ਭਾਸ਼ਾ ਦੀ ਜਿਉਣ ਸ਼ਕਤੀ ਹੀ ਕੌਮ ਅਤੇ ਧਰਮ ਦੀ ਹੋਂਦ

ਦਲਵਿੰਦਰ ਸਿੰਘ ਘੁੰਮਣ
ਫੋਨ: +33630073111
ਦੁਨੀਆਂ ਦੀਆਂ ਭਾਸ਼ਾਵਾਂ ਮਨੁੱਖੀ ਜਨਮ ਕਾਲ ਤੋਂ ਵੱਖ ਵੱਖ ਖਿੱਤਿਆਂ ਵਿਚ ਭੁਗੋਲਿਕ ਹਾਲਤਾਂ ਅਨੁਸਾਰ ਬੋਲੀਆਂ ਜਾਂਦੀਆਂ ਰਹੀਆਂ ਹਨ। ਜਿਉਂ ਇਨਸਾਨ ਨੇ ਜੀਵਨ ਪ੍ਰਵਾਸ, ਵਪਾਰ ਅਤੇ ਸਾਧਨਾਂ ਨੂੰ ਇਕ ਥਾਂ ਤੋਂ ਦੂਜੀ ਥਾਂ ‘ਤੇ ਤਬਦੀਲ ਕੀਤਾ ਤਾਂ ਭਾਸ਼ਾ ਦਾ ਪਸਾਰਾ ਵਧਿਆ। ਇਕ ਭਾਸ਼ਾਈ ਸਾਂਝ ਪੈਦਾ ਹੋਣ ਲੱਗੀ। ਜਦੋਂ ਵੀ ਕਿਸੇ ਨਾਲ ਸਬੰਧ ਜਾਂ ਨੇੜਤਾ ਹੁੰਦੀ ਹੈ ਤਾਂ ਭਾਸ਼ਾ ਹੀ ਗੱਲਬਾਤ ਦਾ ਆਧਾਰ ਬਣਦੀ ਹੈ। ਹੌਲੀ ਹੌਲੀ ਕਬੀਲਿਆਂ ਵਿਚ ਵੰਡਿਆ ਮਨੁੱਖ ਆਪਣੀਆਂ ਸਰਹੱਦਾਂ ਬੰਨਣ ਲੱਗਾ, ਜਿਸ ਵਿਚ ਧਰਮਾਂ, ਨਸਲਾਂ, ਬੋਲੀਆਂ, ਜਾਤਾਂ ਦੀ ਪੈਦਾਇਸ਼ ਹੋਈ। ਮਨੁੱਖ ਜਿਥੇ ਵੀ ਗਿਆ, ਉਥੇ ਹੀ ਇਸ ਸਭ ਦੇ ਪਸਾਰ ਲਈ ਯਤਨਸ਼ੀਲ ਰਿਹਾ। ਭਾਵੇਂ ਉਸ ਨੂੰ ਲੜਾਈਆਂ ਵੀ ਲੜਨੀਆਂ ਪਈਆਂ। ਭਾਵ ਭਾਸ਼ਾ ਦਾ ਮਰਨਾ, ਕੌਮ, ਧਰਮ ਦੇ ਮਰਨ ਤੁੱਲ ਹੈ।

ਅੱਜ ਦਾ ਭਾਰਤ ਬਹੁਭਾਂਤੀ, ਬਹੁਭਾਸ਼ੀ, ਬਹੁਧਰਮੀ, ਬਹੁਕੌਮੀ, ਬਹੁਨਸਲੀ, ਬਹੁਖੇਤਰੀ ਹੈ, ਜਿਸ ਵਿਚ ਸੰਵਿਧਾਨਕ ਹੱਕਾਂ ਨਾਲ ਬਰਾਬਰੀ ਦੀ ਗੱਲ ਕਹੀ ਗਈ ਹੈ। ਬਹੁਤੀਆਂ ਕੌਮਾਂ ਦੇ ਧਰਮ ਅਤੇ ਬੋਲੀ ਦੇ ਆਧਾਰ ਹੀ ਵੰਡ ਦੇ ਕਾਰਨ ਹਨ। ਭਾਰਤੀ ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਲਿਆ ਗਿਆ ਹੈ ਜਾਂ ਕਿਹਾ ਜਾਵੇ ਕਿ 22 ਰਾਸ਼ਟਰਾਂ ਨੂੰ ਬੋਲੀ ਦਾ ਆਧਾਰ ਮੰਨਿਆ ਗਿਆ ਹੈ, ਜਿਸ ਕਰਕੇ ਪਾਰਲੀਮੈਂਟ (ਲੋਕ ਸਭਾ ਅਤੇ ਰਾਜ ਸਭਾ) ਵੀ ਬਹੁਭਾਸ਼ਾਈ ਹੈ। ਪੰਜਾਬੀ ਭਾਸ਼ਾ ਦੀ ਜਿਉਣ ਸ਼ਕਤੀ ਗੁਰੂਆਂ, ਪੀਰਾਂ, ਸੰਤਾਂ, ਮਸੀਹਾਂ, ਪੈਗੰਬਰਾਂ, ਰਹਿਬਰਾਂ ਦੀ ਭਗਤੀ ਦੀ ਸ਼ਕਤੀ ਨਾਲ ਹੀ ਟਿਕਾਉ ਵਿਚ ਹੈ, ਨਹੀਂ ਤਾਂ ਜਦੋਂ ਜਦੋਂ ਵੀ ਸ਼ਾਸਕ ਬਦਲੇ, ਸਹਿਜੇ ਹੀ ਭਾਸ਼ਾ ਦਾ ਆਧਾਰ ਖਤਮ ਹੋ ਸਕਦਾ ਸੀ।
ਪੰਜਾਬੀ, ਗੁਰਮੁਖੀ ਭਾਸ਼ਾ ਸਿੱਖ ਧਰਮ ਦੇ ਜਨਮ ਨਾਲ ਮੰਨੀ ਗਈ ਹੈ। ਭਾਵੇਂ ਇਸ ਦੇ ਹੋਰ ਪਹਿਲਾਂ ਨੌਵੀਂ ਅਤੇ ਬਾਰਵੀਂ ਸਦੀ ਤੋਂ ਸ਼ੁਰੂ ਹੋਣ ਦੇ ਸਬੂਤ ਮਿਲਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸ਼ੁਰੂਆਤੀ ਸਫਰ ਨਾਲ ਹੀ ਗੁਰਮੁਖੀ ਭਾਸ਼ਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਸੋਧ ਕੇ ਪੈਂਤੀ ਅੱਖਰੀ ਬਣਾਇਆ। ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਦੁਨੀਆਂ ਵਿਚ ਕਰੀਬ ਪੰਦਰਾਂ ਕਰੋੜ ਲੋਕ ਹਨ। ਜੋ ਵੱਖ ਵੱਖ ਖਿੱਤਿਆਂ ਅਤੇ ਦੇਸ਼ਾਂ ਵਿਚ ਬੋਲੀ ਜਾਂਦੀ ਹੈ, ਪਰ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਇਸ ਦੇ ਕੇਂਦਰ ਬਿੰਦੂ ਹਨ। ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਨਿਊਜੀਲੈਂਡ, ਇਟਲੀ ਵਿਚ ਬਹੁਤਾਤ ਵਿਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ। ਕਈ ਬਾਹਰਲੇ ਦੇਸ਼ਾਂ ਵਿਚ ਇਹ ਤੀਜੇ, ਚੌਥੇ ਦਰਜੇ ਦੀ ਮਾਨਤਾ ਪ੍ਰਾਪਤ ਬੋਲੀ ਹੈ। ਵਿਦੇਸ਼ੀ ਸਰਕਾਰਾਂ ਵਲੋਂ ਪੰਜਾਬੀਅਤ ਨੂੰ ਵੱਡਾ ਮਾਣ, ਸਤਿਕਾਰ ਦਿੱਤਾ ਜਾ ਰਿਹਾ ਹੈ।
ਭਾਰਤ ਵਿਚ ਇਸ ਵੇਲੇ ਧਰਮੀ, ਨਸਲੀ, ਭਾਸ਼ਾਈ ਨਫਰਤ ਸਿਖਰਲੇ ਡੰਡੇ ‘ਤੇ ਹੈ। ਸਰਕਾਰਾਂ ਨਫਰਤ ਨੂੰ ਰੋਕਣ ਦੀ ਥਾਂ ਇਸ ਦਾ ਹਿੱਸਾ ਬਣੀਆਂ ਨਜ਼ਰ ਆਉਂਦੀਆਂ ਹਨ ਜਾਂ ਕਹਿ ਲਿਆ ਜਾਵੇ ਕਿ ਸਰਕਾਰੀ ਤੰਤਰ ਰਾਹੀਂ ਹੀ ਨਫਰਤ ਫੈਲਾਈ ਜਾ ਰਹੀ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਭਾਸ਼ਾ ਦੀ ਵਕਾਲਤ ਕਰਦਿਆਂ ‘ਇਕ ਰਾਸ਼ਟਰ, ਇਕ ਭਾਸ਼ਾ’ ਦਾ ਫਾਰਮੂਲਾ ਵਰਤਣ ਦੀ ਕੋਸ਼ਿਸ ਕੀਤੀ। ਉਸੇ ਪਹਿਰ ਦੱਖਣੀ ਰਾਜਾਂ, ਖਾਸ ਕਰ ਤਾਮਿਲਨਾਡੂ ਵਿਚ ਲੋਕਾਂ, ਐਕਟਰਾਂ, ਕਲਾਕਾਰਾਂ ਨੇ ਭਾਰੀ ਵਿਰੋਧ ਕੀਤਾ। ਹੁਣ ਹਰ ਥਾਂ ਵਿਰੋਧ ਹੋ ਰਿਹਾ ਹੈ। ਗ੍ਰਹਿ ਮੰਤਰੀ ਵੀ ਆਪਣੇ ਬਿਆਨ ‘ਤੇ ਸਪੱਸ਼ਟੀਕਰਨ ਦੇ ਰਿਹਾ ਹੈ।
1937 ਵਿਚ ਵੀ ਕਾਂਗਰਸ ਵਲੋਂ ਸਾਰੇ ਭਾਰਤ ਵਿਚ ਜਬਰੀ ਹਿੰਦੀ ਲਾਗੂ ਕਰਨ ‘ਤੇ ਤਾਮਿਲਾਂ ਦੇ ਭਾਰੀ ਵਿਰੋਧ ਸਾਹਮਣੇ ਸਰਕਾਰ ਗੋਡੇ ਭਾਰ ਆ ਗਈ ਅਤੇ ਬਿਲ ਵਾਪਸ ਲੈਣਾ ਪਿਆ ਸੀ। ਕੁਝ ਕੁ ਚੋਣਵੇਂ ਕਲਾਕਾਰਾਂ ਤੋਂ ਇਲਾਵਾ ਪੰਜਾਬ ਵਿਚ ਕਿਸੇ ਵੀ ਪਾਰਟੀ ਜਾਂ ਲੀਡਰ, ਲਿਖਾਰੀ ਵਲੋਂ ਇਸ ਦਾ ਵਿਰੋਧ ਨਜ਼ਰ ਨਹੀਂ ਆਇਆ। ਸੋਸ਼ਲ ਮੀਡੀਆ ਪੰਜਾਬੀ ਭਾਸ਼ਾ ਦਾ ਸਹਾਰਾ ਬਣਿਆ ਨਜ਼ਰ ਆਉਂਦਾ ਹੈ। ਭਾਸ਼ਾ ਵਿਭਾਗ, ਪੰਜਾਬ ਵਿਚ ਚਲ ਰਹੇ ਪੰਜਾਬੀ ਸਬੰਧੀ ਸੈਮੀਨਾਰ ਵਿਚ ਪੰਜਾਬੀ ਵਿਰੋਧੀ ਸੋਚ ਨੰਗੀ ਹੋਈ ਹੈ ਕਿ ਕਿਵੇਂ ਪੰਜਾਬੀ ਵਿਰੋਧੀਆਂ ਰਾਹੀਂ ਪੰਜਾਬੀ ਭਾਸ਼ਾ ਨੂੰ ਅਗਲੇ ਦੋ ਸਾਲਾਂ ਵਿਚ ਖਤਮ ਕਰਨ ਦੀ ਧਮਕੀ ਦਿੱਤੀ ਗਈ। ਇਸ ਦਾ ਲੇਖਕ ਤੇਜਵੰਤ ਸਿੰਘ ਮਾਨ ਨੇ ਭਾਰੀ ਵਿਰੋਧ ਕੀਤਾ।
ਇਸ ਦੇ ਉਲਟ ਲੋਕ ਗਾਇਕ ਗੁਰਦਾਸ ਮਾਨ ਨੇ ਪੰਜਾਬੀ ਵਿਰੋਧੀ ਅਤੇ ਹਿੰਦੀ ਪੱਖੀ ਬਿਆਨ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਰੀਆਂ ਭਾਸ਼ਾਵਾਂ ਵਿਚੋਂ ਸ਼ਬਦਾਂ ਦੇ ਸੁਮੇਲ ਦੀ ਇਕ ਭਾਸ਼ਾ ਹੋ ਜਾਵੇ ਤਾਂ ਕੋਈ ਹਰਜ ਨਹੀਂ। ਜਿਵੇਂ ਜਰਮਨੀ ਵਿਚ ਜਰਮਨ, ਫਰਾਂਸ ਵਿਚ ਫਰਾਂਸੀਸੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਗੁਰਦਾਸ ਮਾਨ ਦਾ ਵਿਰੋਧ ਯਕੀਨਨ ਹੋਣਾ ਸੀ। ਇਹ ਇਕ ਤਰ੍ਹਾਂ ਨਾਲ ਇਹ ਕਹਿਣਾ ਸੀ ਕਿ ਬਾਗ ਵਿਚੋਂ ਸਾਰੇ ਫੁੱਲ ਪੁੱਟ ਦਿੱਤੇ ਜਾਣ, ਸਿਰਫ ਇਕ ਤਰ੍ਹਾਂ ਦੇ ਫੁੱਲ ਨੂੰ ਹੀ ਰਖਿਆ ਜਾਵੇ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਖੇਤਰੀ ਭਾਸ਼ਾਵਾਂ ਦੇ ਹਿੰਦੀ ਭਾਸ਼ਾ ਤੋਂ ਵੀ ਪੁਰਾਣੇ ਇਤਿਹਾਸ ਹਨ।
ਹਰ ਭਾਸ਼ਾ ਦਾ ਆਪਣਾ ਆਧਾਰ ਹੈ। ਹਿੰਦੀ ਭਾਸ਼ਾ ਨੂੰ ਦੇਵਨਾਗਰੀ ਭਾਵ ਦੇਵਤਿਆਂ ਦੀ ਬੋਲੀ ਕਿਹਾ ਜਾਂਦਾ ਹੈ, ਜੋ ਭਾਰਤ ਦੇ ਕੇਂਦਰੀ ਰਾਜਾਂ ਵਿਚ ਹੀ ਬੋਲੀ ਜਾਂਦੀ ਹੈ, ਭਾਵ ਅੱਧੇ ਭਾਰਤ ਵਿਚ ਕੇਵਲ ਖੇਤਰੀ ਭਾਸ਼ਾਵਾਂ ਦਾ ਹੀ ਬੋਲਬਾਲਾ ਹੈ। ਹਿੰਦੀ ਨਾਲੋਂ ਹੋਰ ਭਾਸ਼ਾਈ ਖੇਤਰ ਵੱਧ ਹਨ। ਪੰਜਾਬੀ ਦੇ ਭੁਗੋਲਿਕ ਆਧਾਰ ਹਨ ਅਤੇ ਬਹੁਧਰਮੀ ਲੋਕਾਂ ਦੀ ਸਾਂਝੀ ਬੋਲੀ ਹੈ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁਖੀ ਵਿਚ ਦਰਜ ਹੈ। ਟੈਗੋਰ ਦੇ ਭਾਰਤੀ ਰਾਸ਼ਟਰੀ ਗੀਤ ਵਿਚ ਵੀ ਭਾਰਤੀ ਬੋਲੀਆਂ ਵਿਚੋਂ ਪੰਜਾਬੀ ਨੂੰ ਪਹਿਲੀ ਥਾਂ ‘ਪੰਜਾਬ ਸਿੰਧ ਗੁਜਰਾਤ ਮਰਾਠਾ’ ‘ਤੇ ਰੱਖਿਆ ਗਿਆ ਹੈ।
ਕਿਸੇ ਵੀ ਬੋਲੀ ਦਾ ਮਰਨਾ ਕੌਮ, ਰਾਸ਼ਟਰ, ਦੁਨੀਆਂ ਦੇ ਹਿੱਤ ਨਹੀਂ ਸਗੋਂ ਉਸ ਦੇ ਪਸਾਰ ਲਈ ਜਰੂਰੀ ਉਚਿੱਤ ਕਦਮ ਚੁੱਕਣੇ ਚਾਹੀਦੇ ਹਨ। ਅੰਗਰੇਜ਼ਾਂ ਨੇਂ ਵੀ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦਿੰਦਿਆਂ ਪੰਜਾਬੀ ਨੂੰ ਸਿੱਖਾਂ ਦੀ, ਉਰਦੂ ਨੂੰ ਮੁਸਲਮਾਨਾਂ ਦੀ ਅਤੇ ਹਿੰਦੀ ਨੂੰ ਹਿੰਦੂਆਂ ਦੀ ਭਾਸ਼ਾ ਕਹਿ ਕੇ ਵੰਡੀਆਂ ਪਾਈਆਂ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕੀਤੀ। ਅੱਜ ਵੀ ਇਹੋ ਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਗਾਇਕ, ਕਲਾਕਾਰ ਪੰਜਾਬੀ ਦੀ ਸੇਵਾ ਦੇ ਨਾਂ ਹੇਠ ਅਨੇਕਾਂ ਤਰ੍ਹਾਂ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ ਤੋਂ ਲੱਖਾਂ ਰੁਪਏ ਕਮਾ ਕੇ ਘਾਣ ਵੀ ਕਰਦੇ ਨਜ਼ਰ ਆਉਂਦੇ ਹਨ। ਬਹੁਤ ਘੱਟ ਕਲਾਕਾਰ, ਲਿਖਾਰੀ ਹਨ, ਜੋ ਅਸਲ ਵਿਚ ਪੰਜਾਬੀ ਹਿਤੈਸ਼ੀ ਹਨ, ਜੋ ਚੰਗਾ ਗਾਉਂਦੇ ਅਤੇ ਲਿਖਦਿਆਂ ਨਰੋਏ ਸਮਾਜ ਦੀ ਸਿਰਜਣਾ ਕਰਦੇ ਹਨ। ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਜਿਹੇ ਗਾਇਕ ਨੌਜਵਾਨੀ ਵਿਚ ਸੂਲਫੇ, ਸਿਗਰਟਾਂ, ਭੰਗੀ, ਅਫੀਮਚੀ, ਮਸਤੀ, ਫਕੀਰੀ ਮਗਰ ਲਾ ਕੇ ਆਪ ਪੈਸਿਆਂ ਦੇ ਬੋਰੇ ਭਰਦੇ ਰਹੇ ਹਨ, ਪਰ ਨੌਜਵਾਨੀ ਨਸ਼ਿਆਂ ਨਾਲ ਸੜਕਾਂ ‘ਤੇ ਲਿਟਦੀ ਨਜ਼ਰ ਆ ਰਹੀ ਹੈ। ਗੈਂਗਸਟਰ ਕਲਚਰ ਉਭਾਰ ਵਿਚ ਆਇਆ।
ਕੁਝ ਦਿਨ ਪਹਿਲਾਂ ਹੀ ਗਾਇਕ ਮੂਸੇ ਵਾਲਾ ਨੇ ਇਕ ਗੀਤ ਵਿਚ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਮਾਈ ਭਾਗੋ ਪ੍ਰਤੀ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਨੂੰ ਮੁਆਫੀ ਯੋਗ ਨਹੀਂ ਕਿਹਾ ਜਾ ਸਕਦਾ, ਕਿਉਂਕਿ ਮਾਰਕੀਟਿੰਗ ਲਈ ਧਾਰਮਿਕ ਜ਼ਜਬਾਤ ਨਾਲ ਖੇਡਿਆ ਜਾਂਦਾ ਹੈ। ਸਿੱਖ ਸੰਘਰਸ਼ ਦੌਰਾਨ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਸਾਥਣ ਨੇ ਪੰਜਾਬ ਦੇ ਪਰਿਵਾਰਕ ਰਿਸ਼ਤਿਆਂ ਨੂੰ ਗਲਤ ਰੰਗਤ ਦੇ ਕੇ ਮਾੜੇ ਕਲਚਰ ਨੂੰ ਉਤਸ਼ਾਹਿਤ ਕੀਤਾ, ਜਿਸ ਕਰਕੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।
ਗਾਇਕ ਨਛੱਤਰ ਗਿੱਲ ‘ਤੇ ਇਕ ਲੜਕੀ ਨੂੰ ਮਾਡਲ ਬਣਾ ਦੇਣ ਦੇ ਲਾਰੇ ਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਗਦੇ ਰਹੇ ਹਨ। ਐਲੀ ਮਾਂਗਟ, ਰੰਧਾਵਾ ਭਰਾ ਆਦਿ ਗਾਇਕਾਂ ਨੇ ਨੌਜਵਾਨਾਂ ਨੂੰ ਆਪਣੀ ਲੜਾਈ, ਹਮਾਇਤ ਲਈ ਇਕ ਦੂਜੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ, ਬਦਮਾਸ਼ੀ ਕਲਚਰ ਗਾਉਂਦੇ ਗਾਉਂਦੇ ਖੁਦ ਇਹੀ ਕੁਝ ਕਰਨ ਲੱਗੇ ਹਨ। ਮੈਰਿਜ ਪੈਲੇਸਾਂ ਵਿਚ ਮਾੜਾ, ਹਿੰਸਕ ਕਲਚਰ ਪੇਸ਼ ਕੀਤੇ ਜਾਣ ਕਰਕੇ ਆਏ ਦਿਨ ਬੰਦੂਕਾਂ ਨਾਲ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਜਿਥੇ ਪੰਜਾਬੀ ਗਾਇਕੀ ਆਪਣੇ ਫਰਜ਼ਾਂ ਤੋਂ ਅਸਵੇਲੀ ਹੋਈ ਹੈ, ਉਥੇ ਪੰਜਾਬੀ ਵਿਦਵਾਨਾਂ, ਲਿਖਾਰੀਆਂ, ਫਿਲਮੀ ਲੋਕਾਂ ਨੇ ਪੰਜਾਬੀ ਦੇ ਹੱਕ ਵਿਚ ਬਣਦਾ, ਹਾਅ ਦਾ ਨਾਹਰਾ ਨਹੀਂ ਮਾਰਿਆ। ਪੈਸੇ ਦੀ ਦੌੜ ਵਿਚ ਆਪਣੇ ਭਵਿੱਖ ਨੂੰ ਮੁੱਖ ਰੱਖਿਆ ਜਾ ਰਿਹਾ ਹੈ। ਸਰਕਾਰਾਂ ਦੀ ਬੇਰੁਖੀ ਨੇ ਜੁਬਾਨ ਦੇ ਲਾਜ਼ਮੀ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਨਾ ਕਰਨ ਦੀ ਕੋਈ ਸ਼ਜਾ ਮੁਕੱਰਰ ਨਹੀਂ ਕੀਤੀ। ਪੰਜਾਬੀ ਲੋਕ ਪਿਆਰ ਦੀ ਕਦਰ ਕਰਦੇ ਹਨ। ਅਣਖ, ਗੈਰਤ ਨਾਲ ਜਿਉਣਾ ਇਨ੍ਹਾਂ ਦਾ ਇਤਿਹਾਸ ਹੈ। ਪੰਜਾਬੀ ਭਾਸ਼ਾ ਨੇ ਪੰਜਾਬੀਆਂ ਵਿਚ ਆਪਣੀ ਹੋਂਦ ਨੂੰ ਕਦੇ ਮਰਨ ਨਹੀ ਦਿੱਤਾ। ਪੰਜਾਬੀ ਨੂੰ ਜਿਉਂਦੇ ਰੱਖਣ ਲਈ ਚੇਤੰਨ ਹੋਣਾ ਜਰੂਰੀ। ਅਵੇਸਲੇ ਹੋਏ ਤਾਂ ਇਸ ਤੋਂ ਬਿਨਾ ਅਸੀਂ ਆਪਣੇ ਇਤਿਹਾਸ ਤੋਂ ਕੱਟੇ ਜਾਵਾਂਗੇ।