ਪੁਲਿਸ, ਸਿਆਸਤਦਾਨਾਂ ਤੇ ਅਪਰਾਧੀਆਂ ਦਾ ਗੱਠਜੋੜ ਤੋੜਨ ਲਈ ਬਣੇਗੀ ਰਣਨੀਤੀ

ਚੰਡੀਗੜ੍ਹ: ਪੰਜਾਬ ਵਿਚ ਪੁਲਿਸ ਦਾ ਸਿਆਸਤਦਾਨਾਂ ਤੇ ਅਪਰਾਧੀਆਂ ਨਾਲ ਗੱਠਜੋੜ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਹ ਗੱਠਜੋੜ ਸੂਬੇ ਦੀ ਕਾਨੂੰਨੀ ਵਿਵਸਥਾ ‘ਤੇ ਹੀ ਭਾਰੂ ਨਹੀਂ ਪੈ ਰਿਹਾ, ਸਗੋਂ ਨਸ਼ਿਆਂ ਦੀ ਤਸਕਰੀ ਰੋਕਣ ਵਿਚ ਵੀ ਵੱਡਾ ਅੜਿੱਕਾ ਮੰਨਿਆ ਜਾਂਦਾ ਹੈ। ਇਸ ਗੱਠਜੋੜ ਨੂੰ ਤੋੜਨ ਲਈ ਪੁਲਿਸ ਵੱਲੋਂ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਦੀਆਂ ਤਾਇਨਾਤੀਆਂ ਸਬੰਧੀ ਠੋਸ ਨੀਤੀ ਅਤੇ ਰਣਨੀਤੀ ਅਪਨਾਉਣ ਦਾ ਫੈਸਲਾ ਲਿਆ ਗਿਆ ਹੈ।

ਇਸ ਸਬੰਧੀ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਅਤੇ ਅਪਰਾਧੀਆਂ ਦਰਮਿਆਨ ਬਣੇ ਗੱਠਜੋੜ ਨੂੰ ਤੋੜਨ ਲਈ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਮੁਲਾਜ਼ਮਾਂ ਤੇ ਨਾਨ-ਗਜ਼ਟਿਡ ਅਫਸਰਾਂ ਨੂੰ ਉਨ੍ਹਾਂ (ਪੁਲਿਸ ਮੁਲਾਜ਼ਮਾਂ) ਦੇ ਰਿਹਾਇਸ਼ੀ ਖੇਤਰ ਦੀ ਸਬ-ਡਿਵੀਜ਼ਨ ਤੋਂ ਬਾਹਰਲੇ ਥਾਣਿਆਂ ‘ਚ ਤਾਇਨਾਤ ਕੀਤਾ ਜਾਵੇਗਾ। ਡੀ.ਜੀ.ਪੀ. ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੇ ਤਬਾਦਲਿਆਂ ਸਬੰਧੀ ਠੋਸ ਨੀਤੀ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਗਈ ਹੈ ਤੇ ਪ੍ਰਵਾਨਗੀ ਮਗਰੋਂ ਮੁਲਾਜ਼ਮਾਂ ਦੀਆਂ ਤਾਇਨਾਤੀਆਂ ਨਵੀਂ ਨੀਤੀ ਦੇ ਤਹਿਤ ਹੀ ਕੀਤੀਆਂ ਜਾਣਗੀਆਂ।
ਦਿਨਕਰ ਗੁਪਤਾ ਨੇ ਮੰਨਿਆ ਕਿ ਸਥਾਨਕ ਪੱਧਰ ‘ਤੇ ਪੁਲਿਸ ਮੁਲਾਜ਼ਮਾਂ ਦੀ ਅਪਰਾਧੀਆਂ ਅਤੇ ਤਸਕਰਾਂ ਨਾਲ ਸਾਂਝ ਪੈ ਜਾਂਦੀ ਹੈ ਜਾਂ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੇ ਰਿਹਾਇਸ਼ੀ ਖੇਤਰ ਵਿਚ ਤਾਇਨਾਤੀ ਦੌਰਾਨ ਨਿੱਜੀ ਕਿੜਾਂ ਕੱਢੀਆਂ ਜਾਂਦੀਆਂ ਹਨ। ਪੁਲਿਸ ਦੇ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਜ਼ਰੂਰੀ ਹੈ ਕਿ ਐਸ਼ਐਚ.ਓ. ਪੱਧਰ ਦੇ ਨਾਨ-ਗਜ਼ਟਿਡ ਅਫਸਰਾਂ ਦੀਆਂ ਤਾਇਨਾਤੀਆਂ ਪੱਕੇ ਰਿਹਾਇਸ਼ੀ ਪਤੇ ਤੋਂ ਦੂਰ ਕੀਤੀਆਂ ਜਾਣ। ਉਧਰ, ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ, ਸਿਆਸਤਦਾਨਾਂ ਤੇ ਤਸਕਰਾਂ ਦਰਮਿਆਨ ਗੱਠਜੋੜ ਤੋੜਨ ਲਈ ਮੁੱਖ ਮੰਤਰੀ ਸਾਹਮਣੇ ਕੁਝ ਠੋਸ ਸੁਝਾਅ ਵੀ ਰੱਖੇ ਗਏ ਸਨ। ਇਸ ਤਜਵੀਜ਼ ਵਿਚ ਸਭ ਤੋਂ ਵੱਡਾ ਨੁਕਤਾ ਥਾਣਾ ਮੁਖੀਆਂ (ਐਸ਼ਐਚ.ਓਜ਼.), ਡੀ.ਐਸ਼ਪੀ. ਤੇ ਐਸ਼ਪੀ. ਰੈਂਕ ਦੇ ਅਫਸਰਾਂ ਦੀਆਂ ਤਾਇਨਾਤੀਆਂ ਦਾ ਪਿਛਲੇ ਦੋ ਦਹਾਕਿਆਂ ਦਾ ਰਿਕਾਰਡ ਘੋਖ ਕੇ ਇਸ ਪੱਧਰ ਦੇ ਪੁਲਿਸ ਅਫਸਰਾਂ ਵੱਲੋਂ ਕਾਇਮ ਕੀਤੇ ਕਬਜ਼ਿਆਂ ਨੂੰ ਤੋੜਨਾ ਸੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਬਟਾਲਾ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਇਕੋ ਕਿਸਮ ਦੇ ਪੁਲਿਸ ਅਫਸਰਾਂ ਦਾ ਗਲਬਾ ਬਣਿਆ ਹੋਇਆ ਹੈ।
ਪੁਲਿਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਨ੍ਹਾਂ ਅਫਸਰਾਂ ਦੀਆਂ ਤਾਇਨਾਤੀਆਂ ਵੀ ਅਕਸਰ ਸਿਆਸਤਦਾਨਾਂ ਦੀਆਂ ਸਿਫਾਰਸ਼ਾਂ ਉਤੇ ਕੀਤੀਆਂ ਜਾਂਦੀਆਂ ਹਨ। ਸਾਲ 2014 ਦੌਰਾਨ ਤਤਕਾਲੀ ਬਾਦਲ ਸਰਕਾਰ ਨੇ ਨਸ਼ਿਆਂ ਦੀ ਤਸਕਰੀ ਦਾ ਸੇਕ ਲੱਗਣ ਮਗਰੋਂ ਸਰਹੱਦੀ ਖੇਤਰ ਦੇ ਕੁਝ ਪੁਲਿਸ ਅਫਸਰਾਂ ਨੂੰ ਨੌਕਰੀ ਤੋਂ ਕੱਢਿਆ ਸੀ ਤੇ ਕੇਸ ਦਰਜ ਕਰਨ ਵਰਗੀ ਕਾਰਵਾਈ ਵੀ ਕੀਤੀ ਪਰ ਸਮਾਂ ਪਾ ਕੇ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਆਈ.ਜੀ. ਰੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਤਰਨ ਤਾਰਨ ਅਤੇ ਫਿਰੋਜ਼ਪੁਰ ਆਦਿ ਖੇਤਰਾਂ ਵਿਚ ਇੰਸਪੈਕਟਰ ਅਤੇ ਸਬ-ਇੰਸਪੈਕਟਰ ਰੈਂਕ ਦੇ ਮੁਲਾਜ਼ਮਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਦੇ ਕੁੱਲ ਅਸਾਸੇ 500 ਕਰੋੜ ਦੇ ਕਰੀਬ ਜਾਂ ਜ਼ਿਆਦਾ ਹਨ।