ਬੇਅੰਤ ਸਿੰਘ ਦੀ ਰਾਜਨੀਤੀ ਦਾ ਤਾਣਾ ਪੇਟਾ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਨਾਲ ਸਬੰਧਿਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘਟਾਉਣ ਦੀ ਖਬਰ ਨੇ ਮੇਰੇ ਮਨ ਵਿਚ ਵੱਸੀ ਉਸ ਸਮੇਂ ਦੀ ਰਾਜਨੀਤੀ ਰਿੜਕਣ ਲਾ ਦਿੱਤੀ ਹੈ। ਕਤਲ ਕਾਂਡ ਤੋਂ ਥੋੜ੍ਹੇ ਦਿਨ ਪਹਿਲਾਂ ਮੇਰੇ ਜ਼ਿੰਮੇ ਖੱਬੇ ਪੱਖੀ ਸੋਚ ਨੂੰ ਪ੍ਰਣਾਏ ਨਵੇਂ ਅਖਬਾਰ ‘ਦੇਸ ਸੇਵਕ’ ਦਾ ਕੰਮ ਸੌਂਪਿਆ ਗਿਆ ਸੀ। ਮੈਂ ਪਰਚੇ ਦੀ ਵਿਉਂਤਬੰਦੀ ਵਿਚ ਰੁੱਝਾ ਹੋਇਆ ਸਾਂ ਕਿ ਇਹ ਭਾਣਾ ਵਰਤ ਗਿਆ।

ਬੇਅੰਤ ਸਿੰਘ ਦੇ ਰਾਜਸੀ ਸਕੱਤਰ ਗੁਰਮੀਤ ਸਿੰਘ ਦਾ ਪਿੰਡ ਭੜੀ ਸੀ, ਜਿੱਥੇ ਮੈਂ ਪਹਿਲੀ ਕੱਚੀ ਤੇ ਪੱਕੀ ਵਿਚ ਪੜ੍ਹਦਾ ਰਿਹਾ ਸਾਂ। ਉਸ ਪਿੰਡ ਦਾ ਮਾਸਟਰ ਬਲਬੀਰ ਸਿੰਘ ਮੇਰੇ ਮਾਮੇ ਦਾ ਹਾਣੀ ਸੀ। ਗੁਰਮੀਤ ਸਿੰਘ ਉਸ ਦਾ ਬੇਟਾ ਸੀ। ਗੁਰਮੀਤ ਤੇ ਉਸ ਤੋਂ ਛੋਟਾ ਦਲਜੀਤ ਨੰਨ੍ਹੇ ਮੁੰਨੇ ਬਾਲਕ ਹੀ ਸਨ ਕਿ ਉਨ੍ਹਾਂ ਦੀ ਮਾਤਾ ਪਰਲੋਕ ਸਿਧਾਰ ਗਈ, ਪਰ ਪਿਤਾ ਬਲਬੀਰ ਸਿੰਘ ਤੇ ਉਨ੍ਹਾਂ ਦੀ ਦੂਜੀ ਪਤਨੀ ਨੇ ਦੋਹਾਂ ਭਰਾਵਾਂ ਨੂੰ ਇਹੋ ਜਿਹੀ ਵਿਦਿਆ ਤੇ ਆਤਮ ਵਿਸ਼ਵਾਸ ਦਿੱਤਾ ਕਿ ਗੁਰਮੀਤ ਸਿੰਘ ਆਪਣੇ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਧੜੱਲੇਦਾਰ ਸਿਆਸੀ ਸਕੱਤਰ ਬਣਿਆ ਤੇ ਦਲਜੀਤ ਸਿੰਘ ਪੰਜਾਬ ਪ੍ਰੋਵਿੰਸ਼ੀਅਲ ਸਰਵਿਸ ਵਿਚ ਚੁਣਿਆ ਗਿਆ। ਉਹ ਹੁਣ ਸੇਵਾ ਮੁਕਤੀ ਪਿੱਛੋਂ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ ਸਿਆਸੀ ਸਲਾਹਕਾਰ ਹੈ।
ਮੈਨੂੰ ਬੇਅੰਤ ਸਿੰਘ ਦੀ ਰਾਜਨੀਤਕ ਸੋਚ ਤੇ ਕਾਰਜ ਵਿਧੀ ਦੀ ਜਾਣਕਾਰੀ ਇਨ੍ਹਾਂ ਭਰਾਵਾਂ ਤੋਂ ਮਿਲੀ, ਭਾਵੇਂ ਬੇਅੰਤ ਸਿੰਘ ਦਾ ਲੋਕ ਸੰਪਰਕ ਅਫਸਰ ਉਜਾਗਰ ਸਿੰਘ ਵੀ ਮੇਰੇ ਬਹੁਤ ਨੇੜੇ ਰਿਹਾ ਹੈ। ਅਸਲ ਗੱਲ ਤਾਂ ਇਹ ਹੈ ਕਿ ਬਲਬੀਰ ਦੇ ਵੱਡੇ ਵਡੇਰਿਆਂ ਵਿਚ ਦੋ ਨਾਂ ਸਿੱਖ ਇਤਿਹਾਸ ਦੇ ਉਘੇ ਪਾਤਰ ਬਣੇ। ਪਹਿਲਾ ਬਾਬਾ ਮਹਿਤਾਬ ਸਿੰਘ ਮੀਰਾਂਕੋਟੀਆ, ਜਿਸ ਨੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਨੂੰ ਨਾਲ ਲੈ ਕੇ ਮੱਸੇ ਰੰਘੜ ਦਾ ਕਤਲ ਕੀਤਾ। ਮੱਸਾ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਕੰਜਰੀ ਦਾ ਨਾਚ ਕਰਾਉਣ ਦਾ ਦੋਸ਼ੀ ਸੀ। ਉਹ ਦੋਵੇਂ ਇਸ ਅਮਲ ਤੋਂ ਪਿੱਛੋਂ ਸ਼ਹੀਦ ਕਰ ਦਿੱਤੇ ਗਏ, ਪਰ ਉਨ੍ਹਾਂ ਵਿਚੋਂ ਕੇਵਲ ਮਹਿਤਾਬ ਸਿੰਘ ਦੀ ਔਲਾਦ ਬਚੀ, ਜੋ ਮੀਰਾਂ ਕੋਟ ਛੱਡ ਕੇ ਖੰਨਾ-ਸੰਘੋਲ ਮਾਰਗ ਉਤੇ ਪੈਂਦੇ ਪਿੰਡ ਭੜੀ ਤੇ ਹੋਰਨਾਂ ਪਿੰਡਾਂ ਵਿਚ ਵੱਸ ਗਈ।
ਮਹਿਤਾਬ ਸਿੰਘ ਦੇ ਪੜਪੋਤਰੇ ਰਤਨ ਸਿੰਘ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਰਚਨਾ ਕਰਕੇ ਸਿੱਖ ਬੁਧੀਜੀਵੀਆਂ ਵਿਚ ਝੰਡਾ ਗੱਡਿਆ। ਇਸ ਰਚਨਾ ਵਿਚ ਗੁਰੂ ਸਾਹਿਬਾਨ ਦੀ ਧਾਰਨਾ ਉਤੇ ਚਲਣ ਵਾਲੇ ਬਾਬਾ ਬੰਦ ਸਿੰਘ ਬੈਰਾਗੀ ਦੇ ਕਾਲ ਤੋਂ ਪਹਿਲਾਂ ਤੇ ਪਿੱਛੋਂ ਤੱਕ ਦੇ ਵੇਰਵੇ ਦਰਜ ਹਨ, ਜਿਨ੍ਹਾਂ ਤੋਂ ਇਤਿਹਾਸ ਦੇ ਖੋਜੀ ਅੱਜ ਵੀ ਲਾਭ ਲੈਂਦੇ ਹਨ। ਇਹ ਰਚਨਾ ਕਵਿਤਾ ਵਿਚ ਹੈ ਤੇ ਹੁਣ ਇਸ ਨੂੰ ਕੁਲਵੰਤ ਸਿੰਘ ਨੇ ਅੰਗਰੇਜ਼ੀ ਭਾਸ਼ਾ ਵਿਚ ਉਲਥਾਉਂਦਿਆਂ ਵੀ ਕਾਵਿਕ ਵਿਧੀ ਅਪਨਾਈ ਹੈ। ਇਹ ਉਲਥਾ ਇੰਸਟੀਚੀਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਨੇ ਬੜੇ ਮਾਣ ਨਾਲ ਪ੍ਰਕਾਸ਼ਿਤ ਕੀਤਾ ਹੈ।
ਇਸ ਵੇਲੇ ਕਾਲਮ ਦਾ ਵਿਸ਼ਾ ਮਹਿਤਾਬ ਸਿੰਘ ਦੇ ਪੋਤੇ-ਪੜਪੋਤਿਆਂ ਦੀ ਸੋਚ ਤੇ ਕਾਰਜ ਵਿਧੀ ਹੈ। ਗੁਰਮੀਤ ਸਿੰਘ ਵਲੋਂ ਬੇਅੰਤ ਸਿੰਘ ਦੇ ਸਿਆਸੀ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣ ਦੀਆਂ ਤੰਦਾਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨਾਲ ਜਾ ਜੁੜਦੀਆਂ ਹਨ।
ਰਾਜੋਆਣਾ ਦਾ ਅਮਲ ਕਿੰਨਾ ਗਲਤ ਜਾਂ ਠੀਕ ਸੀ, ਇਸ ਦੀ ਗੱਲ ਹੁੰਦੀ ਰਹੇਗੀ ਪਰ ਉਸ ਸਮੇਂ ਦੀ ਰਾਜਨੀਤੀ ਨੂੰ ਦਿਸ਼ਾ ਦਿਖਾਉਣ ਵਿਚ ਬੇਅੰਤ ਸਿੰਘ ਦੇ ਰੋਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਜਿਸ ਵਿਚ ਨਿਸ਼ਚੇ ਹੀ ਉਸ ਦੇ ਸਿਆਸੀ ਸਕੱਤਰ ਗੁਰਮੀਤ ਸਿੰਘ ਦਾ ਵੀ ਹੱਥ ਸੀ। ਹੁਣ ਜਦੋਂ ਗੁਰਮੀਤ ਸਿੰਘ ਨੂੰ ਇਹ ਸੰਸਾਰ ਛੱਡਿਆ 12-13 ਵਰ੍ਹੇ ਹੋ ਚੁਕੇ ਹਨ, ਉਸ ਦੀ ਯਾਦ ਵਿਚ ਸਪੋਰਟਸ ਕਲੱਬ, ਭੜੀ ਵਲੋਂ ਹਰ ਸਾਲ ਖੇਡ ਮੇਲਾ ਤੇ ਸਭਿਆਚਾਰਕ ਪ੍ਰੋਗਰਾਮ ਕੀਤਾ ਜਾਂਦਾ ਹੈ। ਗੁਰਮੀਤ ਸਿੰਘ ਪੂਰੇ 30 ਸਾਲ ਇਸ ਕਲੱਬ ਦਾ ਪ੍ਰਧਾਨ ਰਿਹਾ। ਪਿੰਡ ਵਾਸੀਆਂ ਨੇ ਉਸ ਦੀ ਯਾਦ ਵਿਚ ਖੰਨਾ-ਸੰਘੋਲ ਸੜਕ ‘ਤੇ ਪੈਂਦੇ ਆਪਣੇ ਪਿੰਡ ਵਿਚ ਗੁਰਮੀਤ ਸਿੰਘ ਯਾਦਗਾਰੀ ਗੇਟ ਵੀ ਉਸਾਰਿਆ ਹੈ।
ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਯੋਗ ਹੈ ਕਿ ਮੇਰੇ ਮਿੱਤਰ ਉਜਾਗਰ ਸਿੰਘ ਨੇ ਗੁਰਮੀਤ ਸਿੰਘ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ‘ਸਿਆਸਤ ਦਾ ਮਸੀਹਾ’ ਨਾਂ ਦੀ ਪੁਸਤਕ ਲਿਖੀ ਹੈ। ਇਸ ਦਾ ਪਾਠ ਰਾਜੋਆਣਾ ਦੀ ਸਜ਼ਾ ਮੁਆਫੀ ਦੇ ਪ੍ਰਤੀਕਰਮ ਵਜੋਂ ਬੇਅੰਤ ਸਿੰਘ ਦੇ ਵਾਰਸਾਂ ਦੀ ਸੋਚ ਉਤੇ ਚਾਨਣਾ ਪਾਉਂਦਾ ਹੈ।
ਰਾਂਗਲੇ ਸੱਜਣ ਗੋਬਿੰਦ ਠੁਕਰਾਲ ਦਾ ਚਲਾਣਾ: ਮੇਰੇ ਲਈ ਇਹ ਦਿਨ ਰਾਂਗਲੇ ਸੱਜਣਾਂ ਦੀ ਯਾਦ ਸੁਰਜੀਤ ਕਰਨ ਵਾਲੇ ਹਨ। ਆਪਣੇ ਪੱਤਰਕਾਰ ਮਿੱਤਰ ਗੋਬਿੰਦ ਠੁਕਰਾਲ ਦਾ ਤੁਰ ਜਾਣਾ ਉਨ੍ਹਾਂ ਵਿਚੋਂ ਪ੍ਰਮੁੱਖ ਹੈ। ਉਹ ਮੈਨੂੰ ‘ਪੰਜਾਬੀ ਟ੍ਰਿਬਿਊਨ’ ਦੀ ਕਮਾਨ ਸਾਂਭਣ ਸਮੇਂ ਸਵਾਗਤ ਕਰਨ ਵਾਲਿਆਂ ਵਿਚ ਹੀ ਨਹੀਂ, ਇਸ ਤੋਂ ਪਹਿਲਾਂ ਖੇਤੀ ਯੂਨੀਵਰਸਿਟੀ, ਲੁਧਿਆਣਾ ਦੇ ਸੰਚਾਰ ਕੇਂਦਰ ਦਾ ਮੁਖੀ ਬਣਨ ਸਮੇਂ ਵੀ ਉਹੀਓ ਸੀ, ਜੋ ਮੈਨੂੰ ਹੋਰਨਾਂ ਤੋਂ ਪਹਿਲਾਂ ਵਧਾਈ ਦੇਣ ਆਇਆ ਸੀ।
ਆਪਣੀ ਪੱਤਰਕਾਰੀ ਦੇ ਚਾਰ ਦਹਾਕੇ ਦੇ ਕਾਲ ਵਿਚ ਉਸ ਨੇ ਖੱਬੇ ਪੱਖੀ ਸੋਚ ਉਤੇ ਸਾਂਵੇਪਨ ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ। ਉਹ ਹਰ ਮੌਕੇ ਮੇਰੇ ਨਾਲ ਛੋਟੇ ਭਰਾਵਾਂ ਵਾਂਗ ਵਿਚਰਿਆ।
ਇਨ੍ਹਾਂ ਤਿਥੀਆਂ ਵਿਚ ਜੀਵਨ ਜਿਉਂ ਕੇ ਸੁੱਤੇ ਰਾਂਗਲੇ ਸੱਜਣਾਂ ਵਿਚ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਹੀ ਨਹੀਂ, ਅਮਰ ਸ਼ਹੀਦ ਭਗਤ ਸਿੰਘ ਵੀ ਯਾਦ ਆਏ ਹਨ। ਸਾਰੇ ਹੀ ਆਪਣੇ ਦੇਸ਼ ਦੀ ਸੁਤੰਤਰਤਾ ਤੇ ਵਿਕਾਸ ਵਿਚ ਉਚ ਦੁਮਾਲੜੇ ਨਾਂ ਹਨ। ਹਰ ਕਿਸੇ ਦੀ ਪ੍ਰਾਪਤੀ ਸਿਖਰ ਨੂੰ ਜਾਂਦੀ ਪੌੜੀ ਦਾ ਇੱਕ ਡੰਡਾ ਹੈ। ਹੇਠਲੇ ਡੰਡੇ ਦਾ ਮਹੱਤਵ ਵੀ ਉਸੇ ਤਰ੍ਹਾਂ ਦਾ ਹੁੰਦਾ ਹੈ, ਜਿਹੋ ਜਿਹਾ ਉਪਰਲੇ ਤੇ ਸਿਖਰਲੇ ਦਾ।
ਅੰਤਿਕਾ: ਸੁਰਿੰਦਰ ਪੰਡਿਤ ਸੋਜ਼
ਜਿਸ ਲਾਸ਼ ਕੋ ਮੈਨੇ ਚੰਦਨ ਸੇ ਸਜਾ ਰੱਖਾ ਹੈ,
ਉਸ ਕਾ ਕਤਲ ਮੇਰੇ ਹੀ ਇਸ਼ਾਰੋਂ ਪੇ ਹੁਆ ਹੈ।