ਰੂਹ-ਝੀਤ ‘ਚੋਂ ਝਾਕਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਊਚ-ਨੀਚ ਦੀਆਂ ਪਰਤਾਂ ਫਰੋਲਦਿਆਂ ਦੱਸਦੇ ਹਨ, “ਛੋਟਾ ਜਾਂ ਵੱਡਾ ਸਿਰਫ ਮਨੁੱਖ ਨੇ ਹੀ ਬਣਾਇਆ। ਬਿਰਖਾਂ, ਪਰਿੰਦਿਆਂ ਜਾਂ ਕਾਇਨਾਤ ਵਿਚ ਕੁਝ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ।

ਸਭ ਬਰਾਬਰ। ਸਭ ਦਾ ਇਕਸਾਰ ਤੇ ਆਪਣੀ ਵਿੱਤ ਅਨੁਸਾਰ ਬਣਦਾ-ਸਰਦਾ ਯੋਗਦਾਨ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਰੂਹ-ਝੀਤ ਦੀ ਗੱਲ ਕੀਤੀ ਹੈ, ਜਿਸ ਰਾਹੀਂ ਕਿਸੇ ਮਨੁੱਖ ਦੇ ਮਨ ਅੰਦਰ ਝਾਤੀ ਮਾਰੀ ਜਾ ਸਕਦੀ ਹੋਵੇ। ਉਹ ਕਹਿੰਦੇ ਹਨ, “ਰੂਹ-ਝੀਤ, ਰੋਸ਼ਨੀ ਦੀ ਕਾਤਰ ਜਿਹੀ ਹੁੰਦੀ, ਜੋ ਆਪਣੀ ਹੋਂਦ ਨੂੰ ਲਟਕਦੇ ਕਣਾਂ ਦੀ ਚਮਕ ਵਿਚੋਂ ਸਾਬਤ ਕਰਦੀ। ਕਣਾਂ ਤੋਂ ਬਿਨਾ ਕਾਤਰ ਦੀ ਹੋਂਦ ਨਹੀਂ ਹੁੰਦੀ। ਇਨ੍ਹਾਂ ਦੇ ਸੰਗ-ਸਾਥ ਵਿਚੋਂ ਹੀ ਝੀਤ ਨਜ਼ਰ ਆਉਂਦੀ।…ਰੂਹ-ਝੀਤ ਵਿਚੋਂ ਝਾਤੀ ਮਾਰਿਆਂ ਬਹੁਤ ਕੁਝ ਦਿਸਦਾ ਤੇ ਅਣਦਿਸਦਾ ਸਾਡੀਆਂ ਇੰਦਰੀਆਂ ਅਤੇ ਸੂਖਮ ਅਹਿਸਾਸਾਂ ਰਾਹੀਂ ਸਾਡਾ ਹਾਸਲ ਬਣਦਾ। ਇਸ ਵਿਚੋਂ ਹੀ ਅਸੀਂ ਕਿਸੇ ਦੇ ਸਮੁੱਚ ਨੂੰ ਸਮਝ ਸਕਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਰੂਹ-ਝੀਤ, ਨਿੱਕਾ ਜਿਹਾ ਝਰੋਖਾ, ਅੰਤਰੀਵੀ ਝਾਤ ਪਾਉਣ ਲਈ ਮੋਰੀ, ਕਿਸੇ ਦੇ ਅੰਦਰ ਉਤਰਨ ਅਤੇ ਦਿਲ ਦੀ ਡੂੰਘਾਈ ਨੂੰ ਮਾਪਣ ਦਾ ਵਸੀਲਾ।
ਰੂਹ-ਝੀਤ, ਅਕਸਰ ਨਜ਼ਰ ਨਹੀਂ ਆਉਂਦੀ। ਇਹ ਅਦਿੱਖ। ਬਹੁਤੇ ਲੋਕ ਆਪਣੀ ਰੂਹ ਦੇ ਦਰਸ਼ਨ ਕਰਵਾਉਣ ਤੋਂ ਤ੍ਰਹਿੰਦੇ। ਦਰਅਸਲ ਬਹੁਤੇ ਲੋਕ ਤਾਂ ਰੂਹ-ਵਿਹੂਣੇ। ਪੱਥਰ ਜਿਹੇ ਲੋਕਾਂ ਨੂੰ ਸ਼ਾਇਦ ਰੂਹ ਦਾ ਪਤਾ ਹੀ ਨਾ ਹੋਵੇ। ਇਸ ਦੇ ਅਰਥਾਂ ਤੀਕ ਰਸਾਈ ਕਿੰਜ ਹੋਵੇ?
ਬਹੁਤੇ ਲੋਕਾਂ ਦਾ ਰੂਹ ਦਾ ਦਰ ਹਮੇਸ਼ਾ ਬੰਦ ਰਹਿੰਦਾ। ਮਨੁੱਖ ਤਾਂ ਵਿਰਲਾਂ ਨੂੰ ਵੀ ਪੂਰਨ ਰੂਪ ਵਿਚ ਢਕਦਾ। ਕਿਸੇ ਵੀ ਸੂਹ ਦੇ ਬਾਹਰ ਨਿਕਲਣ ‘ਤੇ ਪਾਬੰਦੀ। ਪਹਿਰੇਦਾਰੀ ਵਿਚ ਰਹਿੰਦੀ ਰੂਹ ਦੀ ਬਿਰਤੀ ਕਿਹੋ ਜਿਹੀ ਹੋਵੇਗੀ? ਉਸ ਦੀ ਮਾਨਸਿਕ ਅਵਸਥਾ ਕੀ ਹੋਵੇਗੀ? ਰੂਹ ਨੂੰ ਕੀ ਹਾਸਲ ਹੋਵੇਗਾ? ਉਹ ਕਿਨ੍ਹਾਂ ਅੰਤਰੀਵੀ ਅਲਾਮਤਾਂ ਸੰਗ ਲੜਦਾ, ਖੁਦ ਦੀ ਜੰਗ ‘ਚ ਉਲਝਿਆ ਰਹਿੰਦਾ ਹੋਵੇਗਾ? ਇਸ ਦਾ ਤਾਂ ਸਿਰਫ ਕਿਆਸ ਹੀ ਕੀਤਾ ਜਾ ਸਕਦਾ ਹੈ।
ਰੂਹ-ਝੀਤ, ਇਕ ਬੋੜਾ ਜਿਹਾ ਝੀਤ-ਦਰ ਜਿਸ ਰਾਹੀਂ ਦਰਸ਼ਨਾਂ ਦੀ ਆਸ ਵਿਚ ਮਨੁੱਖ ਉਤਾਵਲਾ ਰਹਿੰਦਾ। ਇਸ ਵਿਚੋਂ ਹੀ ਉਹ ਕਿਸੇ ਸ਼ਖਸ ਨੂੰ ਨਿਹਾਰਨ, ਚਿਤਾਰਨ ਅਤੇ ਉਸ ਦੀਆਂ ਸੰਗਤੀਆਂ, ਵਿਸੰਗਤੀਆਂ, ਕੁਸੰਗਤੀਆਂ, ਕੂੜ-ਕਪਟ, ਸੱਚ/ਝੂਠ ਅਤੇ ਅੰਦਰ ਫੈਲੇ ਚਾਨਣ ਜਾਂ ਕਾਲਖ ਨੂੰ ਦੇਖਣ ਦਾ ਸਾਧਨ ਬਣਾਉਂਦਾ।
ਮਨੁੱਖ ਦੀ ਕੇਹੀ ਫਿਤਰਤ ਕਿ ਉਹ ਦੂਸਰੇ ਦੇ ਘਰ ਵੰਨੀਂ ਹਮੇਸ਼ਾ ਹੀ ਕੰਧਾਂ ਉਪਰ ਦੀ ਝਾਤੀਆਂ ਮਾਰਦਾ, ਪਰ ਆਪਣੇ ਘਰ ਦੀਆਂ ਕੰਧਾਂ ਨੂੰ ਉਚੀਆਂ ਕਰ, ਇਸ ਉਪਰ ਵੀ ਕੱਚ ਦੀਆਂ ਚਿਪਰਾਂ ਲਾਉਂਦਾ ਤਾਂ ਕਿ ਕੋਈ ਝਾਤੀ ਨਾ ਮਾਰ ਸਕੇ। ਉਹ ਖੁਦ ਨੂੰ ਦੁਨੀਆਂ ਤੋਂ ਲੁਕਾ, ਦੂਜਿਆਂ ਨੂੰ ਨੰਗੀ ਅੱਖ ਨਾਲ ਦੇਖਣ ਲਈ ਕਾਹਲਾ। ਇਸ ਕਾਹਲ ਵਿਚੋਂ ਹੀ ਕਈ ਵਾਰ ਉਸ ਦੀ ਕਮੀਨਗੀ ਅਤੇ ਕਪਟ-ਨਜ਼ਰ ਦੇ ਦਰਸ਼ਨ ਹੁੰਦੇ।
ਰੂਹ-ਝੀਤ ਵਿਚ ਝਾਤੀ ਮਾਰਨ ਲਈ ਤੀਸਰੇ ਨੇਤਰ ਦੀ ਲੋੜ, ਜੋ ਤੁਹਾਡੇ ਮਸਤਕ ਵਿਚ ਹੁੰਦਾ। ਇਹ ਨੇਤਰ ਸੂਝ, ਸੋਚ ਅਤੇ ਦਿੱਭ-ਦ੍ਰਿਸ਼ਟੀ ਦਾ ਹੁੰਦਾ। ਕਿਸੇ ਦੇ ਅੰਗਾਂ ਵਿਚ ਪੈਦਾ ਹੋ ਰਹੀ ਹਰਕਤ, ਬੋਲਾਂ ਵਿਚ ਪੈਦਾ ਹੋਈ ਬੇਭਰੋਸਗੀ ਜਾਂ ਗੜਕ, ਆਤਮ-ਵਿਸ਼ਵਾਸ ਅਤੇ ਭਰੋਸੇ ਨੂੰ ਦੇਖ ਤੇ ਪੜ੍ਹ ਕੇ ਹੀ ਕਿਸੇ ਦੇ ਅੰਤਰੀਵ ਦੀ ਪ੍ਰਦਖਣਾ ਕਰ ਸਕਦੇ ਹੋ।
ਰੂਹ-ਝੀਤ, ਰੋਸ਼ਨੀ ਦੀ ਕਾਤਰ ਜਿਹੀ ਹੁੰਦੀ, ਜੋ ਆਪਣੀ ਹੋਂਦ ਨੂੰ ਲਟਕਦੇ ਕਣਾਂ ਦੀ ਚਮਕ ਵਿਚੋਂ ਸਾਬਤ ਕਰਦੀ। ਕਣਾਂ ਤੋਂ ਬਿਨਾ ਕਾਤਰ ਦੀ ਹੋਂਦ ਨਹੀਂ ਹੁੰਦੀ। ਇਨ੍ਹਾਂ ਦੇ ਸੰਗ-ਸਾਥ ਵਿਚੋਂ ਹੀ ਝੀਤ ਨਜ਼ਰ ਆਉਂਦੀ।
ਰੂਹ-ਝੀਤ ਖਿੜਕੀ ਜਾਂ ਰੋਸ਼ਨਦਾਨ ਵਾਲੀ ਝੀਤ ਨਹੀਂ ਹੁੰਦੀ, ਜਿਸ ਰਾਹੀਂ ਚਾਨਣ ਅੰਦਰ ਆ ਕੇ ਬਾਹਰ ਦੀ ਦੁਨੀਆਂ ਨੂੰ ਤੁਹਾਡੇ ਸਾਹਵੇਂ ਕਰਦਾ ਅਤੇ ਅੰਦਰੋਂ ਵੀ, ਬਾਹਰ ਦੇ ਦ੍ਰਿਸ਼ ਨੈਣਾਂ ਦੇ ਨਾਮ ਕਰ ਸਕਦੇ, ਸਗੋਂ ਰੂਹ-ਝੀਤ ਤਾਂ ਬਾਹਰੋਂ ਹੀ ਕਿਸੇ ਦੀ ਅੰਤਰ-ਆਤਮਾ ਨੂੰ ਦੇਖਣ ਦਾ ਨਾਮ ਹੈ।
ਰੂਹ-ਝੀਤ ਵਿਚੋਂ ਝਾਤੀ ਮਾਰਿਆਂ ਬਹੁਤ ਕੁਝ ਦਿਸਦਾ ਤੇ ਅਣਦਿਸਦਾ ਸਾਡੀਆਂ ਇੰਦਰੀਆਂ ਅਤੇ ਸੂਖਮ ਅਹਿਸਾਸਾਂ ਰਾਹੀਂ ਸਾਡਾ ਹਾਸਲ ਬਣਦਾ। ਇਸ ਵਿਚੋਂ ਹੀ ਅਸੀਂ ਕਿਸੇ ਦੇ ਸਮੁੱਚ ਨੂੰ ਸਮਝ ਸਕਦੇ।
ਰੂਹ-ਝੀਤ ਉਨ੍ਹਾਂ ਦੀਦਿਆਂ ਰਾਹੀਂ ਵੀ ਦ੍ਰਿਸ਼ਮਾਨ ਹੁੰਦੀ, ਜੋ ਕਿਸੇ ਦਰਦ ਵਿਚ ਨਮ ਹੋ ਜਾਂਦੇ, ਅੱਲ੍ਹੇ ਜਖਮ ਲਈ ਮਰਹਮ ਬਣਦੀ, ਹੰਝੂ ਪੂੰਝਣ ਲਈ ਪਹਿਲ ਕਰਦੀ, ਸਿਸਕਦੇ ਬੱਚੇ ਨੂੰ ਦੇਖ ਕੇ ਸਿਸਕੀ ਬਣ ਜਾਂਦੀ, ਤ੍ਰੇਲ-ਵਿਹੂਣੇ ਪੱਤੇ ਦੇ ਪਿੰਡੇ ‘ਤੇ ਨਦਰ-ਏ-ਨਮੀ ਕਰਦੀ, ਪੀੜਤ ਮਨ ਦੀ ਵੈਰਾਨਗੀ ‘ਚ ਵੈਰਾਗੀ ਜਾਂਦੀ ਅਤੇ ਵਿਛੜੀ ਕੂੰਜ ਦੇ ਮਿਲਾਪ ਲਈ ਓਹੜ-ਪੋਹੜ ਕਰਦੀ।
ਰੂਹ-ਝੀਤ ਵਿਚੋਂ ਅਸੀਂ ਉਸ ਸ਼ਖਸ ਨੂੰ ਵੀ ਦੇਖ ਸਕਦੇ, ਜੋ ਦਾਨੀ ਹੁੰਦਿਆਂ ਵੀ ਮੰਗਤਾ ਬਣ ਕੇ ਖੁਸ਼ ਹੁੰਦਾ। ਖੈਰਾਤਾਂ ‘ਤੇ ਜਿਉਣ ਵਾਲੇ ਜਦ ਦਾਨੀ ਦਾ ਭੇਸ ਵਟਾਉਂਦੇ ਤਾਂ ਨੀਚਤਾ ਸ਼ਰਮਸਾਰ ਹੁੰਦੀ। ਮੰਗਤੇ, ਜਦ ਦਾਨ ਨੂੰ ਹੀ ਆਪਣੀ ਜੀਵਨ-ਜਾਚ ਬਣਾ ਲੈਂਦੇ ਤਾਂ ਰੂਹ ਨੂੰ ਮਰਨ ਲਈ ਪਾਣੀ ਦੀ ਚੂਲੀ ਵੀ ਨਸੀਬ ਨਾ ਹੁੰਦੀ।
ਰੂਹ-ਝੀਤ ਨੂੰ ਕਿਸੇ ਦੇ ਕਰਮ, ਜੀਵਨ-ਜਾਚ, ਕੀਰਤੀਆਂ, ਸਮਾਜਕ ਬਿੰਬ ਜਾਂ ਚੌਗਿਰਦੇ ਵਿਚ ਫੈਲੀ ਉਸ ਦੀ ਸੋਹਬਤ ਜਾਂ ਉਸ ਦੀ ਮਿੱਤਰ-ਮੰਡਲੀ ਵਿਚੋਂ ਬਹੁਤ ਚੰਗੀ ਤਰ੍ਹਾਂ ਕਿਆਸ ਸਕਦੇ ਹੋ। ਤੁਹਾਡੀ ਸੰਗਤ, ਕਿੱਤੇ ਜਾਂ ਵਿਚਾਰਾਂ ਦਾ ਪ੍ਰਭਾਵ ਹੀ ਰੂਹ-ਝੀਤ ਵਿਚੋਂ ਝਾਤੀਆਂ ਮਾਰਦਾ ਅਤੇ ਸਮਾਜ ਦੇ ਸਾਹਵੇਂ ਖਲਿਆਰਦਾ।
ਰੂਹ-ਝੀਤ ਰਾਹੀਂ ਕਿਸੇ ਵੰਨੀਂ ਝਾਕਣ ਤੋਂ ਪਹਿਲਾਂ ਲੋੜ ਹੈ ਕਿ ਆਪਣੀ ਰੂਹ ਨੂੰ ਨਿਹਾਰੀਏ, ਇਸ ਦੀਆਂ ਵਲਗਣਾਂ ਤੋੜੀਏ ਅਤੇ ਪਾਕ ਰੂਹ ਨੂੰ ਸਭ ਦੇ ਸਾਹਵੇਂ ਰੱਖੀਏ ਤਾਂ ਕਿ ਪਾਕੀਜ਼ਗੀ ਤੁਹਾਡਾ ਪ੍ਰਮਾਣ ਬਣ ਸਕੇ। ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਸੁਚੱਜੇ ਦ੍ਰਿਸ਼ਟੀਕੋਣ ਤੋਂ ਨਿਹਾਰਨ ਲਈ ਉਤੇਜਿਤ ਕਰੇ।
ਉਸ ਰੂਹ-ਝੀਤ ਨੂੰ ਕੀ ਕਹੋਗੇ ਜੋ ਆਪਣੀ ਲਿਖਤ, ਕਿਰਤ, ਕਲਾ ਜਾਂ ਕਰਮ ਰਾਹੀਂ ਨੇਕ ਨੀਤੀ ਦਾ ਸੰਦੇਸ਼ ਦਿੰਦੀ ਏ, ਪਰ ਰਾਤ ਦੇ ਓਹਲੇ ਜਾਂ ਹਨੇਰੇ ਦੀ ਪਰਦਾਦਾਰੀ ਵਿਚ ਕੁ-ਕਰਮਾਂ ਦੀ ਖੇਤੀ ਕਰਦਿਆਂ, ਮਨ ਵਿਚ ਭੈਅ ਨਹੀਂ ਖਾਂਦੀ। ਪਾਪ ਦੀ ਗਰਦ ਨੂੰ ਦਾਨ-ਪੁੰਨ ਰਾਹੀਂ ਧੋਣ ਦੀ ਅਸਫਲ ਕੋਸ਼ਿਸ਼ ਇਕ ਹੋਰ ਮਾਨਸਿਕ ਭਾਰ ਦਾ ਕਾਰਨ ਬਣਦੀ।
ਰੂਹ-ਝੀਤ ਦੀ ਕਸ਼ੀਦਗੀ ਵਿਚੋਂ ਜਦ ਕੋਈ ਕਿਰਤ ਜਨਮਦੀ ਤਾਂ ਉਸ ਦਾ ਅਸਰ ਅਮਿੱਟ ਤੇ ਸਦੀਵੀ ਹੁੰਦਾ। ਮਨੁੱਖੀ ਭਲਾਈ ਦਾ ਮੁਹਾਵਰਾ ਬਣਦੀ। ਰੂਹ-ਝੀਤ ਵਿਚੋਂ ਨਿਕਲੇ ਬੋਲ ਕੂਕਦੇ ਕਿ ਕਵਿਤਾ ਨਿਰੀ ਕਲਪਨਾ ਨਹੀਂ ਹੁੰਦੀ। ਕਵਿਤਾ ਲਿਖਣ ਲਈ ਖੁਦ ਕਵਿਤਾ ਬਣਨਾ ਪੈਂਦਾ। ਹਰਫ-ਬ-ਹਰਫ ਸੰਵੇਦਨਾ ਰਮ ਜਾਂਦੀ। ਹਰਫ-ਮਸਤਕ ‘ਤੇ ਚਿਪਕੇ ਅਰਥ-ਆਵੇਸ਼ ਦਾ ਆਗਮਨ ਹੁੰਦੀ। ਅਰਥਾਂ ਦੀ ਨੀਂਹ ਨੂੰ ਮਿੱਝ ਦੀ ਪਕਿਆਈ ਕਰਦਿਆਂ, ਵਾਕ-ਸੰਸਾਰ ਦੀ ਸਿਰਜਣਾ ਲਈ ਸਾਹ ਦੀ ਭੱਠੀ ‘ਚ ਰਾੜ੍ਹਨਾ ਪੈਂਦਾ। ਅਕਾਰ ਤੇ ਰੂਪ ਦੇਣ ਲੱਗਿਆਂ ਔਕੜਾਂ, ਮੁਸ਼ਕਿਲਾਂ ਤੇ ਮੁਸੀਬਤਾਂ ਨੂੰ ਚੇਤਿਆਂ ਦੀ ਜੂਹ ‘ਚ ਲਿਆਉਣਾ ਪੈਂਦਾ। ਕਾਵਿ-ਤਰਤੀਬ ਪੈਰਾਂ ‘ਚ ਉਗੀਆਂ ਸੂਲਾਂ ਦੀ ਇਬਾਰਤ ਹੀ ਹੁੰਦੀ ਤੇ ਉਗਿਆ ਸਫਰ ਪਹਿਰੇ ਬਣ ਕੇ, ਹਰੇਕ ਕਾਂਡ ਦਾ ਆਦਿ ਤੇ ਅੰਤ ਹੁੰਦਾ। ਰੂਹ-ਕਾਵਿ ਸਿਰਫ ਅੱਖਰ ਜਾਂ ਸ਼ਬਦ ਹੀ ਨਹੀਂ ਹੁੰਦੇ। ਇਹ ਤਾਂ ਸਮੇਂ ਦੇ ਮੱਥੇ ‘ਤੇ ਚਿਪਕੇ ਅਵਚੇਤਨਾ ਦੇ ਨਕਸ਼ ਨੇ, ਜੋ ਗੁੰਗੇ ਵਕਤ ਨੂੰ ਬੋਲਣ ਲਈ ਉਕਸਾਉਂਦੇ। ਲੀਰਾਂ, ਟੁੱਕਰਾਂ ਤੇ ਝੁੱਗੀਆਂ ਦਾ ਦਰਦ ਸਹਿਮੀ ਫਿਜ਼ਾ ਦੇ ਨਾਮ ਲਾਉਂਦੇ। ਰੂਹ-ਰਾਗ ਜਿਹੇ ਲੋਕ ਹੀ ਕਵਿਤਾ ਦੇ ਹਾਣੀ ਹੁੰਦੇ, ਜੋ ਮਾਸੂਮ, ਕੋਮਲ-ਭਾਵੀ ਅਹਿਸਾਸ ਭਰੀਤੇ ਅਤੇ ਸੰਵੇਦਨਾ ਸੰਗ ਲਬਰੇਜ਼ ਹੁੰਦੇ। ਅਜਿਹੇ ਲੋਕਾਂ ਦੀ ਰੂਹ ਵਿਚ ਸਭ ਦਾ ਹੀ ਆਉਣਾ-ਜਾਣਾ। ਉਹ ਸਭ ਲਈ ਸੁਮੱਤ ਅਤੇ ਸ਼ੁਭ-ਕਾਮਨਾ ਦਾ ਸੰਦੇਸ਼ ਹੁੰਦੇ।
ਕਲਾ ਤਾਂ ਦਰਅਸਲ ਰੂਹ ਦੀ ਬਾਣੀ, ਜੋ ਮਨੁੱਖ ਨੂੰ ਇਨਸਾਨੀਅਤ ਦੇ ਰਾਹ ਤੋਰਦੀ, ਬੁਰਾਈ ਤੋਂ ਭਲਾਈ ਵੰਨੀਂ ਮੋੜਦੀ ਅਤੇ ਫਿਰ ਆਪਣੀ ਨਿੱਕੜੀ ਜਿਹੀ ਹੋਂਦ ਵਿਚ ਗੁੱਛਾਮੁੱਛਾ ਹੋ ਅਚੇਤ ਹੀ ਅਲੋਪ ਹੋ ਜਾਂਦੀ। ਸਿਰਫ ਕਲਾ ਦੀ ਖੁਸ਼ਬੋਈ ਹੀ ਉਸ ਰੂਹ ਦਾ ਰੂਪ ਹੁੰਦੀ, ਜੋ ਵਕਤ ਦੀ ਸੀਮਾ ਤੋਂ ਪਰੇ, ਹਰ ਸਮੇਂ ਵਿਚ ਸਾਰਥਕ ਰਹਿੰਦੀ। ਅਜਿਹੇ ਲੋਕ ਸੱਚੀਆਂ ਰੂਹਾਂ ਦੇ ਹਮਰਾਜ਼ ਹੁੰਦੇ, ਜੋ ਸਦੀਵ ਰਹਿੰਦੀਆਂ। ਕੀਰਤੀ ਤਾਂ ਅਜਿਹੀਆਂ ਰੂਹਾਂ ਦਾ ਪ੍ਰਤੀਬਿੰਬ ਹੀ ਹੁੰਦੀ। ਅਜਿਹੀ ਰੂਹ-ਝੀਤ ਵਿਚੋਂ ਝਾਕਦਿਆਂ ਨੈਣਾਂ ਨੂੰ ਠੰਢਕ ਅਤੇ ਰੂਹ ਨੂੰ ਤਸਕੀਨ ਮਿਲਦੀ।
ਅਜਿਹੇ ਲੋਕ ਰੂਹ-ਝੀਤ ਹੀ ਨਹੀਂ ਸਗੋਂ ਰੂਹ-ਦਰ ਹੁੰਦੇ, ਜਿਸ ਵਿਚੋਂ ਕੋਈ ਵੀ ਅੰਦਰ ਆ ਸਕਦਾ, ਕੁਝ ਪਲ ਠਹਿਰ ਸਕਦਾ, ਵਿਸ਼ਰਾਮ ਕਰਦਾ ਅਤੇ ਫਿਰ ਅਗਲੇ ਪੜਾਅ ਦਾ ਸਫਰ ਸ਼ੁਰੂ ਕਰਦਾ।
ਰੂਹ-ਝੀਤ ਰਾਹੀਂ ਮਨ ਦੀਆਂ ਪਰਤਾਂ ਕਿਵੇਂ ਸਾਂਭੀਆਂ ਜਾਂ ਫਰੋਲੀਆਂ ਜਾਂਦੀਆਂ, ਇਸ ਨੂੰ ਸਮਝਣ ਲਈ ਕਿਸੇ ਬੱਚੇ ਨੂੰ ਕਿਸੇ ਪਾਲਤੂ ਪੰਛੀ ਜਾਂ ਜਾਨਵਰ ਨਾਲ ਕਲੋਲ ਕਰਦੇ ਦੇਖਣਾ? ਕਿਵੇਂ ਇਕ ਦੂਜੇ ਦੇ ਹਾਵ-ਭਾਵ ਜਾਣਦੇ? ਕਿਵੇਂ ਅਣਜਾਣ ਬੋਲੀ ਨੂੰ ਸਮਝ ਕੇ ਹਾਕ ਤੇ ਹੁੰਗਾਰਾ ਬਣਦੇ? ਕਿਸ ਤਰ੍ਹਾਂ ਇਕ ਦੂਜੇ ਨਾਲ ਮੋਹ ਜਤਾਉਂਦੇ ਅਤੇ ਸਦਕੇ ਜਾਂਦੇ? ਮਨੁੱਖ ਤਾਂ ਵੱਡਾ ਹੋ ਕੇ ਜਿਥੇ ਆਪਣੇ ਆਪ ਤੋਂ ਦੂਰ ਹੋ ਜਾਂਦਾ ਏ, ਉਥੇ ਉਹ ਭਾਵਹੀਣ ਹੋ ਆਪਣੀ ਰੂਹ ਨਾਲ ਵੀ ਫਰੇਬ ਕਮਾਉਣ ਤੋਂ ਬਾਜ਼ ਨਹੀਂ ਆਉਂਦਾ।
ਰੂਹ-ਝੀਤ ਵਿਚੋਂ ਸਿਰਫ ਪਾਕ ਰੂਹ ਹੀ ਝਾਕ ਸਕਦੀ ਅਤੇ ਮਨੁੱਖੀ ਬਿਰਤੀਆਂ ਤੇ ਕਾਮਨਾਵਾਂ ਨੂੰ ਉਸ ਦੇ ਅਸਲ ਰੂਪ ਵਿਚ ਨਿਹਾਰ ਸਕਦੀ। ਉਨ੍ਹਾਂ ਦੀ ਸੰਗਤ ਵਿਚ ਲੱਗਦੇ ਨੇ ਰੂਹਾਂ ਦੇ ਮੇਲੇ ਅਤੇ ਕੁਝ ਕੁ ਰੂਹਾਂ ਉਸ ਸੁੱਚੇ ਰੰਗ ਵਿਚ ਰੰਗੀਆਂ ਜਾਂਦੀਆਂ।
ਰੂਹ-ਝੀਤ ਵਿਚੋਂ ਝਾਕਣਾ, ਰੂਹ-ਨਾਦ ਦਾ ਨਗਮਾ। ਰੂਹ ਦਾ ਰੇਜ਼ਾ-ਰੇਜ਼ਾ ਹੋ ਕੇ ਆਪਣੇ ਸਭ ਰੰਗਾਂ ਨੂੰ ਮਾਨਵਤਾ ਲਈ ਅਰਪਿਤ ਕਰਨਾ ਅਤੇ ਕਿਸੇ ਦੇ ਜਿਉਣ ਲਈ ਖੁਦ ਹੀ ਮਰਨਾ।
ਕਿਸੇ ਰੂਹ-ਝੀਤ ‘ਚ ਝਾਕਦਿਆਂ ਆਪਣੇ ਵੰਨੀਂ ਵੀ ਧਿਆਨ ਰੱਖਣਾ ਕਿਉਂਕਿ ਜਦ ਤੁਸੀਂ ਕਿਸੇ ਵੰਨੀਂ ਦੇਖਦੇ ਹੋ ਤਾਂ ਕੋਈ ਦੂਸਰਾ ਵੀ ਤੁਹਾਡੇ ਵੰਨੀਂ ਜਰੂਰ ਦੇਖ ਰਿਹਾ ਹੁੰਦਾ। ਦੂਸਰੇ ਦੇ ਨੈਣਾਂ ਵਿਚ ਤੁਹਾਡੇ ਬਿੰਬ ਨੇ ਹੀ ਤੁਹਾਡੀ ਅਮੁੱਲਤਾ ਨੂੰ ਹਾਸਲ ਬਣਾਉਣਾ ਹੁੰਦਾ।
ਯਾਦ ਰਹੇ, ਕਿਸੇ ਦੀ ਰੂਹ-ਝੀਤ ਵਿਚ ਝਾਤੀ ਮਾਰਿਆਂ ਕੁਝ ਵੀ ਨਸੀਬ ਨਹੀਂ ਹੋਣਾ। ਸਗੋਂ ਆਪਣੀ ਰੂਹ ਵਿਚ ਝੀਤ ਪੈਦਾ ਕਰੋ ਤਾਂ ਕਿ ਤੁਸੀਂ ਖੁਦ ਇਸ ਵਿਚ ਝਾਤੀ ਮਾਰ ਸਕੋ। ਖੁਦ ਦੀਆਂ ਕਮੀਆਂ, ਕੁਤਾਹੀਆਂ, ਕੁਰੀਤੀਆਂ ਤੇ ਕੁਕਰਮਾਂ ਨੂੰ ਪਛਾਣ, ਇਸ ਨੂੰ ਸੁਧਾਰਨ ਅਤੇ ਇਸ ਵਿਚੋਂ ਕੁਝ ਚੰਗੇਰਾ ਸਿਰਜਣ ਦੇ ਮਾਰਗ ਤੁਰਿਆ ਜਾ ਸਕੇ।
ਕੁਝ ਲੋਕਾਂ ਦੀ ਰੂਹ, ਬੰਦ-ਦਰਵਾਜੇ. ਦੀ ਕੈਦੀ, ਜਿਸ ਦੇ ਜੰਗਾਲੇ ਜੰਦਰੇ ਦੀ ਚਾਬੀ ਵੀ ਗਵਾਚ ਗਈ ਹੁੰਦੀ। ਅਜਿਹੇ ਲੋਕ ਆਪਣੀ ਰੂਹ ਨਾਲ ਸੰਵਾਦ ਰਚਾਉਣਾ, ਇਸ ਦੇ ਰੂਬਰੂ ਹੋਣਾ, ਆਪਣੇ ਘਟੀਆਪਣ ਨੂੰ ਮੁਕਾਉਣਾ ਅਤੇ ਚੰਗੇਰੇਪਣ ਨੂੰ ਪਾਉਣਾ ਹੀ ਭੁੱਲ ਜਾਂਦੇ। ਉਹ ਰੂਹ ਦੇ ਬੋਲ ਸੁਣਨ ਤੋਂ ਆਕੀ। ਰੂਹ-ਬਾਤਾਂ ਦਾ ਹੁੰਗਾਰਾ ਬਣਨ ਤੋਂ ਨਾਬਰ ਅਤੇ ਇਸ ਨਾਬਰੀ ਵਿਚੋਂ ਹੀ ਉਹ ਆਪਣੀ ਰੂਹ ਦੇ ਕਾਤਲ ਬਣੇ, ਰੂਹ-ਵਿਰਲਾਪ ਸੁਣਨ ਤੀਕ ਹੀ ਸੀਮਤ। ਬੰਦ ਸਲਾਖਾਂ ‘ਚ ਕੈਦ ਰੂਹ, ਮੂਕ-ਸੁੰਨ ਦੀ ਸਲਾਭ ਹੀ ਹੁੰਦੀ, ਜਿਸ ਵਿਚ ਸਲਾਭੀਆਂ ਜਾਂਦੀਆਂ ਸੋਚਾਂ, ਉਦਮ, ਹਿੰਮਤ, ਹੌਂਸਲਾ ਅਤੇ ਨਵੀਂਆਂ ਪੁਲਾਂਘਾਂ ਪੁੱਟਣ ਦਾ ਚਾਅ। ਉਹ ਤਾਂ ਸਿਰਫ ਜ਼ਰਜਰੀ ਹੋਂਦ ਦਾ ਨਿਗੁਣਾ ਹਾਸਲ ਬਣ ਕੇ ਹੀ ਰਹਿ ਜਾਂਦੇ।
ਰੂਹਾਂ ਵਾਲੇ ਹੀ ਬੋਲਦੇ ਰੂਹ-ਭਿੱਜੀ ਬਾਣੀ।
ਰੂਹਾਂ ਵਿਚ ਉਗਮਦੀ ਰੂਹ-ਰੰਗ ਰਿਝਾਣੀ
ਰੂਹ-ਚੌਂਤਰੇ ਖੜ ਕੇ ਉਹ ਦੇਵਣ ਹੋਕਾ।
ਕਿ ਕਰ ਰੂਹਾਂ ਦਾ ਵਣਜ ਵੇ ਰੂਹ-ਹੀਣਿਆ ਲੋਕਾ।
ਰੂਹ ‘ਚੋਂ ਬੋਲੇ ਸ਼ਬਦ ਹੀ ਬਣਦੇ ਸੁਖਨ-ਸੰਵਾਦ।
ਰੂਹ ਦੀ ਨਗਰੀ ਗੂੰਜਦਾ ਰੂਹ-ਰੰਗਾ ਨਾਦ।
ਰੂਹ ਦੇ ਰੱਜ ਤੋਂ ਜੋ ਵੀ ਹੈ ਵਿਰਵਾ ਹੋਇਆ।
ਸਮਝੋ ਉਹ ਤਾਂ ਅੱਜ ਨਹੀਂ ਤਾਂ ਭਲਕੇ ਮੋਇਆ।
ਰੂਹ ਦੀ ਬੋਲੀ ਲੱਗਦੀ ਜਦ ਭਰੇ ਬਾਜ਼ਾਰ।
ਤਾਂ ਜੀਂਦੀ ਥੀਂਦੀ ਆਸਥਾ ਹੋ ਜਾਏ ਲਾਚਾਰ।
ਵਿਲਕਦੀ ਰੂਹ ਹੀ ਦੇਂਵਦੀ ਰੂਹ-ਫਿਟਕਾਰ।
ਮਾੜੇ ਰਾਹੀਂ ਤੁਰਨ ਤੋਂ ਪਹਿਲਾਂ ਵਕਤ-ਵਿਚਾਰ।
ਹੋਵੇ ਕੋਈ ਵੀ ਉਂਗਲ ਨਾ ਤੇਰੇ ਵੰਨੀਂ ਉਲਾਰ।
ਤੇਰਾ ਸੁੱਚਮ ਕਰੇ ਨਾ ਕਦੇ ਵੀ ਕੂੜ-ਵਪਾਰ।
ਰੂਹ-ਭੜੋਲੇ ਰੱਖ ਲੈ ਸੁੱਚੇ ਰੰਗ ਅਪਾਰ।
ਤੇ ਥੋੜੇ ਵਿਚੋਂ ਹੀ ਬਹੁਤੇ ਦਾ ਜੋ ਕਰੇ ਦੀਦਾਰ।
ਅਜਿਹੀ ਰੂਹ-ਰੰਗਰੇਜ਼ਤਾ ਦਾ ਨਾ ਪਾਰਾਵਾਰ।
ਰੂਹ-ਝੀਤ ਰਾਹੀਂ ਹੀ ਸਿਰਜਿਆ ਜਾਂਦਾ ਸਬੰਧਾਂ, ਰਿਸ਼ਤਿਆਂ, ਸਕੀਰੀਆਂ ਅਤੇ ਸਾਕਾਂ ਵਿਚਲੀ ਅਪਣੱਤ ਅਤੇ ਮੋਹ ਦਾ ਮੁਹਾਂਦਰਾ। ਕਲਾ, ਕਿਰਤ ਜਾਂ ਕਾਰੀਗਰੀ ਦਾ ਸਬੱਬ ਵੀ ਰੂਹ-ਝੀਤ ਹੀ ਹੁੰਦੀ।
ਰੂਹ-ਝੀਤ ਰਾਹੀਂ ਹੀ ਆਪਣੇ ਤੇ ਪਰਾਏ ਦੀ ਪਛਾਣ, ਦੁੱਖ ਤੇ ਸੁੱਖ ਨੂੰ ਸਮਸਰ ਜਾਣਨ ਦੀ ਸੋਝੀ, ਹਉਕੇ ਤੇ ਹਾਸੇ ਨੂੰ ਹਾਸਲ ਬਣਾਉਣ ਦੀ ਸਿਆਣਪ ਅਤੇ ਦੂਰੀ ਤੇ ਨੇੜਤਾ ਵਿਚਲੀ ਇਕਸਾਰਤਾ ਨੂੰ ਮਨ ਵਿਚ ਉਪਜਾਉਣ ਦਾ ਹੁਨਰ।
ਕਲਮ ਅਕਸਰ ਹੀ ਰੂਹ ਦੀਆਂ ਬਾਤਾਂ ਪਾਉਂਦੀ। ਰੂਹ-ਰਾਗਣੀ ਬਣ ਜਾਂਦੀ,
ਰੂਹ-ਦਰਵਾਜਾ ਜਾਂ ਖੁੱਲ੍ਹਾ ਹੋਵੇ
ਤਾਂ ਮਹਿਕ ਹਵਾ ‘ਚੋਂ ਆਵੇ
ਸੁਪਨਿਆਂ ਦੀ ਇਕ ਸੱਗਵੀਂ ਸੱਧਰ
ਦੀਦਿਆਂ ਦੇ ਨਾਮ ਲਾਵੇ
ਚਾਅ ਦੀ ਬਗਲੀ ਮੋਢੇ ਪਾ ਕੇ
ਮਨ-ਗਲੀਆਂ ਵਿਚ ਗਾਵੇ
ਕਦਮਾਂ ਦੇ ਵਿਚ ਸਫਰ ਉਗਮਿਆ,
ਪੈੜਾਂ ਬਣਦਾ ਜਾਵੇ
ਤੇ ਸੂਹੇ ਦਿਸਹੱਦਿਆਂ ਦੀ ਆਭਾ
ਸੋਚ-ਨਗਰੀਂ ਉਪਜਾਵੇ
ਮਸਤਕ ਦੇ ਸੱਖਣੇ ਆਲ੍ਹੇ ਵਿਚ
ਚਾਅ-ਚਿਰਾਗ ਜਗਾਵੇ
ਤੇ ਕਾਲਖ ਵਰਗੇ ਕਰਮ-ਰੇਖਾਵੀਂ
ਜਾਗ ਚਾਨਣ ਦਾ ਲਾਵੇ
ਤਾਂ ਕਿ
ਉਸਰੀਆਂ ਕੰਧਾਂ ਬਣ ਜਾਣ ਕਮਰੇ
ਤੇ ਕਮਰਿਆਂ ਦਾ ਘਰ ਹੋਵੇ
ਖਿੜਕੀਆਂ ਖੁੱਲੀਆਂ ਰਹਿਣ ਹਮੇਸ਼ਾ
ਤੇ ਪੌਣ ਸੁਗੰਧੀ ਚੋਵੇ
ਰੌਸ਼ਨਦਾਨਾਂ ‘ਚੋਂ ਉਤਰੀ ਧੁੱਪ
ਅੰਤਰ ਰੂਹ ਨੂੰ ਪੋਹਵੇ
ਪੱਤੀਂ ਉਪਜੇ ਮਿੱਠੜੇ ਰਾਗ ‘ਤੇ
ਕੋਈ ਪਾਬੰਦੀ ਨਾ ਹੋਵੇ
ਹੋਠਾਂ ਉਪਰ ਚਿਪਕੀ ਚੁੱਪ ਵੀ
ਬੋਲੀਂ ਹਾਰ ਪਰੋਵੇ
ਫੁੱਲਾਂ ਜੂਹੇ ਹਾਸ-ਮੁਸਕਣੀ
ਤੇ ਜ਼ਿਕਰ ਬਹਾਰ ਦਾ ਹੋਵੇ
ਰੂਹ ਮੌਲੇ ਤਾਂ
ਹਰਫ-ਡਾਰ ਵੀ ਰੰਗ ‘ਚ ਰੰਗੀ
ਬਣੇ ਅਰਥ-ਅਰਦਾਸ
ਵਰਕਾ ਵਰਕਾ ਹੋ ਕੇ ਫੈਲੇ
ਮਨ-ਰਮਤਾ ਦੀ ਆਸ
ਤੇ ਹਰਖੇ ਦਿਲ ਦਾ ਦਾਰੂ ਬਣਦਾ
ਮਿੱਤਰ-ਮੋਢਾ ਧਰਵਾਸ।
ਰੂਹ-ਝੀਤ ਵਿਚੋਂ ਝਰਦੀ ਚਾਨਣੀ ਹੀ ਤਾਰਿਆਂ ਭਰੀ ਰਾਤ, ਮਨ ਬੰਨੇਰੇ ‘ਤੇ ਉਤਰਦੀ ਪ੍ਰਭਾਤ, ਚਾਅ-ਤਲੀ ‘ਤੇ ਸੁ.ਭ ਪਲਾਂ ਦੀ ਸੌਗਾਤ। ਇਹ ਅਜਿਹੇ ਪਲਾਂ ਦੀ ਦਾਤ ਹੁੰਦੀ, ਜਿਥੇ ਕਿਸੇ ਦੀ ਕੋਈ ਨਾ ਜਾਤ ਹੁੰਦੀ।
ਰੂਹ-ਝੀਤ ਥੀਂ ਆਪ ਵੀ ਝਾਤੀ ਮਾਰੋ ਅਤੇ ਦੂਜਿਆਂ ਨੂੰ ਵੀ ਝਾਤੀ ਮਾਰਨ ਦਿਓ, ਕਿਉਂਕਿ ਜਦ ਤੁਸੀਂ ਪਾਕ ਤੇ ਪਾਰਦਰਸ਼ੀ ਹੋਵੋਗੇ ਤਾਂ ਦੂਜਿਆਂ ਨੂੰ ਵੀ ਆਪਣੇ ਅੰਤਰੀਵ ਨੂੰ ਪਵਿੱਤਰ ਕਰਨ ਅਤੇ ਪਾਕੀਜ਼ਗੀ ਦਾ ਪੈਗਾਮ ਬਣਨ ਦੀ ਤੌਫੀਕ ਹਾਸਲ ਹੋਵੇਗੀ।