ਸ਼ਿਕਾਗੋ (ਬਿਊਰੋ): ਸ਼ਿਕਾਗੋ ਦੇ ਸਿੱਖ ਸੀਨੀਅਰ ਸਿਟੀਜਨਜ਼ ਦੀ ਮੀਟਿੰਗ ਦੌਰਾਨ ਡਾ. ਹਰਬੰਸ ਕੌਰ ਦਿਉਲ ਨੇ ਕੈਂਸਰ ਦੀਆਂ ਕਿਸਮਾਂ ਅਤੇ ਇਸ ਤੋਂ ਬਚਾਅ ਬਾਰੇ ਚਾਨਣਾ ਪਾਇਆ। ਡਾ. ਦਿਓਲ 40 ਸਾਲ ਤੋਂ ਓਬੀ ਗਾਇਨੀ ਦੇ ਮਾਹਿਰ ਹਨ ਅਤੇ ਹਾਲ ਹੀ ਵਿਚ ਰਿਟਾਇਰ ਹੋਏ ਹਨ। ਉਨ੍ਹਾਂ ਐਮ.ਬੀ.ਬੀ.ਐਸ਼ ਪਟਿਆਲੇ ਅਤੇ ਐਮ.ਡੀ. ਪੀ.ਜੀ.ਆਈ. ਚੰਡੀਗੜ੍ਹ ਤੋਂ ਕੀਤੀ। ਅਮਰੀਕਾ ਆ ਕੇ ਉਨ੍ਹਾਂ ਸ਼ਿਕਾਗੋ ਦੀਆਂ ਨਾਰਥ ਵੈਸਟ ਸਬਰਬਾਂ ਵਿਚ ਪ੍ਰੈਕਟਿਸ ਕੀਤੀ। ਉਹ ਕਮਿਊਨਟੀ ਵਿਚ ਡਾਕਟਰ ਅਤੇ ਚੰਗੇ ਇਨਸਾਨ ਵਜੋਂ ਬਹੁਤ ਸਤਿਕਾਰੇ ਜਾਂਦੇ ਹਨ। ਉਨ੍ਹਾਂ ਦੇ ਪਤੀ ਸ਼ ਹਰਦਿਆਲ ਸਿੰਘ ਦਿਉਲ ਕਮਿਊਨਟੀ ਦੀ ਪ੍ਰਫੁਲਤਾ ‘ਚ ਹਮੇਸ਼ਾ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਉਨ੍ਹਾਂ ਦਾ ਵੱਡਾ ਪੁੱਤਰ ਡਾਕਟਰ ਅਤੇ ਛੋਟਾ ਵਕੀਲ ਹੈ।
ਡਾ. ਦਿਉਲ ਨੇ ਕੈਲੰਡਰ ਦਿਖਾ ਕੇ ਪਹਿਲਾਂ ਸਰੀਰ ਦੇ ਵੱਖ-ਵੱਖ ਅੰਗਾਂ ਨਾਲ ਜਾਣ-ਪਛਾਣ ਕਰਾਈ। ਅਕਤੂਬਰ ਦਾ ਮਹੀਨਾ ਛਾਤੀ ਦੇ ਕੈਂਸਰ ਬਾਰੇ ਜਾਗਰੂਕ ਕਰਨ ਲਈ ਮਿਥਿਆ ਗਿਆ ਹੈ। ਡਾ. ਦਿਉਲ ਨੇ ਦੱਸਿਆ ਕਿ ਕੈਂਸਰ ਦਾ ਨਾਂ ਹੀ ਡਰਾਉਣਾ ਹੈ। ਇਸ ਦੇ ਫੈਲਣ ਦੀ ਰਫਤਾਰ ਕਾਫੀ ਤੇਜ਼ ਹੈ। ਇਹ ਆਮ ਦਵਾਈਆਂ ਦੇ ਕਾਬੂ ਤੋਂ ਬਾਹਰ ਹੈ। ਕੈਂਸਰ ਦੇ ਸੈਲ ਬਹੁਤ ਵਧਦੇ ਤੇ ਫੈਲਦੇ ਹਨ ਅਤੇ ਨਾਰਮਲ ਸੈਲ ਤਬਾਹ ਕਰ ਦਿੰਦੇ ਹਨ, ਜਿਸ ਨਾਲ ਆਮ ਸਰੀਰ ਦੇ ਅੰਦਰੂਨੀ ਹਾਲਾਤ ਬਦਲ ਜਾਂਦੇ ਹਨ। ਕਈ ਵਾਰ ਸਰੀਰ ਵਿਚ ਗੰਢ ਬਣ ਜਾਂਦੀ ਹੈ। ਇਹ ਇਕ ਥਾਂ ਟਿਕ ਵੀ ਸਕਦੀ ਹੈ ਅਤੇ ਫੈਲ ਵੀ ਸਕਦੀ ਹੈ। ਇਹ ਖੂਨ ਜਾਂ ਮਾਰ ਹੇਠ ਆਈਆਂ ਨਸਾਂ (.ੇਮਪਹ ਨੋਦeਸ) ਰਾਹੀਂ ਫੈਲਦਾ ਹੈ। ਦਿਲ ਦੇ ਦੌਰੇ (ਹਾਰਟ ਅਟੈਕ) ਤੋਂ ਬਾਅਦ ਇਹ ਦੂਜੀ ਭੈੜੀ ਬਿਮਾਰੀ ਹੈ, ਫਿਰ ਵੀ 200 ਬਿਲੀਅਨ ਲੋਕ ਬਚਾ ਲਏ ਗਏ ਹਨ। 80 ਫੀਸਦੀ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਨਸਾਨ ਦੇ ਸਰੀਰ ਅੰਦਰ 37 ਟ੍ਰਿਲੀਅਨ ਸੈਲ ਹਨ, ਜੋ ਟੁੱਟਦੇ ਭੱਜਦੇ ਰਹਿੰਦੇ ਹਨ। ਇਸ ਵਿਚ 79 ਅੰਗ ਅਤੇ 11 ਸਿਸਟਮ ਹਨ। ਕਰੀਬ 100 ਕਿਸਮ ਦੇ ਕੈਂਸਰ ਦੀ ਸ਼ਨਾਖਤ ਹੋ ਚੁਕੀ ਹੈ। ਕਰੀਬ 3 ਪਿਛੇ ਇਕ ਇਨਸਾਨ ਇਸ ਦੀ ਜਕੜ ਵਿਚ ਹੈ।
ਚਮੜੀ ਸਰੀਰ ਨੂੰ ਕੀਟਾਣੂਆਂ ਤੋਂ ਬਚਾਉਂਦੀ ਹੈ। ਚਮੜੀ ਰਾਹੀਂ ਕਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਹਾਰਟ ਅਟੈਕ ਲਈ। ਦਿਮਾਗ ਵਾਲੰਟੀਅਰ ਅਤੇ ਨਾਨ-ਵਾਲੰਟੀਅਰ ਕ੍ਰਿਆ ਕੰਟਰੋਲ ਕਰਦਾ ਹੈ। ਦੋ ਫੇਫੜੇ ਛਾਤੀ ਦੇ ਪਿੰਜਰ ਅੰਦਰ ਹੁੰਦੇ ਹਨ, ਜੋ ਗੰਦੇ ਖੂਨ ਦਾ ਸਾਫ ਖੂਨ ਨਾਲ ਵਟਾਂਦਰਾ ਕਰਦੇ ਹਨ। ਇਨ੍ਹਾਂ ਵਿਚਾਲੇ ਦਿਲ ਹੁੰਦਾ ਹੈ, ਜਿਸ ਦੇ ਥੱਲੇ ਡਾਇਆਫਰਾਮ ਹੁੰਦਾ ਹੈ, ਜੋ ਪੇਟ ਅਤੇ ਛਾਤੀ ਦੇ ਅੰਗਾਂ ਨੂੰ ਅਲੱਗ ਕਰਦਾ ਹੈ। ਫੇਫੜਿਆਂ ਰਾਹੀਂ ਕਾਰਬਨ ਬਾਹਰ ਨਿਕਲਦੀ ਹੈ ਤੇ ਆਕਸੀਜਨ ਅੰਦਰ ਜਾਂਦੀ ਹੈ। ਦਿਲ ਤੋਂ ਸਾਫ ਖੂਨ ਸਾਰੇ ਅੰਗਾਂ ਤਕ ਪਹੁੰਚਦਾ ਹੈ। ਜਿਗਰ ਪੇਟ ਦਾ ਸਭ ਤੋਂ ਵੱਡਾ ਅੰਗ ਹੈ, ਜਿਸ ਦੇ ਦੋ ਹਿੱਸੇ ਹੁੰਦੇ ਹਨ। ਜਿਗਰ ਖੂਨ ਸਾਫ ਕਰਦਾ ਹੈ ਅਤੇ ਰਸ ਬਣਾਉਂਦਾ ਹੈ, ਜੋ ਅੰਤੜੀਆਂ ‘ਚ ਖਾਣਾ ਹਜਮ ਕਰਨ ਲਈ ਕੰਮ ਆਉਂਦਾ ਹੈ।
ਮੂੰਹ ‘ਚੋਂ ਖਾਣਾ ਨਾਲੀ ਰਾਹੀਂ ਪੇਟ ਵਿਚ ਜਾਂਦਾ ਹੈ, ਜਿਥੇ ਇਸ ਵਿਚ ਕਈ ਰਸ ਮਿਲਦੇ ਹਨ। ਇਹ ਰਸ ਅਗਾਂਹ ਛੋਟੀ ਆਂਦਰ ਵਿਚ ਚਲਾ ਜਾਂਦਾ ਹੈ, ਜਿਥੇ ਸ਼ੁਰੂ ‘ਚ ਹੀ ਇਸ ਨੂੰ ਪੈਂਕਰੀਆਜ਼ ਦੇ ਰਸ ਮਿਲਦੇ ਹਨ, ਜੋ ਸ਼ੂਗਰ ਕੰਟਰੋਲ ਕਰਦੇ ਹਨ। ਛੋਟੀ ਆਂਦਰ ਕਰੀਬ 20 ਫੁੱਟ ਲੰਮੀ ਹੁੰਦੀ ਹੈ, ਜਿਥੇ ਖਾਣਾ ਹਜ਼ਮ ਹੁੰਦਾ ਹੈ। ਖੱਬੇ, ਉਪਰਲੇ ਪਾਸੇ ਤਿੱਲੀ ਹੁੰਦੀ ਹੈ, ਜੋ ਲਾਗ ਤੋਂ ਬਚਾਅ ਕਰਦੀ ਹੈ। ਰੀੜ੍ਹ ਦੀ ਹੱਡੀ ਦੇ ਦੋਨੋਂ ਪਾਸੇ ਇਕ-ਇਕ ਗੁਰਦਾ ਹੁੰਦਾ ਹੈ ਜੋ ਲਾਲ ਸੈਲ ਬਣਾਉਂਦੇ ਹਨ ਅਤੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦੇ ਹਨ।
ਇਸ ਤੋਂ ਬਿਨਾ ਸਰੀਰ ਵਿਚ ਗਲੈਂਡਸ ਹੁੰਦੇ ਹਨ ਜਿਵੇਂ ਐਡਰੇਨਲ, ਪੈਕਰੀਆਜ਼ ਆਦਿ। ਹੱਡੀਆਂ ਦਾ ਆਪਣਾ ਢਾਂਚਾ ਹੈ। ਇਹ ਦੱਸਣਾ ਇਸ ਲਈ ਜ਼ਰੂਰੀ ਹੈ, ਕਿਉਂਕਿ ਜਦੋਂ ਡਾਕਟਰ ਦੱਸਦੇ ਹਨ ਕਿ ਕੈਂਸਰ ਕਿੱਥੇ ਹੈ ਤਾਂ ਪਤਾ ਚੱਲ ਸਕੇ।
ਡਾ. ਦਿਓਲ ਨੇ ਦੱਸਿਆ ਕਿ ਅਮਰੀਕਾ ਵਿਚ ਹਰ ਸਾਲ 1.8 ਮਿਲੀਅਨ (18 ਲੱਖ) ਨਵੇਂ ਕੇਸ ਹੁੰਦੇ ਹਨ, ਜਿਨ੍ਹਾਂ ਵਿਚੋਂ 6 ਲੱਖ ਮਰ ਜਾਂਦੇ ਹਨ। 2019 ਵਿਚ 7,40,000 ਕੇਸ ਹੋਏ, ਜਿਨ੍ਹਾਂ ਵਿਚੋਂ ਬਹੁਤਿਆਂ ਦਾ ਬਚਾਅ ਹੋ ਸਕਦਾ ਸੀ। ਇਕ ਕਾਰਨ ਤਾਂ ਇਹ ਹੈ ਕਿ ਔਸਤ ਉਮਰ ਹੁਣ ਵੱਧ ਹੈ। ਆਦਮੀਆਂ ਦੀ ਔਸਤ ਉਮਰ 50 ਸਾਲ ਤੋਂ ਵੱਧ ਹੈ ਅਤੇ ਔਰਤਾਂ ਦੀ 65 ਸਾਲ। ਛਾਤੀ ਦਾ ਕੈਂਸਰ 2,68,000 ਲੋਕਾਂ ਨੂੰ ਹਰ ਸਾਲ ਹੁੰਦਾ ਹੈ ਅਤੇ 2,12,000 ਰੋਗੀਆਂ ਦੀ ਮੌਤ ਹੋ ਜਾਂਦੀ ਹੈ। ਫੇਫੜਿਆਂ ਦਾ ਕੈਂਸਰ 2,28,000 ਲੋਕਾਂ ਨੂੰ ਹੁੰਦਾ ਹੈ, ਜਿਸ ਵਿਚੋਂ 1,42,000 ਬਚ ਨਹੀਂ ਸਕਦੇ।
ਉਨ੍ਹਾਂ ਦੱਸਿਆ ਕਿ ਕੈਂਸਰ ਨਾਲ ਮਰਨ ਦੇ ਕਾਰਨਾਂ ਵਿਚ ਪਿਤਾ ਪੁਰਖੀ ਕਾਰਨ ਵੀ ਹਨ, ਜਿਸ ਦੀ ਦਰ 5 ਤੋਂ 10 ਫੀਸਦੀ ਹੈ। ਦੂਜਾ ਕਾਰਨ ਸਾਡੀਆਂ ਆਦਤਾਂ ਹਨ। ਤਮਾਕੂ, ਨਸ਼ੇ, ਨਿਕੋਟੀਨ ਨਾਲ 1/3 ਲੋਕ ਮਰਦੇ ਹਨ ਜਾਂ ਇਹ ਕਹਿ ਲਓ 5,00,000 ਰੋਗੀ। ਬੁੱਲ੍ਹ, ਮੂੰਹ, ਪਾਚਨ ਕ੍ਰਿਆ, ਸਾਹ, ਸ਼ਰਾਬ ਕਰਕੇ ਕੈਂਸਰ ਹੋ ਜਾਂਦਾ ਹੈ। ਜਿਗਰ ਦਾ ਕੈਂਸਰ ਵੀ ਇਸੇ ਤੋਂ ਹੁੰਦਾ ਹੈ।
ਹਰ ਇਨਸਾਨ ਨੂੰ ਕਰੀਬ 30 ਮਿੰਟ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਠੀਕ ਭੋਜਨ ਨਾ ਖਾਣਾ ਵੀ ਇਕ ਕਾਰਨ ਹੈ; ਜਿਵੇਂ ਮਾਸ, ਡੇਅਰੀ ਵਸਤਾਂ ਪੈਦਾ ਕਰਨ ਲਈ ਵਧੇਰੇ ਕੈਮੀਕਲ ਵਰਤੇ ਜਾਂਦੇ ਹਨ, ਇਹ ਨੁਕਸਾਨਦੇਹ ਹੁੰਦੇ ਹਨ। ਜਾਨਵਰਾਂ ਦੇ ਦੁੱਧ, ਖਾਸ ਤੌਰ ‘ਤੇ ਦਵਾਈਆਂ ਰਾਹੀਂ ਵਧਾਏ ਦੁੱਧ ਨਾਲੋਂ ਬਦਾਮਾਂ ਤੇ ਚੌਲਾਂ ਦਾ ਦੁੱਧ ਵਧੇਰੇ ਸਹੀ ਹੈ। ਖਾਣਿਆਂ ਵਿਚ ਰੰਗਾਂ ਦੀ ਵਰਤੋਂ ਠੀਕ ਨਹੀਂ। ਲੋੜ ਤੋਂ ਵਧ ਵਜ਼ਨ ਹਾਨੀਕਾਰਕ ਹੈ। 5 ਫੁੱਟ ਦੇ ਆਦਮੀ ਲਈ 100 ਯੂ.ਬੀ. ਵਜ਼ਨ ਠੀਕ ਹੈ ਜਾਂ ਇਹ ਕਹਿ ਲਓ ਇਕ ਇੰਚ ਉਚੇ ਆਦਮੀ ਲਈ 5 ਯੂ.ਬੀ. ਅਤੇ ਔਰਤ ਲਈ 4 ਯੂ.ਬੀ. ਸਹੀ ਹੈ।
ਰੇਡੀਏਸ਼ਨ, ਅਲਟਰਾ ਵਾਇਲੈਟ ਕਿਰਨਾਂ, ਐਲੂਮੀਨੀਅਮ, ਪਲਾਸਟਿਕ ਵਰਤਣੇ ਖਤਰਨਾਕ ਹਨ। ਜਿਹੜੇ ਜਾਨਵਰਾਂ ਨੂੰ ਹਾਰਮੋਨ ਦੇ ਕੇ ਮੋਟੇ ਕੀਤਾ ਜਾਂਦਾ ਹੈ ਜਾਂ ਦੁੱਧ ਲਈ ਦਿੰਦੇ ਹਨ, ਉਨ੍ਹਾਂ ਤੋਂ ਬਚੋ। ਆਰਗੈਨਿਕ ਵਸਤਾਂ ਦੀ ਵਰਤੋ ਕਰੋ। ਔਰਤਾਂ ਲਈ ਵਧੇਰੇ ਹਾਰਮੋਨ ਵਰਤਣੇ ਠੀਕ ਨਹੀਂ। ਕਈ ਵਾਇਰਸ ਜਿਵੇਂ ਹੈਪ-ਬੀ., ਸੀ., ਐਚ., ਪਾਇਲੋਰੀ (ਇਕ ਤਰ੍ਹਾਂ ਦਾ ਬੈਕਟੀਰੀਆ), ਇਨ੍ਹਾਂ ਤੋਂ ਵੈਕਸੀਨ ਲੁਆ ਕੇ ਬਚਾ ਕੀਤਾ ਜਾ ਸਕਦਾ ਹੈ। ਬਹੁਤਾ ਧੁੱਪੇ ਬੈਠਣਾ ਠੀਕ ਨਹੀਂ। ਦੁਪਹਿਰ ਨਾਲੋਂ ਸੰਝ ਤੇ ਸਵੇਰੇ ਠੀਕ ਹੈ।
ਕੁਝ ਕੈਂਸਰ ਅਜਿਹੇ ਵੀ ਹਨ ਕਿ ਪਹਿਲਾਂ ਭਿਣਕ ਨਹੀਂ ਪੈਂਦੀ। ਜੇ ਸ਼ੱਕ ਹੋਵੇ ਤਾਂ ਚੈਕ ਕਰਾਉਣਾ ਠੀਕ ਹੈ। ਜੇ ਚਮੜੀ ਤੇ ਕੋਈ ਗੰਢ ਮਹਿਸੂਸ ਹੁੰਦੀ ਹੈ, ਫੋੜਾ-ਫਿਨਸੀ ਠੀਕ ਨਹੀਂ ਹੋ ਰਹੀ ਜਾਂ ਮਹੁਕੇ ‘ਚ ਤਬਦੀਲੀ ਆਈ ਹੈ ਤਾਂ ਚੈਕ ਕਰਵਾ ਲਓ।
ਜੇ ਸਿਰ ਵਿਚ ਲਗਾਤਾਰ ਦਰਦ ਹੈ, ਨਜ਼ਰ ਠੀਕ ਨਹੀਂ ਰਹੀ, ਥਿੜ੍ਹਕ ਕੇ ਚਲਣਾ, ਯਾਦਦਾਸ਼ਤ ਘਟ ਜਾਣੀ ਜਾਂ ਫਿਰ ਦੌਰੇ ਪੈਂਦੇ ਹਨ, ਲਗਾਤਾਰ ਥਕੇਵਾਂ ਹੁੰਦਾ ਹੈ, ਅਚਾਨਕ ਵਜ਼ਨ ਜਾਂ ਭੁੱਖ ਘਟ ਗਈ ਹੈ, ਟੱਟੀ-ਪਿਸ਼ਾਬ ਵਿਚ ਖੂਨ ਆ ਰਿਹਾ ਹੈ, ਕਬਜ਼ ਜੋ ਠੀਕ ਨਹੀਂ ਹੋ ਰਹੀ, ਖੰਘ ਜਾਂ ਬੁਖਾਰ ਚਲ ਰਿਹਾ ਹੈ ਤਾਂ ਚੈਕ ਕਰਾਉਣਾ ਵਾਜਬ ਹੈ। ਵਾਰ-ਵਾਰ ਪਿਸ਼ਾਬ ਆਉਣਾ ਵੀ ਇਕ ਨਿਸ਼ਾਨੀ ਹੋ ਸਕਦੀ ਹੈ। ਹਰ ਸਾਲ ਫਿਜੀਕਲ ਟੈਸਟ ਕਰਾਉਣਾ ਠੀਕ ਹੈ। 50 ਸਾਲ ਤੋਂ ਉਤੇ ਉਮਰ ਦੀਆਂ ਔਰਤਾਂ ਨੂੰ ਸਾਲ ਵਿਚ ਇਕ ਵਾਰ ਮੈਮੋਗਰਾਫੀ ਕਰਵਾਉਣੀ ਚਾਹੀਦੀ ਹੈ; 55 ਤੋਂ 65 ਤਕ ਹਰ ਦੂਜੇ ਸਾਲ ਅਤੇ 65 ਸਾਲ ਤੋਂ ਬਾਅਦ ਹਰ 3 ਸਾਲ ਬਾਅਦ। ਉਂਜ, ਜੇ ਪਰਿਵਾਰ ‘ਚੋਂ ਕਿਸੇ ਨੂੰ ਪਹਿਲਾਂ ਕੈਂਸਰ ਹੋਇਆ ਹੋਵੇ ਤਾਂ ਜਲਦੀ ਤੇ ਨਿਯਮਬੰਦ ਚੈਕ ਕਰਵਾਉਣਾ ਜ਼ਰੂਰੀ ਹੈ। ਇਕੱਲੀ ਮੈਮੋਗਰਾਫੀ ਹੀ ਕਾਫੀ ਨਹੀਂ, 22 ਫੀਸਦੀ ਗਲਤ ਰਿਜਲਟ ਵੀ ਨਿਕਲੇ ਹਨ। ਅਜਕਲ੍ਹ ਨਵਾਂ ਟੈਸਟ ਥਰਮੋਗਰਾਫੀ ਆਇਆ ਹੈ, ਜੋ ਘੱਟ ਲੋਕਾਂ ਨੂੰ ਪਤਾ ਹੈ। ਇਸ ਵਿਚ ਕੋਈ ਰੇਡੀਏਸ਼ਨ ਵੀ ਨਹੀਂ।
ਡਾ. ਦਿਓਲ ਨੇ ਕਿਹਾ ਕਿ ਪੈਪ ਸਮੀਅਰ ਟੈਸਟ 21 ਸਾਲ ਤੋਂ ਬਾਅਦ ਕਰਾਉਣਾ ਚਾਹੀਦਾ ਹੈ। 21 ਤੋਂ 39 ਸਾਲ ਤਕ ਹਰ 5 ਸਾਲ ਬਾਅਦ। 65 ਸਾਲ ਤੋਂ ਉਤੇ ਲੋੜ ਨਹੀਂ। 50 ਸਾਲ ਬਾਅਦ ਟੱਟੀ ਟੈਸਟ ਕਰਵਾ ਲੈਣੀ ਚਾਹੀਦੀ ਹੈ। ਜੇ ਖੂਨ ਆਉਂਦਾ ਹੋਵੇ ਤਾਂ ਕੋਲਨੋਸਕੋਪੀ ਕਰਵਾਉਣੀ ਚਾਹੀਦੀ ਹੈ। ਜੇ ਪੋਲਿਪਸ (ਟਿਸ਼ੂ ਵਾਧਾ) ਆਦਿ ਹੋਵੇ ਤਾਂ ਹਰ ਤਿੰਨ ਸਾਲ ਬਾਅਦ ਕੋਲਨੋਸਕੋਪੀ ਕਰਵਾਉਣੀ ਚਾਹੀਦੀ ਹੈ; ਨਹੀਂ ਤਾਂ 10 ਸਾਲ ਬਾਅਦ ਅਜਕਲ੍ਹ ਡੀ.ਐਨ.ਏ. ਟੈਸਟ ਵੀ ਹੁੰਦਾ ਹੈ। ਗੁਦਾ ਜਾਂ ਪ੍ਰੋਸਟੇਟ ਦੇ ਕੈਂਸਰ ਲਈ ਟੈਸਟ 50 ਸਾਲ ਤੋਂ ਬਾਅਦ ਕਰਵਾਉਣਾ ਚਾਹੀਦਾ ਹੈ। ਜੇ ਪਰਿਵਾਰ ਦਾ ਅਜਿਹਾ ਪਿਛੋਕੜ ਹੋਵੇ ਤਾਂ 45 ਸਾਲ ਤੋਂ ਬਾਅਦ ਪੀ.ਐਸ਼ਏ. ਟੈਸਟ ਵੀ ਹਰ ਸਾਲ ਕਰਵਾਉਣਾ ਸਹੀ ਹੈ। ਚਮੜੀ ਦੇ ਕੈਂਸਰ ਲਈ ਸਾਵਧਾਨ ਰਹਿਣਾ ਜ਼ਰੂਰੀ ਹੈ। ਜੇ ਕੋਈ ਫੋੜਾ ਠੀਕ ਨਹੀਂ ਹੋ ਰਿਹਾ ਜਾਂ ਰੰਗ ਬਦਲ ਰਿਹਾ ਹੈ ਤਾਂ ਡਾਕਟਰ ਤੋਂ ਚੈਕ ਕਰਵਾਓ। ਜੋ ਲੋਕ ਸਾਲ ਵਿਚ 30 ਪੈਕੇਟ ਸਿਗਰਟਾਂ ਦੇ ਪੀਂਦੇ ਹਨ, ਉਨ੍ਹਾਂ ਨੂੰ ਜੇ ਲਗਾਤਾਰ ਖਾਂਸੀ ਆਦਿ ਰਹੇ ਤਾਂ ਚੈਕ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਧੁੱਪ ਵਿਚ ਜਾਣਾ ਹੋਵੇ ਤਾਂ ਚਮੜੀ ਉਤੇ 15 ਮਿੰਟ ਪਹਿਲਾਂ ਲੋਸ਼ਨ ਲਾ ਲਉ। ਬੱਦਲਵਾਈ ਵਿਚ ਵੀ ਅਜਿਹਾ ਹੀ ਕਰੋ ਕਿਉਂ ਜੋ ਅਲਟਰਾ ਵਾਇਲੈਟ (ਯੂ.ਵੀ.) ਕਿਰਨਾਂ ਆ ਰਹੀਆਂ ਹੁੰਦੀਆਂ ਹਨ। ਲੋਸ਼ਨ ਦੀ ਤਾਕਤ 30 ਐਸ਼ਐਲ਼ ਹੋਣੀ ਚਾਹੀਦੀ ਹੈ। ਧੁੱਪੇ ਐਨਕਾਂ ਲਾ ਕੇ ਜਾਓ। ਵਾਤਾਵਰਣ ਠੀਕ ਰੱਖਣ ਦੀ ਕੋਸ਼ਿਸ਼ ਕਰੋ। ਕਸਰਤ ਲਗਾਤਾਰ ਕਰੋ। ਵਜ਼ਨ ਕੰਟਰੋਲ ਹੇਠ ਰਖੋ, ਰੋਕਥਾਮ ਲਈ ਟੀਕੇ ਲਗਵਾਓ। ਫੋਲੀਏਟ ਵਾਲੇ ਵਿਟਾਮਨ ਵੀ ਵਰਤ ਸਕਦੇ ਹੋ; ਜਿਵੇਂ ਵਿਟਾਮਿਨ ਏ, ਈ, ਸੀ। ਇਹ ਸਾਰੇ ਪਾਣੀ ‘ਚ ਘੁਲ ਜਾਂਦੇ ਹਨ। ਸਿਰਫ ਵਿਟਾਮਿਨ ਡੀ ਹੈ, ਜੋ ਸਿਰਫ ਚਿਕਨਾਈ ਵਿਚ ਘੁਲਦਾ ਹੈ। ਬਿਹਤਰ ਹੈ, ਖਾਣੇ ਨਾਲ ਖਾ ਲਉ ਜਾਂ ਥੋੜ੍ਹਾ ਤੇਲ ਨਾਲ ਲੈ ਲਵੋ।
ਖਾਣਾ ਤੇਜ਼ ਅੱਗ ‘ਤੇ ਨਾ ਬਣਾਓ। ਗ੍ਰਿਲ ਕਰਨ ਲਈ ਮੀਟ ਸਾੜਨ ਨਾਲੋਂ ਕਿਸੇ ਪੱਤੇ ‘ਚ ਲਪੇਟ ਕੇ ਬਣਾ ਲਓ। ਪੈਕ ਕੀਤੇ ਖਾਣੇ ਘਟ ਖਾਓ। ਸਾਬਤ ਛੋਲੇ ਇਸਤੇਮਾਲ ਕਰੋ। ਤਾਜ਼ੀਆਂ ਸਬਜ਼ੀਆਂ ਤੇ ਫਲ ਵਰਤੋ। ਹਰੀਆਂ ਸਬਜ਼ੀਆਂ, ਬਰੌਕਲੀ, ਕੇਲਾ, ਗਾਜਰ, ਪਾਲਕ ਖਾਉ। ਪ੍ਰੋਟੀਨ ਹਫਤੇ ‘ਚ 2-3 ਵਾਰ ਖਾਉ। ਲਸਣ 1-2 ਪੋਥੀਆਂ ਰੋਜ਼ ਵਰਤੋ। ਸੁੱਕੇ ਮੇਵੇ ਖਾਓ। ਪਾਣੀ ਸਹੀ ਮਾਤਰਾ ‘ਚ ਪੀਉ। ਸਬਜ਼ੀਆਂ ਬਹੁਤੀਆਂ ਸਾੜੋ ਨਾ, ਮੱਧਮ ਅੱਗ/ਸੇਕ ‘ਤੇ ਪਕਾਉ। ਸਟੀਮ ਕਰਨਾ ਵਧੇਰੇ ਲਾਹੇਵੰਦ ਹੈ। ਸਿਰਕਾ, ਨਿੰਬੂ ਤੇ ਟਮਾਟਰ ਟੌਕਸੀਨ ਘਟਾਉਂਦੇ ਹਨ। ਐਲੂਮੀਨੀਅਮ ਦੇ ਬਰਤਨ ਨਾ ਵਰਤੋ। ਪਲਾਸਟਿਕ ਦੀ ਥਾਂ ਸਟੀਲ ਵਰਤੋ। ਤੇਲ ਸਹੀ ਵਰਤੋ ਜਿਸ ਦਾ ਸਮੋਕਿੰਗ ਪੁਆਇੰਟ ਜ਼ਿਆਦਾ ਹੋਵੇ; ਜਿਵੇਂ ਕੋਨੋਲਾ, ਕੋਕੋਨਟ, ਐਵੋਕੈਡੋ। ਬੇਬੀ ਫਾਰਮੂਲਾ ਕਦੇ ਵੀ ਮਾਈਕਰੋਵੇਵ ਵਿਚ ਗਰਮ ਨਾ ਕਰੋ। ਲੋਹੇ ਤੇ ਸੈਰਾਮਿਕ ਬਰਤਨਾਂ ਵਿਚ ਖਾਣਾ ਬਣਾਉ। ਛੱਲੀ ਦੇ ਛਿਲਕਿਆਂ ਜਾਂ ਕੇਲੇ ਦੇ ਪੱਤਿਆਂ ਵਿਚ ਗ੍ਰਿਲ ਕਰ ਸਕਦੇ ਹੋ।
ਡਾ. ਦਿਓਲ ਨੇ ਦੱਸਿਆ ਕਿ ਕੈਂਸਰ ਦਾ ਇਲਾਜ ਥਾਂ ‘ਤੇ ਨਿਰਭਰ ਹੈ ਕਿ ਇਹ ਸਰੀਰ ਵਿਚ ਕਿੱਥੇ ਹੈ ਅਤੇ ਕਿਹੋ ਜਿਹਾ ਹੈ। ਦੋ ਸੈਂਟੀਮੀਟਰ ਤੋਂ ਘਟ ਸਰਜਰੀ ਨਾਲ ਕੱਢਿਆ ਜਾ ਸਕਦਾ ਹੈ। ਹੁਣ ਤਾਂ ਬਹੁਤ ਕਿਸਮ ਦੀਆਂ ਦਵਾਈਆਂ ਆ ਗਈਆਂ ਹਨ। ਜੀਨ, ਹਾਰਮੋਨ ਵਾਲੇ ਇਲਾਜ ਚੱਲ ਰਹੇ ਹਨ। ਜੀਵਨ ‘ਚ ਤਣਾਅ ਘਟਾਉ। ਇਲਾਜ ਦੌਰਾਨ ਵਿਟਾਮਿਨ ਮਦਦ ਕਰਦੇ ਹਨ, ਜੋ ਪ੍ਰੋਸਟੇਅ ਨਾਂ ਦੀ ਦਵਾਈ ‘ਚ ਮਿਲਦੇ ਹਨ।