ਭਾਰਤ ‘ਚ ਅਕਲ ਦੀ ਗੱਲ ਵੀ ਦੇਸ਼ ਧਰੋਹ ਜਾਪਣ ਲੱਗ ਪਈ

-ਜਤਿੰਦਰ ਪਨੂੰ
ਅਸੀਂ ਉਹ ਦਿਨ ਵੇਖੇ ਹਨ, ਜਦੋਂ ਪੰਜਾਬ ਦੇ ਗੱਭਰੂ ਕਮਾਈਆਂ ਕਰਨ ਲਈ ਟਰੈਵਲ ਏਜੰਟਾਂ ਰਾਹੀਂ ਕਦੀ ਇਰਾਕ, ਇਰਾਨ ਅਤੇ ਲੀਬੀਆ ਵੱਲ ਜਾਂਦੇ ਹੁੰਦੇ ਸਨ। ਸਾਨੂੰ ਉਦੋਂ ਅਜੇ ਇਨ੍ਹਾਂ ਗੱਲਾਂ ਦੀ ਬਹੁਤੀ ਸਮਝ ਨਹੀਂ ਸੀ, ਪਰ ਏਨਾ ਕੁ ਪਤਾ ਸੀ ਕਿ ਉਥੋਂ ਦੇ ਨੋਟਾਂ ਦੀ ਕੀਮਤ ਬੜੀ ਵੱਧ ਹੈ, ਜਿਸ ਕਾਰਨ ਉਥੋਂ ਕੀਤੀ ਕਮਾਈ ਜਦੋਂ ਭਾਰਤ ਦੇ ਦਰਾਂ ਤੱਕ ਪਹੁੰਚਦੀ ਹੈ ਤਾਂ ਕਈ ਗੁਣਾ ਵਧ ਜਾਂਦੀ ਹੈ। ਅੱਜ ਸਾਨੂੰ ਇਸ ਬਾਰੇ ਕੁਝ ਵੱਧ ਪਤਾ ਹੋ ਸਕਦਾ ਹੈ, ਪਰ ਜੋ ਗੱਲ ਨੋਟ ਕਰਨ ਵਾਲੀ ਹੈ, ਉਹ ਇਹ ਕਿ ਇਨ੍ਹਾਂ ਦੇਸ਼ਾਂ ਵਿਚ ਉਸ ਤੋਂ ਬਾਅਦ ਹਾਲਾਤ ਵਿਗੜਦੇ ਗਏ ਤੇ ਅੱਜ ਉਥੇ ਭੁੱਖ ਨਾਲ ਮਰਨ ਵਾਲੀ ਹਾਲਤ ਬਣੀ ਪਈ ਹੈ। ਭਾਰਤ ਦੇ ਲੋਕਾਂ ਨੂੰ ਇਸ ਵਿਗਾੜ ਦੀ ਜੜ੍ਹ ਸਮਝਣ ਦੀ ਲੋੜ ਹੈ।

ਅਸੀਂ ਚਾਰਟ ਕੱਢ ਕੇ ਵੇਖਿਆ ਤਾਂ ਪਤਾ ਲੱਗਾ ਕਿ ਸਾਲ 2000 ਵਿਚ ਲਿਬੀਆ ਦੇ ਇੱਕ ਦੀਨਾਰ ਦੇ ਬਦਲੇ ਅਮਰੀਕਾ ਦੇ ਢਾਈ ਡਾਲਰ ਮਿਲ ਜਾਂਦੇ ਹੋਣਗੇ ਤੇ ਅੱਜ ਇਸ ਤੋਂ ਉਲਟ ਇੱਕ ਅਮਰੀਕੀ ਡਾਲਰ ਦੇ ਬਦਲੇ ਲਿਬੀਆ ਦਾ ਸਵਾ ਦੀਨਾਰ ਦੇਣਾ ਪੈਂਦਾ ਹੈ। ਇਹ ਬਦ-ਅਮਨੀ ਕਾਰਨ ਹੋਇਆ ਹੈ। ਕੋਈ ਵੀ ਦੇਸ਼ ਬਦ-ਅਮਨੀ ਦੌਰਾਨ ਤਰੱਕੀ ਨਹੀਂ ਕਰ ਸਕਦਾ, ਸਗੋਂ ਇਹ ਮੰਨਣਾ ਵੱਧ ਠੀਕ ਹੈ ਕਿ ਕੋਈ ਤਰੱਕੀ ਵਾਲਾ ਦੇਸ਼ ਵੀ ਬਦ-ਅਮਨੀ ਦੇ ਦੌਰ ਵਿਚ ਦਾਖਲ ਹੋ ਜਾਵੇ ਤਾਂ ਆਪਣੀ ਕੀਤੀ ਤਰੱਕੀ ਨਹੀਂ ਸੰਭਾਲ ਸਕਦਾ ਤੇ ਡਿੱਗਣ ਲੱਗਦਾ ਹੈ। ਖੁਦ ਸੱਟ ਖਾ ਕੇ ਅਕਲ ਵੱਲ ਮੁੜਨ ਦੀ ਥਾਂ ਕਿਸੇ ਦੂਜੇ ਨੂੰ ਪਈ ਸੱਟ ਦੇ ਹਸ਼ਰ ਤੋਂ ਸਿੱਖਿਆ ਜਾ ਸਕਦਾ ਹੈ, ਪਰ ਇਸ ਸੋਚ ਲਈ ਜਿਨ੍ਹਾਂ ਸਿਰਾਂ ਦੀ ਲੋੜ ਹੁੰਦੀ ਹੈ, ਉਹ ਭੀੜਾਂ ਦੀ ਅਗਵਾਈ ਕਰਨ ਵਾਲੇ ਲੀਡਰਾਂ ਦੇ ਪੱਲੇ ਬਹੁਤੀ ਵਾਰ ਹੁੰਦੇ ਹੀ ਨਹੀਂ। ਜੋ ਦੇਸ਼ ਫੌਜੀ ਜਰਨੈਲ ਜਾਂ ਜਰਨੈਲੀ ਸੁਭਾਅ ਵਾਲੇ ਵਿਅਕਤੀ ਨੂੰ ਆਪਣਾ ਲੀਡਰ ਮੰਨ ਲਵੇ ਤੇ ਉਸ ਖਿਲਾਫ ਕਹੀ ਗਈ ਹਰ ਗੱਲ ਨੂੰ ਦੇਸ਼ ਦੇ ਖਿਲਾਫ ਕਹੀ ਮੰਨਣ ਲੱਗ ਪਵੇ, ਉਹ ਦੇਸ਼ ਫਿਰ ਅੱਗੇ ਨਹੀਂ ਜਾਂਦਾ ਹੁੰਦਾ, ਉਸੇ ਤਰ੍ਹਾਂ ਪਿੱਛੇ ਜਾਣ ਦਾ ਖਤਰਾ ਸਹੇੜ ਲੈਂਦਾ ਹੈ, ਜਿਵੇਂ ਲਿਬੀਆ ਜਿਹੇ ਦੇਸ਼ਾਂ ਵਿਚ ਵਾਪਰ ਚੁਕਾ ਹੈ ਤੇ ਕਈ ਹੋਰਨਾਂ ਵਿਚ ਵਾਪਰਦਾ ਪਿਆ ਹੈ।
ਭਾਰਤ ਵੀ ਇਸ ਵਕਤ ਇਸੇ ਭਵਿੱਖੀ ਖਤਰੇ ਦੀ ਦੰਦੀ ‘ਤੇ ਖੜੋਤਾ ਦਿੱਸਦਾ ਹੈ। ਇਸ ਦੀ ਅਗਵਾਈ ਇਸ ਤਰ੍ਹਾਂ ਦੇ ਆਗੂ ਦੇ ਹੱਥ ਵਿਚ ਹੈ, ਜੋ ਖੁਦ ਭ੍ਰਿਸ਼ਟ ਨਹੀਂ ਮੰਨਿਆ ਜਾਂਦਾ, ਪਰ ਆਪਣੇ ਨਾਲ ਜੁੜੇ ਸਭ ਹੱਦਾਂ ਟੱਪਣ ਵਾਲੇ ਭ੍ਰਿਸ਼ਟਾਚਾਰੀਏ ਲੋਕਾਂ ਨੂੰ ਇਸ ਕਰ ਕੇ ਨਹੀਂ ਰੋਕਦਾ ਕਿ ਉਸ ਨੂੰ ਦੇਸ਼ ਦੀ ਅਗਵਾਈ ਕਰਨ ਨਾਲੋਂ ਵੱਧ ਇਸ ਗੱਲ ਦੀ ਲੋੜ ਹੈ ਕਿ ਦੁਨੀਆਂ ਭਰ ਵਿਚ ਮੇਰਾ ਡੰਕਾ ਵੱਜਦਾ ਰਹੇ। ਭਾਰਤ ਵਿਚ ਕਾਨੂੰਨ ਮੁਤਾਬਕ ਰਾਜ ਪ੍ਰਬੰਧ ਦੀ ਥਾਂ ਭੀੜਾਂ ਦੀ ਮਰਜ਼ੀ ਚੱਲਣ ਲੱਗੀ ਹੈ, ਉਹ ਲੀਡਰ ਬਾਅਦ ਵਿਚ ਸੱਚਾ ਹੋਣ ਲਈ ਕਦੇ-ਕਦਾਈਂ ਇਸ ਵਿਹਾਰ ਦੇ ਵਿਰੋਧ ਲਈ ਏਨੇ ਕੁ ਸ਼ਬਦ ਕਹਿ ਛੱਡਦਾ ਹੈ ਕਿ ਮੈਂ ਇਸ ਦਾ ਵਿਰੋਧ ਕੀਤਾ ਸੀ, ਅਸਲ ਵਿਚ ਵਿਰੋਧ ਨਹੀਂ ਕਰਦਾ। ਉਹ ਜਾਣਦਾ ਹੈ ਕਿ ਇਹ ਭੀੜਾਂ ਉਸ ਦੀ ਗੱਦੀ ਦੀ ਸੁੱਖ ਮੰਗਦੀਆਂ ਹਨ, ਵਰਨਾ ਲੋਕਾਂ ਦੇ ਭਲੇ ਦੇ ਕੰਮਾਂ ਵਾਲੇ ਪੱਖੋਂ ਇਸ ਦੇਸ਼ ਦੀ ਅਗੇਤ ਦੀ ਕੋਈ ਗੱਲ ਦੇਸ਼ ਅਤੇ ਦੁਨੀਆਂ ਦੇ ਲੋਕਾਂ ਨੂੰ ਖਿੱਚ ਪਾਉਣ ਵਾਲੀ ਨਹੀਂ ਲੱਭਦੀ।
ਚੰਦ ਵੱਲ ਉਪ-ਗ੍ਰਹਿ ਭੇਜਣਾ ਜਾਂ ਕਦੇ ਕੋਈ ਤੇਜਸ ਜਹਾਜ ਉਡਾ ਲੈਣਾ ਤੇ ਉਸੇ ਨਾਂ ਦੀ ਤੇਜ਼ ਰਫਤਾਰ ਗੱਡੀ ਸ਼ੁਰੂ ਕਰ ਦੇਣਾ, ਕਿਸੇ ਵੀ ਸਰਕਾਰ ਵੇਲੇ ਹੋ ਜਾਣਾ ਸੀ। ਛਕ-ਛਕ ਕਰਦੇ ਕੋਲੇ ਵਾਲੇ ਇੰਜਣਾਂ ਪਿੱਛੋਂ ਡੀਜ਼ਲ ਤੇ ਫਿਰ ਬਿਜਲੀ ਵਾਲੇ ਰੇਲ ਇੰਜਣ ਵੀ ਕਿਸੇ ਆਗੂ ਦੇ ਹੁੰਦਿਆਂ ਆਏ ਸਨ ਤੇ ਜਦੋਂ ਕੰਪਿਊਟਰ ਆਉਣ ਲੱਗੇ ਤਾਂ ਉਸ ਵੇਲੇ ਦਾ ਆਗੂ ਵੀ ਰਾਤ-ਦਿਨ ਕਹਿੰਦਾ ਸੀ ਕਿ ਮੇਰੀ ਸਰਕਾਰ ਨੇ ਆਹ ਕਰ ਵਿਖਾਇਆ ਹੈ, ਅੱਜ ਉਸ ਲੀਡਰ ਦੀ ਕੋਈ ਗੱਲ ਤੱਕ ਨਹੀਂ ਕਰਦਾ। ਚਰਚਾ ਉਸ ਕੰਮ ਦੀ ਹੁੰਦੀ ਹੈ, ਜੋ ਸਥਾਈ ਹੋਵੇ ਤੇ ਜਿਸ ਨੂੰ ਕਰਨ ਜੋਗਾ ਦੂਜਾ ਕੋਈ ਨਾ ਹੋਵੇ। ਇਸ ਦਾ ਧਿਆਨ ਰੱਖਣ ਕਰ ਕੇ ਅੱਜ ਦੇ ਭਾਰਤ ਦਾ ਆਗੂ ਕਦੀ ਸਰਜੀਕਲ ਸਟਰਾਈਕ ਤੇ ਕਦੀ ਏਅਰ ਸਟਰਾਈਕ ਵੱਲ ਲੋਕਾਂ ਦਾ ਧਿਆਨ ਖਿੱਚਣ ਲੱਗਾ ਰਹਿੰਦਾ ਹੈ, ਪਰ ਲੋਕਾਂ ਦੇ ਘਰਾਂ ਵਿਚ ਦਾਲ-ਰੋਟੀ ਦਾ ਕੀ ਹਾਲ ਹੈ, ਇਸ ਦੀ ਚਰਚਾ ਨਹੀਂ ਕਰਦਾ। ਜਦੋਂ ਕਰਨ ਲੱਗੇਗਾ ਤਾਂ ਅੰਕੜਿਆਂ ਤੋਂ ਖਾਲੀ ਕਹਾਣੀਆਂ ਸੁਣਾ ਕੇ ਵੀ ਭੀੜਾਂ ਤੋਂ ਤਾੜੀਆਂ ਉਸ ਨੇ ਮਰਵਾ ਲੈਣੀਆਂ ਹਨ।
ਇਸ ਹਫਤੇ ਭਾਰਤੀ ਰਿਜ਼ਰਵ ਬੈਂਕ ਨੇ ਕੁਝ ਅੰਕੜੇ ਰਿਲੀਜ਼ ਕੀਤੇ ਹਨ ਤੇ ਇਨ੍ਹਾਂ ਵਿਚ ਕਨਜ਼ਿਊਮਰ ਕੌਨਫੀਡੈਂਸ ਇੰਡੈਕਸ (ਖਪਤਕਾਰ ਭਰੋਸੇਯੋਗਤਾ ਸੂਚਕ ਅੰਕ) ਵੀ ਸ਼ਾਮਲ ਹੈ, ਜੋ ਇਹ ਦੱਸਣ ਨੂੰ ਕਾਫੀ ਹੈ ਕਿ ਸਰਕਾਰ ਬਾਰੇ ਦੇਸ਼ ਦੇ ਲੋਕਾਂ ਦਾ ਭਰੋਸਾ ਖੁਰ ਰਿਹਾ ਹੈ। ਇਸ ਸੂਚਕ ਅੰਕ ਮੁਤਾਬਕ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦੇ ਰਾਜ ਵੇਲੇ ਭਾਰਤ ਦੀ ਆਰਥਕਤਾ ਏਨੀਂ ਨੀਵੀਂ ਚਲੀ ਗਈ ਕਿ ਰਿਜ਼ਰਵ ਬੈਂਕ ਨੂੰ ਸੋਨਾ ਵਿਦੇਸ਼ ਵਿਚ ਗਹਿਣੇ ਰੱਖਣਾ ਪਿਆ ਸੀ, ਤੇ ਫਿਰ ਏਨੀ ਸੁਧਰ ਗਈ ਕਿ ਵਿਦੇਸ਼ੀ ਕਰੰਸੀ ਦੇ ਭੰਡਾਰ ਭਰਨ ਲੱਗੇ ਸਨ, ਉਹ ਫਿਰ ਡਿੱਗਣ ਲੱਗੀ ਹੈ।
ਕਿਸੇ ਹੋਰ ਦੇ ਦੱਸੇ ਦੀ ਗੱਲ ਅਸੀਂ ਨਾ ਕਰੀਏ, ਭਾਰਤ ਦੇ ਪੁਰਾਣੇ ਯੋਜਨਾ ਕਮਿਸ਼ਨ ਦਾ ਨਾਂ ਬਦਲ ਕੇ ਬਣਾਏ ਨੀਤੀ ਆਯੋਗ ਦੇ ਮੀਤ ਪ੍ਰਧਾਨ ਨੇ ਪਿਛਲੇ ਮਹੀਨੇ ਇਹ ਸੱਚ ਮੰਨ ਲਿਆ ਕਿ ਜਿੰਨੀ ਮੰਦੀ ਹਾਲਤ ਅੱਜ ਹੈ, ਏਨੀ ਬੀਤੇ ਦਸ ਸਾਲ ਵਿਚ ਕਦੇ ਵੀ ਨਹੀਂ ਹੋਈ। ਅਗਲਾ ਹਫਤਾ ਸਾਰੀ ਕੇਂਦਰ ਸਰਕਾਰ ਇਸ ਬਿਆਨ ਦਾ ਅਸਰ ਪੂੰਝਣ ਲੱਗੀ ਰਹੀ। ਪਿਛਲੇ ਹਫਤੇ ਦੇਸ਼ ਦੇ ਰਿਜ਼ਰਵ ਬੈਂਕ ਨੇ ਉਹ ਸੱਚ ਪੇਸ਼ ਕਰ ਦਿੱਤਾ ਹੈ ਕਿ ਇਸ ਦਾ ਦਾਗ ਪੂੰਝਣ ਲਈ ਸਰਕਾਰ ਨੂੰ ਅਗਲਾ ਹਫਤਾ ਫੇਰ ਪੋਚਾ ਮਾਰਨ ਦਾ ਕੰਮ ਕਰਨਾ ਪੈਣਾ ਹੈ।
ਦੇਸ਼ ਦੀ ਆਰਥਕਤਾ ਦੀ ਮਜ਼ਬੂਤੀ ਏਥੋਂ ਲੱਭਦੀ ਹੈ ਕਿ ਲੋਕਾਂ ਦਾ ਆਪਣੀ ਸਰਕਾਰ ਤੇ ਸਿਸਟਮ ਵਿਚ ਭਰੋਸਾ ਕਿੰਨਾ ਹੈ ਤੇ ਇਸ ਸੂਚਕ ਅੰਕ ਦੇ ਅੰਕੜੇ ਸੌ ਤੋਂ ਉਪਰ ਚਲੇ ਜਾਣ ਤਾਂ ਸਰਕਾਰ ਦਾ ਪੱਖ ਮਜ਼ਬੂਤ ਅਤੇ ਸੌ ਤੋਂ ਹੇਠਾਂ ਡਿੱਗਣ ਤਾਂ ਸਰਕਾਰ ਵੱਲ ਬੇਭਰੋਸਗੀ ਪਤਾ ਲੱਗਦੀ ਹੈ। ਇਸ ਹਫਤੇ ਰਿਜ਼ਰਵ ਬੈਂਕ ਨੇ ਜੋ ਚਾਰਟ ਪੇਸ਼ ਕੀਤਾ, ਉਹ ਦੱਸਦਾ ਹੈ ਕਿ ਬੇਭਰੋਸਗੀ ਪਹਿਲਾਂ ਬੜੀ ਘੱਟ ਸੀ ਅਤੇ ਨਰਿੰਦਰ ਮੋਦੀ ਦਾ ਰਾਜ ਆਏ ਤੋਂ ਇਸ ਦਾ ਅਕਸ ਵਧਿਆ ਸੀ, ਫਿਰ ਏਨਾ ਡਿੱਗ ਪਿਆ ਹੈ ਕਿ ਅੱਜ ਉਸ ਦਾ ਜ਼ਿਕਰ ਵੀ ਕੰਬਣੀ ਛੇੜ ਦਿੰਦਾ ਹੈ।
ਆਹ ਅਕਤੂਬਰ ਸ਼ੁਰੂ ਹੋਣ ਲੱਗਿਆਂ ਰਿਜ਼ਰਵ ਬੈਂਕ ਨੇ ਜੋ ਲੇਖਾ ਰੱਖਿਆ ਹੈ, ਉਸ ਮੁਤਾਬਕ ਮਾਰਚ 2014 ਵਿਚ ਡਾ. ਮਨਮੋਹਨ ਸਿੰਘ ਦੇ ਸਮੇਂ ਦੇਸ਼ ਦੀ ਸਰਕਾਰ ‘ਤੇ ਲੋਕਾਂ ਦਾ ਭਰੋਸਾ ਸੌ ਦੇ ਅੰਕੜੇ ਤੋਂ ਹੇਠਾਂ ਮਸਾਂ ਅਠਾਨਵੇਂ ਤੋਂ ਕੁਝ ਕੁ ਉਪਰ ਸੀ। ਦੋ ਮਹੀਨੇ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਭਰੋਸਾ ਵਧ ਕੇ ਇੱਕ ਸਾਲ ਦੇ ਅੰਦਰ ਇੱਕ ਸੌ ਪੰਜ ਦੇ ਅੰਕੜੇ ਤੱਕ ਪਹੁੰਚ ਗਿਆ ਤੇ ਬੇਭਰੋਸਗੀ ਦੀ ਕੋਈ ਗੱਲ ਤੱਕ ਨਹੀਂ ਸੀ ਕਰ ਸਕਦਾ। ਫਿਰ ਇਹ ਭਰੋਸਾ ਡਿੱਗਣ ਲੱਗ ਪਿਆ ਤੇ ਡਿੱਗਦਾ-ਡਿੱਗਦਾ ਡਾ. ਮਨਮੋਹਨ ਸਿੰਘ ਦੇ ਅਠਾਨਵੇਂ ਵਾਲੇ ਅੰਕ ਤੋਂ ਵੀ ਹੇਠਾਂ ਪਚਾਨਵੇਂ ‘ਤੇ ਆ ਗਿਆ, ਪਰ ਅਗਲੀਆਂ ਪਾਰਲੀਮੈਂਟ ਚੋਣਾਂ ਨੇੜੇ ਜਾ ਕੇ ਸਰਕਾਰ ਨੇ ਕੁਝ ਏਦਾਂ ਦੇ ਕਦਮ ਚੁੱਕੇ ਕਿ ਭਰੋਸਾ ਫਿਰ ਵਧ ਕੇ ਬਰਾਬਰੀ ਦੇ ਸੌ ਨੰਬਰ ਦਾ ਅੰਕੜਾ ਟੱਪਿਆ ਅਤੇ ਇੱਕ ਸੌ ਪੰਜ ਤੱਕ ਚਲਾ ਗਿਆ। ਫਿਰ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਸਰਕਾਰ ਦੋਹਰੀ ਵਾਰ ਬਣੀ ਤੇ ਇਸ ਦੇ ਪਿਛੋਂ ਲੁਕਵੀਂ ਹਾਲਤ ਬਾਹਰ ਆਉਣ ਲੱਗ ਪਈ ਅਤੇ ਇਸ ਦੇ ਨਾਲ ਹੀ ਸਰਕਾਰ ਵਿਚ ਬੇਭਰੋਸਗੀ ਮੁੜ ਵਧਣ ਲੱਗ ਪਈ।
ਪਾਰਲੀਮੈਂਟ ਦੇ ਚੋਣ ਨਤੀਜੇ ਤੋਂ ਇੱਕਦਮ ਪਿੱਛੋਂ ਇਹ ਭਰੋਸਾ ਡਿੱਗ ਕੇ 97ਵੇਂ ‘ਤੇ ਆ ਗਿਆ ਤੇ ਜੁਲਾਈ ਵਿਚ 96ਵੇਂ ਤੋਂ ਡਿੱਗਦਾ ਸਤੰਬਰ ਦੇ ਅੰਤ ਤੱਕ ਨੱਬੇ ਤੋਂ ਵੀ ਹੇਠਾਂ ਆ ਗਿਆ। ਇਸ ਦੌਰਾਨ ਬੈਂਕਾਂ ਵਿਚ ਆਮ ਲੋਕਾਂ ਦੀ ਬੇਭਰੋਸਗੀ ਕਾਰਨ ਰੋਜ਼ ਅਫਵਾਹਾਂ ਦੇ ਦੌਰ ਚੱਲੇ ਤੇ ਇਸੇ ਕਾਰਨ ਸ਼ੇਅਰ ਮਾਰਕੀਟ ਦੀ ਊਠਕ-ਬੈਠਕ ਦਿਸੀ, ਪਰ ਸਰਕਾਰ ਇਸ ਨੂੰ ਨੁਕਸ ਹੀ ਨਹੀਂ ਮੰਨਦੀ।
ਜਦੋਂ ਦੇਸ਼ ਦੀ ਸਰਕਾਰ ਨੂੰ ਡਿੱਗ ਰਹੀ ਆਰਥਕਤਾ ਸੰਭਾਲਣ ਵੱਲ ਧਿਆਨ ਦੇਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਦਾ ਧਿਆਨ ਇਸ ਗੱਲ ਵਿਚ ਲੱਗਾ ਰਿਹਾ ਕਿ ਫਲਾਣਾ ਦੇਸ਼ ਮੈਂ ਗਾਹ ਲਿਆ ਹੈ ਅਤੇ ਫਲਾਣਾ ਰਹਿ ਗਿਆ ਹੈ। ਇਹ ਗੱਲ ਵੀ ਚਰਚਾ ਵਿਚ ਰਹਿੰਦੀ ਹੈ ਕਿ ਭਾਰਤ ਦੀ ਰਾਜਨੀਤੀ ਦਾ ਢੰਡੋਰਾ ਪ੍ਰਧਾਨ ਮੰਤਰੀ ਵਿਦੇਸ਼ ਜਾ ਕੇ ਪਿੱਟਦਾ ਹੈ ਤੇ ਉਥੇ ਜੋ ਵੱਡੇ ਇਕੱਠ ਮੋਟਾ ਪੈਸਾ ਖਰਚ ਕੇ ਕਰਾਏ ਜਾਂਦੇ ਹਨ, ਉਨ੍ਹਾਂ ਨਾਲ ਭਾਰਤ ਦੇ ਲੋਕਾਂ ਨੂੰ ਇਹ ਯਕੀਨ ਦੇਣ ਵਾਸਤੇ ਯਤਨ ਕੀਤਾ ਜਾਂਦਾ ਹੈ ਕਿ ਤੁਹਾਡੀ ਕਿਸਮਤ ਸੰਸਾਰ ਪੱਧਰ ਦੀ ਹਸਤੀ ਦੇ ਹੱਥਾਂ ਵਿਚ ਹੈ। ਹਰ ਵਾਰੀ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਪਿੱਛੋਂ ਵਿਦੇਸ਼ੀ ਪੂੰਜੀ ਦਾ ਹੜ੍ਹ ਆ ਜਾਵੇਗਾ, ਪਰ ਪੂੰਜੀ ਨਿਵੇਸ਼ ਦਾ ਹੜ੍ਹ ਨਹੀਂ ਆਉਂਦਾ।
ਕਦੀ ਨਾ ਕਦੀ ਆਮ ਲੋਕਾਂ ਦਾ ਧਿਆਨ ਇਸ ਪਾਸੇ ਹੋ ਸਕਦਾ ਹੈ, ਉਦੋਂ ਇਸ ਤਰ੍ਹਾਂ ਦੀਆਂ ਭੀੜਾਂ ਦੀ ਲੋੜ ਹੈ, ਜੋ ਲੋਕਾਂ ਦੇ ਮਨਾਂ ਵਿਚ ਇਹ ਗੱਲ ਪਾ ਸਕਣ ਕਿ ਚਾਰ ਦਿਨ ਰੋਟੀ-ਦਾਲ ਨਹੀਂ ਮਿਲੀ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਧਰਮ ਦੀ ਜੈ ਜੈਕਾਰ ਦਾ ਮੌਕਾ ਹੱਥੋਂ ਨਹੀਂ ਜਾਣ ਦੇਣਾ। ਕਿਸੇ ਨੂੰ ਸਾਈਕਲ ਚੋਰ ਕਹਿ ਕੇ ਕੁੱਟਣਾ ਹੈ ਤਾਂ ਨਾਅਰਾ ਉਸ ਕੋਲੋਂ ‘ਜੈ ਸ਼੍ਰੀ ਰਾਮ’ ਦਾ ਇਸ ਲਈ ਲਵਾਉਣਾ ਹੈ ਕਿ ਇਸ ਕੁਟਾਪੇ ਨੂੰ ਧਰਮ ਦੀ ਸੇਵਾ ਕਹਿ ਕੇ ਲੋਕਾਂ ਦਾ ਧਿਆਨ ਉਨ੍ਹਾਂ ਦੀ ਜ਼ਿੰਦਗੀ ਦੇ ਮੁੱਦਿਆਂ ਵਲੋਂ ਹਟਾਇਆ ਜਾ ਸਕੇ। ਇਹ ਖੇਡ ਪੰਜ ਸਾਲ ਪਹਿਲਾਂ ਪਿੰਡ ਬਿਸਾਹੜਾ ਵਿਚ ਅਖਲਾਕ ਖਾਨ ਦੇ ਕਤਲ ਤੋਂ ਸ਼ੁਰੂ ਹੋਈ ਤੇ ਕਿਹਾ ਗਿਆ ਸੀ ਕਿ ਉਸ ਦੇ ਘਰੋਂ ਗਾਂ ਦਾ ਮਾਸ ਮਿਲਿਆ ਹੈ। ਫਿਰ ਉਸ ਪਿਛੋਂ ਕਈ ਰਾਜਾਂ ਤੋਂ ਹੁੰਦੀ ਪਤਾ ਨਹੀਂ ਕਿੱਥੋਂ ਤੱਕ ਗਈ, ਪਰ ਨਾ ਇਹ ਖੇਡ ਕਦੀ ਆਪ ਹੀ ਰੁਕੀ ਤੇ ਨਾ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ।
ਉਲਟਾ ਹੋਇਆ ਇਹ ਕਿ ਇੱਕ ਵਾਰੀ ਦੇਸ਼ ਦੀਆਂ 49 ਪ੍ਰਮੁੱਖ ਹਸਤੀਆਂ ਨੇ ਇਸ ਦੇ ਵਿਰੋਧ ਦਾ ਮਨ ਬਣਾਇਆ ਤੇ ਪ੍ਰਧਾਨ ਮੰਤਰੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਅਤੇ ਭੀੜਾਂ ਵੱਲੋਂ ਜਣੇ-ਖਣੇ ਨੂੰ ਕੁੱਟ-ਕੁੱਟ ਮਾਰ ਦੇਣ ਦੇ ਕਾਂਡ ਰੋਕਣ ਦੀ ਬੇਨਤੀ ਕੀਤੀ। ਉਨ੍ਹਾਂ ਦੇ ਵਿਰੋਧ ਵਿਚ ਇੱਕ ਕੁੜਿੱਤਣਾਂ ਭਰਪੂਰ ਚਿੱਠੀ 61 ਹਸਤੀਆਂ ਨੇ ਲਿਖ ਦਿੱਤੀ ਕਿ ਤੁਸੀਂ ਇਹ ਚਿੱਠੀ ਲਿਖ ਕੇ ਦੇਸ਼ ਦੀ ਬਦਨਾਮੀ ਹੀ ਨਹੀਂ ਕੀਤੀ, ਤੁਸੀਂ ਦੇਸ਼ ਧਰੋਹ ਕੀਤਾ ਹੈ। ਇੱਕ ਜਣੇ ਨੇ ਉਨ੍ਹਾਂ ਨੂੰ ਨੇਕ ਸਲਾਹ ਦੇਣ ਵਾਲਿਆਂ ਵਿਰੁਧ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ। ਅਗਲੀ ਗੱਲ ਇਹ ਵਾਪਰੀ ਕਿ ਭੀੜਾਂ ਭੜਕਾਉਣ ਤੇ ਉਨ੍ਹਾਂ ਦੇ ਸਰਪ੍ਰਸਤਾਂ ਦਾ ਵਾਲ ਵੀ ਵਿੰਗਾ ਨਾ ਹੋਇਆ ਤੇ ਨੇਕੀ ਦੀ ਸਲਾਹ ਦੇਣ ਵਾਲੇ 49 ਲੋਕਾਂ ‘ਤੇ ਬੀਤੇ ਹਫਤੇ ਦੇਸ਼-ਧਰੋਹ ਦਾ ਕੇਸ ਬਣ ਗਿਆ।
ਜਿਨ੍ਹਾਂ ਦੇਸ਼ਾਂ ਵਿਚ ਲੋਕਾਂ ਦਾ ਧਿਆਨ ਉਥੋਂ ਦੀ ਵਿਗੜੀ ਆਰਥਕਤਾ ਅਤੇ ਹੋਰ ਮਸਲਿਆਂ ਤੋਂ ਹਟਾਉਣ ਦੀ ਖੇਡ ਖੇਡੀ ਗਈ ਅਤੇ ਜਿਹੜੇ ਦੇਸ਼ਾਂ ਨੂੰ ਉਹ ਲੀਡਰ ਮਿਲ ਗਏ, ਜਿਨ੍ਹਾਂ ਦੇ ਪਿੱਛੇ ਖੜੀ ਭੀੜ ਕੁਝ ਵੀ ਕਰਨ ਨੂੰ ਤਿਆਰ ਹੋਵੇ, ਉਥੇ ਅਕਲਾਂ ਨੂੰ ਜਿੰਦਰੇ ਲੱਗਣ ਵਾਲਾ ਦੌਰ ਸ਼ੁਰੂ ਹੁੰਦਾ ਹੈ ਅਤੇ ਫਿਰ ਪਿਛਲੀ ਸਭ ਕੀਤੀ-ਕੱਤਰੀ ਖੂਹ ਵਿਚ ਪੈਣ ਵਾਲੀ ਗੱਲ ਵਾਪਰਦੀ ਹੈ। ਭਾਰਤ ਸਦੀਆਂ ਦੇ ਸਫਰ ਵਿਚ, ਯੁੱਗਾਂ ਦੇ ਪੈਂਡੇ ਵਿਚ ਜਿਸ ਲੀਹ ਤੋਂ ਕਦੇ ਨਹੀਂ ਸੀ ਲੱਥਾ, ਇਸ ਵੇਲੇ ਲੱਥ ਰਿਹਾ ਜਾਪਦਾ ਹੈ ਅਤੇ ਇਸ ਦੌਰਾਨ ਇਸ ਦੇਸ਼ ਦੀ ਅਗਵਾਈ ਏਨੇ ਸੁਲੱਖਣੇ ਹੱਥਾਂ ਵਿਚ ਹੈ ਕਿ ਅਕਲ ਦੀ ਗੱਲ ਕਰਨਾ ਵੀ ‘ਦੇਸ਼ ਧਰੋਹ’ ਮੰਨਿਆ ਜਾਣ ਲੱਗਾ ਹੈ।