‘ਕਲਾਈਮੇਟ ਐਕਸ਼ਨ ਸਮਿਟ’ ਅਤੇ ਵਿਕਸਿਤ ਦੇਸ਼ਾਂ ਦੀ ਗੈਰ-ਸੰਜੀਦਗੀ

ਡਾ. ਗੁਰਿੰਦਰ ਕੌਰ
ਫੋਨ: 408-493-9776
ਤਾਪਮਾਨ ਦੇ ਵਾਧੇ ਨਾਲ ਮੌਸਮ ਵਿਚ ਤੇਜ਼ੀ ਨਾਲ ਆ ਰਹੇ ਵਿਗਾੜਾਂ ‘ਤੇ ਕਾਬੂ ਪਾਉਣ ਲਈ ਸੰਯੁਕਤ ਰਾਸ਼ਟਰ ਸੰਘ ਦੇ ਜਨਰਲ ਸਕੱਤਰ ਐਨਟੋਨੀ ਗੁਟਰਸ ਨੇ 23 ਸਤੰਬਰ 2019 ਨੂੰ ਨਿਊ ਯਾਰਕ ਵਿਚ ‘ਕਲਾਈਮੇਟ ਐਕਸ਼ਨ ਸਮਿਟ’ ਨਾਂ ਦੀ ਇਕ ਕੌਮਾਂਤਰ ਕਾਨਫਰੰਸ ਕਰਵਾਈ। ਕਾਨਫਰੰਸ ਲਈ ਸੱਦਾ ਦੇਣ ਵੇਲੇ ਗੁਟਰਸ ਨੇ ਖਾਸ ਤਾਕੀਦ ਕੀਤੀ ਸੀ ਕਿ ਸਿਰਫ ਉਹੀ ਦੇਸ਼ ਸ਼ਾਮਲ ਹੋਣ, ਜਿਨ੍ਹਾਂ ਨੇ ਪੈਰਿਸ ਮੌਸਮੀ ਸੰਧੀ ਵਿਚਲੀਆਂ ਯੋਜਨਾਵਾਂ ਤੋਂ ਬਿਨਾ ਆਪਣੇ ਦੇਸ਼ ਵਿਚ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘੱਟ ਕਰਨ ਲਈ ਹੋਰ ਠੋਸ ਅਤੇ ਖਾਸ ਯੋਜਨਾਵਾਂ ਬਣਾਈਆਂ ਜਾਂ ਲਾਗੂ ਕੀਤੀਆਂ ਹਨ, ਕਿਉਂਕਿ ਹੁਣ ਸਾਡੇ ਕੋਲ ਭਾਸ਼ਣ ਸੁਣਨ ਅਤੇ ਦੇਣ ਦਾ ਸਮਾਂ ਨਹੀਂ ਬਚਿਆ। ਉਨ੍ਹਾਂ ਕਾਨਫਰੰਸ ਵਿਚ ਮੌਸਮੀ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਵੀਡਨ ਦੀ 16 ਸਾਲਾ ਗਰੇਟਾ ਥੁਨਬਰਗ ਨੂੰ ਵੀ ਸੱਦਿਆ।

ਉਨ੍ਹਾਂ ਨੇ ਕਾਨਫਰੰਸ ਤੋਂ ਇਕ ਦਿਨ ਪਹਿਲਾਂ ਯਾਨਿ 22 ਸਤੰਬਰ ਨੂੰ ‘ਯੂਨਾਈਟਿਡ ਇਨ ਸਾਇੰਸ’ ਨਾਂ ਦੀ ਇਕ ਰਿਪੋਰਟ, ਜੋ ਕਈ ਖੋਜ ਸੰਸਥਾਵਾਂ ਅਤੇ ਡਬਲਿਊ. ਐਮ. ਓ. ਵੱਲੋਂ ਤਿਆਰ ਕੀਤੀ ਗਈ ਹੈ, ਦਾ ਵੇਰਵਾ ਦਿੰਦਿਆਂ ਦੱਸਿਆ ਕਿ ਧਰਤੀ ਦਾ ਤਾਪਮਾਨ ਪਿਛਲੇ ਪੰਜ ਸਾਲਾਂ (2015-2019) ਵਿਚ ਉਦਯੋਗੀਕਰਨ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਤੋਂ 1.1 ਡਿਗਰੀ ਸੈਲਸੀਅਸ ਵਧ ਗਿਆ ਹੈ ਅਤੇ ਇਸ ਅਰਸੇ ਦਾ ਤਾਪਮਾਨ 2011-2015 ਦੇ ਅਰਸੇ ਤੋਂ ਵੀ 0.2 ਡਿਗਰੀ ਸੈਲਸੀਅਸ ਵੱਧ ਆਂਕਿਆ ਗਿਆ ਹੈ, ਜੋ ਬਹੁਤ ਹੀ ਚਿੰਤਾ ਦੀ ਗੱਲ ਹੈ। ਸੰਨ 2015 ਤੋਂ 2019 ਤੱਕ ਰਿਕਾਰਡ ਅਨੁਸਾਰ ਹੁਣ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਹਨ। ਤਾਪਮਾਨ ਦੇ ਇਸ ਵਾਧੇ ਦਾ ਅਸਰ ਅਲਾਸਕਾ ਤੋਂ ਯੂਰਪੀ ਦੇਸ਼ਾਂ ਦੇ ਨਾਲ ਨਾਲ ਰੂਸ, ਜਪਾਨ, ਆਸਟਰੇਲੀਆ ਅਤੇ ਹੋਰ ਦੇਸ਼ਾਂ ਤੱਕ ਦੇਖਣ ਨੂੰ ਮਿਲਿਆ ਹੈ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਗਰੀਨ ਹਾਊਸ ਗੈਸਾਂ ਦੇ ਵਿਕਾਸ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕਾਰਬਨ ਡਾਇਆਕਸਾਈਡ ਦੀ ਉਦਯੋਗੀਕਰਨ ਦੇ ਸਮੇਂ ਤੋਂ ਪਹਿਲਾਂ ਵਾਤਾਵਰਣ ਵਿਚ ਮੌਜੂਦਗੀ 280 ਪੀ. ਪੀ. ਐਮ. (ਪਾਰਟਸ ਪ੍ਰਤੀ ਮਿਲੀਅਨ) ਸੀ, ਜੋ ਹੁਣ ਵਧ ਕੇ 410 ਪੀ. ਪੀ. ਐਮ. ਹੋ ਗਈ ਹੈ। ਇਹ ਗੈਸ ਤਾਪਮਾਨ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਬਿਨਾ ਮਿਥੇਨ ਅਤੇ ਨਾਈਟਰਸ ਆਕਸਾਈਡ ਗੈਸਾਂ ਵਿਚ ਉਦਯੋਗੀਕਰਨ ਦੀ ਮਾਤਰਾ ਤੋਂ ਕ੍ਰਮਵਾਰ 257% ਅਤੇ 122% ਵਾਧਾ ਹੋ ਗਿਆ ਹੈ।
ਤਾਪਮਾਨ ਦੇ ਵਾਧੇ ਨਾਲ ਧਰੁਵਾਂ ਉਤਲੀ ਸਮੁੰਦਰੀ ਬਰਫ 1979 ਤੋਂ 2018 ਤੱਕ ਦੇ ਅਰਸੇ ਵਿਚ 12% ਦੀ ਦਰ ਨਾਲ ਪ੍ਰਤੀ ਦਹਾਕਾ ਘੱਟ ਹੋ ਰਹੀ ਹੈ। ਸੰਨ 2015 ਤੋਂ 2019 ਦੇ ਅਰਸੇ ਵਿਚ ਆਰਕਟਿਕ ਧਰੁਵ ਉਤੇ ਬਰਫ ਦੀ ਚਾਦਰ ਘਟਣ ਨਾਲ ਅੱਤ ਦੀ ਗਰਮੀ ਅਤੇ ਸਰਦੀ ਦੀਆਂ ਘਟਨਾਵਾਂ ਵਿਚ ਯੂਰਪੀ ਦੇਸ਼ਾਂ ਦੇ ਨਾਲ ਨਾਲ ਅਮਰੀਕਾ ਤੇ ਰੂਸ ਵਿਚ ਆਏ ਸਾਲ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਸਮੁੰਦਰ ਦਾ ਜਲ ਪੱਧਰ, ਜੋ 1997 ਤੋਂ 2006 ਦੇ ਅਰਸੇ ਦੌਰਾਨ 3.94 ਮਿਲੀਮੀਟਰ ਦੀ ਸਾਲਾਨਾ ਦਰ ਨਾਲ ਵਧ ਰਿਹਾ ਸੀ, ਸੰਨ 2007 ਤੋਂ 2016 ਤੱਕ ਦੇ ਅਰਸੇ ਵਿਚ 4 ਮਿਲੀਮੀਟਰ ਦੀ ਦਰ ਨਾਲ ਵਧਿਆ ਹੈ।
ਰਿਪੋਰਟ ਦੇ ਹਵਾਲੇ ਪਿਛੋਂ ਗੁਟਰਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਹੁਣ ਕੁਦਰਤ, ਸਾਡੀਆਂ ਕੀਤੀਆਂ ਵਧੀਕੀਆਂ ਦਾ ਕੁਦਰਤੀ ਆਫਤਾਂ ਦੀ ਭਿਆਨਕਤਾ ਦੇ ਰੂਪ ਵਿਚ ਜਵਾਬ ਦੇ ਰਹੀ ਹੈ। ਇਸ ਲਈ ਜੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੁੰਦੇ ਹਾਂ ਤਾਂ ਗਰੀਨ ਹਾਊਸ ਗੈਸਾਂ ਵਿਚ ਹੁਣ ਤੋਂ ਹੀ ਭਾਰੀ ਕਮੀ ਕਰਕੇ ਤਾਪਮਾਨ ਦੇ ਵਾਧੇ ‘ਤੇ ਠੱਲ੍ਹ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਕਾਨਫਰੰਸ ਵਿਚ ਗਰੇਟਾ ਨੇ ਦੁਨੀਆਂ ਦੇ ਨੇਤਾਵਾਂ ਅੱਗੇ ਮੌਸਮੀ ਤਬਦੀਲੀਆਂ ਬਾਰੇ ਆਪਣੇ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਉਪਰਾਲੇ ਮੌਸਮੀ ਤਬਦੀਲੀਆਂ ਨਾਲ ਨਜਿੱਠਣ ਦੀ ਲੋੜ ਤੋਂ ਬਹੁਤ ਘੱਟ ਅਤੇ ਨਿਰਾਸ਼ਾਜਨਕ ਹਨ। ਲੋਕ ਦੁਖੀ ਹਨ ਅਤੇ ਮਰ ਰਹੇ ਹਨ। ਸਾਰਾ ਈਕੋ ਸਿਸਟਮ ਤਬਾਹ ਹੋ ਰਿਹਾ ਹੈ ਅਤੇ ਦੁਨੀਆਂ ਸਮੂਹਿਕ ਖਾਤਮੇ ਦੇ ਕੰਢੇ ਉਤੇ ਖੜ੍ਹੀ ਹੈ, ਪਰ ਤੁਸੀਂ (ਵੱਡੇ ਲੋਕ) ਧਨ-ਦੌਲਤ ਅਤੇ ਸਦੀਵੀ ਆਰਥਕ ਵਿਕਾਸ ਦੀਆਂ ਗੱਲਾਂ ਕਰ ਰਹੇ ਹੋ ਅਤੇ ਇਹ ਆਰਥਕ ਵਿਕਾਸ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਾਲੇ ਹਵਾ, ਪਾਣੀ, ਜ਼ਮੀਨ ਆਦਿ ਕੁਦਰਤੀ ਸਰੋਤਾਂ ਦੇ ਉਜਾੜੇ ਦੀ ਕੀਮਤ ‘ਤੇ ਹੋ ਰਿਹਾ ਹੈ। ਤੁਹਾਡੀ ਹਿੰਮਤ ਕਿਵੇਂ ਹੋਈ ਸਾਰਾ ਭਵਿੱਖ ਧੁੰਦਲਾ ਕਰਨ ਦੀ? ਮੌਸਮੀ ਤਬਦੀਲੀਆਂ ਦੀ ਤਬਾਹੀ ਤੋਂ ਤੁਸੀਂ ਸਾਡੀ ਪੀੜ੍ਹੀ ਨੂੰ ਬਚਾਉਣ ਲਈ ਛੇਤੀ ਉਪਰਾਲੇ ਕਰਨੇ ਸ਼ੁਰੂ ਕਰ ਦੇਵੋ ਨਹੀਂ ਤਾਂ ਸਾਡੀ ਪੀੜ੍ਹੀ ਕਦੇ ਵੀ ਮੁਆਫ ਨਹੀਂ ਕਰੇਗੀ। ਬਹੁਤ ਹੀ ਭਾਵੁਕ ਹੋਈ ਗਰੇਟਾ ਨੇ ਕਿਹਾ ਕਿ ਤੁਸੀਂ ਖੋਖਲੇ ਵਾਅਦਿਆਂ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਸਾਡੇ ਨਾਲ ਧੋਖਾ ਕਰਦੇ ਆ ਰਹੇ ਹੋ ਅਤੇ ਸਾਡਾ ਬਚਪਨ ਅਤੇ ਸੁਪਨੇ ਖੋਹ ਲਏ ਹਨ।
ਗਰੇਟਾ ਦੇ ਭਾਸ਼ਣ ਵਿਚ ਕੋਈ ਅਤਿਕਥਨੀ ਵੀ ਨਹੀਂ ਸੀ, ਕਿਉਂਕਿ ਧਰਤੀ ਉਤਲੇ ਹਵਾ ਅਤੇ ਪਾਣੀ ਇੰਨੇ ਪ੍ਰਦੂਸ਼ਿਤ ਹੋ ਚੁਕੇ ਹਨ ਕਿ ਦੁਨੀਆਂ ਦੇ 90% ਬੱਚੇ ਹਰ ਰੋਜ਼ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਨ। ਵਿਸ਼ਵ ਸਹਿਤ ਸੰਸਥਾ (ਡਬਲਿਊ. ਐਚ. ਓ.) ਦੀ ਇਕ ਰਿਪੋਰਟ ਅਨੁਸਾਰ 2016 ਵਿਚ 6,00,000 ਬੱਚਿਆਂ ਦੀ ਮੌਤ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਕਾਰਨ ਹੋ ਗਈ ਸੀ। ਲੈਨਸੈਟ ਵਿਚ ਛਪੇ ਇਕ ਖੋਜ ਅਧਿਐਨ ਅਨੁਸਾਰ 2015 ਵਿਚ 1.8 ਮਿਲੀਅਨ ਲੋਕਾਂ ਦੀ ਮੌਤ ਪ੍ਰਦੂਸ਼ਿਤ ਪਾਣੀ ਨਾਲ ਹੋਈ ਸੀ। ਇਸ ਤੋਂ ਇਲਾਵਾ ਇਕ ਬਿਲੀਅਨ ਲੋਕ ਹਰ ਸਾਲ ਪ੍ਰਦੂਸ਼ਿਤ ਪਾਣੀ ਨਾਲ ਬਿਮਾਰ ਹੋ ਜਾਂਦੇ ਹਨ।
ਬੱਚਿਆਂ ਦੇ ਹੱਕਾਂ ਪ੍ਰਤੀ ਅਣਦੇਖੀ ਦੇ ਦੋਸ਼ ਕਾਰਨ ਗਰੇਟਾ ਅਤੇ 15 ਹੋਰ ਬੱਚਿਆਂ ਨੇ, ਜਿਨ੍ਹਾਂ ਦੀ ਉਮਰ 8 ਤੋਂ 17 ਸਾਲ ਹੈ, ਨੇ ਸੰਯੁਕਤ ਰਾਸ਼ਟਰ ਸੰਘ ਵਿਚ ਪੰਜ ਦੇਸ਼ਾਂ-ਜਰਮਨੀ, ਫਰਾਂਸ, ਬ੍ਰਾਜ਼ੀਲ, ਅਰਜਨਟੀਨਾ ਅਤੇ ਤੁਰਕੀ ਵਿਰੁਧ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਕਾਨਫਰੰਸ ਵਿਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਕਾਰਬਨ ਡਾਇਆਕਸਾਈਡ ਦੀ ਨਿਕਾਸੀ ਵਿਚ ਕਟੌਤੀ ਦੇ ਵਾਧੇ ਦੀ ਠੋਸ ਯੋਜਨਾਬੰਦੀ ਦੀ ਅਗਾਊਂ ਤਾਕੀਦ ਅਤੇ ਡਬਲਿਊ. ਐਚ. ਓ. ਦੀ ਨਵੀਂ ਰਿਪੋਰਟ ਵਿਚਲੇ ਤਾਪਮਾਨ ਦੇ ਵਾਧੇ ਦੇ ਭਿਆਨਕ ਤੱਥਾਂ ਦੇ ਨਾਲ ਨਾਲ ਬੱਚਿਆਂ ਦੀ ਧਰਤੀ ਉਤਲੇ ਵਾਤਾਵਰਣ ਨੂੰ ਬਚਾਉਣ ਦੀ ਉਮੀਦ ਭਰੇ ਭਾਸ਼ਣ ਅਤੇ ਕਾਨਫਰੰਸ ਤੋਂ ਤਿੰਨ ਦਿਨ ਪਹਿਲਾਂ ਵੱਖ ਵੱਖ ਦੇਸ਼ਾਂ ਵਿਚ ਹਜ਼ਾਰਾਂ ਥਾਂਵਾਂ ਉਤੇ ਹੋਏ ਰੋਸ ਮੁਜਾਹਰਿਆਂ ਦੇ ਬਾਵਜੂਦ ਗਰੀਨ ਹਾਊਸ ਗੈਸਾਂ ਦੀ ਫੌਰੀ ਕਟੌਤੀ ਬਾਰੇ ਅਤੇ ਭਵਿੱਖ ਵਿਚ ਕਟੌਤੀ ਦੇ ਵਾਧੇ ਲਈ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ।
ਕਾਨਫਰੰਸ ਵਿਚ ਅਮਰੀਕਾ, ਕੈਨੇਡਾ, ਆਸਟਰੇਲੀਆ, ਰੂਸ, ਸਾਊਦੀ ਅਰਬ ਅਤੇ ਬ੍ਰਾਜ਼ੀਲ ਵਰਗੇ ਦੇਸ਼ ਗੈਰਹਾਜ਼ਰ ਰਹੇ, ਜਿਨ੍ਹਾਂ ਤੋਂ ਕਾਰਬਨ ਨਿਕਾਸੀ ਦੀ ਕਟੌਤੀ ਦੀ ਵੱਡੀ ਆਸ ਸੀ। ਭਾਰਤ ਨੇ ਸਿਰਫ ਆਪਣੇ ਪੁਰਾਣੇ ਦਾਅਵਿਆਂ ਨੂੰ ਦੁਹਰਾਇਆ ਹੈ। ਜਰਮਨੀ ਦੀ ਚਾਂਸਲਰ ਏਂਜਲਾ ਮਰਕਨ ਨੇ ਕਿਹਾ ਕਿ ਉਸ ਦਾ ਦੇਸ਼ 2038 ਤੱਕ ਕੋਇਲੇ ਦੀ ਵਰਤੋਂ ਬਿਲਕੁਲ ਬੰਦ ਕਰ ਦੇਵੇਗਾ। ਚੀਨ, ਜੋ ਅੱਜਕੱਲ੍ਹ ਗਰੀਨ ਹਾਊਸ ਗੈਸਾਂ ਦੀ ਕੁੱਲ ਨਿਕਾਸੀ ਦਾ 27% ਹਿੱਸਾ ਛੱਡ ਰਿਹਾ ਹੈ, ਉਹ ਇਸ ਕਾਨਫਰੰਸ ਵਿਚ ਬਿਲਕੁਲ ਚੁੱਪ ਰਿਹਾ। ਪੈਰਿਸ ਮੌਸਮੀ ਸੰਧੀ ਵਿਚ ਉਸ ਨੇ ਕਿਹਾ ਸੀ ਕਿ ਉਹ ਦੇਸ਼ ਦੇ ਪੂਰੇ ਆਰਥਕ ਵਿਕਾਸ ਤੋਂ ਬਾਅਦ 2030 ਤੋਂ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘਟਾਉਣਾ ਸ਼ੁਰੂ ਕਰੇਗਾ।
ਅਮਰੀਕਾ, ਜਿਸ ਨੇ ਹੁਣ ਤੱਕ ਵਾਤਾਵਰਣ ਵਿਚ ਸਭ ਦੇਸ਼ਾਂ ਤੋਂ ਵੱਧ ਗਰੀਨ ਹਾਊਸ ਗੈਸਾਂ ਛੱਡੀਆਂ ਹਨ, ਨੇ ਤਾਂ 2017 ਵਿਚ ਪੈਰਿਸ ਮੌਸਮੀ ਸੰਧੀ ਤੋਂ ਬਾਹਰ ਆਉਣ ਦਾ ਐਲਾਨ ਕੀਤਾ ਅਤੇ ਪਿਛਲੇ ਤਿੰਨ ਸਾਲਾਂ ਵਿਚ ਉਸ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਲਾਈਆਂ ਗਈਆਂ ਲਗਭਗ 85 ਪਾਬੰਦੀਆਂ ਹਟਾ ਲਈਆਂ ਹਨ। ਇਸ ਤਰ੍ਹਾਂ ਦੀ ਅਮਰੀਕਾ ਦੀ ਕਾਰਗੁਜ਼ਾਰੀ ਉਸ ਦੀ ਕਾਰਬਨ ਨਿਕਾਸੀ ਦੀ ਕਟੌਤੀ ਦੀ ਗੈਰ-ਸੰਜੀਦਗੀ ਨੂੰ ਸਪਸ਼ਟ ਦਰਸਾਉਂਦੀ ਹੈ।
ਇੱਥੇ ਹੀ ਬੱਸ ਨਹੀਂ! ਮੌਸਮੀ ਤਬਦੀਲੀ ਦੇ ਮੁੱਦੇ ਉਤੇ ਗੱਲ ਕਰਨ ਵਾਲੇ ਲੋਕਾਂ ਦਾ ਮੂੰਹ ਬੰਦ ਕਰਨ ਦੀ ਨੀਅਤ ਨਾਲ ਕੁਝ ਟੀ. ਵੀ. ਚੈਨਲਾਂ ਨੇ ਗਰੇਟਾ ਦਾ ਮਜ਼ਾਕ ਵੀ ਉਡਾਇਆ, ਜੋ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ।
ਕਾਨਫਰੰਸ ਵਿਚ ਲਗਭਗ 63 ਦੇਸ਼ਾਂ ਨੇ 2050 ਤੱਕ ਕਾਰਬਨ ਨਿਕਾਸੀ ਜ਼ੀਰੋ ਕਰਨ ਦੀ ਵਚਨਬੱਧਤਾ ਪ੍ਰਗਟਾਈ ਅਤੇ 100 ਵਪਾਰਕ ਆਗੂਆਂ ਨੇ ਕੁਦਰਤ ਪੱਖੀ ਆਰਥਕਤਾ ਦਾ ਵਾਅਦਾ ਕੀਤਾ। ਦੁਨੀਆਂ ਦੇ ਇੱਕ-ਤਿਹਾਈ ਬੈਂਕਿੰਗ ਸੈਕਟਰ ਨੇ ਵਾਤਾਵਰਣ ਸ਼ੁਧਤਾ ਲਈ ਹਾਮੀ ਭਰੀ ਹੈ, ਫਿਰ ਵੀ ਕਾਰਗੁਜ਼ਾਰੀ ਬਹੁਤ ਹੀ ਨਿਰਾਸ਼ਾਜਨਕ ਹੈ, ਕਿਉਂਕਿ ਤਾਪਮਾਨ ਦੇ ਵਾਧੇ ਨਾਲ ਦੁਨੀਆਂ ਦੇ ਵੱਖ ਵੱਖ ਦੇਸ਼ ਹਰ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਦਾ ਸ਼ਿਕਾਰ ਹੋ ਰਹੇ ਹਨ। ਚਿੱਲੀ ਦੇ ਰਾਸ਼ਟਰਪਤੀ ਨੇ ਸੱਚ ਹੀ ਕਿਹਾ ਹੈ ਕਿ ਮੌਸਮੀ ਤਬਦੀਲੀਆਂ ਦੀ ਮਾਰ ਸਹਿਣ ਵਾਲੀ ਵੀ ਪਹਿਲੀ ਪੀੜ੍ਹੀ ਸਾਡੀ ਹੈ ਅਤੇ ਸਾਡੀ ਹੀ ਪੀੜ੍ਹੀ ਇਨ੍ਹਾਂ ਦੀ ਮਾਰ ਤੋਂ ਬਚਾਉਣ ਦੇ ਉਪਰਾਲੇ ਕਰਨ ਵਾਲੀ ਆਖਰੀ ਸਾਬਤ ਹੋ ਸਕਦੀ ਹੈ, ਪਰ ਇਹ ਪੀੜ੍ਹੀ ਹੀ ਉਪਰਾਲੇ ਕਰਨ ਤੋਂ ਪਿਛਲੇ ਤਿੰਨ ਦਹਾਕਿਆਂ ਤੋਂ ਕਤਰਾ ਰਹੀ ਹੈ।
ਜੇ 1992 ਵਿਚ ਹੋਈ ਮੌਸਮੀ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਵਾਲੀ ਕਾਨਫਰੰਸ ਤੋਂ ਹੀ ਦੁਨੀਆਂ ਦੇ ਸਾਰੇ ਦੇਸ਼ ਉਪਰਾਲੇ ਕਰਨੇ ਸ਼ੁਰੂ ਕਰ ਦਿੰਦੇ ਤਾਂ ਹੁਣ ਤੱਕ ਤਾਪਮਾਨ ਦੇ ਵਾਧੇ ਉਤੇ ਕਾਬੂ ਪਾ ਲਿਆ ਹੁੰਦਾ। ਕੌਮਾਂਤਰੀ ਆਗੂਆਂ ਨੂੰ ਹੋਰ ਬਿਨਾ ਦੇਰੀ ਆਪਣੇ ਸੌੜੇ ਆਰਥਕ-ਰਾਜਸੀ ਹਿੱਤਾਂ ਨੂੰ ਲਾਂਭੇ ਰੱਖ ਕੇ ਵਿਗਿਆਨੀਆਂ ਦੀ ਸਲਾਹ ਮੰਨਦਿਆਂ ਕਾਰਬਨ ਨਿਕਾਸੀ ਦੀ ਕਟੌਤੀ ਵਿਚ ਤੇਜ਼ੀ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਉਪਰਾਲੇ ਕਰਨੇ ਚਾਹੀਦੇ ਹਨ। ਵਾਤਾਵਰਣ ਦੇ ਮੁੱਦਿਆਂ ‘ਤੇ ਜਾਗਰੂਕ ਹੋਏ ਬੱਚਿਆਂ ਅਤੇ ਜਵਾਨਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਦੀ ਥਾਂ ਉਨ੍ਹਾਂ ਨਾਲ ਕੰਮ ਕਰਕੇ 21ਵੀਂ ਸਦੀ ਵਿਚ ਆ ਰਹੀਆਂ ਅਤੇ ਵਾਤਾਵਰਣ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰ ਸਕੀਏ।