

ਅਮਰੀਕਾ ਵਿਚ ਇਕ ਹਾਲੀਆ ਅਧਿਐਨ ਅਨੁਸਾਰ ਜੇ ਦੋਹਾਂ ਦੇਸ਼ਾਂ ਵਿਚਾਲੇ ਪਰਮਾਣੂ ਜੰਗ ਹੋਈ ਤਾਂ ਇਸ ਦੇ ਬੇਹੱਦ ਖਤਰਨਾਕ ਸਿੱਟੇ ਹੋਣਗੇ। ਇੰਨਾ ਹੀ ਨਹੀਂ, ਇਹ ਪੂਰੀ ਦੁਨੀਆਂ ਨੂੰ ਜਲਵਾਯੂ ਪਰਿਵਰਤਨ ਨਾਲ ਆਉਣ ਵਾਲੀਆਂ ਕੁਦਰਤੀ ਆਫਤਾਂ ਵੱਲ ਵੀ ਲੈ ਜਾਵੇਗੀ। ਅਧਿਐਨ ਦੇ ਸਹਿ-ਲੇਖਕ ਰੁਟਗਰਸ ਯੂਨੀਵਰਸਿਟੀ ਦੇ ਐਲਨ ਰੋਬੋਕ ਅਨੁਸਾਰ ਦੋਵੇਂ ਦੇਸ਼ਾਂ ‘ਚ ਪਰਮਾਣੂ ਜੰਗ ਹੋਈ ਤਾਂ 12.5 ਕਰੋੜ ਲੋਕ ਤੁਰਤ ਮਾਰੇ ਜਾਣਗੇ। ਅਜਿਹੀ ਜੰਗ ਨਾਲ ਸਿਰਫ ਉਨ੍ਹਾਂ ਥਾਂਵਾਂ ਨੂੰ ਹੀ ਨੁਕਸਾਨ ਨਹੀਂ ਹੋਵੇਗਾ, ਜਿਥੇ ਪਰਮਾਣੂ ਬੰਬ ਡਿੱਗਣਗੇ ਸਗੋਂ ਪੂਰੀ ਦੁਨੀਆਂ ਪ੍ਰਭਾਵਿਤ ਹੋਵੇਗੀ। ਸਾਇੰਸ ਅਡਵਾਂਸੇਜ਼ ਜਰਨਲ ‘ਚ ਛਪੇ ਅਧਿਐਨ ‘ਚ ਇਹ ਮੰਨ ਕੇ ਨੁਕਸਾਨ ਦਾ ਅੰਦਾਜਾ ਲਾਇਆ ਗਿਆ ਹੈ ਕਿ 2025 ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਹੋ ਸਕਦੀ ਹੈ। ਕਸ਼ਮੀਰ ਨੂੰ ਲੈ ਕੇ ਦੋਹਾਂ ਦੇਸ਼ਾਂ ‘ਚ ਪਹਿਲਾਂ ਵੀ ਜੰਗ ਹੋ ਚੁਕੀ ਹੈ। ਕਿਹਾ ਗਿਆ ਹੈ ਕਿ ਜੰਗ ਕਾਰਨ ਦੁਨੀਆਂ ਵਿਚ ਆਮ ਮੌਤ ਦਰ ਵੀ ਦੁੱਗਣੀ ਹੋ ਸਕਦੀ ਹੈ। ਅਧਿਐਨ ਅਨੁਸਾਰ ਮੌਜੂਦਾ ਸਮੇਂ ‘ਚ ਦੋਹਾਂ ਦੇਸ਼ਾਂ ਕੋਲ 150-150 ਪਰਮਾਣੂ ਬੰਬ ਹਨ ਜਦੋਂ ਕਿ 2025 ਤੱਕ ਦੋਹਾਂ ਦੇਸ਼ਾਂ ਦੇ ਪਰਮਾਣੂ ਹਥਿਆਰਾਂ ਦੀ ਗਿਣਤੀ 400 ਤੋਂ 500 ਹੋਵੇਗੀ।
ਅਧਿਐਨ ਵਿਚ ਸ਼ਾਮਲ ਖੋਜੀਆਂ ਅਨੁਸਾਰ ਪਰਮਾਣੂ ਬੰਬਾਂ ਦੇ ਫਟਣ ਉਤੇ 1.6 ਤੋਂ 3.6 ਕਰੋੜ ਟਨ ਦੀ ਸਵਾਹ ਬਣੇਗੀ ਜੋ ਧੂੰਏਂ ਵਿਚ ਬੇਹੱਦ ਛੋਟੇ-ਛੋਟੇ ਕਣਾਂ ਦੇ ਰੂਪ ‘ਚ ਹੋਵੇਗੀ। ਇਹ ਸਵਾਹ ਉੱਪਰੀ ਵਾਤਾਵਰਨ ਤੱਕ ਪਹੁੰਚ ਜਾਵੇਗੀ ਤੇ ਇਕ ਹਫਤੇ ਵਿਚ ਹੀ ਪੂਰੀ ਦੁਨੀਆਂ ‘ਚ ਫੈਲ ਜਾਵੇਗੀ। ਖੋਜੀਆਂ ਅਨੁਸਾਰ ਇਹ ਸਵਾਹ ਸੌਰ ਊਰਜਾ ਨੂੰ ਸੋਖ ਲਵੇਗੀ ਜਿਸ ਨਾਲ ਹਵਾ ਗਰਮ ਹੋ ਜਾਵੇਗੀ ਤੇ ਧੂੰਆਂ ਤੇਜ਼ੀ ਨਾਲ ਉੱਪਰ ਉਠੇਗਾ। ਅਧਿਐਨ ਅਨੁਸਾਰ ਇਸ ਪ੍ਰਕ੍ਰਿਆ ਵਿਚ ਧਰਤੀ ‘ਤੇ ਪਹੁੰਚਣ ਵਾਲੀ ਸੂਰਜ ਦੀ ਰੌਸ਼ਨੀ ਦੀ ਮਾਤਰਾ ‘ਚ 20 ਤੋਂ 35 ਫੀਸਦੀ ਦੀ ਕਮੀ ਆਵੇਗੀ ਜਿਸ ਨਾਲ ਧਰਤੀ ਦੀ ਸਤ੍ਹਾ ਦਾ ਤਾਪਮਾਨ 2 ਤੋਂ 5 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ। ਇੰਨਾ ਹੀ ਨਹੀਂ, ਪੂਰੀ ਦੁਨੀਆਂ ‘ਚ ਹੋਣ ਵਾਲੀ ਬਾਰਸ਼ ਵਿਚ 15 ਤੋਂ 30 ਫੀਸਦੀ ਦੀ ਕਮੀ ਦੇਖਣ ਨੂੰ ਮਿਲੇਗੀ, ਜਿਸ ਦਾ ਬਹੁਤ ਡੂੰਘਾ ਅਸਰ ਪਵੇਗਾ। ਮਹਾਂਸਾਗਰਾਂ ਦੀ ਉਤਪਾਦਕਤਾ ਵੀ ਘੱਟ ਜਾਵੇਗੀ ਤੇ ਇਸ ਅਸਰ ਤੋਂ ਰਾਹਤ ਮਿਲਣ ‘ਚ 10 ਸਾਲ ਤੋਂ ਵੱਧ ਸਮਾਂ ਲੱਗੇਗਾ, ਉਦੋਂ ਤੱਕ ਉੱਪਰੀ ਵਾਤਾਵਰਨ ‘ਚ ਧੂੰਆਂ ਮੌਜੂਦ ਰਹੇਗਾ। ਖੋਜੀਆਂ ਅਨੁਸਾਰ 2025 ਤੱਕ ਪਰਮਾਣੂ ਹਥਿਆਰਾਂ ਦੀ ਸਮਰੱਥਾ ਬਹੁਤ ਵਧ ਚੁੱਕੀ ਹੋਵੇਗੀ। ਇਸ ਤੋਂ ਬਿਨਾ ਦੁਨੀਆਂ ਭਰ ‘ਚ ਵੱਡੇ ਪੱਧਰ ‘ਤੇ ਭੁੱਖਮਰੀ ਫੈਲ ਜਾਵੇਗੀ ਜਿਸ ਨਾਲ ਹੋਰ ਮੌਤਾਂ ਹੋਣਗੀਆਂ।
____________________________________
ਭਾਰਤ ‘ਤੇ ਹਮਲਾ ਕਰ ਸਕਦੇ ਹਨ ਪਾਕਿ ਅਤਿਵਾਦੀ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਕਈ ਦੇਸ਼ਾਂ ਦੇ ਉਸ ਡਰ ਨੂੰ ਸਾਹਮਣੇ ਰੱਖਿਆ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਦੇ ਬਾਅਦ ਪਾਕਿਸਤਾਨੀ ਅਤਿਵਾਦੀ ਭਾਰਤ ‘ਚ ਹਮਲਿਆਂ ਨੂੰ ਅੰਜਾਮ ਦੇ ਸਕਦੇ ਹਨ। ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਨ੍ਹਾਂ ਅਤਿਵਾਦੀ ਸੰਗਠਨਾਂ ਨੂੰ ਕਾਬੂ ‘ਚ ਰੱਖੇ ਤਾਂ ਇਨ੍ਹਾਂ ਹਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਭਾਰਤ ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਰੱਖਿਆ ਮੰਤਰੀ ਰੈਂਡਲ ਸ਼ਾਈਵਰ ਨੇ ਵਾਸ਼ਿੰਗਟਨ ਦੀ ਜਨਤਾ ਨੂੰ ਕਿਹਾ ਕਿ ਕਸ਼ਮੀਰ ‘ਤੇ ਫੈਸਲੇ ਤੋਂ ਬਾਅਦ ਕਈ ਦੇਸ਼ਾਂ ਨੂੰ ਡਰ ਹੈ ਕਿ ਅਤਿਵਾਦੀ ਸੰਗਠਨ ਸਰਹੱਦ ਪਾਰ ਤੋਂ ਹਮਲਿਆਂ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਤਰ੍ਹਾਂ ਦਾ ਕੋਈ ਸੰਘਰਸ਼ ਚਾਹੇਗਾ ਜਾਂ ਉਸ ਦਾ ਸਮਰਥਨ ਕਰੇਗਾ। ਸ਼ਾਈਵਰ ਕਸ਼ਮੀਰ ਮੁੱਦੇ ‘ਤੇ ਚੀਨ ਵੱਲੋਂ ਪਾਕਿਸਤਾਨ ਨੂੰ ਸਮਰਥਨ ਦੇਣ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਭਾਰਤ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 37 ਤੇ 35-ਏ ਨੂੰ 5 ਅਗਸਤ ਨੂੰ ਖਤਮ ਕਰ ਦਿੱਤਾ ਸੀ।
ਭਾਰਤ ਦੀ ਹਿਲਜੁਲ ਪਿੱਛੋਂ ਪਾਕਿ ਫੌਜ ਮੁਖੀ ਦੀ ਬੜ੍ਹਕ
ਇਸਲਾਮਾਬਾਦ: ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਭਾਰਤ ਵੱਲੋਂ ਕੀਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਮੂੰਹਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਥੇ ਕੋਰ ਕਮਾਂਡਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਉਨ੍ਹਾਂ ਦੇ ਦੇਸ਼ ਦੀ ਸਾਹ ਰਗ ਹੈ। ਉਨ੍ਹਾਂ ਕਿਹਾ ਕਿ ਸੈਨਾ ਦੇਸ਼ ਦੀ ਇਜਜੁਟਤਾ ਤੇ ਆਖੰਡਤਾ ਅਤੇ ਮਾਣ ਸਨਮਾਨ ਨੂੰ ਹਰ ਕੀਮਤ ਉਤੇ ਬਰਕਰਾਰ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਇਸ ਦੌਰਾਨ ਹੀ ਜਨਰਲ ਬਾਜਵਾ ਨੇ ਇਥੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਸੁਰੱਖਿਆ ਦੀ ਸਥਿਤੀ ਬਿਹਤਰ ਹੋਣ ਨਾਲ ਕਾਰੋਬਾਰੀ ਗਤੀਵਿਧੀਆਂ ਕਰਨ ਲਈ ਦਾਇਰਾ ਮੋਕਲਾ ਹੋਇਆ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਜਨਰਲ ਕਮਰ ਬਾਜਵਾ ਨੇ ਕਿਹਾ ਕਿ ਕਾਰੋਬਾਰੀਆਂ ਨਾਲ ਸੰਵਾਦ ਰਚਾਉਣ ਦਾ ਮੁੱਖ ਮਕਸਦ ਵਧੇਰੇ ਆਪਸੀ ਸਮਝ ਪੈਦਾ ਕਰਨਾ ਹੈ।