ਜ਼ੀਰੇ ਦਾ ਫਲੇਵਰ: ਹਰਮਹਿੰਦਰ ਚਹਿਲ

ਸੁਰਿੰਦਰ ਸੋਹਲ
ਹਰਮਹਿੰਦਰ ਚਹਿਲ ਨੇ ਭੁੱਜਦਾ-ਭੁੱਜਦਾ ਜ਼ੀਰਾ ਤਲੀ ‘ਤੇ ਪਾਇਆ, ਏਦਾਂ ਮਲਿਆ ਜਿਵੇਂ ਜ਼ਰਦਾ ਖਾਣ ਵਾਲੇ ਜ਼ਰਦਾ ਮਲਦੇ ਨੇ। ਚੀਨੀ ਦੀ ਪਲੇਟ ਵਿਚ ਭੁੱਜੀਆਂ ਚਿਕਨ ਦੀਆਂ ਲੱਤਾਂ ‘ਤੇ ਜ਼ੀਰਾ ਧੂੜਦਾ ਬੋਲਿਆ, “ਲਓ! ਹੁਣ ਦੇਖਣਾ ਚਿਕਨ ਦਾ ਫਲੇਵਰ।”

ਜਿੰਨੀ ਰਫਤਾਰ ਨਾਲ ਉਸ ਨੇ ਭੁੱਜਦਾ-ਭੁੱਜਦਾ, ਗਰਮ-ਗਰਮ ਜ਼ੀਰਾ ਮਲਿਆ ਸੀ, ਇਹੀ ਰਫਤਾਰ ਉਸ ਦੇ ਪੜ੍ਹਨ-ਲਿਖਣ ਦੀ ਹੈ। “ਅੱਜ-ਕੱਲ੍ਹ ਕੀ ਚੱਲ ਰਿਹੈ?” ਫੋਨ ਕਰਾਂ ਤਾਂ ਹਰ ਵਾਰ ਮੇਰਾ ਪਹਿਲਾ ਸਵਾਲ ਇਹੀ ਹੁੰਦੈ।
“ਕੁਛ ਨ੍ਹੀਂ। ‘ਲਸਟ ਫਾਰ ਲਾਈਫ’ ਪੜ੍ਹ ਰਿਹਾਂ, ਇਰਵਿੰਗ ਸਟੋਨ ਦਾ।” ਉਹ ਆਖੇਗਾ। ਕੁਝ ਦਿਨਾਂ ਪਿਛੋਂ ਫੋਨ ਆਏਗਾ, “ਮੈਂ ਅੱਜ ਕੱਲ੍ਹ ਅਫਗਾਨਿਸਤਾਨ ਬਾਰੇ ਨਾਵਲ ਪੜ੍ਹ ਰਿਹਾਂ। ਏਨੀ ਬਾਰੀਕੀ ਨਾਲ ਲਿਖਿਆ ਮੈਂ ਪਹਿਲਾਂ ਕਦੇ ਨਹੀਂ ਪੜ੍ਹਿਆ। ਮਨਮੋਹਨ ਬਾਵਾ ਦਾ ‘ਕਾਲ ਕਥਾ’ ਪੜ੍ਹ ਕੇ ਤੁਹਾਨੂੰ ਮੇਲ ਕਰ ਦਿੱਤੈ।”
ਕੁਝ ਮਹੀਨਿਆਂ ਪਿਛੋਂ ਗੱਲ ਹੋਵੇਗੀ, ਆਖੂ, “ਸੋਹਲ ਸਾਹਿਬ ਨਾਵਲ ਲਿਖਣ ਦਾ ਵਿਚਾਰ ਬਣ ਰਿਹੈ। ਪਾਤਰਾਂ ਵਿਚ ਰੁਝਿਆ ਹੋਇਆਂ।”
ਫਿਰ ਉਸ ਦੀ ਕਾਲ ਆਏਗੀ, “ਉਹ ਬਈ ਨਾਵਲ ਮੈਂ ਲਿਖ ਲਿਐ। ਤੁਹਾਨੂੰ ਭੇਜ ਰਿਹਾਂ।” ਤੇ ਕੁਝ ਦਿਨਾਂ ਬਾਅਦ ‘ਸਟੈਪਲ’ ਸਟੋਰ ਤੋਂ ਤਿਆਰ ਕਰਵਾਈ ਹੋਈ ਕਿਤਾਬ ਮੇਲ-ਬਾਕਸ ਵਿਚ ਮੈਨੂੰ ਉਡੀਕ ਰਹੀ ਹੁੰਦੀ ਏ। ਜ਼ੀਰਾ ਮਲਣਾ ਤੇ ਸਾਹਿਤ ਲਿਖਣਾ ਉਸ ਲਈ ਕਿੰਨਾ ਸਹਿਜ ਹੈ!
ਪਹਿਲੀ ਵਾਰ 2007 ਵਿਚ ਮੈਂ ਹਰਮਹਿੰਦਰ ਚਹਿਲ ਦਾ ਨਾਂ ਡਾ. ਬਲਦੇਵ ਸਿੰਘ ਧਾਲੀਵਾਲ ਤੋਂ ਸੁਣਿਆ। ਧਾਲੀਵਾਲ ਹੋਰਾਂ ਉਸ ਦੇ ਕਹਾਣੀ-ਸੰਗ੍ਰਿਹ ‘ਅੰਨ੍ਹੀ ਗਲੀ ਦੇ ਬਾਸ਼ਿੰਦੇ’ ‘ਤੇ ਆਲੋਚਨਾਤਮਕ ਲੇਖ ਲਿਖਿਆ ਸੀ, ਪਰ ਚਹਿਲ ਨਾਲ ਮੁਲਾਕਾਤ ਨਹੀਂ ਸੀ ਹੋ ਸਕੀ। ਧਾਲੀਵਾਲ ਲੇਖ ਦੀ ਇਕ ਕਾਪੀ ਮੈਨੂੰ ਦੇ ਗਏ ਸਨ। ਕੁਝ ਮਹੀਨਿਆਂ ਪਿਛੋਂ ਬਲਦੇਵ ਸਿੰਘ ਗਰੇਵਾਲ ਦਾ ਫੋਨ ਆਇਆ, “ਤੂੰ ਹਰਮਹਿੰਦਰ ਚਹਿਲ ਨੂੰ ਜਾਣਦੈਂ?”
“ਨਾਂ ਸੁਣਿਆ-ਸੁਣਿਆ ਲੱਗਦੈ।”
“ਓਨੇ ਨਾਵਲ ਲਿਖਿਐ ‘ਬਲੀ’। ਬੜੀ ਤੜਵੰਜ ਉਡਾਈ ਐ,” ਗਰੇਵਾਲ ਆਪਣੇ ਮਖਸੂਸ ਅੰਦਾਜ਼ ਵਿਚ ਦੱਸ ਰਿਹਾ ਸੀ, “ਉਹ ਤਾਂ ਬਾਹਰਲੇ ਸਾਰੇ ਲੇਖਕਾਂ ਨੂੰ ਪਿੱਛੇ ਛੱਡ ਗਿਆ।”
ਸਿਆਲਾਂ ਦੇ ਦਿਨ ਸਨ। ਮੈਂ ਗਰੇਵਾਲ ਤੋਂ ਨਾਵਲ ਲੈ ਆਇਆ। ਸਨਿਚਰਵਾਰ ਦੀ ਛੁੱਟੀ ਸੀ। ਸਿਰਹਾਣਾ ਰੱਖ ਕੇ ਫਰਸ਼ ‘ਤੇ ਲੰਮਾ ਪੈ ਨਾਵਲ ਪੜ੍ਹਨ ਲੱਗਾ। ‘ਗੁਰਲਾਭ ਹੁਣ ਅੜਿੱਕੇ ਆਇਆ…ਗੁਰਲਾਭ ਹੁਣ ਅੜਿੱਕੇ ਆਇਆ’ ਕਰਦੇ-ਕਰਦੇ ਤੜਕਾ ਹੋ ਗਿਆ। ਠੰਢ ਦਾ ਮੈਨੂੰ ਪਤਾ ਹੀ ਨਾ ਲੱਗਾ। ਤੜਕਸਾਰ ਨਾਵਲ ਮੁੱਕਾ। ਜਦੋਂ ਉਠ ਕੇ ਮੰਜੇ ‘ਤੇ ਲੰਮਾ ਪੈਣ ਤੁਰਿਆ, ਧੌਣ ਨੂੰ ਅਕੜੇਵਾਂ ਮਹਿਸੂਸ ਹੋਇਆ। ਮੈਂ ਗੱਲ ਬਹੁਤੀ ਨਾ ਗੌਲੀ। ਦੁਪਹਿਰੋਂ ਬਾਅਦ ਜਾਗ ਆਈ। ਕੰਮ ‘ਤੇ ਜਾਣਾ ਸੀ। ਪੱਠੇ ਆਕੜੇ ਹੋਏ। ਧੌਣ ਹਿੱਲ ਨਹੀਂ ਸੀ ਰਹੀ। ਮੋਢੇ ਜਿਵੇਂ ਜਕੜੇ ਹੋਏ। ਮੈਨੂੰ ਕੰਮ ‘ਤੇ ਜਾਣ ਦੀ ਥਾਂ ਹਸਪਤਾਲ ਜਾਣਾ ਪਿਆ। ਦੂਸਰੇ ਦਿਨ ਸਵੇਰੇ ਹਸਪਤਾਲੋਂ ਛੁੱਟੀ ਮਿਲੀ।
ਹਸਪਤਾਲੋਂ ਆਉਂਦੇ ਹੀ ਮੈਂ ਨਾਵਲ ‘ਚੋਂ ਉਸ ਦਾ ਫੋਨ ਨੰਬਰ ਲਿਆ ਤੇ ਫੋਨ ਕੀਤਾ, “ਚਹਿਲ ਸਾਹਿਬ ਤੁਹਾਡੇ ‘ਬਲੀ’ ਨਾਵਲ ਨੇ ਮੇਰੀ ਬਲੀ ਜ਼ਰੂਰ ਲੈ ਲੈਣੀ ਸੀ।”
ਧਾਲੀਵਾਲ ਦੇ ਲੇਖ ਬਾਰੇ ਸੁਣ ਕੇ ਉਹ ਖੁਸ਼ ਹੋ ਗਿਆ। ਇਹ ਲੇਖ ਮੈਂ ਉਸ ਨੂੰ ਫੈਕਸ ਕਰ ਦਿੱਤਾ। ਤੇ ਫਿਰ ਸਾਡੀ ਅਜਿਹੀ ਸਾਂਝ ਬਣੀ ਕਿ ਫੋਨ ‘ਤੇ ਨਾਵਲ-ਕਹਾਣੀਆਂ ਬਾਰੇ ਲੰਮੀਆਂ-ਲੰਮੀਆਂ ਵਿਚਾਰਾਂ ਕਰਨ ਦਾ ਸਿਲਸਿਲਾ ਅੱਜ ਤੱਕ ਜਾਰੀ ਹੈ।
‘ਬਲੀ’ ਨਾਵਲ ਅਸੀਂ ਨਿਊ ਯਾਰਕ ਰਿਲੀਜ਼ ਕੀਤਾ ਸੀ। ਉਹ ਆਪਣੇ ਜਵਾਈ ਨਾਲ ਆਇਆ ਸੀ। ਪ੍ਰੋਗਰਾਮ ਬਹੁਤ ਸਫਲ ਰਿਹਾ। ਰਾਤੀਂ ਏਨੀ ਹਨੇਰੀ ਵਗੀ ਕਿ ਬਿਜਲੀ ਚਲੇ ਗਈ। ਸਾਡੇ ਸੁੱਤਿਆਂ ਹੀ ਦੋਵੇਂ ਠੰਢੇ ਪਾਣੀ ਨਾਲ ਨਹਾ ਕੇ ਕੰਬਲਾਂ ਵਿਚ ਵੜੇ ਰਹੇ। ਪ੍ਰੋਗਰਾਮ ਦੀ ਸਫਲਤਾ ਦੇ ਨਿੱਘ ਨੇ ਜਿਵੇਂ ਠੰਢ ਨੇੜੇ ਵੀ ਨਹੀਂ ਸੀ ਢੁੱਕਣ ਦਿੱਤੀ।
ਦੁਪਹਿਰੇ ਉਨ੍ਹਾਂ ਨੂੰ ਏਅਰਪੋਰਟ ‘ਤੇ ਛੱਡ ਕੇ ਮੈਂ ਆਪ ਕੰਮ ‘ਤੇ ਚਲਾ ਗਿਆ। ਅੱਧੀ ਰਾਤ ਤੱਕ ਉਨ੍ਹਾਂ ਦਾ ਫੋਨ ਉਡੀਕਦਾ ਰਿਹਾ। ਬੜੇ ਲਾ-ਪਰਵਾਹ ਨਿਕਲੇ। ਘਰ ਪਹੁੰਚਣ ਦੀ ਸੂਚਨਾ ਹੀ ਨਹੀਂ ਸੀ ਦਿੱਤੀ। ਦੂਜੇ ਦਿਨ ਫੋਨ ਆਇਆ, “ਸੋਹਲ ਸਾਹਿਬ ਮਹਿਮਾਨ-ਨਿਵਾਜ਼ੀ ਵਾਸਤੇ ਸ਼ੁਕਰੀਆ। ਪ੍ਰੋਗਰਾਮ ਵੀ ਬਹੁਤ ਵਧੀਆ ਕਰਵਾਇਆ ਤੁਸੀਂ। ਸਾਡੇ ਨਾਲ ਤਾਂ ਯਾਰ ਬੜੀ ਮਾੜੀ ਹੋਈ। ਸਾਡੀ ਫਲਾਈਟ ਈ ਕੈਂਸਲ ਹੋ ਗਈ। ਮੁੜ ਕੇ ਰਾਤ ਗਿਆਰਾਂ ਵਜੇ ਵਾਲੀ ਫਲਾਈਟ ਲੱਭੀ।”
ਮੈਂ ਕਿਹਾ, “ਤੁਸੀਂ ਫੋਨ ਕਰ ਦਿੰਦੇ ਮੈਂ ਵਾਪਸ ਘਰ ਲੈ ਆਉਂਦਾ।”
“ਮੈਂ ਕਿਹਾ ਕਾਹਨੂੰ ਤਕਲੀਫ ਦੇਣੀ ਐ,” ਚਹਿਲ ਨੇ ਕਿਹਾ ਪਰ ਮੈਨੂੰ ਸੁਣਿਆ, “ਯਾਰ ਹੁਣ ਪਾਣੀ ਦੀ ਹੋਰ ਠੰਢ ਨਹੀਂ ਝੱਲੀ ਜਾਣੀ।” ਜਿੰਨੀ ਕਾਹਲੀ ਨਾਲ ਉਹ ਲਿਖਦਾ ਹੈ, ਉਸ ਦੇ ਸੁਭਾਅ ਵਿਚ ਓਨਾ ਹੀ ਸਹਿਜ ਹੈ, ਪਰ ਕਦੇ-ਕਦੇ ਉਸ ਅੰਦਰਲਾ ਟਿਕਾਓ ਇੰਜ ਕੰਬਦਾ ਹੈ, ਜਿਵੇਂ ਪਾਣੀ ‘ਚ ਕਮਲ ਫੁੱਲ ਦਾ ਅਕਸ।
ਨਿਊ ਯਾਰਕ ਟੀ. ਵੀ. ‘ਤੇ ਮੇਰਾ ਪ੍ਰੋਗਰਾਮ ਹੁੰਦਾ ਸੀ ‘ਸੁਖਨ ਜਿਨ੍ਹਾਂ ਦੇ ਪੱਲੇ’। ਰਿਕਾਰਡਿੰਗ ਲਈ ਉਹ ਵਰਜੀਨੀਆ ਤੋਂ ਛੋਟੇ ਭਰਾ ਹਰਤੇਜ ਨਾਲ ਆਇਆ ਫੋਰਡ ਮਸਤਾਂਗ ਗੱਡੀ ‘ਤੇ। ਰਿਕਾਰਡਿੰਗ ਵਧੀਆ ਹੋਈ। ਉਸ ਨੇ ਲਿਖਣ ਦੇ ਸ਼ੌਕ ਦਾ ਪਿਛੋਕੜ ਦੱਸਿਆ, “ਸਾਡੇ ਪਿੰਡ ਇਕ ਪੁਰਾਣੀ ਹਵੇਲੀ ਹੁੰਦੀ ਸੀ। ਉਜਾੜ ਜਿਹੀ। ਮੈਂ ਉਹਦੇ ਵੱਲ ਦੇਖ-ਦੇਖ ਕੇ ਸੋਚਦਾ, ਬਈ ਇਸ ਹਵੇਲੀ ਦੀ ਕੀ ਕਹਾਣੀ ਹੋਊ? ਮੈਂ ਕਲਪਨਾ ਕਰਨ ਲੱਗ ਪੈਂਦਾ। ਸ਼ਾਇਦ ਉਹੀ ਕਲਪਨਾ ਵੱਡੇ ਹੋ ਕੇ ਮੇਰੇ ਲਿਖਣ ਦਾ ਕਾਰਨ ਬਣੀ।”
ਰਿਕਾਰਡਿੰਗ ਪਿਛੋਂ ਬਲਦੇਵ ਸਿੰਘ ਗਰੇਵਾਲ ਨੇ ਤਿੰਨ-ਚਾਰ ਬੰਦਿਆਂ ਨਾਲ ਮਿਲ ਬੈਠਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਜਦੋਂ ਗੱਲਾਂ ਦੇ ਨਾਲ-ਨਾਲ ਸੋਮਰਸ ਦਾ ਦੌਰ ਸ਼ੁਰੂ ਹੋਇਆ ਤਾਂ ਸਾਂਵਲੀ ਜਿਲਦ ਵਾਲੀ ਕਿਤਾਬ ਵਾਂਗ ਬੁੱਲ੍ਹ ਭੀਚ ਕੇ ਅੱਖਾਂ ‘ਚ ਬੇਚੈਨੀ ਦੀ ਮੱਧਮ ਜਿਹੀ ਲੋਅ ਭਰ ਕੇ ਉਸ ਨੇ ਗਹਿਰਾ-ਗਹਿਰਾ ਮੇਰੇ ਵੱਲ ਦੇਖਿਆ। ਉਨ੍ਹਾਂ ਦਾ ਸਫਰ ਸੱਤ ਘੰਟੇ ਦਾ ਬਾਕੀ ਸੀ।
ਹਰਤੇਜ ਹੁਣ ਕਾਰ ਚਲਾਉਣ ਜੋਗਾ ਨਹੀਂ ਸੀ ਰਿਹਾ। ਚਹਿਲ ਨੇ ਕਾਰ ਸਟਾਰਟ ਕਰਨ ਲਈ ਰਿਮੋਟ ਦਾ ਬਟਨ ਦੱਬਿਆ। ਕਾਰ ‘ਚ ਕਮਲ ਫੁੱਲ ਦੇ ਕੰਬਦੇ ਅਕਸ ਜਿੰਨੀ ਵੀ ਜੁੰਬਿਸ਼ ਨਹੀਂ ਸੀ। ਚਹਿਲ ਦੀਆਂ ਅੱਖਾਂ ਵਿਚ ਨਿਰਾਸ਼ਾ ਦਾ ਬੱਦਲ ਤੈਰਨ ਲੱਗਾ। ਰਿਕਾਰਡਿੰਗ ਦੀ ਖੁਸ਼ੀ ਇੰਜ ਬੁਝ ਗਈ, ਜਿਵੇਂ ਕਿਤਾਬ ਰਿਲੀਜ਼ ਵੇਲੇ ਹਨੇਰੀ ਨਾਲ ਬਿਜਲੀ ਚਲੀ ਗਈ ਸੀ। ਸ਼ਾਇਦ ਉਹ ਫਲਾਈਟ ਕੈਂਸਲ ਹੋਣ ਦੀ ਖੱਜਲ-ਖੁਆਰੀ ਭੁੱਲੇ ਨਹੀਂ ਸਨ। ਇਸੇ ਕਰਕੇ ਕਾਰ ਵਿਚ ਆਏ ਸਨ। ਕਾਰ ਟੋਅ ਕਰਵਾ ਕੇ ਲਾਗਲੇ ‘ਫੋਰਡ ਡੀਲਰ’ ਕੋਲ ਲੈ ਗਏ। ਕਾਰ ਬਣਨ ਨੂੰ ਕੁਝ ਦਿਨ ਲੱਗਣੇ ਸਨ। ਹਰਤੇਜ ਤੇ ਹਰਮਹਿੰਦਰ ਚਹਿਲ ਨੂੰ ਟਰੇਨ ਵਿਚ ਵਾਪਸ ਵਰਜੀਨੀਆ ਜਾਣਾ ਪਿਆ। ਖੱਜਲ-ਖੁਆਰੀ ਵੀ ਸ਼ਾਇਦ ਭੁੱਲ ਜਾਂਦੀ, ਪਰ ਉਸ ਦਾ ਨਿਊ ਯਾਰਕ ਦਾ ਇਹ ਗੇੜਾ ਵੀ ਖੁਸ਼ਗਵਾਰ ਨਾ ਰਿਹਾ। ਅਸੀਂ ਉਡੀਕ-ਉਡੀਕ ਥੱਕ ਗਏ। ਚਹਿਲ ਤੋਂ ਪਹਿਲਾਂ ਰਿਕਾਰਡ ਕੀਤੇ ਪ੍ਰੋਗਰਾਮ ਚੱਲ ਗਏ। ਉਸ ਪਿਛੋਂ ਰਿਕਾਰਡ ਕੀਤੇ ਪ੍ਰੋਗਰਾਮ ਟੀ. ਵੀ. ਦੀਆਂ ਸਕਰੀਨਾਂ ‘ਤੇ ਲਿਸ਼ਕ ਪਏ, ਪਰ ਚਹਿਲ ਦੀ ਰਿਕਾਰਡਿੰਗ ਦੇ ਬੁੱਲ੍ਹ ਸਾਂਵਲੀ ਜਿਲਦ ਵਾਲੀ ਕਿਤਾਬ ਵਾਂਗ ਭੀਚੇ ਦੇ ਭੀਚੇ ਹੀ ਰਹਿ ਗਏ।
ਚਹਿਲ ਨਾਲ ਕੀਤੀ ਰਿਕਾਰਡਿੰਗ ਵਾਲੀ ਟੇਪ ਟੀ. ਵੀ. ਵਾਲਿਆਂ ਨੇ ਗੁਆ ਦਿੱਤੀ ਸੀ। ਜਦੋਂ ਮੈਂ ਉਸ ਨੂੰ ਦੱਸਿਆ ਤਾਂ ਜਵਾਬ ਸੀ, “ਕੋਈ ਗੱਲ ਨਈਂ ਸੋਹਲ ਸਾਹਿਬ, ਕਦੇ ਫਿਰ ਸਹੀ।”

‘ਹੋਣੀ’ ਨਾਵਲ ਦਾ ਖਰੜਾ ਪੜ੍ਹਦੀ ਮੇਰੀ ਪਤਨੀ ਨੇ ਕਿਹਾ, “ਪੜ੍ਹਿਆ ਨਾਵਲ? ਕੁਝ ਪਾਤਰ ਵੈਲੀ ਸਟਰੀਮ ਵੀ ਰਹਿੰਦੇ ਐ। ਭਾਜੀ ਨੇ ਆਪਣਾ ਜ਼ਿਕਰ ਕੀਤਾ ਲੱਗਦੈ।”
‘ਭੰਵਰ’ ਨਾਵਲ ਦਾ ਪਹਿਲਾ ਨਾਂ ‘ਭੰਵਰ ਜਾਲ’ ਸੀ। ਮੈਂ ਸਲਾਹ ਦਿੱਤੀ ਕਿ ਨਾਂ ਜਾਂ ‘ਭੰਵਰ’ ਹੋਵੇ ਜਾਂ ‘ਜਾਲ’। ਨਾਵਲ ਦਾ ਖਰੜਾ ਮੈਥੋਂ ਪਹਿਲਾਂ ਮੇਰੀ ਪਤਨੀ ਨੇ ਪੜ੍ਹਿਆ। ਉਸ ਨੂੰ ਬਸੰਤ ਕੌਰ ਦੇ ਪਾਤਰ ਨੇ ਭੰਵਰ ਵਾਂਗ ਘੁੰਮਾ ਦਿੱਤਾ ਸੀ। ਉਹ ਆਪਣੇ ਆਲੇ-ਦੁਆਲੇ ਦੀਆਂ ਕਈ ਔਰਤਾਂ ਦਾ ਜ਼ਿਕਰ ਕਰਦੀ, ਜੋ ਬਸੰਤ ਕੌਰ ਦਾ ਹੀ ਰੂਪ ਜਾਪਣ ਲੱਗ ਪਈਆਂ ਸਨ।
ਹਰਮਹਿੰਦਰ ਚਹਿਲ ‘ਐਂਟੀ-ਹੀਰੋ’ ਸਿਰਜਣ ਦਾ ਮਾਸਟਰ ਹੈ। ‘ਬਲੀ’ ਤੇ ‘ਹੋਣੀ’ ਦਾ ਗੁਰਲਾਭ ਅਤੇ ‘ਭੰਵਰ’ ਦੀ ਬਸੰਤ ਕੌਰ ਇੱਕੋ ਰੂਪ ਹੀ ਨੇ। ਬਸੰਤ ਕੌਰ ਆਲੇ-ਦੁਆਲੇ ਨੂੰ ਐਸਾ ਘੁੰਮਣ-ਘੇਰੀਆਂ ਵਿਚ ਪਾਉਂਦੀ ਹੈ ਕਿ ਪੜ੍ਹਨ ਵਾਲਾ ਵੀ ਚਕਰਾ ਜਾਂਦਾ ਹੈ। ਏਹਦਾ ਵਿਆਹ ਓਹਦੇ ਨਾਲ ਕਰਵਾ ਕੇ, ਕੋਈ ਹੋਰ ਪੁੱਠਾ-ਸਿੱਧਾ ਚੱਕਰ ਚਲਾ ਕੇ ਆਪਣੇ ਕੋੜਮੇ ਨੂੰ ਅਮਰੀਕਾ ਵਾੜੀ ਜਾਂਦੀ ਹੈ।
ਨਾਵਲ ਛਪ ਗਿਆ। ਇਕ ਦਿਨ ਚਹਿਲ ਦਾ ਫੋਨ ਆਇਆ। ਉਸ ਦੱਸਿਆ ਕਿ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੂੰ ਵੀਜ਼ਾ ਨਹੀਂ ਸੀ ਮਿਲ ਰਿਹਾ। ਭਾਵੇਂ ਕਿ ਪੱਕੇ ਪੇਪਰਾਂ ‘ਤੇ ਉਸ ਨੇ ਆਉਣਾ ਸੀ। ਕੇਸ ਇਨਕੁਆਰੀ ਦੇ ਭੰਵਰ ਵਿਚ ਫਸ ਗਿਆ ਸੀ।
ਮੈਂ ਇਹ ਗੱਲ ਆਪਣੀ ਘਰ ਵਾਲੀ ਨੂੰ ਦੱਸੀ ਤਾਂ ਉਹ ਹੱਸ ਕੇ ਕਹਿਣ ਲੱਗੀ, “ਭਾਜੀ ਨੂੰ ਮੇਰੇ ਵਲੋਂ ਸੁਨੇਹਾ ਦੇਣਾ, ‘ਬਸੰਤ ਕੌਰ’ ਦੀ ਮਦਦ ਲੈਣ।”
ਚਹਿਲ ਦਾ ਨਾਵਲ ‘ਆਫੀਆ ਸਦੀਕੀ ਦਾ ਜੇਹਾਦ’ ਦੁਨੀਆਂ ਦੇ ਚਿਤਰ-ਪਟ ‘ਤੇ ਫੈਲ ਰਹੀ ਦਹਿਸ਼ਤਗਰਦੀ ਦੀਆਂ ਜੜ੍ਹਾਂ ਨੰਗੀਆਂ ਕਰਦਾ ਹੈ। ਇਕ ਪ੍ਰਕਾਸ਼ਕ ਨੇ ਨਾਵਲ ਇਹ ਕਹਿ ਕੇ ਛਾਪਣੋਂ ਨਾਂਹ ਕਰ ਦਿੱਤੀ ਸੀ ਕਿ ਇਹ ਨਾਵਲ ਇਕ ‘ਅਤਿਵਾਦਣ’ ਨੂੰ ਨਾਇਕਾ ਦੇ ਤੌਰ ‘ਤੇ ‘ਪਰਮੋਟ’ ਕਰਦਾ ਹੈ।
ਚਹਿਲ ਨੂੰ ਨਾ ਲਿਖਣ ਦੀ ਘੌਲ ਹੈ, ਨਾ ਪੜ੍ਹਨ ਦੀ। ਨਾ ਕਿਤਾਬ ਮੇਲ ਕਰਨ ਦੀ। ਮੈਨੂੰ ਕੋਈ ਕਿਤਾਬ ਫੌਰੀ ਚਾਹੀਦੀ ਹੋਵੇ ਤਾਂ ਚਹਿਲ ਮੇਰੇ ਦਿਮਾਗ ਵਿਚ ਇੰਜ ਵਸਿਆ ਹੋਇਆ ਹੈ, ਜਿਵੇਂ ਅੱਜ ਦੇ ਬੱਚਿਆਂ ਦੇ ਜ਼ਿਹਨ ‘ਚ ‘ਗੂਗਲ’। ਜੇ ਉਸ ਕੋਲ ਕਿਤਾਬ ਨਾ ਹੋਵੇ ਤਾਂ ਉਹ ਆਪਣੀ ਦਿੱਭ-ਦ੍ਰਿਸ਼ਟੀ ਜਾਦੂ ਦੀ ਛੜੀ ਵਾਂਗ ਘੁੰਮਾਏਗਾ। ਕਿਤਾਬ ਦੀ ਪੀ. ਡੀ. ਐਫ਼ ਈਮੇਲ ‘ਤੇ ਹੱਸਦੀ-ਹੱਸਦੀ ਪ੍ਰਗਟ ਹੋ ਕੇ ਕਹੇਗੀ, ‘ਲੈ ਮੈਂ ਪਹੁੰਚ ਗਈ ਆਂ।’
ਪਹਿਲਾਂ-ਪਹਿਲਾਂ ਉਹ ਪੈੱਨ ਨਾਲ ਵਰਕਿਆਂ ‘ਤੇ ਲਿਖਦਾ ਸੀ। ਮੈਂ ਸੁਝਾਅ ਦਿੱਤਾ, “ਤੁਸੀਂ ਸਨਾਪਸਿਜ਼ ਕਾਗਜ਼ ‘ਤੇ ਬਣਾ ਲਿਆ ਕਰੋ, ਮਗਰੋਂ ਰਚਨਾ ਸਿੱਧੀ ਕੰਪਿਊਟਰ ‘ਤੇ ਟਾਈਪ ਕਰਿਆ ਕਰੋ, ਐਡਿਟ ਕਰਨ ਦੀ ਵੀ ਮੌਜ ਰਹਿੰਦੀ ਐ।”
ਉਦੋਂ ਉਹਨੂੰ ਅੰਗੇਰਜ਼ੀ-ਪੰਜਾਬੀ ਕੁਝ ਵੀ ਟਾਈਪ ਕਰਨਾ ਨਹੀਂ ਸੀ ਆਉਂਦਾ। ਤੇ ਕੁਝ ਦਿਨਾਂ ਬਾਅਦ ਉਸ ਨੇ ‘ਅਨਮੋਲ’ ਫੌਂਟ ਵਿਚ ਕਹਾਣੀ ਟਾਈਪ ਕਰ ਕੇ ਮੈਨੂੰ ਭੇਜ ਦਿੱਤੀ। ਮੈਂ ਕਿਹਾ, “ਜੇ ਕਿਤੇ ਤੁਸੀਂ ‘ਸਤਲੁਜ’ ਫੌਂਟ ਵਰਤਣ ਲੱਗ ਪਵੋ ਤਾਂ ਸਪੀਡ ਕਈ ਗੁਣਾ ਵਧ ਸਕਦੀ ਆ।” ‘ਅਨਮੋਲ’ ਤੇ ‘ਸਤਲੁਜ’ ਵਿਚ ਸਿਰਫ ‘ਕ’ ਅੱਖਰ ਦੀ ਹੀ ਸਾਂਝ ਹੈ, ਬਾਕੀ ਦਾ ਕੀ-ਬੋਰਡ ਅਸਲੋਂ ਹੀ ਵੱਖਰਾ ਹੈ। ਚਹਿਲ ਨੇ ‘ਇੰਡੀਕਾ’ ਵਾਲਿਆਂ ਤੋਂ ਪੰਜ ਹਜ਼ਾਰ ਰੁਪਏ ਦੇ ਫੌਂਟ ਖਰੀਦੇ ਤੇ ਕੁਝ ਦਿਨਾਂ ਬਾਅਦ ਕਹਾਣੀ ‘ਸਤਲੁਜ’ ਫੌਂਟ ‘ਚ ਟਾਈਪ ਕਰ ਕੇ ਭੇਜ ਦਿੱਤੀ।
ਇਕ ਦਿਨ ਗੱਲੀਂ-ਗੱਲੀਂ ਮੈਂ ਕਹਿ ਦਿੱਤਾ, “ਜੇ ਤੁਸੀਂ ਮਾਈਕਰੋ ਸੌਫਟ ਵਰਡ ਦੀ ਥਾਂ ‘ਪੇਜ-ਮੇਕਰ’ ‘ਚ ਕੰਮ ਕਰੋ ਤਾਂ ਆਪ ਕਿਤਾਬ ਤਿਆਰ ਕਰ ਕੇ ਸਿੱਧੀ ਪ੍ਰਕਾਸ਼ਕ ਨੂੰ ਭੇਜ ਸਕਦੇ ਓ।” ਤੇ ਉਸ ਨੇ ਅਗਲੀ ਕਿਤਾਬ ਮੈਨੂੰ ‘ਪੇਜ-ਮੇਕਰ’ ਵਿਚ ਭੇਜ ਦਿੱਤੀ।
ਇਕ ਦਿਨ ਉਹ ਜਾਵੇਦ ਬੂਟੇ ਕੋਲ ਗਿਆ। ਉਸ ਨੂੰ ਕਿਹਾ, “ਮੇਰਾ ਨਾਂ ਸ਼ਾਹਮੁਖੀ ਵਿਚ ਲਿਖ ਕੇ ਦੇਹ।”
ਜਾਵੇਦ ਨੇ ਲਿਖ ਦਿੱਤਾ। ਘਰ ਆ ਕੇ ਚਹਿਲ ਨੇ ਸੋਚਿਆ, ‘ਕਿਉਂ ਨਾ ਉਰਦੂ ਰਸਮੁਲ ਖਤ ਮੈਂ ਆਪ ਹੀ ਸਿੱਖ ਲਵਾਂ।’ ‘ਗੂਗਲ’ ‘ਤੇ ਸਰਚ ਮਾਰੀ। ਸਾਈਟ ਲੱਭ ਲਈ ‘ਲਰਨ ਉਰਦੂ ਥਰੂ ਹਿੰਦੀ’। ਇਕ-ਇਕ ਘੰਟੇ ਦੇ ਕੋਈ ਸੌ ਸਬਕ ਸਨ। ਤਿੰਨ ਕੁ ਮਹੀਨਿਆਂ ਬਾਅਦ ਉਸ ਨੇ ‘ਅਪਨਾ’ ਵਾਲਿਆਂ ਦੀ ਸਾਈਟ ‘ਤੇ ਪਏ ਆਪਣੇ ਹੀ ਨਾਵਲ ‘ਬਲੀ’ ਦਾ ਸ਼ਾਹਮੁਖੀ ਵਰਸ਼ਨ ਪੜ੍ਹ ਕੇ ਅਭਿਆਸ ਕਰ ਲਿਆ। ਉਸ ਦੇ ਉਰਦੂ ਪੜ੍ਹ ਲੈਣ ਦਾ ਮੈਨੂੰ ਤਾਂ ਉਦੋਂ ਹੀ ਪਤਾ ਲੱਗਾ, ਜਦੋਂ ਉਸ ਦਾ ਕੀਤਾ ਅਫਜ਼ਲ ਅਹਿਸਨ ਰੰਧਾਵਾ ਦੀ ਕਹਾਣੀ ‘ਬੇੜੀਆਂ’ ਦਾ ਗੁਰਮੁਖੀ ਲਿਪੀਅੰਤਰ ‘ਪੰਜਾਬ ਟਾਈਮਜ਼’ ਵਿਚ ਦੇਖਿਆ।
ਨਾਮੀ ਲਿਖਾਰੀ ਰਾਮ ਸਰੂਪ ਅਣਖੀ ਚਹਿਲ ਨੂੰ ‘ਮਾਮੇ ਦਾ ਪੁੱਤ’ ਕਹਿੰਦਾ ਹੁੰਦਾ ਸੀ। ਅਣਖੀ ਦਾ ਨਾਨਕਾ ਪਿੰਡ ਮੱਲ ਸਿੰਘ ਵਾਲਾ ਚਹਿਲ ਦੇ ਪਿੰਡ ਆਲਮਪੁਰ ਮੰਦਰਾਂ ਦੇ ਗਵਾਂਢ ‘ਚ ਹੈ। ਜਦੋਂ ਅਣਖੀ ਦੀ ਮੌਤ ਹੋਈ ਤਾਂ ਚਹਿਲ ਨੇ ਮੈਨੂੰ ਦੱਸਿਆ, “ਅਣਖੀ ਮੇਰੀਆਂ ਕਹਾਣੀਆਂ ਪੜ੍ਹ ਕੇ ਕਹਿੰਦਾ ਹੁੰਦਾ ਸੀ, ‘ਤੇਰੀਆਂ ਕਹਾਣੀਆਂ ‘ਚ ਪੇਸ਼ ਆਲਾ-ਦੁਆਲਾ ਦੇਖ ਮੈਨੂੰ ਨਾਨਕਾ ਪਿੰਡ ਯਾਦ ਆ ਜਾਂਦੈ।’ ਇਕ ਵਾਰੀ ਮੈਂ ਅਣਖੀ ਨੂੰ ਪੁੱਛਿਆ ਬਈ ਤੁਸੀਂ ਇਕ ਥਾਂ ਲਿਖਿਆ ਕਿ ਨਾਵਲ ‘ਕੋਠੇ ਖੜਕ ਸਿੰਘ’ ਲਿਖਣ ਤੋਂ ਪਹਿਲਾਂ ਤੁਸੀਂ ਆਪਣੇ ਲਾਗਲੇ ਪਿੰਡ ਬਹੁਤ ਘੁੰਮੇ ਤੇ ਫਿਰ ਇਕ ਖਾਲੀ ਥਾਂ ਦੇਖ ਕੇ ਕਾਲਪਨਿਕ ਪਿੰਡ ‘ਕੋਠੇ ਖੜਕ ਸਿੰਘ’ ਵਸਾਇਆ। ਇਹ ਕਿਵੇਂ ਹੋਇਆ? ਤਾਂ ਅਣਖੀ ਹੱਸ ਪਿਆ, ‘ਮਾਮੇ ਦਿਆ ਪੁੱਤਾ, ਤੂੰ ਵੀ ਲਿਖਾਰੀ ਐਂ ਤੇ ਮੈਂ ਵੀ ਲਿਖਾਰੀ। ਪਿੰਡ ਤਾਂ ਲਿਖਾਰੀ ਦੇ ਅੰਦਰ ਵਸਦਾ ਹੁੰਦੈ। ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ।’ ਕੁਝ ਦਿਨ ਪਹਿਲਾਂ ਮੈਂ ਇੰਡੀਆ ਗਿਆ ਸੀ। ਅਣਖੀ ਨੂੰ ਮਿਲਿਆ ਤਾਂ ਕਹਿਣ ਲੱਗਾ, ‘ਨਾਨਕੀਂ ਗਏ ਨੂੰ ਮੈਨੂੰ ਬਹੁਤ ਵਰ੍ਹੇ ਹੋ ਗਏ ਐ। ਅਗਲੀ ਵਾਰ ਤੂੰ ਆਵੀਂ। ਪਹਿਲਾਂ ਨਾਨਕਿਆਂ ਦਾ ਪਿੰਡ ਘੁੰਮਾਂਗੇ ਫਿਰ ਖੇਤ ਚੱਲ ਕੇ ਪੀਵਾਂਗੇ ਦਾਰੂ ਤੇ ਪਾਵਾਂਗੇ ਬੋਲੀਆਂ।’ ਏਦਾਂ ਦਾ ਜਿੰਦਾ ਦਿਲ ਬੰਦਾ ਸੀ ਅਣਖੀ।”
ਚਹਿਲ ਬਹੁਤ ਉਦਾਸ ਹੋ ਗਿਆ ਸੀ। ਜਿਵੇਂ ਅਣਖੀ ਦੀ ਖਾਹਿਸ਼ ਪੂਰੀ ਨਾ ਹੋਣ ਦਾ ਉਸ ਨੂੰ ਅੰਦਰੋਂ ਦੁੱਖ ਹੋਵੇ।
ਮੈਂ ਕਿਹਾ, “ਗੱਲਾਂ ਬੜੀਆਂ ਦਿਲਚਸਪ ਐ। ਤੁਸੀਂ ਸ਼ਰਧਾਂਜਲੀ ਹਿੱਤ ਕੋਈ ਲੇਖ ਹੀ ਕਿਉਂ ਨਹੀਂ ਲਿਖਦੇ?” ਤੇ ਅਗਲੇ ਦਿਨ ਉਸ ਦਾ ਲਿਖਿਆ ਲੇਖ ਪਹੁੰਚ ਗਿਆ। ਏਨੀ ਜ਼ਰਖੇਜ਼ ਹੈ ਉਸ ਦੀ ਪ੍ਰਤਿਭਾ ਦੀ ਜ਼ਮੀਨ।
ਉਸ ਦੀ ਮੁਹੱਬਤ ਵਿਚ ਖੋਟ ਨਹੀਂ। ਜੋ ਗੱਲ ਕਹਿਣੀ ਹੋਵੇ ਮੂੰਹ ‘ਤੇ ਝੱਟ ਕਹਿ ਦਿੰਦਾ ਹੈ। ਅਸੀਂ ‘ਦਿਸਹੱਦਿਆਂ ਦੇ ਆਰ-ਪਾਰ’ ਕਹਾਣੀ-ਸੰਗ੍ਰਿਹ ਦਾ ਸੰਪਾਦਨ ਕਰ ਰਹੇ ਸਾਂ। ਕੁਝ ਕਾਰਨਾਂ ਵੱਸ ਚਹਿਲ ਦੀ ਕਹਾਣੀ ਸ਼ਾਮਿਲ ਹੋਣੋਂ ਰਹਿ ਗਈ। ਉਸ ਨੇ ਝੱਟ ਈਮੇਲ ਕਰ ਦਿੱਤੀ, “ਮੇਰੀ ਕਹਾਣੀ ਤੁਸੀਂ ਛਾਪੀ ਨਹੀਂ। ਮੈਨੂੰ ਚੰਗਾ ਨਹੀਂ ਲੱਗਾ।”
ਪਰ ਉਹ ਅੜੀ ਖੋਰਾ ਵੀ ਨਹੀਂ। ਅਗਲੇ ਪ੍ਰਾਜੈਕਟ ਬਾਰੇ ਮੈਂ ਪੁੱਛਿਆ, “ਚਹਿਲ ਸਾਹਿਬ ਇਕ ਕਹਾਣੀ-ਸੰਗ੍ਰਿਹ ਦਾ ਸੰਪਾਦਨ ਕਰ ਰਹੇ ਆਂ। ਤੁਸੀਂ ਸਾਡੇ ਨਾਲ ‘ਸੰਪਾਦਕ’ ਬਣ ਜਾਵੋ।” ਉਸ ਨੇ ‘ਹਾਂ’ ਕਰ ਦਿੱਤੀ। ਉਹ ਰੋਸੇ, ਸ਼ਿਕਵੇ ਅਤੇ ਰੰਜਿਸ਼ਾਂ ਦੀ ਧੂੜ ਆਪਣੀ ਆਤਮਾ ‘ਤੇ ਪੈਣ ਨਹੀਂ ਦਿੰਦਾ। ਪੈ ਜਾਵੇ ਤਾਂ ਝੱਟ ਝਾੜ ਦਿੰਦਾ ਹੈ।
ਇਕ ਦਿਨ ਕਹਿਣ ਲੱਗਾ, “ਤੁਹਾਡੇ ਨਾਲ ਗੱਲਾਂ ਕਰ ਕੇ ਮੇਰੇ ਅੰਦਰ ਬਹੁਤ ਅਨਰਜੀ ਪੈਦਾ ਹੁੰਦੀ ਐ। ਜਦੋਂ ਤੁਸੀਂ ਰਚਨਾ ਪੜ੍ਹ ਕੇ ਤਿੱਖੀ ਆਲੋਚਨਾ ਕਰਦੇ ਹੋ ਤਾਂ ਮੈਨੂੰ ਚੁਭਦੀ ਨਹੀਂ। ਕਿਉਂਕਿ ਤੁਸੀਂ ਆਲੋਚਨਾ ਕਰਨ ਵੇਲੇ ਸੁਹਿਰਦਤਾ ਦਾ ਪੱਲਾ ਨਹੀਂ ਛੱਡਦੇ। ਤੁਹਾਡੇ ਨਾਲ ਮੈਂ ਫੋਨ ‘ਤੇ ਗੱਲ ਕਰ ਲਵਾਂ ਤਾਂ ਕੋਈ ਨਾ ਕੋਈ ਕਹਾਣੀ ਫੁਰਨੀ ਸ਼ੁਰੂ ਹੋ ਜਾਂਦੀ ਐ। ਸੋਚਦਾ ਰਹਿੰਨਾਂ ਜੇ ਕਿਤੇ ਮੈਂ ਤੁਹਾਡੇ ਕੋਲ ਦੋ-ਤਿੰਨ ਦਿਨ ਰਹਿ ਆਵਾਂ ਤਾਂ ਤਿੰਨ-ਚਹੁੰ ਮਹੀਨਿਆਂ ‘ਚ ਨਾਵਲ ਲਿਖ ਕੇ ਤੁਹਾਨੂੰ ਭੇਜ ਦਿਆਂ।”
ਕਦੇ-ਕਦੇ ਤਾਂ ਮੈਨੂੰ ਲੱਗਦਾ ਹੈ ‘ਫੂਕ ਛਕਾ ਰਿਹੈ’ ਪਰ ਉਹ ਏਨੀ ਅਪਣੱਤ ਨਾਲ ਗੱਲ ਕਰ ਰਿਹਾ ਹੁੰਦਾ ਹੈ ਕਿ ਉਸ ਦੀ ‘ਸੁਹਿਰਦਤਾ’ ਬਾਰੇ ਸ਼ੱਕ ਕਰਨਾ ਬਣਦਾ ਹੀ ਨਹੀਂ।
ਜਦੋਂ ਉਹ ‘ਹੋਣੀ’ ਨਾਵਲ ਲਿਖ ਰਿਹਾ ਸੀ ਤਾਂ ‘ਗਰਾਊਂਡ ਜ਼ੀਰੋ’ ਦੇਖਣ ਰੁਝੇਵਿਆਂ ਵਿਚੋਂ ਵੀ ਵਕਤ ਕੱਢ ਕੇ ਆਇਆ। ਅਸੀਂ ਮੈਨਹਾਟਨ ਗਏ। ਉਹ ਗਵਾਚਿਆ-ਗਵਾਚਿਆ ਫਿਰ ਰਿਹਾ ਸੀ। ਜਿਵੇਂ ਅਜੇ ਵੀ ਉਹ ਬਲਦੇ ਟਾਵਰਾਂ ਵਿਚੋਂ ਮਾਸੂਮਾਂ ਦੀਆਂ ਲੇਰਾਂ ਤੇ ਚੀਕਾਂ ਸੁਣ ਰਿਹਾ ਹੋਵੇ। ਉਨ੍ਹਾਂ ਦਾ ਦਰਦ ਅੰਦਰ ਸਮੋ ਰਿਹਾ ਹੋਵੇ। ਇਹ ਪੀੜ ‘ਹੋਣੀ’ ਨਾਵਲ ਵਿਚੋਂ ਮਹਿਸੂਸ ਕੀਤੀ ਜਾ ਸਕਦੀ ਹੈ।
ਚਹਿਲ ਦੇ ਨੇਕ ਸੁਭਾਅ ਦੀ ਝਲਕ ਇਸ ਗੱਲ ‘ਚੋਂ ਵੀ ਪੈਂਦੀ ਹੈ ਕਿ ਉਸ ਦੇ ਦੋਸਤਾਂ ਵਿਚ ਕਾਂਗਰਸੀ ਵੀ ਨੇ, ਅਕਾਲੀ ਵੀ ਤੇ ਆਮ ਲੋਕ ਵੀ। ਲੇਖਕ ਵੀ ਤੇ ਗਾਉਣ-ਵਜਾਉਣ ਵਾਲੇ ਵੀ। ਸਤਪਾਲ ਬਰਾੜ ਉਸ ਦੇ ਅਹਿਮ ਦੋਸਤਾਂ ‘ਚੋਂ ਹੈ।
ਚਹਿਲ ਰੇਡੀਓ ਤੋਂ ‘ਸ਼ਾਨੇ-ਪੰਜਾਬ’ ਨਾਂ ਦਾ ਸਾਹਿਤਕ ਪ੍ਰੋਗਰਾਮ ਵੀ ਚਲਾਉਂਦਾ ਰਿਹਾ ਹੈ।
ਨਿਊ ਯਾਰਕ ਤੋਂ ਅਸੀਂ ਸੂਰਜ ਛਿਪੇ ਤੁਰੇ ਸਾਂ। ਮੇਰਾ ਪਰਿਵਾਰ ਤੇ ਕਹਾਣੀਕਾਰ ਜਿੰਦਰ। ਨਿਊ ਯਾਰਕ ਤੋਂ ਬਾਹਰ ਸਾਨੂੰ ਖਾਣ ਨੂੰ ਕੁਝ ਨਾ ਲੱਭਾ। ਭੁੱਖਣ-ਭਾਣੇ। ਤੜਕੇ ਦੋ ਵਜੇ ਚਹਿਲ ਕੋਲ ਪਹੁੰਚੇ। ਉਹ ਉਡੀਕ ਵਿਚ ਜਾਗਦਾ ਹੀ ਸੀ। ਉਸ ਦੀ ਬੇਟੀ ਸੁੱਤ-ਉਨੀਂਦੀ ਰੋਟੀਆਂ ਲਾਹੁਣ ਲੱਗ ਪਈ। ਅਸੀਂ ਉਤੋਂ-ਉਤੋਂ ਕਹਿ ਰਹੇ ਸਾਂ, ‘ਬਹੁਤ ਲੇਟ ਆਂ। ਹੁਣ ਸੌਣਾ ਚਾਹੀਦੈ’ ਪਰ ਅੰਦਰੋਂ ਭੁੱਖ ਨਾਲ ਤਪੇ ਪਏ ਸਾਂ। ਚਹਿਲ ਜਿਵੇਂ ਸਾਡੀ ਹਾਲਤ ਸਮਝਦਾ ਸੀ। ਉਹ ਮੱਲੋ-ਮੱਲੀ ਸਾਨੂੰ ਡਾਈਨਿੰਗ-ਟੇਬਲ ‘ਤੇ ਲੈ ਗਿਆ।
ਦੂਜੇ ਦਿਨ ‘ਵਾਈਟ ਹਾਊਸ’ ਦਿਖਾਉਣ ਗਿਆ ਹਦਾਇਤ ਕਰ ਰਿਹਾ ਸੀ, “ਆਰਾਮ ਨਾਲ, ਸਹਿਜ ਨਾਲ ਅਨੰਦ ਮਾਣੋ। ਇਕ ਦਿਨ ਇਥੇ ਦੋ ਸਰਦਾਰ ਆਏ ਸੀ। ਧੋਤੀਆਂ ਲਾਈਆਂ ਹੋਈਆਂ। ‘ਹਿੜ-ਹਿੜ’ ਕਰਦੇ ਵਾਈਟ ਹਾਊਸ ਦੇ ਗੇੜੇ ਕੱਢੀ ਜਾਣ। ਤੀਜੇ ਗੇੜੇ ‘ਤੇ ਸਿਕਿਉਰਿਟੀ ਵਾਲਿਆਂ ਨੇ ਮੂਧੇ ਪਾ ਲਏ।”
ਉਸ ਨੇ ਸਾਨੂੰ ‘ਫੋਰਡ ਥੀਏਟਰ’ ਵੀ ਦਿਖਾਇਆ, ਜਿੱਥੇ ਇਬਰਾਹਿਮ ਲਿੰਕਨ ਨੂੰ ਗੋਲੀ ਮਾਰੀ ਗਈ ਸੀ। ਥੀਏਟਰ ਦੇਖਦੇ ਸਾਰ ਬੰਦਾ ਉਸ ਘਟਨਾਕ੍ਰਮ ਦੀ ਕਲਪਨਾ ਕਰਨ ਲੱਗ ਪੈਂਦਾ ਹੈ। ਖਿਆਲ ਇਕ ਦਮ ਇਤਿਹਾਸ ਦੀਆਂ ਗਲੀਆਂ ਵਿਚ ਘੁੰਮਣ ਲੱਗ ਪੈਂਦੇ ਨੇ।
ਚਹਿਲ ਨੇ ਮਿਊਜ਼ੀਅਮ ਵੀ ਦਿਖਾਏ। ਅਸੀਂ ਭਾਵੇਂ ਦੇਖਣ ਤੋਂ ਨਾਂਹ-ਨੁੱਕਰ ਹੀ ਕਰ ਰਹੇ ਸਾਂ, ਕਿਉਂਕਿ ਨਿਊ ਯਾਰਕ ਵਿਚ ਤਾਂ ਮਿਊਜ਼ੀਅਮ ਦੀ ਟਿਕਟ ਬਹੁਤ ਮਹਿੰਗੀ ਹੁੰਦੀ ਹੈ। ਜਦੋਂ ਸਾਨੂੰ ਪਤਾ ਲੱਗਾ ਕਿ ਵਾਸ਼ਿੰਗਟਨ ਡੀ. ਸੀ. ਵਿਚ ਮਿਊਜ਼ੀਅਮ ਮੁਫਤ ਹਨ ਤਾਂ ਅਸੀਂ ਇਸ ਬੱਚਤ ਨੂੰ ਦੂਜੇ ਪਾਸੇ ਖਰਚਣ ਦੀ ਯੋਜਨਾ ਘੜ ਲਈ। ਵਧੀਆ ਥਾਂ ਤੋਂ ਬਹੁਤ ਹੀ ਪੌਸ਼ਟਿਕ ਖਾਣਾ ਖਾਧਾ। (ਹੋਰ ਉਸ ਨੂੰ ਅਸੀਂ ਲੁੱਟ ਵੀ ਕਿਵੇਂ ਸਕਦੇ ਸਾਂ?) ਚਹਿਲ ਖਾਣੇ ਦੌਰਾਨ ਵੀ ਸਾਹਿਤ ਬਾਰੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਿਹਾ। ਉਸ ਨੂੰ ਜਗਤਾਰ, ਪਾਤਰ, ਜਸਵਿੰਦਰ ਦੇ ਸ਼ਿਅਰਾਂ ਦੇ ਸ਼ਿਅਰ ਯਾਦ ਹਨ।
ਚਹਿਲ ਦੇ ਛੋਟੇ ਭਰਾ ਮੋਹਨ ਨੇ ਸਾਨੂੰ ਕੈਪੀਟਲ ਹਿੱਲ ਦਿਖਾਇਆ। ਨਾਲ-ਨਾਲ ਵਿਆਖਿਆ ਕੀਤੀ, “ਤੁਸੀਂ ਕਈ ਵਾਰ ਅਖਬਾਰਾਂ ਵਿਚ ਪੜ੍ਹਿਆ ਹੋਣਾ, ਸਿੱਖ ਵਾਈਟ ਹਾਊਸ ਗਏ। ਬਹੁਤੀ ਵਾਰ ਕੁਝ ਬੰਦੇ ਆਉਂਦੇ ਐ। ਕੈਪੀਟਲ ਹਿੱਲ ਦੀਆਂ ਇਨ੍ਹਾਂ ਪੌੜੀਆਂ ਕੋਲ ਖੜ੍ਹ ਕੇ ਫੋਟੋ ਖਿਚਾਉਂਦੇ ਐ ਤੇ ਅਖਬਾਰਾਂ ‘ਚ ਛਪਵਾ ਦਿੰਦੇ ਐ। ਜਿਨ੍ਹਾਂ ਲੋਕਾਂ ਨੇ ਕੈਪੀਟਲ ਹਿੱਲ ਦੀ ਇਹ ਇਮਾਰਤ ਨਈਂ ਦੇਖੀ, ਉਨ੍ਹਾਂ ਨੂੰ ਲੱਗਦੈ ਬਈ ਬੜੀ ਵੱਡੀ ਗੱਲ ਕਰ ਕੇ ਆਏ ਐ।”
ਚਹਿਲ ਉਨ੍ਹੀਂ ਦਿਨੀਂ ਨਹਿਰੀ ਮਹਿਕਮੇ ਵਿਚ ਓਵਰਸੀਅਰ ਸੀ, ਜਦੋਂ ਪੰਜਾਬ ਵਿਚ ਖੂਨ ਦੀਆਂ ਨਹਿਰਾਂ ਵਗ ਰਹੀਆਂ ਸਨ। ਉਸ ਵੇਲੇ ਦੇ ਅਨੁਭਵ ਉਸ ਨੇ ਨਾਵਲ ‘ਬਲੀ’ ਵਿਚ ਬੜੀ ਪ੍ਰਬੀਨਤਾ ਨਾਲ ਪੇਸ਼ ਕੀਤੇ ਹਨ। ਨਾਵਲ ਦਾ ਪਾਤਰ ਸੁਖਚੈਨ ਕਦੇ-ਕਦੇ ਚਹਿਲ ਦਾ ਹੀ ਦੂਜਾ ਰੂਪ ਜਾਪਦਾ ਹੈ।
‘ਹੋਣੀ’ ਉਸ ਦੇ ਨਾਵਲ ‘ਬਲੀ’ ਦਾ ਹੀ ਅਗਲਾ ਹਿੱਸਾ ਹੈ। ਸਾਰੇ ਪਾਤਰ ਓਹੀ ਨੇ। ਉਹ ਤੀਜਾ ਭਾਗ ਲਿਖਣ ਦੀ ਯੋਜਨਾ ਵੀ ਬਣਾ ਰਿਹਾ ਸੀ।
ਆਰਥਕ ਪੱਖੋਂ ਚਹਿਲ ਬਹੁਤ ਸੌਖਾ ਹੈ, ਪਰ ਇਸ ਸੌਖ ਤੱਕ ਪਹੁੰਚਣ ਲਈ ਉਸ ਨੇ ਕਈ ਕੰਮ ਕੀਤੇ। ਟੈਕਸੀ ਵੀ ਚਲਾਈ ਅਤੇ ਜੇਲ੍ਹ ‘ਚ ਬੰਦ ਲੋਕਾਂ ਨੂੰ ਬਾਂਡ ਦੇ ਕੇ ਛੁਡਾਉਣ ਵਾਲੀ ਏਜੰਸੀ ਵੀ ਚਲਾਈ। ਉਹ ‘ਬਾਂਡ-ਮੈਨ’ ਵਜੋਂ ਜਾਣਿਆ ਜਾਂਦਾ ਸੀ। ਕਦੇ-ਕਦੇ ਮੇਰਾ ਦਿਲ ਉਸ ਨੂੰ ਜੇਮਜ਼ ਬਾਂਡ ਕਹਿਣ ਨੂੰ ਵੀ ਕਰ ਆਉਂਦਾ ਹੈ। ‘ਕ੍ਰਿਮਿਨਲ’ ਲੋਕਾਂ ਨਾਲ ਉਸ ਦਾ ਸਿੱਧੇ ਤੌਰ ‘ਤੇ ਵਾਸਤਾ ਪੈਂਦਾ ਰਿਹਾ ਹੈ। ਉਸ ਕੋਲ ਇਸ ਦਾ ਢੇਰ ਗਿਆਨ ਤੇ ਅਨੁਭਵ ਹੈ। ਆਪਣੀਆਂ ਕਹਾਣੀਆਂ ਵਿਚ ਉਹ ਇਹ ਗਿਆਨ ਸਹਿਜ ਤੇ ਕਲਾਤਮਕਤਾ ਨਾਲ ਪਰੋ ਜਾਂਦਾ ਹੈ। ਇਸੇ ਕਰਕੇ ਉਸ ਦੀਆਂ ਕਹਾਣੀਆਂ ‘ਹਲਕੀਆਂ ਜਾਸੂਸੀ’ ਕਹਾਣੀਆਂ ਨਹੀਂ, ਸਗੋਂ ਨਰੋਏ ਸਾਹਿਤ ਦਾ ਨਿੱਗਰ ਅੰਗ ਬਣਦੀਆਂ ਹਨ।
ਇਕ ਵਾਰ ਚਹਿਲ ਨੇ ਮੇਰੀ ਕਿਤਾਬ ‘ਚੋਂ ਕੁਝ ਸਤਰਾਂ ਗਾ ਕੇ ਸੁਣਾਈਆਂ ਤਾਂ ਮੈਨੂੰ ਪਤਾ ਲੱਗਾ ਕਿ ਉਸ ਨੂੰ ਗਾਉਣ ਦਾ ਸ਼ੌਕ ਹੈ। ਪੜ੍ਹਦਾ-ਪੜ੍ਹਦਾ ਇਕ ਵਾਰ ਉਹ ਦੀਦਾਰ ਸੰਧੂ ਦਾ ਚੇਲਾ ਬਣਨ ਵੀ ਚਲਾ ਗਿਆ ਸੀ। ਦੀਦਾਰ ਬਹੁਤ ਸਿਆਣਾ ਸੀ। ਉਸ ਨੇ ਚਹਿਲ ਦੀ ਉਮਰ ਦੇਖੀ। ਘਰ ਦੇ ਹਾਲਾਤ ਬਾਰੇ ਗੱਲਾਂ ਕੀਤੀਆਂ ਤੇ ਫਿਰ ਸਲਾਹ ਦਿੱਤੀ, ‘ਕਾਕਾ ਪਹਿਲਾਂ ਪੜ੍ਹਾਈ ਪੂਰੀ ਕਰ ਲੈ। ਫਿਰ ਸੋਚੀਂ।’
ਉਹ ਗਾਉਣ ਵਾਲੇ ਪਾਸੇ ਤਾਂ ਨਾ ਜਾ ਸਕਿਆ ਪਰ ਉਸ ਦੇ ਅੰਦਰ ਇਹ ਸ਼ੌਕ ਇੰਜ ਹੀ ਦੱਬਿਆ ਗਿਆ ਹੈ, ਜਿਵੇਂ ਬਰਫ ਹੇਠ ਸਟਰਾਅ-ਬੇਰੀ ਦੀ ਵੇਲ ਦੱਬੀ ਜਾਂਦੀ ਹੈ। ਜਦੋਂ ਬਰਫ ਖੁਰਦੀ ਹੈ, ਵੇਲ ਫਿਰ ਹਰੀ ਹੋ ਜਾਂਦੀ ਹੈ। ਇੰਜ ਹੀ ਚਹਿਲ ਅੰਦਰਲਾ ਇਹ ਸ਼ੌਕ ਜਾਗਦਾ ਹੈ। ਉਹ ਮਹਿਫਿਲ ਵਿਚ ਕੋਈ ਗਜ਼ਲ ਜਾਂ ਸਾਹਿਤਕ ਗੀਤ ਸਾਂਝਾ ਕਰ ਲੈਂਦਾ ਹੈ। ‘ਇਕ ਪੰਜਾਬੀ’ ਸੰਸਥਾ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਸਰੋਤੇ ਇਕੱਠੇ ਕਰ ਕੇ ਗਾਉਣ ਵਾਲਿਆਂ ਨੂੰ ਜਦੋਂ ਪੇਸ਼ ਕਰਦਾ ਹੈ ਤਾਂ ਜਿਵੇਂ ਉਨ੍ਹਾਂ ਗਾਉਣ ਵਾਲਿਆਂ ਥਾਣੀਂ ਆਪਣੇ-ਆਪ ਨੂੰ ਹੀ ਦੇਖ ਰਿਹਾ ਹੁੰਦਾ ਹੈ।
“ਸੋਹਲ ਸਾਹਿਬ ਤੁਸੀਂ ਮੇਰੀਆਂ ਰਚਨਾਵਾਂ ਪੜ੍ਹ ਕੇ ਪਾਸ ਕਰਦੇ ਓਂ। ਚੁੱਕੋ ਚਿਕਨ ਦੀ ਲੱਤ ਤੇ ਪਾਸ ਕਰੋ ਭੁੱਜੇ ਜ਼ੀਰੇ ਦੇ ਫਲੇਵਰ ਦੀ ਰੈਸਪੀ,” ਨੈਪਕਿਨ ਨਾਲ ਹੱਥ ਪੂੰਝਦਿਆਂ ਚਹਿਲ ਨੇ ਮੇਰੇ ਵੱਲ ਦੇਖਿਆ।
ਜ਼ੀਰੇ ਦੇ ਫਲੇਵਰ ਨੇ ਚਿਕਨ ਦਾ ਜ਼ਾਇਕਾ ਓਨਾ ਹੀ ਵਿਲੱਖਣ ਬਣਾ ਦਿੱਤਾ ਸੀ, ਜਿੰਨਾ ਵਿਲੱਖਣ ਜ਼ਾਇਕਾ ਉਸ ਦੀ ਲਿਖਤ ਦਾ ਹੈ।