ਕੁਝ ਤਤਕਾਲੀ ਸਵਾਲ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਆਪਣੇ ਆਲੇ-ਦੁਆਲੇ ਨਾਲ ਹਰੇਕ ਬੰਦਾ ਵਾਬਸਤਾ ਰਹਿੰਦਾ ਹੈ ਤੇ ਘਟਨਾਵਾਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਦੇ ਕਾਰਨ ਲਭਦਾ ਹੈ। ਮੈਨੂੰ ਇਸ ਵਕਤ ਕੁਝ ਸਵਾਲਾਂ ਦੇ ਜਵਾਬ ਲੱਭਣ ਵਿਚ ਦਿੱਕਤ ਆ ਰਹੀ ਹੈ। ਪਹਿਲਾ ਮਸਲਾ ਜੋ ਵਧੀਕ ਗੰਭੀਰ ਹੈ, ਉਹ ਭਾਈ ਸਰਬਜੀਤ ਸਿੰਘ ਦਾ ਪਾਕਿਸਤਾਨੀ ਜੇਲ੍ਹ ਵਿਚ ਕਤਲ। ਫਾਂਸੀ ਦੀ ਸਜ਼ਾ ਉਡੀਕਦੇ ਜੁਆਨ ਦਾ ਕਤਲ ਹਿਰਦੇਵੇਧਕ ਹੈ ਜਿਸ ਦੀ ਗੂੰਜ ਭਾਰਤ ਦੀ ਪਾਰਲੀਮੈਂਟ ਵਿਚ ਪੁੱਜੀ। ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ 25 ਲੱਖ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਕਰੌੜ ਰੁਪਏ ਉਸ ਦੇ ਪਰਿਵਾਰ ਨੂੰ ਸਹਾਇਤਾ ਵਜੋਂ ਦਿਤੇ।
ਅਸੀਂ ਸਰਬਜੀਤ ਸਿੰਘ ਦਾ ਪਿਛੋਕੜ ਨਹੀਂ ਜਾਣਦੇ, ਉਸ ਦੇ ਪਰਿਵਾਰ ਨੂੰ ਵੀ ਉਨਾ ਕੁ ਜਾਣਦੇ ਹਾਂ ਜਿੰਨਾ ਅਖਬਾਰ/ਟੀæਵੀæ ਰਾਹੀਂ ਪਤਾ ਲਗਦਾ ਹੈ। ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਵਿਚ ਕੀ ਕਰਨ ਗਿਆ ਸੀ, ਪਤਾ ਨਹੀਂ। ਜਿਵੇਂ ਹੈਲੀਕਾਪਟਰ ਵਿਚ ਤਰੰਗੇ ਝੰਡੇ ਵਿਚ ਲਪੇਟ ਕੇ ਉਸ ਦੀ ਮ੍ਰਿਤਕ ਦੇਹ ਲਿਆਂਦੀ ਗਈ ਅਤੇ ਸਰਕਾਰਾਂ ਵਲੋਂ ਪਰਿਵਾਰ ਦੀ ਮਾਇਕ ਮੱਦਦ ਕੀਤੀ ਗਈ, ਕੀ ਉਹ ਪਾਕਿਸਤਾਨ ਵਿਚ ਭਾਰਤ ਵਲੋਂ ਭੇਜਿਆ ਗਿਆ ਜਾਸੂਸ ਸੀ ਜਾਂ ਕਿਸੇ ਹੋਰ ਗੁਪਤ ਮਿਸ਼ਨ ‘ਤੇ ਗਿਆ ਸੀ? ਜੇ ਇਸ ਦਾ ਉਤਰ ‘ਹਾਂ’ ਵਿਚ ਹੈ ਤਦ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਹੈ। ਪਰਿਵਾਰ ਉਪਰ ਯਕੀਨਨ ਇਹ ਵੱਡੀ ਸੱਟ ਹੈ ਜਿਸ ਦਾ ਇਲਾਜ ਧਨ ਰਾਸ਼ੀ ਦੀ ਸਹਾਇਤਾ ਨਾਲ ਵੀ ਨਹੀਂ ਹੋ ਸਕਦਾ, ਪ੍ਰੰਤੂ ਇਸ ਸਭ ਕੁਝ ਦਾ ਪਿਛੋਕੜ ਅਤੇ ਮਨੋਰਥ ਜਾਣਨ ਦਾ ਤਾਂ ਸਾਡਾ ਸਭ ਨਾਗਰਿਕਾਂ ਦਾ ਹੱਕ ਹੈ ਹੀ ਨਾ।
ਭਾਰਤੀ ਪਾਰਲੀਮੈਂਟ ਦਾ ਇਹ ਦਸਤੂਰ ਹੈ ਕਿ ਕਿਸੇ ਮੌਜੂਦਾ ਜਾਂ ਸਾਬਕਾ ਐਮ ਪੀ ਦਾ ਦੇਹਾਂਤ ਹੋ ਜਾਵੇ ਤਾਂ ਇਹ ਸ਼ਰਧਾਂਜਲੀ ਦਾ ਮਤਾ ਪਾਸ ਕਰਦੀ ਹੈ, ਸਰਕਾਰ ਕੋਈ ਵੀ ਹੋਵੇ, ਐਮæਪੀæ ਕਿਸੇ ਪਾਰਟੀ ਦਾ ਹੋਵੇ, ਮੌਤ ਉਪਰੰਤ ਸ਼ਰਧਾਂਜਲੀ ਦੀ ਪਰੰਪਰਾ ਕਾਇਮ ਹੈ। ਸ਼ ਕਪੂਰ ਸਿੰਘ ਆਈæਸੀæਐਸ਼ ਭਾਰਤੀ ਪਾਰਲੀਮੈਂਟ ਦੇ ਮੈਂਬਰ ਰਹੇ, ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ ਆਪਣੇ ਭਾਸ਼ਣਾਂ ਰਾਹੀਂ ਜਬਰਦਸਤ ਆਵਾਜ਼ ਉਠਾਈ, ਪੰਡਿਤ ਜਵਾਹਰ ਲਾਲ ਨਹਿਰੂ ਤੱਕ ਨੂੰ ਨਿਰੁੱਤਰ ਕੀਤਾ ਪਰ ਜਦੋਂ ਸ਼ ਕਪੂਰ ਸਿੰਘ ਦੀ ਮੌਤ ਹੋਈ, ਭਾਰਤੀ ਪਾਰਲੀਮੈਂਟ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੀ ਆਪਣੀ ਪਰੰਪਰਾ ਕਿਉਂ ਭੁੱਲ ਗਈ ਸੀ?
ਦੂਜਾ ਸਵਾਲ। ਕਲਰਜ਼ ਚੈਨਲ, ਟੀæਵੀæ ਉਪਰ ਨਿਰੰਤਰ ਮਿਆਰੀ ਸੀਰੀਅਲ ਪੇਸ਼ ਕਰ ਰਿਹਾ ਹੈ, ਕਈ ਸੀਰੀਅਲ ਸਾਲਾਂ ਬੱਧੀ ਚਲਦੇ ਹਨ। ਇਕ ਸੀਰੀਅਲ ਦਾ ਨਾਮ ਗੁਰਬਾਣੀ ਰੱਖ ਦਿਤਾ ਗਿਆ ਤਾਂ ਸਿੱਖ ਨੇਤਾਵਾਂ ਨੇ ਵਾਵੇਲਾ ਮਚਾ ਦਿੱਤਾ ਕਿ ਇਸ ਸੀਰੀਅਲ ਵਿਚ ਇਕ ਕੁੜੀ ਦਾ ਨਾਮ ਗੁਰਬਾਣੀ ਰੱਖ ਕੇ ਸਿੱਖਾਂ ਦਾ ਨਿਰਾਦਰ ਕੀਤਾ ਗਿਆ ਹੈ। ਖੈਰ, ਪ੍ਰਬੰਧਕਾਂ ਨੇ ਬਦਲ ਕੇ ਕੁੜੀ ਦਾ ਨਾਮ ਬਾਣੀ ਰੱਖ ਦਿੱਤਾ। ਸ਼ਰੁਤੀਆਂ ਅਤੇ ਸਿਮ੍ਰਿਤੀਆਂ ਦੇ ਮੰਤਰ ਵੀ ਹਿੰਦੂਆਂ ਵਾਸਤੇ ਗੁਰਬਾਣੀ ਹਨ ਪਰੰਤੂ ਸੀਰੀਅਲ ਲਾਂਚਰਾਂ ਨੇ ਟਕਰਾਉ ਵਿਚ ਆਉਣਾ ਹੀ ਨਹੀਂ ਸੀ। ਪਰ ਸਿੱਖ, ਗੁਰੂ ਗ੍ਰੰਥ ਵਿਚਲੀ ਗੁਰਬਾਣੀ ਨੂੰ ਹੀ ਬਾਣੀ ਆਖਦੇ ਹਨ, ਹਮਾਤੜਾਂ ਦੀ ਲਿਖਤ ਨੂੰ ਇਹ ਦਰਜਾ ਨਹੀਂ ਮਿਲ ਸਕਦਾ। ਫਿਰ ਕੁੜੀ ਦਾ ਨਾਮ ਬਾਣੀ ਰੱਖਣ ਨਾਲ ਸਿੱਖ ਹਿਰਦੇ ਅਚਾਨਕ ਸ਼ਾਂਤ ਹੋ ਗਏ ਤੇ ਸੀਰੀਅਲ ਚੱਲ ਰਿਹਾ ਹੈ ਜਿਸ ਦਾ ਮੁੱਖ ਵਾਕ ਬਾਣੀ-ਇਸ਼ਕ ਦਾ ਕਲਮਾ ਹੈ।
ਮੈਂ ਇਕ ਯੂਨੀਵਰਸਿਟੀ ਅਧਿਆਪਕਾ ਨੂੰ ਜਾਣਦਾ ਹਾਂ ਜੋ ਇਤਿਹਾਸ ਪੜ੍ਹਾਉਂਦੀ ਹੈ, ਉਸ ਦਾ ਨਾਮ ਸੁਖਮਨੀ ਹੈ। ਇਕ ਹੋਰ ਲੜਕੀ ਜਿਹੜੀ ਫਿਲਮਾਂ ਦੇ ਰੋਲ ਕਰਦੀ ਹੈ, ਉਸ ਦਾ ਨਾਮ ਜਪੁਜੀ ਖਹਿਰਾ ਹੈ। ਸਿੱਖਾਂ ਦੇ ਨਾਮ ਨਾਨਕ ਸਿੰਘ, ਅਰਜਣ ਸਿੰਘ, ਗੋਬਿੰਦ ਸਿੰਘ ਹਨ। ਤੁਸੀਂ ਬਹੁਤ ਸਾਰੇ ਮੁਸਲਮਾਨਾਂ ਦੇ ਨਾਂਵਾਂ ਨਾਲ ਮੁਹੰਮਦ, ਅਲੀ, ਹੁਸੈਨ ਅਤੇ ਕੁੜੀਆਂ ਦੇ ਨਾਮ ਫਾਤਿਮਾ ਆਮ ਦੇਖੋਗੇ। ਅਜਿਹਾ ਇਸ ਕਰਕੇ ਹੈ ਕਿ ਵਡੇਰਿਆਂ ਦੇ ਨਾਂ ਇਨ੍ਹਾਂ ਲਈ ਹਿਤਕਾਰੀ ਹੋਣਗੇ। ਮੈਨੂੰ ਲਗਦਾ ਹੈ ਕਿ ਸਿੱਖ ਪਰੰਪਰਾਵਾਂ ਵਿਚੋਂ ਸ਼ਬਦ ਲੈ ਕੇ ਜੇ ਬੱਚਿਆਂ ਦੇ ਨਾਮ ਰਖੇ ਜਾਇਆ ਕਰਨ ਤਾਂ ਇਹ ਸਹੀ ਦਿਸ਼ਾ ਵੱਲ ਕਦਮ ਹੋਵੇਗਾ। ਗੁਰਬਾਣੀ ਅਤੇ ਬਾਣੀ ਵਿਚ ਕੀ ਫਰਕ ਹੈ, ਕੁੜੀ ਦਾ ਨਾਂ ਗੁਰਬਾਣੀ ਨਾ ਹੋਵੇ ਬਾਣੀ ਹੋ ਜਾਵੇ, ਫਿਰ ਕੋਈ ਇਤਰਾਜ਼ ਨਹੀਂ, ਅਜਿਹਾ ਕਿਉਂ? ਮੈਂ ਨਾਗਸੈਨ ਨਾਲ ਇਹ ਗੱਲ ਕੀਤੀ। ਉਸ ਨੇ ਦੱਸਿਆ, “ਬੱਚਾ ਮਾਂ ਨੂੰ ਪੁੱਛਣ ਲੱਗਾ-ਪ੍ਰਸਿੱਧ ਕਿਵੇਂ ਬਣਾਂ ਮਾਂ? ਮਾਂ ਨੇ ਉੱਤਰ ਦਿੱਤਾ-ਚੰਗੇ ਕੰਮ ਕਰੀ ਜਾਹ, ਪ੍ਰਸਿੱਧ ਹੋ ਜਾਏਂਗਾ। ਬੱਚੇ ਨੇ ਕਿਹਾ-ਪਰ ਚੰਗੇ ਕੰਮ ਕਰਨੇ ਔਖੇ ਹਨ ਤੇ ਚੰਗੇ ਕੰਮ ਕਰਦਿਆਂ ਕਰਦਿਆਂ ਪ੍ਰਸਿੱਧ ਹੋਣ ਵਿਚ ਸਮਾਂ ਬੜਾ ਲਗਦਾ ਹੈ। ਮਾਂ ਨੇ ਕਿਹਾ-ਤਾਂ ਫੇਰ ਮਾੜੇ ਕੰਮ ਕਰਨ ਲੱਗ ਜਾਹ। ਛੇਤੀ ਪ੍ਰਸਿਧੀ ਹਾਸਲ ਕਰਨ ਦਾ ਇਹੋ ਤਰੀਕਾ ਹੈ।”
ਤੀਜਾ ਸਵਾਲ, ਸਾਕਾ ਚੌਰਾਸੀ ਦੀ ਯਾਦਗਾਰ ਬਾਰੇ। ਸਾਲ 1984 ਨੂੰ ਦਰਬਾਰ ਸਾਹਿਬ ਸਮੇਤ 42 ਇਤਿਹਾਸਕ ਗੁਰਦੁਆਰਿਆਂ ਉਪਰ ਭਾਰਤੀ ਸੈਨਾ ਨੇ ਹੱਲਾ ਬੋਲਿਆ। ਕਸੂਰਵਾਰ ਕਿਹੜੇ ਹਨ, ਬੇਕਸੂਰ ਕਿਹੜੇ ਬਿਨਾਂ ਵਿਤਕਰਾ ਕੀਤਿਆਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਦਾ ਕਤਲਿਆਮ ਹੋਇਆ। ਵੱਖ-ਵੱਖ ਧੜਿਆਂ ਦੇ ਬੰਦੇ ਵੀ ਤੇ ਗੈਰਸਿਆਸੀ ਸ਼ਰਧਾਲੂ ਵੱਡੀ ਗਿਣਤੀ ਵਿਚ ਕਤਲ ਹੋਏ। ਤਾਂ ਵੀ ਇਸ ਭਿਆਨਕ ਟੱਕਰ ਵਿਚ ਇਕ ਪਾਸੇ ਕੁਲਦੀਪ ਸਿੰਘ ਬਰਾੜ ਜਰਨੈਲ ਸੀ, ਦੂਜੇ ਪਾਸੇ ਸੰਤ ਜਰਨੈਲ ਸਿੰਘ, ਇਤਫਾਕਨ ਉਹ ਵੀ ਬਰਾੜ। ਬੇਸ਼ਕ ਬਾਬਾ ਬੰਦਾ ਸਿੰਘ ਦੀ ਸੈਨਾ ਵਿਚ ਲਗਭਗ 25 ਹਜ਼ਾਰ ਯੋਧੇ ਸਨ ਜਿਨ੍ਹਾਂ ਸਦਕਾ ਸਰਹਿੰਦ ਦੀ ਜਿੱਤ ਹੋਈ ਪਰ ਉਸ ਯੁੱਧ ਵਿਚ ਆਹਮੋ-ਸਾਹਮਣੇ ਬਾਬਾ ਬੰਦਾ ਸਿੰਘ ਅਤੇ ਸੂਬੇਦਾਰ ਵਜ਼ੀਰ ਖਾਨ ਸੀ। ਚਪੜਚਿੜੀ ਦਾ ਮੈਦਾਨ ਬਾਬਾ ਬੰਦਾ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚੌਰਾਸੀ ਦੀ ਲੜਾਈ ਗਲਤ ਸੀ ਕਿ ਠੀਕ, ਸੰਤ ਜਰਨੈਲ ਸਿੰਘ ਚੰਗਾ ਮਨੁੱਖ ਸੀ ਕਿ ਬੁਰਾ, ਮੈਨੂੰ ਇਹ ਫੈਸਲੇ ਕਰਨ ਦਾ ਹੱਕ ਨਹੀਂ, ਪਰ ਜੇ ਦਮਦਮੀ ਟਕਸਾਲ ਨੇ ਯਾਦਗਾਰ ਦਾ ਨਾਂ ਸੰਤ ਜਰਨੈਲ ਸਿੰਘ ਦੇ ਨਾਂ ‘ਤੇ ਰੱਖ ਦਿਤਾ ਤਾਂ ਏਡੀ ਵੱਡੀ ਆਫਤ ਇਸ ਨੂੰ ਕਿਉਂ ਸਮਝ ਲਿਆ ਗਿਆ? ਨਵੀਂ ਬਣੀ ਇਮਾਰਤ, ਜਿਹੜੀ ਕਿ ਇਕ ਹੋਰ ਨਵਾਂ ਗੁਰਦੁਆਰਾ ਹੈ, ਵਿਚ ਇਕ ਘੜੀ ਟੰਗ ਦਿਤੀ ਗਈ ਜਿਸ ਦੇ ਡਾਇਲ ਉਪਰ ਸੰਤ ਜਰਨੈਲ ਸਿੰਘ ਦੀ ਤਸਵੀਰ ਸੀ। ਇਹ ਘੜੀ ਫਟਾਫਟ ਹਟਾ ਦਿਤੀ ਗਈ। ਕੰਧ ਉਪਰੋਂ ਘੜੀ ਉਤਾਰਨ ਨਾਲ ਸੰਤ ਜਰਨੈਲ ਸਿੰਘ ਦਾ ਨਾਂ ਵਕਤ ਦੇ ਸਫੇ ਤੋਂ ਤਾਂ ਮਿਟਾਇਆ ਨਹੀਂ ਜਾ ਸਕਦਾ। ਗੁਰੂ ਖਾਲਸਾ ਪੰਥ ਏਨੀਆਂ ਨਿਕੀਆਂ ਨਿਕੀਆਂ ਗੱਲਾਂ ਦੇ ਵਿਵਾਦ ਵਿਚੋਂ ਕਦੋਂ ਨਿਕਲੇਗਾ?
ਅਸੀਂ ਸਰਬਜੀਤ ਸਿੰਘ ਦੀ ਮੌਤ ਸਦਕਾ ਉਦਾਸ ਹਾਂ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੇ ਦੇਸ ਵਿਚ ਆਪਣੀਆਂ ਜੇਲ੍ਹਾਂ ਵਿਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਦਰਜਨਾਂ ਕੈਦੀ ਉਮਰ ਕੈਦਾਂ ਜਿੰਨੀ ਅਉਧ ਕਾਲਕੋਠੜੀਆਂ ਵਿਚ ਕੱਟ ਚੁੱਕੇ ਹਨ, ਉਨ੍ਹਾਂ ਵੱਲ ਹਮਦਰਦੀ ਦੀ ਨਜ਼ਰ ਨਾਲ ਸਰਕਾਰਾਂ ਕਦੋਂ ਦੇਖਣਗੀਆਂ? ਦਰਬਾਰ ਸਾਹਿਬ ਵਿਖੇ ਸ਼ਹੀਦੀ ਯਾਦਗਾਰ ਉਸਾਰਨ ਬਾਦ ਦਿੱਲੀ ਗੁਰਦੁਆਰਾ ਕਮੇਟੀ ਦਾ ਬਿਆਨ ਆਇਆ ਹੈ ਕਿ ਉਹ ਦੰਗਿਆਂ ਦੌਰਾਨ ਕਤਲ ਹੋਏ ਸਿੰਘਾਂ ਦੀ ਯਾਦਗਾਰ ਵੀ ਬਣਾਉਣਗੇ। ਕਿੰਨਾ ਚੰਗਾ ਹੋਵੇ ਜੇ ਸੀਮਿੰਟ ਵਿਚ ਹੋਰ ਇੱਟਾਂ ਚਿਣਨ ਦੀ ਥਾਂ ਮੁੱਦਤਾਂ ਤੱਕ ਸਜ਼ਾਵਾਂ ਭੁਗਤ ਚੁੱਕੇ ਬੰਦਿਆਂ ਨੂੰ ਬੰਦੀਖਾਨਿਆਂ ਵਿਚੋਂ ਛੁਡਾਉਣ ਵਲ ਕਦਮ ਵਧਾਇਆ ਜਾਏ।

Be the first to comment

Leave a Reply

Your email address will not be published.