ਨਾ ਸ਼ਗਨ ਅਧੂਰੇ ਰਹਿਣ ਦਿਉ…

ਨਿੰਮਾ ਡੱਲੇਵਾਲਾ
ਸਾਡੇ ਸਮਾਜ ਵਿਚ ਦੋ ਤਰ੍ਹਾਂ ਦੇ ਵਿਆਹਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਇਨ੍ਹਾਂ ਵਿਚੋਂ ਮੁੱਖ ਹੈ ਮਾਪਿਆਂ ਜਾਂ ਵਡਿਆਂ ਦੀ ਮਰਜ਼ੀ ਅਤੇ ਸਲਾਹ ਅਨੁਸਾਰ ਮੁੰਡਾ/ਕੁੜੀ ਲੱਭ ਲਿਆ ਜਾਂਦਾ ਹੈ। ਇਸ ਵਿਚ ਦੋਹਾਂ ਪਰਿਵਾਰਾਂ ਦੀ ਖੁਸ਼ੀ ਅਤੇ ਪਸੰਦ ਸ਼ਾਮਿਲ ਹੁੰਦੀ ਹੈ, ਤੇ ਲਗਨਾਂ ਤੇ ਸ਼ਗਨਾਂ ਦੇ ਇਸ ਕਾਰਜ ਵਿਚ ਸਭ ਰਿਸ਼ਤੇਦਾਰਾਂ ਤੇ ਸਾਰੇ ਭਾਈਚਾਰੇ ਦੀ ਸ਼ਮੂਲੀਅਤ ਹੁੰਦੀ ਹੈ। ਸਹਿਮਤੀ ਅਤੇ ਸਲਾਹ ਦੀਆਂ ਡੋਰਾਂ ਵਿਚ ਬੰਨ੍ਹਿਆ ਇਹ ਬੰਧਨ ਰਸਮਾਂ ਦੇ ਤੇਲ ਵਿਚ ਤਲਿਆ ਉਹ ਪਕਵਾਨ ਹੈ ਜਿਸ ਦੀ ਲੱਜਤ ਅਤੇ ਮਿੱਠਤ ਆਖਰੀ ਸਾਹਾਂ ਤੱਕ ਰਹਿੰਦੀ ਹੈ। ਪਰਿਵਾਰ ਦੀ ਰਜ਼ਾਮੰਦੀ ਵਾਲਾ ਇਹ ਬੰਧਨ ਕਦੇ ਕਿਸੇ ਭੁੱਲ ਦਾ ਅਹਿਸਾਸ ਨਹੀਂ ਕਰਵਾਉਂਦਾ, ਕਿਉਂਕਿ ਇਸ ਵਿਚ ਵੱਡਿਆਂ-ਵਡੇਰਿਆਂ ਅਤੇ ਜ਼ਿੰਮੇਵਾਰ ਬਜ਼ੁਰਗਾਂ ਦੀ ਹਾਜ਼ਰੀ ਹੁੰਦੀ ਹੈ। ਇਹ ਬੰਧਨ ਨਿਭਦੇ ਵੀ ਹਨ:
ਉਡੀਕ ਹੁੰਦੀ ਹੈ ਸਭ ਨੂੰ ਹੀ,
ਤੇ ਸਭ ਨੂੰ ਇਸ ਦਾ ਚਾਅ ਹੁੰਦਾ।
ਸੱਧਰਾਂ ਦੇ ਮਹਿਲੀਂ ਜਾਣ ਵਾਲਾ,
ਇਕ ਇਹ ਵੀ ਲੋਕੋ ਰਾਹ ਹੁੰਦਾ।
ਵਿਆਹ ਲੱਡੂ ਹੈ ਇਕ ਸ਼ਗਨਾਂ ਦਾ,
ਜੋ ਨਿੱਤ ਨਿੱਤ ਨਈਉਂ ਖਾ ਹੁੰਦਾ।
ਕਈ ਰੁੱਸ ਜਾਂਦੇ ਕਈ ਟੁੱਟ ਜਾਂਦੇ,
ਇਹੋ ਨਿਭਦਾ ਆਖਰੀ ਸਾਹ ਹੁੰਦਾ।
ਇਹੇ ਨਗਮਾਂ ਉਚ ਮਿਆਰਾਂ ਦਾ,
ਕਿਸੇ ਇਕੋ ਨਾਲ ਗਾ ਹੁੰਦਾ।
ਦੁੱਧ ਵਰਗਾ ਸ਼ਬਦ ਵਿਆਹ ਲੋਕੋ,
ਕਾਹਤੋਂ ਖਬਰੇ ਅੱਜਕੱਲ੍ਹ ਨਾ ਚਾਅ ਹੁੰਦਾ।
ਇਕ ਇਹੋ ਬੰਧਨ ਐਸਾ ਸੀ,
ਜੋ ਫੜ ਨਾ ਛੱਡਦਾ ਬਾਂਹ ਹੁੰਦਾ।
ਇਹ ਖੇਡ ਨਾ ਗੁੱਡੇ ਗੁੱਡੀਆਂ ਦਾ,
ਹਰ ਰੋਜ਼ ਨਾ ਨਿੰਮਿਆ ਵਿਆਹ ਹੁੰਦਾ।
ਹੁਣ ਗੱਲ ਕਰੀਏ ਦੂਜੇ ਤਰੀਕੇ ਨਾਲ ਹੋਣ ਵਾਲੇ ਵਿਆਹ ਦੀ ਜਿਸ ਨੂੰ ਅਸੀਂ ‘ਲਵ ਮੈਰਿਜ’ ਆਖਦੇ ਹਾਂ, ਜਾਣੀ ਪ੍ਰੇਮ ਵਿਆਹ। ਇਹ ਕਈ ਵਾਰ ਅੱਲੜ ਉਮਰ ਦੀ ਨਾਦਾਨੀ ਅਤੇ ਕਾਹਲ ਦਾ ਸਿੱਟਾ ਵੀ ਬਣ ਜਾਂਦਾ ਹੈ। ਇਸ ਮਾਮਲੇ ‘ਚ  ਦਿਮਾਗ ਤੋਂ ਕੰਮ ਘੱਟ ਅਤੇ ਦਿਲ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਹੈ। ਜ਼ਿੰਦਗੀ ਦੇ ਘੱਟ ਤਜਰਬੇ ਕਾਰਨ ਕੀਤੀ ਪਿਆਰ ਰੂਪੀ ਭੁੱਲ ਇਕ ਹੋਰ ਭੁੱਲ ਨੂੰ ਜਨਮ ਦਿੰਦੀ ਹੈ; ਉਹ ਹੈ ‘ਲਵ ਮੈਰਿਜ’ ਜੋ ਬੰਦੇ ਨੂੰ ਮਾਪਿਆਂ ਦੀ ਮਰਜ਼ੀ ਖਿਲਾਫ਼ ਬਗਾਵਤ ਵਾਲੇ ਰਾਹਾਂ ‘ਤੇ ਤੋਰਦੀ ਹੈ। ਮੰਨਿਆ ਕਿ ਪਿਆਰ ਅਤੇ ਪਿਆਰ ਵਿਆਹ ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਇਸ ਦੇ ਹੱਥ ਪਿਉ ਦੀ ਚਿੱਟੀ ਪੱਗ ਤੱਕ ਪਹੁੰਚ ਜਾਣ ਤਾਂ ਇਸ ਦੇ ਵਰਗਾ ਕੁੱਝ ਵੀ ਮਾੜਾ ਨਹੀਂ ਹੁੰਦਾ। ਪਿਆਰ ਤਾਂ ਪਵਿੱਤਰ ਲਫਜ਼ ਹੈ ਜਿਸ ਦੇ ਗਲਤ ਇਸਤੇਮਾਲ ਨੇ ਇਸ ਨੂੰ ਸਿਰਫ਼ ਸਰੀਰਾਂ ਦੀ ਖੇਡ ਬਣਾ ਦਿੱਤਾ ਹੈ। ਇਹ ਵੀ ਮੰਨਿਆ ਕਿ ਹਰ ਇਨਸਾਨ ਨੂੰ ਆਪਣਾ ਸਾਥੀ ਚੁਣਨ ਦਾ ਹੱਕ ਹੈ, ਪਰ ਪਿਉ-ਦਾਦੇ ਦੀਆਂ ਬਣਾਈਆਂ ਇੱਜ਼ਤਾਂ ਦੇ ਮਹਿਲਾਂ ਨੂੰ ਢਾਹ ਕੇ ਨਹੀਂ! ਅਗਰ ਕੋਈ ਪਿਆਰ ਵਿਆਹ ਕਰਨਾ ਚਾਹੁੰਦਾ ਹੈ ਤਾਂ ਮਾਪਿਆਂ ਦੀ ਸਹਿਮਤੀ ਨਾਲ ਇਸ ਨੂੰ ਸਹੀ ਰੂਪ ਦਿੱਤਾ ਜਾ ਸਕਦਾ ਹੈ। ਕਿਸੇ ਵਕਤ ਇਹ ਪ੍ਰੇਮ ਵਿਆਹ ਟਾਵੇਂ-ਟਾਵੇਂ ਹੁੰਦੇ ਸਨ। ਅੱਜਕੱਲ੍ਹ ਇਹ ਆਮ ਹੋ ਗਏ ਹਨ ਅਤੇ ਸ਼ਹਿਰਾਂ ਦੇ ਨਾਲ ਪਿੰਡਾਂ ਵਿਚ ਵੀ ਹੋਣ ਲਗ ਪਏ ਹਨ।
ਮੇਰਾ ਕਹਿਣਾ ਪੰਜਾਬ ਦੀਆਂ ਧੀਆਂ ਨੂੰ,
ਰੱਖੋ ਪਿਉ ਦੀ ਪੱਗ ਦੀ ਲਾਜ ਤੁਸੀਂ।
ਤੁਸੀਂ ਧੀਆਂ ਵੀ ਤੁਸੀਂ ਇੱਜ਼ਤਾਂ ਵੀ,
ਹੁੰਦੀਆਂ ਪਿਉ ਦੇ ਸਿਰ ਦਾ ਤਾਜ ਤੁਸੀਂ।
ਦਾਦੇ ਦਾਦੀ ਤੇ ਨਾਨੇ ਨਾਨੀ ਲਈ,
ਹੁੰਦੀਆਂ ਮੂਲ ਦਾ ਵਿਆਜ ਤੁਸੀਂ।
ਥੋਡੇ ਵੀਰ ਤੇ ਬਾਬਲ ਦੁਸ਼ਮਣ ਨਾ,
ਉਹ ਵੀ ਚਾਹੁੰਦੇ ਨੇ ਕਰੋ ਰਾਜ ਤੁਸੀਂ।
ਡੋਲੀ ਚੜ੍ਹ ਵਿਦਾਇਗੀ ਸੋਭਦੀ ਏ,
ਨਾ ਕਰੋ ਅਧੂਰੇ ਕਾਜ ਤੁਸੀਂ।
ਲੈ ਜਾਓ ਦੁਆਵਾਂ ਬਾਪ ਦੀਆਂ,
ਹੱਥੀਂ ਬੁਣ ਲਿਜਾਵੋ ਦਾਜ ਤੁਸੀਂ।
ਨਾ ਰੋਲੋ ਬਣਾਈਆਂ ਇੱਜ਼ਤਾਂ ਨੂੰ,
ਨਾ ਰੱਬ ਨੂੰ ਕਰੋ ਨਰਾਜ਼ ਤੁਸੀਂ।
ਗੱਲ ਪੱਲੇ ਬੰਨ੍ਹ ਕੇ ਨਿੰਮੇ ਦੀ,
ਕਰੋ ਮਾਪਿਆਂ ਦੀ ਕੁਝ ਲਿਹਾਜ਼ ਤੁਸੀਂ।
ਅੱਜ ਸਮਾਜ ਅਤੇ ਮਾਪਿਆਂ ਨੇ ਜੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੱਕ ਦਾ ਨਾਅਰਾ ਮਾਰਿਆ ਹੈ ਤਾਂ ਕੁੜੀਆਂ ਦੇ ਵੀ ਕੁਝ ਫਰਜ਼ ਹਨ। ਜੇ ਕੁੜੀ, ਮੁੰਡੇ ਦੇ ਬਰਾਬਰ ਕਿਸੇ ਚੰਗੇ ਕੰਮ ਵਿਚ ਅੱਗੇ ਆਉਂਦੀ ਹੈ ਤਾਂ ਮਾਪਿਆਂ ਦੇ ਨਾਲ-ਨਾਲ ਸਮਾਜ ਨੂੰ ਵੀ ਉਸੇ ‘ਤੇ ਫ਼ਖ਼ਰ ਮਹਿਸੂਸ ਹੁੰਦਾ ਹੈ। ਜੇ ਗਲਤ ਪਾਸੇ ਮੁੰਡਿਆਂ ਦੀ ਬਰਾਬਰੀ ਕੁੜੀ ਕਰੇ ਤਾਂ ਉਸੇ ਸਮਾਜ ਵਿਚ ਉਸ ਦੇ ਮਾਪਿਆਂ ਦਾ ਜਿਉਣਾ ਮੁਸ਼ਕਿਲ ਹੋ ਜਾਂਦਾ ਹੈ। ਮੈਂ ਤਾਂ ਪ੍ਰੇਮ ਵਿਆਹ ਨੂੰ ਕੁਦਰਤ ਦੇ ਬਣਾਏ ਨਿਯਮਾਂ ਦੀ ਉਲੰਘਣਾ ਸਮਝਾਂਗਾ। ਜਿਵੇਂ ਕਾਗਜ਼ ਦੇ ਫੁੱਲ ਕਦੇ ਖੁਸ਼ਬੋ ਨਹੀਂ ਦੇ ਸਕਦੇ, ਇਸੇ ਤਰ੍ਹਾਂ ਕਾਗਜ਼ੀ ਵਿਆਹ ਵੀ ਮਾਪਿਆਂ ਦੀ ਮਰਜੀ ਨਾਲ ਹੋਏ ਵਿਆਹ ਵਾਲੀ ਮਹਿਕ ਨਹੀਂ ਦੇ ਸਕਦੇ। ਇਨ੍ਹਾਂ ਦੇ ਘੱਟ ਨਿਭਣ ਦਾ ਇਕ ਇਹ ਕਾਰਨ ਵੀ ਮੰਨ ਸਕਦੇ ਹਾਂ ਕਿ ਵਿਆਹ ਤੋਂ ਪਹਿਲਾਂ ਹੀ ਪਿਆਰ ਵਾਲੀ ਕੋਠੀ ਦੇ ਦਾਣੇ ਮੁੱਕ ਜਾਂਦੇ ਹਨ ਤੇ ਵਿਆਹ ਮਗਰੋਂ ਜਲਦੀ ਹੀ ਪਿਆਰ ਖੱਟਾ ਹੋ ਜਾਂਦਾ ਹੈ ਜੋ ਉਸੇ ਜੱਜ ਦੀ ਕਚਿਹਰੀ ਵਿਚ ਤਲਾਕ ਲਈ ਲਿਜਾ ਖੜ੍ਹੇ ਕਰਦਾ ਹੈ।
ਵਿਆਹ ਪਵਿੱਤਰ ਕਾਰਜ ਹੈ। ਨਵੀਂ ਪਨੀਰੀ ਨੂੰ ਇਹੋ ਆਖਾਂਗਾ ਕਿ ਜੇ ਸੱਚਾ ਪਿਆਰ ਨੇਪਰੇ ਚਾੜ੍ਹਨ ਲਈ ਲਵ ਮੈਰਿਜ ਕਰਵਾਉਣਾ ਚਾਹੁੰਦੇ ਹੋ ਤਾਂ ਮਾਪਿਆਂ ਦੀ ਸਹਿਮਤੀ ਹਾਸਲ ਕਰ ਕੇ ਇਸ ਨੂੰ ਚੰਗਾ ਰੂਪ ਦੇ ਦਿਉ ਜਿਸ ਨੂੰ ਪੂਰਾ ਸਮਾਜ ਸਨਮਾਨ ਦੇ ਫੁੱਲ ਭੇਟ ਕਰੇ:
ਹਰ ਕੰਮ ਦਾ ਹਰ ਇਕ ਵਕਤ ਹੁੰਦਾ,
ਆ ਵਕਤ ਨੂੰ ਬੂਹੇ ਬਹਿਣ ਦਿਉ।
ਕੁਝ ਵਰਤੋ ਮਿਲੀਆਂ ਅਕਲਾਂ ਨੂੰ,
ਨਾ ਦਿਲ ਨੂੰ ਕਾਹਲਾ ਪੈਣ ਦਿਉ।
ਨਾ ਕਲਮ ਰੋਕਿਓ ਨਿੰਮੇ ਦੀ,
ਇਕ ਹੋਰ ਸੱਚਾਈ ਕਹਿਣ ਦਿਉ।
ਕਰ ਕੋਰਟਾਂ ਦੇ ਵਿਚ ਵਿਆਹ ਤੁਸੀਂ,
ਨਾ ਸੱਧਰਾਂ ਫਿੱਕੀਆਂ ਪੈਣ ਦਿਉ।
ਵਿਆਹ ਕਾਰਜ ਲਗਨਾਂ ਸ਼ਗਨਾਂ ਦਾ,
ਨਾ ਸ਼ਗਨ ਅਧੂਰੇ ਰਹਿਣ ਦਿਉ।

Be the first to comment

Leave a Reply

Your email address will not be published.