ਹਜੂਮੀ ਹਿੰਸਾ: ਮੋਦੀ ਨੂੰ ਖਤ ਲਿਖਣ ਵਾਲਿਆਂ ਖਿਲਾਫ ਕੇਸ ਦਰਜ

ਮੁਜ਼ੱਫਰਨਗਰ: ਦੇਸ਼ ਅੰਦਰ ਵਾਪਰੀਆਂ ਹਜੂਮੀ ਹਿੰਸਾ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਤ ਲਿਖਣ ਵਾਲੀਆਂ 50 ਦੇ ਕਰੀਬ ਹਸਤੀਆਂ ਖਿਲਾਫ ਬਿਹਾਰ ਦੇ ਮੁਜ਼ੱਫਰਨਗਰ ‘ਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਹਸਤੀਆਂ ‘ਚ ਅਪਰਨਾ ਸੇਨ, ਅਦੂਰ ਗੋਪਾਲਾਕ੍ਰਿਸ਼ਨਨ ਅਤੇ ਰਾਮਚੰਦਰ ਗੁਹਾ ਵਰਗੇ ਨਾਂ ਸ਼ਾਮਲ ਹਨ।

ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਦੇਸ਼ ਧਰੋਹ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਫਿਲਮੀ ਹਸਤੀਆਂ, ਲੇਖਕਾਂ ਤੇ ਹੋਰਨਾਂ ਸਮੇਤ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਹ ਕੇਸ ਦਰਜ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਇਹ ਕੇਸ ਦਰਜ ਕਰਨ ਦੇ ਹੁਕਮ ਮੁਜ਼ੱਫਰਨਗਰ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਸੂਰਿਆ ਕਾਂਤ ਤਿਵਾੜੀ ਨੇ ਸਥਾਨਕ ਵਕੀਲ ਸੁਧੀਰ ਕੁਮਾਰ ਓਝਾ ਦੀ ਅਪੀਲ ‘ਤੇ ਜਾਰੀ ਕੀਤੇ ਹਨ। ਐਡਵੋਕੇਟ ਓਝਾ ਨੇ ਆਪਣੀ ਅਪੀਲ ‘ਚ ਦਾਅਵਾ ਕੀਤਾ ਸੀ ਕਿ ਇਹ ਖਤ ਵੱਖਵਾਦੀ ਰੁਝਾਨ ਨੂੰ ਹਮਾਇਤ ਕਰਦਾ ਹੈ।
ਓਝਾ ਨੇ ਕਿਹਾ ਕਿ ਚੀਫ ਜੁਡੀਸ਼ਲ ਮੈਜਿਸਟਰੇਟ ਨੇ ਮੇਰੀ ਅਪੀਲ ਸਵੀਕਾਰ ਕਰਦਿਆਂ 20 ਅਗਸਤ ਨੂੰ ਹੁਕਮ ਜਾਰੀ ਕਰ ਦਿੱਤੇ ਸਨ। ਇਹ ਹੁਕਮ ਪ੍ਰਾਪਤ ਹੋਣ ਤੋਂ ਬਾਅਦ ਸਦਰ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਖਤ ‘ਤੇ ਦਸਤਖਤ ਕਰਨ ਵਾਲੇ ਕਰੀਬ 50 ਵਿਅਕਤੀਆਂ ਦੇ ਨਾਂ ਮੁਲਜ਼ਮਾਂ ਵਜੋਂ ਪਟੀਸ਼ਨ ‘ਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਹਸਤੀਆਂ ਵੱਲੋਂ ਲਿਖੇ ਖਤ ਨਾਲ ਦੇਸ਼ ਦੇ ਅਕਸ ਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਕੰਮਾਂ ਨੂੰ ਢਾਹ ਲੱਗੀ ਹੈ।
ਜ਼ਿਕਰਯੋਗ ਹੈ ਕਿ ਫਿਲਮਸਾਜ਼ ਮਨੀ ਰਤਨਮ, ਅਨੁਰਾਗ ਕਸ਼ਯਪ, ਸ਼ਿਆਮ ਬੈਨੇਗਲ, ਅਦਾਕਾਰਾ ਸੌਮਿੱਤਰਾ ਚੈਟਰਜੀ ਤੇ ਗਾਇਕਾ ਸ਼ੁਭਾ ਮੁਦਗਲ ਸਣੇ ਦੇਸ਼ ਦੀਆਂ 49 ਉੱਘੀਆਂ ਹਸਤੀਆਂ ਨੇ ਇਸ ਸਾਲ ਜੁਲਾਈ ਮਹੀਨੇ ਪ੍ਰਧਾਨ ਮੰਤਰੀ ਦੇ ਨਾਂ ਖੁੱਲ੍ਹਾ ਖਤ ਲਿਖ ਕੇ ਦੇਸ਼ ਅੰਦਰ ਮੁਸਲਮਾਨਾਂ, ਦਲਿਤਾਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਨਾਲ ਵਾਪਰ ਰਹੀ ਹਜੂਮੀ ਕਤਲਾਂ ਦੀਆਂ ਘਟਨਾਵਾਂ ਰੋਕਣ ਲਈ ਕਿਹਾ ਸੀ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਸੀ ਕਿ ਬਿਨਾਂ ਵਿਰੋਧੀਆਂ ਦੇ ਲੋਕਤੰਤਰ ਨਹੀਂ ਹੋ ਸਕਦਾ। ਅਦਾਕਾਰਾ ਅਪਰਨਾ ਸੇਨ ਨੇ ਇਹ ਕਹਿੰਦਿਆਂ ਇਸ ਮਾਮਲੇ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਕਿ ਮਾਮਲਾ ਹੁਣ ਅਦਾਲਤ ਦੇ ਵਿਚਾਰ ਅਧੀਨ ਹੈ।
_________________________________________
ਮੋਦੀ ਖਿਲਾਫ ਜੋ ਬੋਲੇਗਾ, ਜੇਲ੍ਹ ਜਾਵੇਗਾ: ਰਾਹੁਲ
ਵਾਇਨਾਡ (ਕੇਰਲ): ਦੇਸ਼ ‘ਚ ਹਜੂਮੀ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਤ ਲਿਖਣ ਵਾਲੀਆਂ 50 ਦੇ ਕਰੀਬ ਹਸਤੀਆਂ ਖਿਲਾਫ ਕੇਸ ਦਰਜ ਕੀਤੇ ਜਾਣ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਜੋ ਵੀ ਪ੍ਰਧਾਨ ਮੰਤਰੀ ਖਿਲਾਫ ਕੁਝ ਬੋਲੇਗਾ, ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਗੁੱਝੀ ਨਹੀਂ ਰਹੀ ਕਿ ਦੇਸ਼ ‘ਧੱਕੜ ਨਿਜ਼ਾਮ’ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਵਾਸੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇਸ਼ ਦੀ ਆਰਥਿਕਤਾ ਕਿਉਂ ਤਬਾਹ ਕੀਤੀ ਤੇ ਕਿਉਂ ਇੰਨੇ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਪੈਦਾ ਕੀਤੀ।
__________________________________________
ਨਿਆਇਕ ਪ੍ਰਬੰਧ ‘ਤੇ ਉਠੇ ਸਵਾਲ
ਮੁੰਬਈ: ਮਸ਼ਹੂਰ ਫਿਲਮ ਹਸਤੀ ਅਦੂਰ ਗੋਪਾਲਾਕ੍ਰਿਸ਼ਨਨ ਨੇ ਦੇਸ਼ ਦੇ ਨਿਆਇਕ ਪ੍ਰਬੰਧ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਦੇਸ਼ ਅੰਦਰ ਬਹੁਤ ਕੁਝ ਅਜੀਬ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਅਸੀਂ ਸੁਣਿਆ ਸੀ ਕਿ ਕੁਝ ਲੋਕਾਂ ਸਮੇਤ ਇਕ ਔਰਤ ਨਾਥੂ ਰਾਮ ਗੋਡਸੇ ਨੂੰ ਸ਼ਰਧਾਂਜਲੀ ਦੇਣ ਲਈ ਮਹਾਤਮਾ ਗਾਂਧੀ ਦੇ ਪੁਤਲੇ ‘ਤੇ ਗੋਲੀਆਂ ਚਲਾ ਰਹੀ ਹੈ ਅਤੇ ਅਦਾਲਤ ਨੇ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ। ਇਹ ਔਰਤ ਹੁਣ ਦੇਸ਼ ਦੀ ਸੰਸਦ ਮੈਂਬਰ ਹੈ। ਉਨ੍ਹਾਂ ਕਿਹਾ, ‘ਕੀ ਕੋਈ ਅਦਾਲਤ ਇਹ ਸਵੀਕਾਰ ਕਰੇਗੀ ਕਿ ਇਹ ਪਟੀਸ਼ਨ ਅਜਿਹੇ ਖਤ ਦੇ ਆਧਾਰ ‘ਤੇ ਦਾਇਰ ਕੀਤੀ ਗਈ ਹੈ ਜਿਸ ‘ਚ ਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕੀਤੀ ਗਈ ਹੋਵੇ।’