ਪੰਜਾਬੀਆਂ ਦੀ ਮਾੜੀ ਕਿਸਮਤ

ਪੰਜਾਬੀ, ਭਾਵੇਂ ਮੁਸਲਮਾਨ, ਹਿੰਦੂ ਜਾਂ ਸਿੱਖ ਹੋਣ, ਇਕ ਬਹਾਦਰ ਕੌਮ ਹਨ। ਸਦੀਆਂ ਤੋਂ ਉਹ ਵਿਦੇਸ਼ੀ ਹੁਕਮਰਾਨਾਂ ਨਾਲ ਲੜਦੇ ਆਏ ਹਨ ਅਤੇ ਦਰੜੇ ਜਾਂਦੇ ਰਹੇ ਹਨ। ਹਿੰਦੁਸਤਾਨ ਤੇ ਪਾਕਿਸਤਾਨ ਵਿਚਾਲੇ ਜੰਗ ਹੁੰਦੀ ਹੈ ਤਾਂ ਦੋਵੇਂ ਪਾਸੀਂ ਮਾਰ ਪੰਜਾਬੀਆਂ ਨੂੰ ਹੀ ਪੈਂਦੀ ਹੈ। ਅਜਿਹਾ ਕਿਉਂ? ਕੌਣ ਹੈ, ਇਸ ਦਾ ਜਿੰਮੇਵਾਰ? ਇਹ ਕੁਝ ਸਵਾਲ ਹਨ, ਜਿਨ੍ਹਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਆਪਣੇ ਇਸ ਲੇਖ ਵਿਚ ਪਾਕਿਸਤਾਨੀ ਮੂਲ ਦੇ ਹੁਣ ਇੰਗਲੈਂਡ ਵਸਦੇ ਪੰਜਾਬੀ ਡਾ. ਗੁਲਾਮ ਮੁਸਤਫਾ ਡੋਗਰ ਨੇ ਕੀਤੀ ਹੈ।

-ਸੰਪਾਦਕ

ਡਾ. ਗੁਲਾਮ ਮੁਸਤਫਾ ਡੋਗਰ
ਫੋਨ: +00447878132208

ਲਿਪੀਅੰਤਰ: ਜੇ. ਐਸ਼ ਭੱਟੀ
ਫੋਨ: 91-79860-37268

ਇਨਸਾਨ ਵਿਚ ਦੋ ਤਾਕਤਾਂ ਹੁੰਦੀਆਂ ਹਨ-ਇਕ ਡੌਲਿਆਂ ਦੀ, ਜਿਸ ਨੂੰ ਅਸੀਂ ਸਰੀਰਕ ਤਾਕਤ, ਅਤੇ ਦੂਜੀ ਦਿਮਾਗੀ, ਜਿਸ ਨੂੰ ਅਸੀਂ ਬੁੱਧੀ ਦੀ ਤਾਕਤ ਕਹਿੰਦੇ ਹਾਂ। ਪੰਜਾਬੀਆਂ ਨੇ ਹਮੇਸ਼ਾ ਬਹੁਤੀ ਡੌਲਿਆਂ ਦੀ ਤਾਕਤ ਹੀ ਵਰਤੀ ਹੈ ਤੇ ਦੂਜੀ ਤਾਕਤ ਯਾਨਿ ਦਿਮਾਗੀ ਤਾਕਤ ਕਦੇ ਕਦਾਈਂ ਹੀ ਵਰਤੀ ਹੈ। ਇਥੋਂ ਜਾਹਰ ਹੈ ਕਿ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਜਿਨ੍ਹਾਂ ਜੰਗਾਂ ਨੇ ਕੀਤਾ, ਉਹ ਪੰਜਾਬ ਦੀ ਧਰਤੀ ‘ਤੇ ਹੀ ਲੜੀਆਂ ਗਈਆਂ। ਮਿਸਾਲ ਵਜੋਂ ਪਾਣੀਪਤ ਦੀਆਂ ਤਿੰਨ ਲੜਾਈਆਂ ਨੇ ਪੰਜਾਬ ਦਾ, ਤੇ ਬਾਕੀ ਹਿੰਦੁਸਤਾਨ ਦੇ ਸਿਆਸੀ ਮੁਕੱਦਰ ਦਾ ਫੈਸਲਾ ਕਰ ਦਿੱਤਾ। ਸੋਚਣ ਵਾਲੀ ਗੱਲ ਇਹ ਹੈ ਇਹ ਸਾਰੀਆਂ ਜੰਗਾਂ ਪੰਜਾਬ ਦੀ ਧਰਤੀ ‘ਤੇ ਹੀ ਕਿਉਂ ਹੋਈਆਂ? ਸਾਦਾ ਜਿਹਾ ਜਵਾਬ ਹੈ ਕਿ ਲੜਾਈ ਉਥੇ ਹੀ ਹੁੰਦੀ ਹੈ, ਜਿਥੇ ਲੜਨ-ਮਰਨ ਵਾਲੇ ਲੋਕ ਹੋਣ। ਜਿਥੇ ਇਸ ਤਰ੍ਹਾਂ ਦੇ ਲੋਕ ਨਾ ਹੋਣ, ਉਥੇ ਲੜਾਈ ਕਾਹਦੀ ਹੋਣੀ ਹੁੰਦੀ ਹੈ।
ਪੰਜਾਬ ਵਿਚ ਦੋ ਵੱਡੀਆਂ ਕੌਮਾਂ ਆਬਾਦ ਹਨ, ਜੋ ਸਦੀਆਂ ਤੋਂ ਆਪਸ ਵਿਚ ਲੜਦੀਆਂ ਆ ਰਹੀਆਂ ਹਨ। ਇਕ ਦੂਜੇ ਨਾਲ ਘਸੁੰਨ-ਮੁੱਕੀ ਹੋਈਆਂ ਰਹਿੰਦੀਆਂ ਹਨ। ਇਹ ਦੋਵੇਂ ਕੌਮਾਂ ਹਨ-ਜੱਟ ਤੇ ਰਾਜਪੂਤ। ਦੋਵੇਂ ਲੜਾਕੂ ਕੌਮਾਂ ਹਨ, ਪਰ ਹਕੂਮਤ ਹਮੇਸ਼ਾ ਦੂਜੇ ਲੋਕ ਹੀ ਆ ਕੇ ਕਰਦੇ ਰਹੇ ਹਨ। ਇਥੇ ਮਰਹੱਠੇ, ਮੁਗਲ, ਤੁਰਕ ਤੇ ਅਰਬ ਆਏ। ਇਨ੍ਹਾਂ ਦਾ ਕੰਮ ਮੁਕਿਆ ਤਾਂ ਸੱਤ ਸਮੁੰਦਰੋਂ ਪਾਰ ਅੰਗਰੇਜ਼ ਆ ਗਏ। ਇਨ੍ਹਾਂ ਸਭ ਨੇ ਇਥੇ ਆ ਕੇ ਇਨ੍ਹਾਂ ਕੌਮਾਂ ‘ਤੇ ਹਕੂਮਤ ਕੀਤੀ। ਸਾਫ ਤੇ ਸਿੱਧੀ ਗੱਲ ਹੈ ਕਿ ਇਹ ਉਦੋਂ ਹੀ ਹੋਇਆ, ਜਦੋਂ ਮੁਕਾਮੀ ਜੰਗਜੂ ਕੌਮਾਂ ਨੇ ਇਕ ਦੂਜੇ ਨੂੰ ਮਾਰ-ਮਾਰ ਕੇ ਵਿਗਾੜ ਪਾ ਲਿਆ ਤੇ ਕਮਜ਼ੋਰ ਹੋ ਗਏ। ਨਤੀਜੇ ਵਜੋਂ ਬਾਹਰੀ ਲੋਕਾਂ ਨੂੰ ਇਨ੍ਹਾਂ ਕੌਮਾਂ ‘ਤੇ ਹਕੂਮਤ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਦੀ ਡੰਡੇ ਦੇ ਜੋਰ ਨਾਲ ਕੀਤੀ ਹਕੂਮਤ ਦੇ ਥੱਲੇ ਪੰਜਾਬੀ ਸਿੱਧੇ ਵਗਦੇ ਰਹੇ।
ਹੁਣ ਤੁਸੀਂ ਵੇਖੋ ਮਰਾਠੇ ਦੂਰ ਦੇ ਇਲਾਕੇ ਮਹਾਂਰਾਸ਼ਟਰ ਦੇ ਰਹਿਣ ਵਾਲੇ ਹਨ, ਉਨ੍ਹਾਂ ਨੇ ਪੰਜਾਬ ਵਿਚ ਆ ਕੇ ਬੜੇ ਅਰਸੇ ਤਕ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਡਰਾ ਧਮਕਾ ਕੇ ਪੈਸੇ ਵੀ ਖੋਹੇ ਤੇ ਲੁੱਟਮਾਰ ਵੀ ਕਰਦੇ ਰਹੇ। ਹੱਦ ਇਹ ਹੋ ਗਈ ਕਿ ਮਰਾਠਿਆਂ ਨੇ ਲਾਹੌਰ ‘ਤੇ ਕਬਜਾ ਕਰ ਲਿਆ। ਇਨ੍ਹਾਂ ਤੋਂ ਪਹਿਲਾਂ ਜੋ ਪਠਾਣ ਅਤੇ ਅਫਗਾਨ ਸਨ, ਉਹ ਵੀ ਲੁੱਟਮਾਰ ਦਾ ਕੰਮ ਕਰਦੇ ਸਨ ਤੇ ਲੁੱਟਮਾਰ ਕਰਕੇ ਆਪਣੇ ਇਲਾਕਿਆਂ ਵਿਚ ਤੁਰ ਜਾਂਦੇ ਸਨ। ਇਨ੍ਹਾਂ ਨੇ ਪੰਜਾਬੀਆਂ ਨੂੰ ਜੋ ਸਬਕ ਦਿੱਤਾ, ਉਹ ਬਾਅਦ ਵਿਚ ਸਿੱਖਾਂ ਨੂੰ ਵੀ ਯਾਦ ਰਿਹਾ ਤੇ ਉਨ੍ਹਾਂ ਨੇ ਆਪਣੀਆਂ ਮਿਸਲਾਂ ਬਣਾਈਆਂ; ਜੋ ਕੰਮ ਮਰਾਠੇ, ਪਠਾਣਾਂ ਤੇ ਅਫਗਾਨਾਂ ਨੇ ਲੁੱਟਮਾਰ ਦਾ ਕੀਤਾ, ਉਨ੍ਹਾਂ ਤੋਂ ਵਧੀਆ ਕੰਮ ਇਨ੍ਹਾਂ ਆਪ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਇਥੋਂ ਦੇ ਇਲਾਕਿਆਂ ਦੇ ਭੇਤੀ ਸਨ। ਇਸ ਇਲਾਕੇ ਵਿਚ ਸਿਰਫ ਇਕ ਵਾਰ ਪੰਜਾਬੀਆਂ ਦੀ ਆਪਣੀ ਹਕੂਮਤ ਰਹੀ ਹੈ, ਜੋ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਸ ਹਕੂਮਤ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ, ਇਸ ਬਾਰੇ ਹਰ ਬੰਦੇ ਦਾ ਆਪੋ ਆਪਣਾ ਖਿਆਲ ਹੈ। ਇਸ ਹਕੂਮਤ ਦਾ ਨਾ ਤਾਂ ਪਠਾਣ ਕੁਝ ਕਰ ਸਕੇ, ਜਿਨ੍ਹਾਂ ਨੇ ਬੜੇ ਅਰਸੇ ਤਕ ਹਕੂਮਤ ਕੀਤੀ ਸੀ ਅਤੇ ਨਾ ਹੀ ਮੁਗਲ, ਜੋ ਉਜਬੇਕਿਸਤਾਨ ਦੀ ਆਬਾਦੀ ਫਰਆਨਾ ਤੋਂ ਆਏ ਸਨ, ਇਨ੍ਹਾਂ ਦਾ ਕੁਝ ਵਿਗਾੜ ਸਕੇ ਤੇ ਇਹ ਹਕੂਮਤ ਫੈਲਦੀ ਗਈ। ਇਸ ਸਿੱਖ ਹਕੂਮਤ ਨੇ ਮੁਲਤਾਨ ਤੋਂ ਲੈ ਕੇ ਲੱਦਾਖ ਤੱਕ ਅਤੇ ਕਾਬਲ ਤੋਂ ਲੈ ਕੇ ਸਤਲੁਜ ਤੱਕ ਕਬਜਾ ਕਰ ਲਿਆ। ਕਾਬਲ ਨੂੰ ਫਤਿਹ ਕਰਨ ਵਾਲਾ ਸਿੱਖ ਫੌਜ ਦਾ ਕਮਾਂਡਰ ਇਕ ਪੰਜਾਬੀ ਮੁਸਲਮਾਨ ਸੇਖ ਸਬਾਵਣ ਸੀ।
ਜੇ ਕਦੀ ਸਤਲੁਜ ਤੋਂ ਪਾਰ ਦੀਆਂ ਸਿੱਖ ਰਿਆਸਤਾਂ-ਪਟਿਆਲਾ, ਨਾਭਾ ਅਤੇ ਜੀਂਦ ਆਦਿ ਦੇ ਹੁਕਮਰਾਨ ਅੰਗਰੇਜ਼ਾਂ ਦੀ ਪਨਾਹ ਵਿਚ ਨਾ ਚਲੇ ਜਾਂਦੇ ਤਾਂ ਸਿੱਖ ਹਕੂਮਤ ਦੀਆਂ ਸਰਹੱਦਾਂ ਦਿੱਲੀ ਤੱਕ ਪਹੁੰਚ ਜਾਣੀਆਂ ਸਨ। ਇਸ ਹਕੂਮਤ ਨੂੰ ਕੋਈ ਹੋਰ ਤਾਕਤ ਨਾ ਡੇਗ ਸਕੀ, ਪਰ ਇਸ ਨੂੰ ਪੰਜਾਬੀਆਂ ਨੇ ਆਪ ਡੇਗਿਆ। ਇਸ ਰਾਜ ਦੇ ਪਤਨ ਤੋਂ ਬਾਅਦ ਐਸੀ ਬੇਬਰਕਤੀ ਪਈ ਕਿ ਪੰਜਾਬੀ ਨਾ ਤਾਂ ਫਿਰ ਕਦੇ ਇਕ ਝੰਡੇ ਥੱਲੇ ਇਕੱਠੇ ਹੋਏ ਅਤੇ ਨਾ ਹੀ ਕਦੇ ਮੁੜ ਆਪਣੀ ਹਕੂਮਤ ਬਣਾ ਸਕੇ। ਪੰਜਾਬੀਆਂ ਦੇ ਚਰਿਤਰ ਦੀ ਇਹ ਬੜੀ ਅਜੀਬ ਗੱਲ ਹੈ ਕਿ ਇਹ ਜਿਹਦੇ ਕੋਲੋਂ ਮਾਰ ਖਾਂਦੇ ਹਨ, ਉਸੇ ਦੇ ਹੀ ਬੜੇ ਚੰਗੇ ਨੌਕਰ ਚਾਕਰ ਸਾਬਤ ਹੁੰਦੇ ਹਨ।
ਜਿਨ੍ਹਾਂ ਲੋਕਾਂ ਨੇ ਬਾਹਰੋਂ ਆ ਕੇ ਹਕੂਮਤ ਕੀਤੀ, ਉਹ ਆਪਣੀ ਫੌਜ ਏਨੀ ਤਾਂ ਨਹੀਂ ਸਨ ਲੈ ਕੇ ਆਏ, ਉਨ੍ਹਾਂ ਨੇ ਇਥੋਂ ਦੇ ਲੋਕਾਂ ਤੋਂ ਹੀ ਕੰਮ ਲਿਆ, ਉਨ੍ਹਾਂ ਦੀ ਫੌਜ ਬਣਾਈ ਤੇ ਹਕੂਮਤ ਵੀ ਕਰਦੇ ਰਹੇ। ਤੁਸੀਂ ਦੇਖੋ ਕਿ ਹਜ਼ਾਰ ਸਾਲ ਪਹਿਲਾਂ ਮਹਿਮੂਦ ਗਜਨਵੀ ਆਇਆ ਅਤੇ ਲਾਹੌਰ ਤਕ ਕਬਜਾ ਕਰ ਲਿਆ ਤੇ ਆਪਣੀ ਹਕੂਮਤ ਕਾਇਮ ਕਰ ਲਈ। ਭਾਵੇਂ ਫੌਜ ਉਸ ਦੀ ਆਪਣੀ ਸੀ, ਪਰ ਅਫਸਰਸ਼ਾਹੀ ਮੁਕਾਮੀ ਲੋਕਾਂ ਦੀ ਸੀ ਤੇ ਇਹ ਸਾਰੇ ਪੜ੍ਹੇ-ਲਿਖੇ ਸਨ। ਗਜਨਵੀ ਨੇ ਲਾਹੌਰ ਦਾ ਆਪਣਾ ਜੋ ਪਹਿਲਾ ਗਵਰਨਰ ਬਣਾਇਆ, ਉਹ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਸੀ, ਜਿਹਨੇ ਹਿੰਦੂ ਤੋਂ ਮੁਸਲਮਾਨ ਹੋ ਕੇ ਆਪਣਾ ਨਾਂ ਏਆਜ਼ ਰੱਖਿਆ ਸੀ। ਗਜਨਵੀ ਦਾ ਦੌਰ 970 ਤੋਂ 1030 ਤੱਕ ਰਿਹਾ ਤੇ ਉਸ ਦੀ ਹਕੂਮਤ ਉਜੜਨ ਤੋਂ ਕਾਫੀ ਬਾਅਦ, ਕਰੀਬ 150 ਸਾਲ ਪਿਛੋਂ ਸੰਨ 1192 ਵਿਚ ਸ਼ਹਾਬੂਦੀਨ ਮੁਹੰਮਦ ਗੌਰੀ ਨੇ ਆਪਣੀ ਫੌਜ ਦੀ ਮਦਦ ਨਾਲ ਰਾਜਸਥਾਨ ਤਕ ਕਬਜਾ ਕਰ ਲਿਆ।
ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਮਹਿਮੂਦ ਗਜਨਵੀ ਦੀ ਅੱਧੀ ਫੌਜ ਖੁਦ ਹਿੰਦੂਆਂ ਦੀ ਸੀ। ਮੁਕਾਮੀ ਲੋਕ ਵੀ ਸ਼ਾਮਿਲ ਸਨ। ਮੁਹੰਮਦ ਗੌਰੀ ਆਇਆ ਹੋਵੇਗਾ, ਉਸ ਦੀ ਫੌਜ ਵਿਚ ਵੀ ਮੁਕਾਮੀ ਲੋਕ ਹੋਣਗੇ; ਪਰ ਜਦੋਂ ਉਸ ਦੀ ਦਿੱਲੀ ਤਕ ਹਕੂਮਤ ਬਣੀ ਤਾਂ ਉਸ ਦੀ ਮਦਦ ਕਰਨ ਵਾਲੇ ਵੀ ਮੁਕਾਮੀ ਲੋਕ ਸਨ, ਜਿਨ੍ਹਾਂ ਵਿਚ ਦਿੱਲੀ ਦਾ ਰਾਜਾ ਜੈ ਚੰਦ ਵੀ ਸੀ। ਇਸ ਪਿਛੋਂ ਜੇ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਭਾਵੇਂ ਖਾਨਦਾਨ ਗੁਲਾਮਾਂ, ਖਿਲਜ਼ੀ, ਤੁਗਲਕ, ਲੋਧੀ ਜਾਂ ਫਿਰ ਮੁਗਲ ਹੋਵੇ, ਪੰਜਾਬੀ ਇਨ੍ਹਾਂ ਦੀ ਤਾਕਤ ਬਣੇ ਰਹੇ। ਇਨ੍ਹਾਂ ਦੀਆਂ ਫੌਜਾਂ ਵਿਚ ਵੀ ਰਹੇ। ਇਨ੍ਹਾਂ ਦੀ ਮਦਦ ਵੀ ਕਰਦੇ ਰਹੇ। ਗੱਲ ਇਥੇ ਹੀ ਨਹੀਂ ਰੁਕਦੀ, ਮੁਕਾਮੀ ਰਾਜਿਆਂ ਨੇ ਉਨ੍ਹਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲਈਆਂ ਤੇ ਉਨ੍ਹਾਂ ਦੀਆਂ ਫੌਜਾਂ ਦੇ ਜਰਨੈਲ ਵੀ ਬਣੇ ਰਹੇ। ਅਕਬਰ ਦੀਆਂ ਫੌਜਾਂ ਦਾ ਜਿਥੇ ਇਕ ਪਾਸੇ ਜਰਨੈਲ ਮਾਨ ਸਿੰਘ ਕਛਵਾਹਾ ਰਾਜਪੂਤ ਸੀ, ਜੋ ਰਾਜਸਥਾਨ ਦਾ ਸੀ ਤਾਂ ਦੂਜੇ ਪਾਸੇ ਇਕ ਪੰਜਾਬੀ ਮੁਸਲਮਾਨ ਸ਼ਾਹਬਾਜ ਅਹਿਮਦ ਕੰਬੋਜ ਵੀ ਸ਼ਾਮਿਲ ਸੀ।
ਅੰਗਰੇਜ਼ ਜਦੋਂ ਬੰਗਾਲ ਵਿਚ ਆਏ ਤਾਂ ਉਨ੍ਹਾਂ ਦੀ ਆਪਣੀ ਗਿਣਤੀ ਬੜੀ ਥੋੜ੍ਹੀ ਸੀ। ਉਨ੍ਹਾਂ ਨੇ ਉਥੋਂ ਦੇ ਨਵਾਬ ਸੁਰਾਜੂਦੌਲਾ ਨੂੰ ਹਰਾਉਣ ਲਈ ਉਥੋਂ ਦੇ ਕਰਤਾ-ਧਰਤਾ ਜਗੀਰਦਾਰਾਂ ਤੇ ਮੀਰ ਜਾਫਰ ਨੂੰ ਨਾਲ ਗੰਢਿਆ ਤੇ ਆਪਣੇ ਮਕਸਦ ਵਿਚ ਕਾਮਯਾਬ ਰਹੇ। ਸੁਰਾਜੂਦੌਲਾ ਦੀ ਫੌਜ ਅੰਗਰੇਜਾਂ ਦੀ ਫੌਜ ਤੋਂ ਦੂਣੀ ਤੋਂ ਵੀ ਵੱਧ ਸੀ, ਪਰ ਉਹ ਪੈਸੇ ਲੈ ਕੇ ਜੰਗ ਦੇ ਮੌਕੇ ਸਾਰੇ ਨੱਸ ਗਏ। ਦੋਹੀਂ ਪਾਸੀਂ ਲੜਨ ਵਾਲੇ ਮੁਕਾਮੀ ਲੋਕ ਸਨ। ਇਹ ਸੰਨ 1757 ਦਾ ਸਾਲ ਸੀ। ਅੰਗਰੇਜ਼ਾਂ ਨੇ ਆਪਣੀ ਫਤਿਹ ਦੇ ਨਾਲ ਉਹ ਇੱਟ ਰੱਖ ਦਿੱਤੀ, ਜਿਹਦੇ ਨਾਲ ਉਨ੍ਹਾਂ 100 ਸਾਲ ਬਾਅਦ ਸੰਨ 1857 ਵਿਚ ਸਾਰੇ ਹਿੰਦੁਸਤਾਨ ‘ਤੇ ਕਬਜਾ ਕਰ ਲਿਆ। ਟੀਪੂ ਸੁਲਤਾਨ ਦੇ ਖਿਲਾਫ ਵੀ ਉਨ੍ਹਾਂ ਨੇ ਇਹੋ ਨੀਤੀ ਅਪਨਾਈ। ਉਥੇ ਮੀਰ ਜਾਫਰ ਸੀ ਤੇ ਇਥੇ ਮੀਰ ਸਾਦਿਕ ਸੀ ਅਤੇ ਮੁਕਾਮੀ ਲੋਕਾਂ ਦੀ ਫੌਜ ਵੀ ਨਾਲ ਸੀ। ਬਹੁਤ ਅਰਸੇ ਬਾਅਦ ਜਦੋਂ ਉਨ੍ਹਾਂ ਨੇ ਸਿੱਖ ਹਕੂਮਤ ‘ਤੇ ਹਮਲੇ ਕੀਤੇ, ਉਨ੍ਹਾਂ ਵਿਚ ਪੰਜਾਬੀ ਲੋਕ ਤੇ ਸਤਲੁਜ ਤੋਂ ਪਾਰ ਦੀਆਂ ਸਿੱਖ ਰਿਆਸਤਾਂ ਵੀ ਸ਼ਾਮਿਲ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿਚ ਸਤਲੁਜ ਤੋਂ ਪਾਰ ਦੀਆਂ ਸਾਰੀਆਂ ਸਿੱਖ ਰਿਆਸਤਾਂ ਅੰਗਰੇਜ਼ ਪੱਖੀ ਸਨ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਮਹਾਰਾਜਾ ਉਨ੍ਹਾਂ ਨੂੰ ਆਪਣੇ ਰਾਜ ਵਿਚ ਜਬਰੀ ਨਾ ਮਿਲਾ ਲਵੇ।
ਮਹਾਰਾਜੇ ਦੀ ਮੌਤ ਪਿਛੋਂ ਜਦੋਂ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਜੰਗਾਂ ਹੋਈਆਂ, ਉਸ ਵਿਚ ਸਤਲੁਜ ਤੋਂ ਚੜ੍ਹਦੇ ਵੱਲ ਸਿੱਖ ਰਿਆਸਤਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਮੁਦਕੀ ਦੀ ਜੰਗ ਵਿਚ ਪਟਿਆਲਾ ਰਿਆਸਤ ਦੀ ਜਿਸ ਫੌਜ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਉਸ ਦਾ ਕਮਾਂਡਰ, ਪੰਜਾਬੀ ਜੱਟ ਕਾਲੇ ਖਾਂ ਡੋਗਰ ਸੀ। ਜਦੋਂ ਸਿੱਖਾਂ ਨਾਲ ਅੰਗਰੇਜ਼ਾਂ ਦੀਆਂ ਲੜਾਈਆਂ ਹੋਈਆਂ, ਨਾ ਸਿਰਫ ਮੁਕਾਮੀ ਲੋਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸਗੋਂ ਸਿੱਖ ਫੌਜ ਦੇ ਕੁਝ ਕਮਾਂਡਰਾਂ ਨੇ ਵੀ ਸਿੱਖ ਰਾਜ ਨਾਲ ਗੱਦਾਰੀ ਕੀਤੀ, ਜਿਵੇਂ ਲਾਲ ਸਿੰਘ, ਡੋਗਰਾ ਗੁਲਾਬ ਸਿੰਘ ਤੇ ਧਿਆਨ ਸਿੰਘ ਆਦਿ। ਚੇਲਿਆਂਵਾਲੀ ਜੰਗ ਵੇਲੇ ਅੰਗਰੇਜ਼ਾਂ ਨੇ ਕੋਈ ਆਪਣੀ ਫੌਜ ਨਹੀਂ ਸੀ ਲਿਆਂਦੀ ਸਗੋਂ ਮੁਕਾਮੀ ਮਦਰਾਸੀ, ਬੰਗਾਲੀ ਤੇ ਯੂ. ਪੀ., ਸੀ. ਪੀ. ਦੇ ਫੌਜ ਵਿਚ ਭਰਤੀ ਕੀਤੇ ਹੋਏ ਲੋਕ ਵਰਤੇ ਸਨ। ਨਤੀਜੇ ਵਜੋਂ ਸਿੱਖ ਫੌਜ ਹਾਰ ਗਈ ਤੇ ਸਿੱਖ ਰਾਜ ਖਤਮ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਖਤਮ ਹੋਣ ਪਿਛੋਂ ਉਸ ਦੀ ਫੌਜ ਦੇ ਸਾਰੇ ਕਮਾਂਡਰ ਭਾਵੇਂ ਹਿੰਦੂ, ਸਿੱਖ ਜਾਂ ਮੁਸਲਮਾਨ ਸਨ, ਉਨ੍ਹਾਂ ਨੂੰ ਅੰਗਰੇਜ਼ਾਂ ਨੇ ਛੱਡਿਆ ਨਹੀਂ, ਤੇ ਆਪਣੀ ਫੌਜ ਵਿਚ ਜਗੀਰਾਂ ਦਾ ਲਾਲਚ ਦੇ ਕੇ ਭਰਤੀ ਕਰ ਲਿਆ। ਇਹ ਸਾਰੇ ਉਨ੍ਹਾਂ ਦੇ ਮੁਲਾਜ਼ਮ ਰਹੇ। 1857 ਦੀ ਬਗਾਵਤ ਦਿੱਲੀ ਤੇ ਨਾਲ ਲਗਦੇ ਇਲਾਕੇ ਦੇ ਮੁਕਾਮੀ ਲੋਕਾਂ ਨੇ ਕੀਤੀ। ਉਸ ਨੂੰ ਕੁਚਲਣ ਲਈ ਅੰਗਰੇਜ਼ਾਂ ਨੇ ਪੰਜਾਬੀ ਫੌਜ ਦੀ ਵਰਤੋਂ ਕੀਤੀ। ਬਾਗੀਆਂ ਦੀ ਫੌਜ ਦਾ ਕਮਾਂਡਰ ਜਨਰਲ ਬਖਤ ਖਾਂ ਰੋਹੀਲਾ ਸੀ। ਪੰਜਾਬੀ ਫੌਜ ਨੇ ਆਪਣੀ ਪੂਰੀ ਤਾਕਤ ਲਾ ਕੇ ਦਿੱਲੀ ਫਤਿਹ ਕਰ ਦਿੱਤੀ ਤੇ ਅੰਗਰੇਜ਼ਾਂ ਦਾ ਰਾਜ ਕਾਇਮ ਕੀਤਾ।
ਇਤਿਹਾਸ ਵਿਚ ਲਿਖਿਆ ਹੈ ਕਿ ਜਦੋਂ ਦਿੱਲੀ ਦੇ ਬਾਗੀ ਕਿਲੇ ਦਾ ਦਰਵਾਜਾ ਬੰਦ ਕਰਨ ਲੱਗੇ ਤਾਂ ਉਸ ਵਿਚ ਇਕ ਮੁਸਲਮਾਨ ਜਗੀਰਦਾਰ ਨੇ ਆਪਣੀ ਬਾਂਹ ਦੇ ਦਿੱਤੀ। ਉਸ ਦੀ ਬਾਂਹ ਕੱਟੀ ਗਈ, ਪਰ ਉਸ ਨੇ ਦਰਵਾਜਾ ਨਹੀਂ ਬੰਦ ਕਰਨ ਦਿੱਤਾ। ਆਜ਼ਾਦੀ ਦੀ ਉਸ ਜੰਗ ਦੇ ਖਿਲਾਫ ਨਾ ਕੋਈ ਪੰਜਾਬੀ ਮੁਸਲਮਾਨ ਪੀਰ ਪਿੱਛੇ ਰਿਹਾ, ਨਾ ਕੋਈ ਗ੍ਰੰਥੀ, ਨਾ ਕੋਈ ਪੰਡਿਤ। ਇਨ੍ਹਾਂ ਪੰਜਾਬੀਆਂ ਨੇ ਅੰਗਰੇਜ਼ਾਂ ਦਾ ਸਾਥ ਦੇ ਕੇ ਅੰਗਰੇਜ਼ਾਂ ਤੋਂ ਜਾਗੀਰਦਾਰੀਆਂ, ਜੈਲਦਾਰੀਆਂ ਤੇ ਨੰਬਰਦਾਰੀਆਂ ਲਈਆਂ। ਅੰਗਰੇਜ਼ਾਂ ਦੇ ਇਨ੍ਹਾਂ ਪਿਠੂਆਂ ਨੇ ਬਾਗੀਆਂ ਨੂੰ ਫੜ ਫੜ ਕੇ ਅੰਗਰੇਜ਼ਾਂ ਦੇ ਹਵਾਲੇ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਤੋਪਾਂ ਨਾਲ ਉਡਾਇਆ।
ਅਸੀਂ ਬਹੁਤੀਆਂ ਮਿਸਾਲਾਂ ਨਹੀਂ ਦਿੰਦੇ। ਜੋ ਬੰਦਾ ਅੱਜ ਕਲ ਪਾਕਿਸਤਾਨ ਦਾ ਵਿਦੇਸ਼ ਮੰਤਰੀ ਹੈ, ਉਸ ਦਾ ਨਾਂ ਸ਼ਾਹ ਮਹਿਮੂਦ ਕੁਰੈਸ਼ੀ ਹੈ। ਇਸ ਦੇ ਜਿਸ ਵੱਡੇ ਵਡੇਰੇ ਨੇ ਸੰਨ 1857 ਦੀ ਜੰਗੇ ਆਜ਼ਾਦੀ ਵੇਲੇ ਬਾਗੀਆਂ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਕੇ ਜਗੀਰਾਂ ਲਈਆਂ, ਉਸ ਦਾ ਨਾਂ ਵੀ ਸ਼ਾਹ ਮਹਿਮੂਦ ਕੁਰੈਸ਼ੀ ਸੀ। ਇਸ ਸ਼ਾਹ ਮਹਿਮੂਦ ਕੁਰੈਸ਼ੀ ਦਾ ਨਾਂ ਆਪਣੇ ਉਸੇ ਵਡੇਰੇ ਦੇ ਨਾਂ ‘ਤੇ ਰੱਖਿਆ ਗਿਆ। ਜਾਹਰ ਹੈ ਕਿ ਸਾਡੇ ਸਾਰੇ ਮੁਲਕਾਂ ‘ਤੇ ਹਕੂਮਤ ਉਨ੍ਹਾਂ ਦੀ ਹੀ ਹੈ, ਜਿਨ੍ਹਾਂ ਗੱਦਾਰੀ ਕੀਤੀ। ਜਦੋਂ ਅਹਿਮਦ ਖਾਂ ਖਰਲ ਨੂੰ ਲਹਿੰਦੇ ਪੰਜਾਬ ਦੇ ਇਲਾਕੇ ਉਕਾੜੇ ਵਿਚ ਮਾਰਿਆ ਗਿਆ, ਉਦੋਂ ਵੀ ਫੌਜ ਯੂ. ਪੀ. ਤੇ ਸੀ. ਪੀ. ਦੀ ਲਿਆਂਦੀ ਗਈ ਸੀ। ਅਫਗਾਨਿਸਤਾਨ ‘ਤੇ ਹਮਲੇ ਸਮੇਂ ਵੀ ਅੰਗਰੇਜ਼ਾਂ ਨੇ ਪੰਜਾਬੀ ਫੌਜ ਦੀ ਵਰਤੋਂ ਕੀਤੀ ਤੇ ਪਟਿਆਲਾ ਰਿਆਸਤ ਦੀ ਫੌਜ ਉਥੇ ਖਾਸ ਤੌਰ ‘ਤੇ ਗਈ।
ਪਹਿਲੀ ਵਿਸ਼ਵ ਜੰਗ (1914-1919) ਵਿਚ ਗੋਰਿਆਂ ਨੇ ਪੰਜਾਬੀ ਫੌਜੀਆਂ ਨੂੰ ਬਹੁਤ ਵਰਤਿਆ। ਕੁਝ ਲੋਕ ਕਹਿੰਦੇ ਹਨ ਕਿ ਇਸ ਇਲਾਕੇ ਵਿਚੋਂ 10 ਲੱਖ ਫੌਜੀ ਤੇ ਕੁਝ ਕਹਿੰਦੇ ਹਨ ਕਿ 12 ਲੱਖ ਫੌਜੀ ਲੜਨ ਲਈ ਗਏ। ਕੋਈ ਵੀ ਗਿਣਤੀ ਮਨ ਲਉ, ਉਹ ਹਿੰਦੁਸਤਾਨ ਲਈ ਨਹੀਂ ਸਗੋਂ ਗੋਰਿਆਂ ਲਈ ਲੜਨ ਗਏ ਸਨ। ਇਹ ਪੰਜਾਬੀ ਫੌਜੀ ਪੂਰੇ ਯੂਰਪ, ਮਿਡਲ ਈਸਟ, ਫਾਰ ਈਸਟ ਤੇ ਅਫਰੀਕਾ ਵਿਚ ਲੜੇ। ਇਨ੍ਹਾਂ ਵਿਚੋਂ ਲਗਭਗ 70,000 ਮਾਰੇ ਗਏ ਤੇ ਇੰਨੇ ਹੀ ਸਖਤ ਜਖਮੀ ਹੋਏ। ਜਿਨ੍ਹਾਂ ਮਾਂਵਾਂ ਨੇ ਇਨ੍ਹਾਂ ਨੂੰ ਬੜੇ ਲਾਡਾਂ ਨਾਲ ਪਾਲਿਆ ਸੀ, ਉਨ੍ਹਾਂ ਨੂੰ ਇਨ੍ਹਾਂ ਦੀਆਂ ਲਾਸ਼ਾਂ ਵੇਖਣੀਆਂ ਵੀ ਨਸੀਬ ਨਾ ਹੋਈਆਂ। ਜਿੱਥੇ ਕੋਈ ਮੁਲਸਮਾਨ ਮਰਿਆ, ਉਸ ਦੀ ਕਬਰ ਉਥੇ ਬਣਾ ਦਿੱਤੀ; ਜਿਥੇ ਕੋਈ ਸਿੱਖ ਜਾਂ ਹਿੰਦੂ ਮਰਿਆ, ਉਸ ਨੂੰ ਉਥੇ ਸਾੜ ਦਿੱਤਾ ਗਿਆ।
ਦੂਜੀ ਵਿਸ਼ਵ ਜੰਗ (1939-45) ਵੇਲੇ ਅੰਗਰੇਜ਼ਾਂ ਨੇ ਆਪਣੇ ਪਿਛਲੇ ਤਜ਼ਰਬੇ ਦੀ ਬੁਨਿਆਦ ‘ਤੇ ਹਿੰਦੁਸਤਾਨ ਵਿਚੋਂ ਪਹਿਲੀ ਸੰਸਾਰ ਜੰਗ ਤੋਂ ਦੂਣੇ ਫੌਜੀ ਭਰਤੀ ਕਰ ਲਏ, ਜਿਨ੍ਹਾਂ ਦੀ ਗਿਣਤੀ ਕਰੀਬ 25 ਲੱਖ ਸੀ। ਇਹ ਸਾਰੇ ਫੌਜੀ ਹਿੰਦੁਸਤਾਨ ਤੇ ਹੁਣ ਵਾਲੇ ਪਾਕਿਸਤਾਨ ਦੇ ਇਲਾਕਿਆਂ ਤੋਂ ਸਨ। ਇਨ੍ਹਾਂ ਵਿਚੋਂ 90 ਹਜਾਰ ਫੌਜੀ ਮਾਰੇ ਗਏ। ਅੰਗਰੇਜ਼ਾਂ ਤੋਂ ਜਗੀਰਾਂ ਲੈਣ ਵਾਲਿਆਂ ਨੇ ਜੰਗ ਸਮੇਂ ਅੰਗਰੇਜ਼ਾਂ ਦਾ ਨਮਕ ਹਲਾਲ ਕੀਤਾ ਤੇ ਅੰਗਰੇਜ਼ਾਂ ਤੋਂ ਪੈਸੇ ਲੈ ਕੇ ਆਪਣੇ ਲੋਕਾਂ ਨੂੰ ਫੌਜ ਵਿਚ ਭਰਤੀ ਕਰਾਇਆ। ਉਸ ਵਕਤ ਦਾ ਇਹ ਪੰਜਾਬੀ ਗੀਤ ਪਿੰਡਾਂ ਵਿਚ ਫੈਲਾਇਆ ਗਿਆ,
ਭਰਤੀ ਹੋ ਜਾ ਵੇ ਬੈਠ ਰਹੇ ਰੰਗਰੂਟ
ਇਥੇ ਖਾਵੇਂ ਰੁੱਖੀ ਸੁੱਖੀ ਉਥੇ ਮਿਲਦਾ ਫਰੂਟ।
ਭਰਤੀ ਹੋ ਜਾ ਵੇ ਬੈਠ ਰਹੇ ਰੰਗਰੂਟ
ਇਥੇ ਫਿਰਦਾ ਨੰਗੀ ਪੈਰੀਂ ਉਥੇ ਮਿਲਦੇ ਬੂਟ।
ਭਰਤੀ ਹੋ ਜਾ ਵੇ ਬੈਠ ਰਹੇ ਰੰਗਰੂਟ
ਇਥੇ ਤਨ ‘ਤੇ ਕਪੜਾ ਕੋਈ ਨਹੀਂ ਉਥੇ ਮਿਲਦੇ ਸੂਟ।
ਭਰਤੀ ਹੋ ਜਾ ਵੇ ਬੈਠ ਰਹੇ ਰੰਗਰੂਟ।
ਤੁਸੀਂ ਯੂਰਪ ਦੇ ਮੁਲਕਾਂ ਵਿਚ ਜਾਵੋ, ਉਥੇ ਮੁਸਲਮਾਨ ਫੌਜੀਆਂ ਦੀਆਂ ਕਬਰਾਂ ਤੇ ਹਿੰਦੂ ਸਿੱਖ ਫੌਜੀਆਂ ਦੀਆਂ ਮੜੀਆਂ ਮਿਲਣਗੀਆਂ। ਉਪਰੋਕਤ ਇਲਾਕਿਆਂ ਤੋਂ ਇਲਾਵਾ ਹਾਂਗਕਾਂਗ ਤੇ ਸਿੰਗਾਪੁਰ ਜਿਹੇ ਦੇਸ਼ਾਂ ਵਿਚ ਵੀ ਸਾਡੇ ਲੋਕ, ਜੋ ਬਿਨਾ ਮਕਸਦ ਪਰਾਏ ਦੀ ਜੰਗ ਵਿਚ ਮਾਰੇ ਗਏ, ਉਨ੍ਹਾਂ ਦੀਆਂ ਯਾਦਗਾਰਾਂ ਤੇ ਕਬਰਾਂ ਮਿਲਣਗੀਆਂ।
ਹੁਣ ਇਹ ਗੱਲ ਵੇਖਣ ਵਾਲੀ ਹੈ ਕਿ ਪੰਜਾਬੀਆਂ ਦੀ ਕਿਸਮਤ ਵਿਚ ਲੜਨਾ-ਮਰਨਾ ਹੀ ਕਿਉਂ ਲਿਖਿਆ ਗਿਆ ਹੈ ਤੇ ਇਸ ਤੋਂ ਜਾਨ ਕਿਉਂ ਨਹੀਂ ਛੁਟਦੀ? ਹੁਣ ਵੀ ਪਾਕਿਸਤਾਨ ਤੇ ਹਿੰਦੁਸਤਾਨ ਵਿਚਾਲੇ ਜੋ ਸਰਹੱਦ ਬਣੀ, ਉਹ ਪੰਜਾਬ ਦੀ ਹਿੱਕ ਤੋਂ ਲੰਘੀ। ਦੋਹਾਂ ਮੁਲਕਾਂ ਦੀਆਂ ਫੌਜਾਂ ਵਿਚ ਪੰਜਾਬੀਆਂ ਦੀ ਗਿਣਤੀ ਭਾਰੀ ਹੈ। ਦੋਹਾਂ ਵਿਚਾਲੇ ਜਿੰਨੀਆਂ ਜੰਗਾਂ ਲੜੀਆਂ ਗਈਆਂ, ਇਨ੍ਹਾਂ ਵਿਚ ਸਭ ਤੋਂ ਵੱਧ ਪੰਜਾਬੀ ਫੌਜੀ ਮਾਰੇ ਗਏ ਤੇ ਇਕੋ ਖੂਨ, ਇਕ ਦੂਜੇ ਨੂੰ ਭੁੰਨਦਾ ਰਿਹਾ।
ਪਾਕਿਸਤਾਨ ਦੀ ਆਬਾਦੀ ਵਿਚੋਂ 75% ਪੰਜਾਬੀ ਹਨ। 65% ਪੰਜਾਬੀ ਤਾਂ ਪੰਜਾਬ ਵਿਚ ਹੀ ਰਹਿੰਦੇ ਹਨ। ਪਰ ਕਈ ਇਲਾਕੇ ਐਸੇ ਵੀ ਹਨ, ਜਿਵੇਂ ਕੇ. ਪੀ. ਕੇ ਵਿਚ ਹਰੀਪੁਰ ਹਜਾਰਾ ਤੇ ਸਿੰਧ ਸੂਬਾ, ਇਨ੍ਹਾਂ ਵਿਚ ਵੀ ਬਹੁਤ ਸਾਰੇ ਪੰਜਾਬੀ ਹਨ। ਇਸ ਤਰ੍ਹਾਂ ਪਾਕਿਸਤਾਨ ਵਿਚ ਪੰਜਾਬੀਆਂ ਦੀ ਗਿਣਤੀ ਕਰੀਬ 75% ਹੈ। ਫੌਜ ਵਿਚ ਵੀ ਇਹੋ ਸੂਰਤੇ-ਹਾਲ ਹੈ ਤੇ ਉਥੇ ਵੀ ਏਨੇ ਹੀ ਪੰਜਾਬੀ ਹੋਣਗੇ। ਸਿੰਧ ਤੇ ਬਲੋਚਸਤਾਨ ਦੇ ਬਹੁਤੇ ਲੋਕ ਫੌਜ ਵਿਚ ਭਰਤੀ ਨਹੀਂ ਹੁੰਦੇ। ਲੈ ਦੇ ਕੇ ਪੰਜਾਬੀ ਲੋਕ ਹੁੰਦੇ ਹਨ। ਇਸੇ ਕਰਕੇ ਦੂਸਰੇ ਲੋਕ ਕਹਿੰਦੇ ਹਨ ਕਿ ਇਹ ਪਾਕਿਸਤਾਨ ਦੀ ਨਹੀਂ, ਪੰਜਾਬੀਆਂ ਦੀ ਫੌਜ ਹੈ।
ਹੁਣ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਵਿਚ ਜੰਗ ਹੁੰਦੀ ਹੈ, ਪਹਿਲਾਂ ਵੀ ਹੋਈਆਂ, ਰੱਬ ਨਾ ਕਰੇ ਅੱਗੋਂ ਹੋਵੇ, ਤਾਂ ਇਸ ਵਿਚ ਨਾ ਕੇਵਲ ਪੰਜਾਬ ਬਰਬਾਦ ਹੁੰਦਾ ਹੈ, ਤੇ ਪੰਜਾਬ ਦੀ ਜਨਤਾ ਮਰਦੀ ਹੈ, ਸਗੋਂ ਦੋਹਾਂ ਪਾਸਿਆਂ ਤੋਂ ਪੰਜਾਬੀ ਫੌਜ ਕੰਮ ਆਉਂਦੀ ਹੈ। ਅੱਜ ਜਦੋਂ ਮੈਂ ਅਖਬਾਰਾਂ ਵਿਚ ਪੜ੍ਹਦਾ ਹਾਂ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ ਜਾਂ ਹੋਰ ਮੁਲਕਾਂ ਵਿਚ ਪੰਜਾਬੀ ਮੁੰਡੇ ਉਨ੍ਹਾਂ ਦੀਆਂ ਫੌਜਾਂ ਵਿਚ ਭਰਤੀ ਹੋਏ ਹਨ, ਤਾਂ ਸੱਚ ਪੁੱਛੋ, ਮੇਰੇ ਕਲੇਜੇ ਨੂੰ ਧੂਹ ਪੈਂਦੀ ਹੈ, ਤੇ ਮੈਂ ਕਹਿੰਦਾ ਹਾਂ, ਕੀ ਸਾਰੀ ਦੁਨੀਆਂ ਵਿਚ ਪੰਜਾਬੀਆਂ ਨੇ ਹੀ ਲੜਨ ਦਾ ਠੇਕਾ ਲਿਆ ਹੋਇਆ ਹੈ? ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਪੰਜਾਬੀਆਂ ਦਾ ਨਾਂ ਕਿਸੇ ਨੋਬਲ ਪ੍ਰਾਈਜ਼, ਸਾਇੰਸ ਜਾਂ ਖੇਡਾਂ ਦੇ ਖੇਤਰ ਵਿਚ ਨਹੀਂ ਆਉਂਦਾ? ਕਿਉਂ ਫੌਜਾਂ ਵਿਚ ਹੀ ਇਨ੍ਹਾਂ ਦਾ ਨਾਂ ਆਉਂਦਾ ਹੈ? ਇਸ ਤੋਂ ਇਹ ਗੱਲ ਸਾਫ ਜਾਹਰ ਹੈ ਕਿ ਪੰਜਾਬੀ ਹਾਲੇ ਵੀ ਆਪਣੇ ਡੌਲਿਆਂ ਦੀ ਤਾਕਤ ਦਾ ਇਸਤੇਮਾਲ ਕਰਦੇ ਹਨ, ਦਿਮਾਗ ਦਾ ਨਹੀਂ।
ਜੰਗ ਕਿੱਧਰੇ ਵੀ ਹੋਵੇ, ਗੋਦ ਸਿਰਫ ਪੰਜਾਬੀ ਮਾਂ ਦੀ ਹੀ ਉਜੜਦੀ ਹੈ। ਮੈਨੂੰ ਇੰਜ ਲਗਦਾ ਹੈ ਜਿਵੇਂ ਪੰਜਾਬੀ ਕਿਰਾਏ ਦੇ ਫੌਜੀ ਹੋਣ, ਹਰ ਥਾਂ ਲੜਨ ਲਈ ਤਿਆਰ ਹੁੰਦੇ ਹਨ, ਪਰ ਇਸ ਸਭ ਦਾ ਜਿੰਮੇਵਾਰ ਕੌਣ ਏ? ਇਹ ਕਿਵੇਂ ਹੋਇਆ? ਗੱਲ ਇਹ ਹੈ ਕਿ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਵੰਡਣ ਵਾਲੀ ਸਰਹੱਦ ਪੰਜਾਬ ਵਿਚੋਂ ਲੰਘਦੀ ਹੈ ਤੇ ਦੋਹਾਂ ਮੁਲਕਾਂ ਦੇ ਸਬੰਧ ਸੁਖਾਵੇਂ ਨਾ ਹੋਣ ਕਰ ਕੇ ਜੰਗ ਦਾ ਮਾਹੌਲ ਬਣਿਆ ਰਹਿੰਦਾ ਹੈ, ਜਿਸ ਕਰਕੇ ਚੜ੍ਹਦਾ ਤੇ ਲਹਿੰਦਾ ਪੰਜਾਬ ਜੰਗ ਦਾ ਖੇਤਰ ਬਣਦਾ ਹੈ। ਨਤੀਜੇ ਵਜੋਂ ਇਥੋਂ ਦੀਆਂ ਸਰਕਾਰਾਂ ਤੇ ਸਰਮਾਏਦਾਰ ਇਨ੍ਹਾਂ ਇਲਾਕਿਆਂ ਵਿਚ ਉਦਯੋਗ ਨਹੀਂ ਲਾਉਂਦੇ ਤੇ ਸਥਾਨਕ ਲੋਕਾਂ ਤੋਂ ਨਿੱਜੀ ਵਸੀਲਿਆਂ ਦੀ ਵੀ ਘਾਟ ਹੈ, ਜਿਸ ਕਾਰਨ ਬੇਰੁਜਗਾਰੀ ਫੈਲੀ ਹੈ ਤੇ ਲੋਕਾਂ ਕੋਲ ਫੌਜ ਵਿਚ ਭਰਤੀ ਹੋਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ। ਇਸੇ ਤਰ੍ਹਾਂ ਗੋਰਿਆਂ ਨੇ ਕੀਤਾ। ਬੇਰੁਜ਼ਗਾਰੀ ਬਹੁਤ ਸੀ ਤੇ ਲੋਕ ਪੈਸੇ ਵਾਸਤੇ ਤੇ ਨਿੱਜੀ ਲੋੜਾਂ ਪੂਰੀਆਂ ਕਰਨ ਵਾਸਤੇ ਫੌਜ ਵਿਚ ਭਰਤੀ ਹੁੰਦੇ ਸਨ। ਹੁਣ ਵੀ ਕਾਰਨ ਉਹੀ ਹਨ। ਜਦੋਂ ਫੌਜ ਵਿਚ ਭਰਤੀ ਹੁੰਦੇ ਹਨ ਤਾਂ ਫਿਰ ਲੜਨਾ ਤਾਂ ਪਵੇਗਾ ਹੀ। ਉਹ ਪਠਾਣ ਕਹਿੰਦੇ ਨੇ ਕਿ ਲੜਾਈ ਵਿਚ ਗੁੜ ਨਹੀਂ ਵੰਡਿਆ ਜਾਂਦਾ। ਜਾਹਰ ਹੈ ਕਿ ਗੁੜ ਨਹੀਂ ਵੰਡਿਆ ਜਾਂਦਾ, ਬੰਦੇ ਮਰਦੇ ਨੇ ਲੜਾਈ ਵਿਚ।
ਹੁਣ ਸਵਾਲ ਹੈ ਕਿ ਕੀ ਪੰਜਾਬੀ ਕੌਮ ਦਾ ਮੁਕੱਦਰ ਇਸੇ ਤਰ੍ਹਾਂ ਰਹੇਗਾ ਤੇ ਇਸ ਦਾ ਜਿੰਮੇਵਾਰ ਕੌਣ ਹੈ? ਮੇਰੇ ਖਿਆਲ ਵਿਚ, ਇਸ ਦਾ ਜਵਾਬ ਪੰਜਾਬੀ ਲੀਡਰਸ਼ਿਪ ਹੈ, ਜੋ ਸਾਡੀ ਅਗਵਾਈ ਕਰਦੀ ਹੈ; ਪਰ ਲੀਡਰਸ਼ਿਪ ਕਿਹੜੀ? ਜੇ ਪੰਜਾਬ ਦੀ ਲੀਡਰਸ਼ਿਪ ਹੁੰਦੀ ਤਾਂ ਇਸ ਦੀ ਵੰਡ ਕਿਉਂ ਹੁੰਦੀ? 1947 ਵਿਚ ਪੰਜਾਬ ਦੀ ਵੰਡ ਹੋਈ, ਤੇ ਇਹ ਵੰਡ ਕਰਨ ਵਾਸਤੇ ਦੋ ਵੱਡੇ ਲੀਡਰ, ਮੁਹੰਮਦ ਅਲੀ ਜਿਨਾਹ ਤੇ ਗਾਂਧੀ-ਦੋਵੇਂ ਗੁਜਰਾਤੀ ਸਨ ਅਤੇ ਦੋ ਕਸ਼ਮੀਰੀ ਪੰਡਿਤ ਸਨ-ਇਕ ਡਾ. ਇਕਬਾਲ ਤੇ ਦੂਜਾ ਪੰਡਿਤ ਨਹਿਰੂ। ਦੋ ਕਸ਼ਮੀਰੀ, ਦੋ ਗੁਜਰਾਤੀ ਤੇ ਵੰਡ ਹੋ ਗਈ ਪੰਜਾਬ ਦੀ, ਨਾ ਸਕੂਨ ਆਇਆ ਪੰਜਾਬ ਨੂੰ, ਤੇ ਨਾ ਸਕੂਨ ਆਇਆ ਕਸ਼ਮੀਰ ਨੂੰ। ਦੋਹਾਂ ਦੀ ਬਰਬਾਦੀ ਹੋ ਰਹੀ ਹੈ। ਹੁਣ ਦੂਜਾ ਸਵਾਲ ਇਹ ਹੈ ਕਿ ਜਦੋਂ ਇਹ ਕੰਮ ਹੋ ਰਿਹਾ ਸੀ, ਉਦੋਂ ਪੰਜਾਬੀ ਕਿੱਥੇ ਮਰ ਗਏ ਸਨ? ਇਹ ਗੱਲ ਬਿਲਕੁਲ ਸਮਝ ਆਉਂਦੀ ਹੈ ਕਿ ਜਿਹੜੇ ਪੰਜਾਬੀ ਸਨ, ਭਾਵਂੇ ਹਿੰਦੂ, ਸਿੱਖ ਜਾਂ ਮੁਸਲਮਾਨ, ਉਹ ਇੱਕ ਬਹੁਤ ਹੀ ਜਰੂਰੀ ਕੰਮ ਪਏ ਕਰਦੇ ਸਨ। ਉਹ ਜਰੂਰੀ ਕੰਮ ਇਹ ਕਰਦੇ ਸਨ ਕਿ ਇਕ ਦੂਜੇ ਨੂੰ ਵੱਢਣ-ਟੁੱਕਣ ਲਈ ਤਲਵਾਰਾਂ ਅਤੇ ਕਿਰਪਾਨਾਂ ਤਿੱਖੀਆਂ ਪਏ ਕਰਦੇ ਸਨ। ਇਕ ਦੂਜੇ ਨੂੰ ਲੁੱਟਣ ਲੱਗੇ ਸਨ। ਇਸ ਦਾ ਨਤੀਜਾ ਫਿਰ ਏਹੀ ਨਿਕਲਦਾ ਹੈ। ਜੇ ਕੋਈ ਇਮਤਿਹਾਨ ਦੇਣਾ ਹੋਵੇ ਤਾਂ ਉਸ ਲਈ ਪੜ੍ਹਨਾ ਪੈਂਦਾ ਹੈ, ਪਰ ਪੜ੍ਹਨ ਵਾਲੇ ਪਾਸੇ ਇਹ ਗਏ ਹੀ ਨਹੀਂ, ਤੇ ਇਸੇ ਵਾਸਤੇ ਇਨ੍ਹਾਂ ਦਾ ਇਤਿਹਾਸ ਵੀ ਦੂਸਰੇ ਲੋਕਾਂ ਨੇ ਲਿਖਿਆ। ਇਨ੍ਹਾਂ ਆਪਣਾ ਇਤਿਹਾਸ ਆਪ ਨਹੀਂ ਲਿਖਿਆ, ਤੇ ਨਾ ਹੀ ਇਨ੍ਹਾਂ ਨੂੰ ਪਤਾ ਹੈ। ਠੀਕ ਹੀ ਕਹਿੰਦੇ ਨੇ ਸਿਆਣੇ ਕਿ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਹਨ, ਤੇ ਘੜੀ ਦਾ ਖੁੰਝਿਆ ਬੰਦਾ ਸੌ ਕੋਹ ‘ਤੇ ਜਾ ਪੈਂਦਾ ਏ।
ਲਉ, ਫਿਰ ਯਾਦ ਕਰੋ, ਪੰਜਾਬੀ ਲੀਡਰਸ਼ਿਪ ਦੀਆਂ ਕਮਾਈਆਂ ਨੂੰ ਜਿਸ ਨੇ ਸਾਨੂੰ ਕੰਡਿਆਂ ਵਾਲੀ ਤਾਰ ਦੇ ਦੋਹਾਂ ਪਾਸਿਆਂ ਵਿਚ ਵੰਡ ਕੇ ਰੱਖ ਦਿੱਤਾ। ਹੁਣ ਰੋਵੋ, ਆਪਣੇ ਪੁਰਾਣੇ ਪਿੰਡਾਂ ਨੂੰ, ਆਪਣੇ ਘਰਾਂ ਨੂੰ, ਆਪਣੇ ਵਿਛੜੇ ਮਿੱਤਰਾਂ ਨੂੰ। ਹੁਣ ਆਪਣੇ ਪੁਰਾਣੇ ਘਰ ਦੀ ਗੇੜੀ ਲਾਉਣ ਲਈ ਲਉ ਵੀਜ਼ੇ, ਖਾਉ ਧੱਕੇ, ਕਰੋ ਰਿਪੋਰਟਾਂ ਥਾਣਿਆਂ ਵਿਚ, ਤੇ ਫਿਰ ਕੋਸੋ ਪੰਜਾਬੀ ਲੀਡਰਸ਼ਿਪ ਨੂੰ, ਜੋ ਸਾਡੇ ਵਿਚ ਹਾਲੇ ਤੱਕ ਵੀ ਪੈਦਾ ਨਹੀਂ ਹੋਈ।