ਬਹੁ-ਉਪਯੋਗੀ ਮਸਤਗੀ

ਬਲਜੀਤ ਬਾਸੀ
ਬਹੁਤੇ ਪਾਠਕਾਂ ਨੇ ਸ਼ਾਇਦ ਮਸਤਗੀ ਸ਼ਬਦ ਨਾ ਸੁਣਿਆ ਹੋਵੇ ਤੇ ਅਟਕਲ ਲਾਉਂਦੇ ਹੋਣ ਕਿ ਸ਼ਾਇਦ ਇਹ ਮਸਤ ਤੋਂ ਬਣਾਇਆ ਭਾਵਵਾਚਕ ਨਾਂਵ ਹੈ। ਪਰ ਨਹੀਂ, ਮਸਤ ਤੋਂ ਤਾਂ ਮਸਤੀ ਪੈਦਾ ਹੁੰਦੀ ਹੈ, ਵਾਰਸ ਸ਼ਾਹ ਦੀ ਰੀਸੇ ਹੋਰ ਅੱਗੇ ਬਣਾਇਆ ਮਸਤਗੀ ਕਦੇ ਪੜ੍ਹਿਆ ਸੁਣਿਆ ਨਹੀਂ। ਹਾਂ, ‘ਮਸਤ ਗਈ’ ਨੂੰ ਮਲਵਈਆਂ ਵਲੋਂ ਸੁੰਗੜਾ ਕੇ ਬਣਾਇਆ ‘ਮਸਤਗੀ’ ਜ਼ਰੂਰ ਪੜ੍ਹਿਆ ਹੈ, ਜਿਵੇਂ ‘ਮਰ ਗਈ’ ਦਾ ਪਰ-ਕੱਟਿਆ ਰੂਪ, ‘ਮਰਗੀ।’ ਇਸ ਕਾਲਮ ਵਿਚ ਕੁਝ ਇੱਕ ਵਾਰ ਚਿਕਿਤਸਾ ਦੀ ਅਰਬੀ-ਯੁਨਾਨੀ ਪ੍ਰਣਾਲੀ ਦਾ ਜ਼ਿਕਰ ਹੋ ਚੁਕਾ ਹੈ। ਵਿਗਿਆਨ ਦੀ ਕਿਸੇ ਵੀ ਸ਼ਾਖਾ ਦੇ ਤਕਨੀਕੀ ਲਕਬਾਂ ਦਾ ਬਹੁਤਾ ਗਿਆਨ ਆਮ ਤੌਰ ‘ਤੇ ਇਸ ਦੇ ਮਾਹਿਰਾਂ ਨੂੰ ਹੀ ਹੁੰਦਾ ਹੈ, ਬਾਕੀ ਆਮ ਲੋਕ ਇਨ੍ਹਾਂ ਤੋਂ ਏਨਾ ਵਾਕਿਫ ਨਹੀਂ ਹੁੰਦੇ। ਫਿਰ ਵੀ ਮਸਤਗੀ ਕੋਈ ਤਕਨੀਕੀ ਪਦ ਨਹੀਂ, ਸਗੋਂ ਗੂੰਦ ਕਤੀਰਾ ਆਦਿ ਵਾਂਗ ਇਕ ਉਤਪਾਦ ਦਾ ਨਾਂ ਹੈ, ਜੋ ਹਿਕਮਤ ਤੇ ਫਿਰ ਆਯੁਰਵੇਦ ਵਿਚ ਵੀ ਵਰਤਿਆ ਜਾਣ ਲੱਗਾ।

ਮਸਤਗੀ ਇਕ ਤਰ੍ਹਾਂ ਦੀ ਖੁਸ਼ਬੂਦਾਰ ਗੂੰਦ ਹੈ, ਜੋ ਮੱਧਸਾਗਰ ਦੁਆਲੇ ਦੇ ਦੇਸ਼ਾਂ-ਮਿਸਰ, ਲੀਬੀਆ, ਮਰਾਕੋ, ਅਲਜੀਰੀਆ, ਟਿਊਨਿਸ਼ਿਆ, ਲੈਬਨਾਨ, ਤੁਰਕੀ, ਸੀਰੀਆ, ਸਪੇਨ, ਸਾਈਪਰਸ, ਫਰਾਂਸ, ਪੁਰਤਗਾਲ, ਅਲਬੇਨੀਆ, ਇਰਾਨ, ਗਰੀਸ, ਇਟਲੀ ਆਦਿ ਵਿਚ ਉਗਦੇ ਇਕ ਕਾਜੂ ਪ੍ਰਜਾਤੀ ਵਾਲੇ ਟੱਕ-ਲੱਗੇ ਦਰਖਤ ਦੇ ਰਿਸਾਅ ਤੋਂ ਬਣਾਈ ਜਾਂਦੀ ਹੈ। ਇਹ ਰਿਸਾਅ ਅੱਖਾਂ ਵਿਚੋਂ ਟਪਕਦੇ ਹੀਰੇ-ਮੋਤੀ ਜਿਹੇ ਅੱਥਰੂਆਂ ਦਾ ਨਜ਼ਾਰਾ ਪੇਸ਼ ਕਰਦਾ ਹੈ। ਇਸੇ ਲਈ ਇਸ ਨੂੰ ਹੀਰੇ ਦਾ ਨਾਂ ਵੀ ਦਿੱਤਾ ਗਿਆ ਹੈ। ਇਸ ਦਾ ਰੰਗ ਹਲਕਾ ਪੀਲਾ, ਚਿੱਟਾ ਜਾਂ ਪਾਰਦਰਸ਼ੀ ਹੁੰਦਾ ਹੈ।
ਰੋਮ ਖੇਤਰ ਵਿਚ ਪ੍ਰਚਲਿਤ ਹੋਣ ਕਾਰਨ ਇਸ ਨੂੰ ਰੂਮੀ ਮਸਤਗੀ ਵੀ ਕਿਹਾ ਜਾਂਦਾ ਹੈ। ਇਸ ਦੇ ਅਰਬੀ ਗੂੰਦ, ਯਮਨੀ ਗੂੰਦ, ਖਿਓਸ ਦੇ ਅਥਰੂ ਜਿਹੇ ਨਾਂ ਵੀ ਪੜ੍ਹਨ ਨੂੰ ਮਿਲਦੇ ਹਨ। ਮਸਤਗੀ ਰਿਸਾਉਣ ਵਾਲੇ ਦਰਖਤ ਨੂੰ ਵੀ ਮਸਤਗੀ ਹੀ ਕਿਹਾ ਜਾਂਦਾ ਹੈ। ਸਭ ਤੋਂ ਉਤਮ ਮਸਤਗੀ ਦਾ ਉਤਪਾਦਨ ਗਰੀਸ ਦੇ ਖਿਓਸ ਨਾਮੀਂ ਟਾਪੂ ਵਿਚਲੇ ਕੋਈ ਦੋ ਦਰਜਨ ਪਿੰਡਾਂ ਵਿਚ ਹੁੰਦਾ ਹੈ, ਜਿਨ੍ਹਾਂ ਨੂੰ ਸਮੂਹਕ ਤੌਰ ‘ਤੇ ਮਸਤੀਖੋਰੀਆ ਕਿਹਾ ਜਾਂਦਾ ਹੈ। ਮਸਤੀਖੋਰੀਆ ਦੇ ਪਿੰਡ ਇਕ ਕਿਲੇ ਵਾਂਗ ਵਗਲੇ ਹੋਏ ਹਨ, ਜਿਨ੍ਹਾਂ ਅੰਦਰ ਵੜਨ ਲਈ ਕੋਈ ਦਰਵਾਜਾ ਨਹੀਂ। ਮਤਲਬ ਅੰਦਰ ਜਾਣ ਲਈ ਪੌੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਮਸਤਗੀ ਬਹੁ-ਉਪਯੋਗੀ ਗੂੰਦ ਹੈ। ਇਸ ਖਿੱਤੇ ਦੇ ਲੋਕ ਸਦੀਆਂ ਤੋਂ ਪਕਵਾਨਾਂ ਨੂੰ ਵਾਸ਼ਨਾ ਭਰਪੂਰ ਬਣਾਉਣ, ਅਤਰ ਫੁਲੇਲ ਬਣਾਉਣ ਅਤੇ ਅਨੇਕਾਂ ਰੋਗਾਂ ਦੇ ਨੁਸਖਿਆਂ ਵਿਚ ਮਸਤਗੀ ਦੀ ਵਰਤੋਂ ਕਰਦੇ ਰਹੇ ਹਨ। ਗਰੀਸ ਦੇ ਪ੍ਰਾਚੀਨ ਹਕੀਮ ਹਿਪੋਕਰੇਟੀਜ਼ ਦੇ ਨਾਂ ‘ਤੇ ਮਿਲਦੀਆਂ ਲਿਖਤਾਂ ਵਿਚ ਹਾਜਮੇ ਅਤੇ ਜ਼ੁਕਾਮ ਜਿਹੇ ਰੋਗ ਨਿਵਾਰਣ ਲਈ ਮਸਤਗੀ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ। ਅੱਜ ਕਲ੍ਹ ਮਸਤਗੀ ਵਾਰਨਿਸ਼ ਅਤੇ ਤੇੜਾਂ ਭਰਨ ਵਾਲੀ ਪੁਟੀਨ ਦਾ ਕੰਮ ਵੀ ਦਿੰਦੀ ਹੈ।
ਪਹਿਲੀਆਂ ਵਿਚ ਬਾਇਜ਼ਨਟਾਈਨ (ਯੁਨਾਨੀ) ਅਤੇ ਉਸਮਾਨੀ ਸਾਮਰਾਜ ਦੇ ਸਮਰਾਟਾਂ ਨੇ ਮਸਤਗੀ ਦੇ ਕਾਰੋਬਾਰ ‘ਤੇ ਪੂਰਾ ਗਲਬਾ ਪਾ ਲਿਆ ਸੀ। ਸਾਹ ਨੂੰ ਮਹਿਕੀਲਾ ਬਣਾਉਣ ਲਈ ਸਮਰਾਟਾਂ ਤੋਂ ਬਿਨਾ ਹੋਰ ਕੋਈ ਇਸ ਸ਼ੈਅ ਨੂੰ ਚਿੱਥ ਨਹੀਂ ਸੀ ਸਕਦਾ। ਉਹ ਆਪਣੇ ਹਰਮ ਦੀਆਂ ਰਾਣੀਆਂ ਤੇ ਰਖੇਲਾਂ ਦੀ ਸੁੰਦਰਤਾ ਵਧਾਉਣ ਲਈ ਉਨ੍ਹਾਂ ਨੂੰ ਵਧੀਆ ਕਿਸਮ ਦੀ ਮਸਤਗੀ ਮੁਹੱਈਆ ਕਰਦੇ ਸਨ। ਕੋਈ ਐਰਾ-ਗੈਰਾ ਅਜਿਹੀ ਸੁੰਦਰਕਾਰੀ ਵਸਤ ਦਾ ਹੱਕਦਾਰ ਕਿਵੇਂ ਹੋ ਸਕਦਾ ਸੀ। ਉਨ੍ਹੀਂ ਦਿਨੀਂ ਇਹ ਸੋਨੇ ਦੇ ਭਾਅ ਵਿਕਦੀ ਸੀ। ਇਸ ਦੀ ਚੋਰੀ ਕਰਨ ਵਾਲੇ ਦੇ ਹੱਥ, ਪੈਰ, ਕੰਨ ਵੱਢ ਦਿੱਤੇ ਜਾਂਦੇ ਸਨ, ਕਈ ਵਾਰ ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ।
ਮੱਧ ਕਾਲ ਵਿਚ ਯੁਨਾਨੀ ਤਰਜ਼ ਦੀ ਚਿਕਿਤਸਾ ਅਰਬ-ਇਰਾਨ ਪੁੱਜੀ ਤਾਂ ਇਸ ਨੇ ਯੁਨਾਨੀ ਜਾਂ ਹਿਕਮਤ ਦਾ ਨਾਂ ਧਾਰਿਆ। ਭਾਰਤ ਵਿਚ ਇਸਲਾਮੀ ਹਕੂਮਤ ਦੌਰਾਨ ਇਹ ਦੱਖਣ ਪੂਰਬ ਦੇ ਖਿੱਤੇ ਵਿਚ ਪੁੱਜੀ। ਇਸ ਨੇ ਆਯੁਰਵੇਦ ਦੇ ਤ੍ਰਿਦੋਸ਼ ਸਿਧਾਂਤ ਨੂੰ ਆਪਣੇ ਵਿਚ ਸਮੋ ਲਿਆ ਤੇ ਹੋਰ ਵੀ ਪ੍ਰਫੁਲਿਤ ਹੋ ਗਈ।
ਯੁਨਾਨੀ ਜਾਂ ਇਸ ਤੋਂ ਪ੍ਰਭਾਵਿਤ ਕਿਸੇ ਵੀ ਇਲਾਜ ਪ੍ਰਣਾਲੀ ਵਿਚ ਬੀਮਾਰੀ ਦੇ ਬਹੁਤ ਸਾਰੇ ਨੁਸਖਿਆਂ ਵਿਚ ਮਸਤਗੀ ਦੀ ਵਰਤੋਂ ਦੱਸੀ ਮਿਲਦੀ ਹੈ। ਪੰਜਾਬੀ ਸਮੇਤ ਕਈ ਹੋਰ ਭਾਰਤੀ ਭਾਸ਼ਾਵਾਂ ਦੀਆਂ ਕਿਤਾਬਾਂ, ਰਿਸਾਲਿਆਂ, ਅਖਬਾਰਾਂ ਤੇ ਇਸ਼ਤਿਹਾਰਾਂ ਵਿਚ ਮਸਤਗੀ ਦਾ ਜ਼ਿਕਰ ਅਕਸਰ ਹੀ ਮਿਲਦਾ ਹੈ। ਜਰਾ-ਰੋਗ, ਬਦਹਜ਼ਮੀ, ਨਜਲਾ-ਜ਼ੁਕਾਮ, ਚਮੜੀ ਰੋਗ, ਸਿੱਕਰੀ, ਪਥਰੀ, ਧਾਂਤ, ਸ਼ੀਘਰਪਨ, ਵੀਰਜ ਦਾ ਪਤਲਾਪਨ, ਬਾਂਝਪਨ, ਔਰਤਾਂ ਦੇ ਭਾਰ ਪੈਣ ਤੱਕ ਦੀਆਂ ਸੈਂਕੜੇ ਅਲਾਮਤਾਂ ਦਾ ਨਾਸ ਕਰਨ ਵਾਲੀਆਂ ਦਵਾਈਆਂ ਵਿਚ ਮਸਤਗੀ ਉਰਫ ਮਸਤਕੀ ਪਾਈ ਜਾਣ ਲੱਗੀ ਹੈ।
‘ਮਹਾਨ ਕੋਸ਼’ ਵਿਚ ਅਕਸਰ ਕਈ ਬੀਮਾਰੀਆਂ ਤੇ ਉਨ੍ਹਾਂ ਦੇ ਨਿਵਾਰਕ ‘ਦੇਸੀ’ ਨੁਸਖਿਆਂ ਦਾ ਵੇਰਵਾ ਦਰਜ ਕੀਤਾ ਗਿਆ ਹੈ, ਹਾਲਾਂ ਕਿ ਸਿੱਖ ਧਰਮ ਨਾਲ ਸਬੰਧਤ ਇਸ ਵਿਸ਼ਵਕੋਸ਼ ਵਿਚ ਅਜਿਹੇ ਇੰਦਰਾਜਾਂ ਦੇ ਵਿਸਥਾਰ ਸਹਿਤ ਨਿਪਟਾਰੇ ਦੀ ਕੋਈ ਤੁਕ ਨਹੀਂ ਜਾਪਦੀ। ਪਾਠਕਾਂ ਦੀ ਦਿਲਚਸਪੀ ਲਈ ਵੰਨਗੀ ਮਾਤਰ ਮਸਤਗੀ ਦੀ ਵਰਤੋਂ ਵਾਲੇ ਦੋ ਨੁਸਖਿਆਂ ਦਾ ਹਵਾਲਾ ਦੇ ਰਿਹਾ ਹਾਂ। ਪਹਿਲਾ ਨੁਸਖਾ ਉਥਾਰਾ ਅਰਥਾਤ ਛਾਤੀ ‘ਤੇ ਬੋਝ ਵਾਲੇ ਰੋਗ ਲਈ ਮੁਫੀਦ ਹੈ, “ਉਥਾਰੇ ਦੇ ਰੋਗੀ ਨੂੰ ਤ੍ਰਿਵੀ (ਨਿਸੋਥ) ਦਾ ਜੁਲਾਬ ਦੇ ਕੇ ਦਿਲ ਦੀ ਤਾਕਤ ਅਤੇ ਹਾਜਮਾ ਠੀਕ ਕਰਨ ਲਈ ਦਵਾਈਆਂ ਵਰਤਣੀਆਂ ਚਾਹੀਏ. ਦੋ ਮਾਸ਼ੇ ਮਸਤਗੀ, ਦੋ ਮਾਸ਼ੇ ਮਿਸ਼ਰੀ ਪੀਹ ਕੇ ਗਾਂ, ਜਾਂ ਬਕਰੀ ਦੇ ਦੁੱਧ ਨਾਲ ਸਵੇਰ ਵੇਲੇ ਫੱਕੀ ਲੈਣੀ ਗੁਣਕਾਰੀ ਹੈ. ਇਹ ਫੱਕੀ, ਬਾਦਾਮ, ਛੋਟੀ ਇਲਾਇਚੀ, ਤੇ ਕਾਲੀ ਮਿਰਚਾਂ ਦੀ ਸਰਦਾਈ ਨਾਲ ਭੀ ਲਈ ਜਾ ਸਕਦੀ ਹੈ…।”
ਮਸਤਗੀ ਸ਼ਬਦ ਦਾ ਇੱਕ ਰੁਪਾਂਤਰ ਮਸਤਕੀ ਵੀ ਹੈ, ਜਿਸ ਦਾ ਜ਼ਿਕਰ ‘ਮਹਾਨ ਕੋਸ਼’ ਵਿਚ ਦਰਜ ਦੂਜੇ ਨੁਸਖੇ ਦੇ ਇੱਕ ਅੰਸ਼ ਵਜੋਂ ਕੀਤਾ ਗਿਆ ਹੈ। ਦੰਤਰੋਗ ਦਾ ਇਲਾਜ ਇਸ ਤਰ੍ਹਾਂ ਦਰਸਾਇਆ ਹੈ, “ਧਾਵੇ ਦੇ ਫੁੱਲ, ਮਾਂਈਂ, ਜੰਗਹਰੜਾਂ, ਮਾਜੂ, ਸੁਪਾਰੀ, ਅਨਾਰ ਦੇ ਫੁੱਲ, ਮਜੀਠ, ਮਸਤਕੀ, ਖੜੀਆ ਮਿੱਟੀ, ਇਲਾਚੀਆਂ, ਕੰਥ, ਫਟਕੜੀ ਦੀ ਖਿੱਲ, ਆਉਲੇ, ਸੇਲਖੜੀ, ਬੋਲ, ਬੂਰਾ ਸੰਦਲ, ਕਪੂਰ, ਬਦਾਮਾਂ ਦੀ ਛਿੱਲ ਦੇ ਕੋਲੇ, ਅੱਕ ਦੀ ਜੜ ਦੇ ਕੋਲੇ, ਕੌਡੀਆਂ ਦੀ ਸੁਆਹ, ਸਭ ਸਮ ਵਜਨ ਲੈ ਕੇ ਪੀਸ ਕੇ ਸ਼ੀਸ਼ੀ ਵਿਚ ਪਾ ਰੱਖਣੇ. ਇਹ ਮੰਜਨ ਸਵੇਰ ਸੰਝ ਵਰਤਣ ਤੋਂ ਕੋਈ ਦੰਤ ਰੋਗ ਨਹੀਂ ਹੁੰਦਾ।”
ਉਕਤ ਟੂਕਾਂ ਘਸੋੜਣ ਦਾ ਮਕਸਦ ਹੈ ਕਿ ਪਾਠਕ ਇਹ ਨਾ ਸਮਝਣ ਕਿ ਅੱਜ ਮੈਂ ਖਾਹਮਖਾਹ ਪੰਜਾਬੀ ਵਿਚ ਕੋਈ ਅਣਸੁਣਿਆ ਸ਼ਬਦ ਲੈ ਬੈਠਾ ਹਾਂ। ਮਸਤਗੀ ਸ਼ਬਦ ਦੀ ਦੁਨੀਆਂ ਭਰ ਦੀਆਂ ਭਾਸ਼ਾਵਾਂ ਵੱਲ ਰਵਾਨਗੀ ਯੁਨਾਨ ਅਰਥਾਤ ਗਰੀਸ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਉਪਰ ਦੱਸਿਆ ਹੈ, ਯੁਨਾਨੀ ਚਿਕਿਤਸਾ ਦੇ ਨੁਸਖਿਆਂ ਵਿਚ ਪਾਏ ਜਾਂਦੇ ਇਕ ਗੂੰਦ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਭਾਸ਼ਾ ਵਿਚ ਇਸ ਦਾ ਰੂਪ ਕੁਝ ‘ਮਾਸਤੀਖੇ’ ਜਿਹਾ ਹੈ। ਇਹ ਸ਼ਬਦ ਗਰੀਕ ਤੋਂ ਲਾਤੀਨੀ ਵਿਚ ਹੁੰਦਾ ਹੋਇਆ 14ਵੀਂ ਸਦੀ ਦੌਰਾਨ ਪੁਰਾਣੀ ਫਰਾਂਸੀਸੀ ਵਿਚ ਪੁੱਜਾ ਤੇ ਉਥੋਂ ਇਕ ਸਦੀ ਪਿਛੋਂ ਅੰਗਰੇਜ਼ੀ ਵਿਚ ਮੈਸਟਿਕ (ੰਅਸਟਚਿ) ਵਜੋਂ ਦਾਖਿਲ ਹੋਇਆ। ਬਹੁਤ ਸਾਰੇ ਕੋਸ਼ਾਂ ਵਿਚ ਇਸ ਦਾ ਸਬੰਧ ਚੱਬਣ ਦੇ ਅਰਥਾਂ ਵਾਲੇ ਸ਼ਬਦ ੰਅਸਟਚਿਅਟਿਨ ਨਾਲ ਜੋੜਿਆ ਗਿਆ ਹੈ। ਸ਼ਾਇਦ ਇਸ ਲਈ ਕਿ ਅੰਗਰੇਜ਼ੀ ਵਿਚ ਮੈਸਟਿਕ ਕਹਾਉਂਦੀ ਮਸਤਗੀ ਨਾਂ ਦੀ ਚਿੱਥਣ ਵਾਲੀ ਗੂੰਦ ਅਰਥਾਤ ਛਹeੱਨਿਗ ਘੁਮ (ਪੰਜਾਬੀ ਕ੍ਰਿਤ ਸ਼ਬਦ ਚਿੰਗਮ) ਵਿਚ ਵਰਤੀ ਜਾਂਦੀ ਸੀ। ਅੰਗਰੇਜ਼ੀ ਮੈਸਟੀਕੇਸ਼ਨ ਸ਼ਬਦ ਅੰਤਿਮ ਤੌਰ ‘ਤੇ ਗਰੀਕ ੰਅਸਟਕਿਹਅਨ ਤੋਂ ਬਣਿਆ ਹੈ, ਜਿਸ ਦਾ ਇਸ ਭਾਸ਼ਾ ਵਿਚ ਅਰਥ ਹੈ, ਦੰਦ ਕਰੀਚਣੇ। ਜੁਬਾੜੇ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੰਅਨਦਬਿਲe ਵੀ ਇਸੇ ਦਾ ਸਜਾਤੀ ਦੱਸਿਆ ਜਾਂਦਾ ਹੈ। ਦੂਜੇ ਪਾਸੇ, ਗਰੀਕ ਦੇ ਮਾਸਤੀਖੇ ਸ਼ਬਦ ਨੇ ਅਰਬੀ-ਫਾਰਸੀ ਵਿਚ ਜਾ ਕੇ ਮਸਤਕਾ, ਮਸਤਗੀ/ਮਸਤਕੀ ਜਿਹਾ ਰੂਪ ਧਾਰਿਆ। ਇਸਲਾਮੀ ਹਕੂਮਤ ਦੌਰਾਨ ਯੁਨਾਨੀ ਚਿਕਿਤਸਾ ਪ੍ਰਣਾਲੀ ਭਾਰਤ ਪੁੱਜੀ ਤਾਂ ਇਹ ਸ਼ਬਦ ਭਾਰਤੀ ਬੋਲੀਆਂ ਵਿਚ ਵੀ ਵਰਤਿਆ ਜਾਣ ਲੱਗਾ।