ਆਸਟਰੇਲੀਆ ਵਿਚ ਵੀਹ ਦਿਨ

ਆਸਟਰੇਲੀਆ ਵਿਚ ਵੀਹਾਂ ਦਿਨਾਂ ਦੇ ਆਪਣੇ ਸਫਰ ਅਨੁਭਵ ਨੂੰ ਇਕ ਅਹਿਮ, ਵਿਲੱਖਣ ਤੇ ਉਪਯੋਗੀ ਦਸਤਾਵੇਜ਼ ਦੇ ਰੂਪ ਵਿਚ ਦੇਸ਼ ਵਿਦੇਸ਼ ਦੇ ਪਾਠਕਾਂ ਤੱਕ ਪਹੁੰਚਾਉਣ ਦਾ ਪ੍ਰੋ. ਕੁਲਬੀਰ ਸਿੰਘ ਦੇ ਉਪਰਾਲੇ ਨੇ ਸੂਝਵਾਨ ਪਾਠਕ ਦੀ ਵਿਸ਼ੇਸ਼ ਦਿਲਚਸਪੀ ਦਾ ਕੇਂਦਰ ਬਣ ਕੇ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ ਹੈ। ਭਰਪੂਰ ਜਾਣਕਾਰੀ ਨਾਲ ਸਜੱਗ ਇਸ ਪੁਸਤਕ ਦੀ ਰਚਨਾ ਪਿੱਛੇ ਪ੍ਰੋ. ਕੁਲਬੀਰ ਸਿੰਘ ਦਾ ਲਿਖਣ ਦਾ ਲੰਮਾ ਤਜਰਬਾ ਕੰਮ ਕਰਦਾ ਨਜ਼ਰ ਆਉਂਦਾ ਹੈ।

ਆਸਟਰੇਲੀਆ ਜਾਣ ਦੇ ਮਨੋਰਥ, ਉਡਾਣ ਭਰਨ ਦੇ ਪਿਛੋਕੜ ਤੋਂ ਲੈ ਕੇ ਉਡਾਣ ਭਰਨ, ਦੋਸਤਾਂ ਵੱਲੋਂ ਵਿਖਾਏ ਜਾਂਦੇ ਰਹੇ ਆਪਣੇਪਨ ਦੀ ਤਾਂਘ, ਮਿਲਣ ਦੀ ਉਤਸੁਕਤਾ, ਗੋਲਡ ਮਾਈਨ ਸਬੰਧੀ ਅਦੁੱਤੀ ਜਾਣਕਾਰੀ ਦੇਣ, ਮੈਲਬੌਰਨ ਦੀ ਫੇਰੀ, ਉਥੋਂ ਦੀਆਂ ਵੇਖਣਯੋਗ ਥਾਂਵਾਂ, ਐਲੀਲੇਡ, ਸਿਡਨੀ, ਕੈਨਬਰਾ, ਵੂਲਗੂਲਗਾ, ਆਸਟਰੇਲੀਆ ਦੀ ਪਾਰਲੀਮੈਂਟ, ਲਾਇਬਰੇਰੀਆਂ, ਮੀਡੀਏ ਦੇ ਜਾਲ, ਕੁਝ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਿਖਿਆ ਢਾਂਚੇ, ਵੀਹ ਦਿਨਾਂ ਦੇ ਅਮੁੱਕ ਰੁਝੇਵਿਆਂ ਅਤੇ ਹੋਰ ਕਈ ਪਹਿਲੂਆਂ ਬਾਰੇ ਲੇਖਕ ਦਿਲਚਸਪ ਜਾਣਕਾਰੀ ਦਿੰਦਾ ਜਾਂਦਾ ਹੈ।
ਪ੍ਰੋ. ਕੁਲਬੀਰ ਸਿੰਘ ਵੀਹਾਂ ਦਿਨਾਂ ਦੀ ਆਪਣੀ ਆਸਟਰੇਲੀਆ ਫੇਰੀ ਦੌਰਾਨ ਹਾਸਲ ਕੀਤੇ ਪ੍ਰਭਾਵਾਂ ਨੂੰ ਇਸ ਪੁਸਤਕ ਰਾਹੀਂ ਅੰਕਿਤ ਕਰਦਾ ਹੈ ਤਾਂ ਉਸ ਅੰਦਰਲਾ ਤੀਖਣ ਬੁੱਧੀ ਵਾਲਾ ਲੇਖਕ ਤੇ ਆਲੋਚਕ ਵੀ ਉਸ ਦੇ ਅੰਗ ਸੰਗ ਰਹਿੰਦਾ ਹੈ। ਪੁਸਤਕ ਦੇ ਸੰਕਲਪੀ ਚੌਖਟੇ ਦੀ ਘਾੜਤ ਬਣਾਉਣ ‘ਤੇ ਪ੍ਰੋ. ਕੁਲਬੀਰ ਸਿੰਘ ਨੇ ਚੋਖੀ ਮਿਹਨਤ ਕੀਤੀ ਹੈ। ਕਹਿਣਯੋਗ ਗੱਲਾਂ ਦੀਆਂ ਹੱਦਾਂ ਮਿਥ ਕੇ, ਕਰਮ ਖੇਤਰ ਨਿਸਚਿਤ ਕਰਕੇ, ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਕੇ, ਹਰੇਕ ਕਾਂਡ ਦੇ ਕ੍ਰਮ, ਗਠਨ ਅਤੇ ਸੀਮਾ ਨੂੰ ਤੈਅ ਕਰਕੇ ਆਪਣੇ ਸਫਰ ਬਿਰਤਾਂਤ ਨੂੰ ਨਿਆਂ ਸੰਗਤ ਲੜੀ ਵਿਚ ਪਰੋ ਕੇ, ਉਸ ਦਾ ਸੁਮੇਲ ਤੇ ਸੁਜੋੜ ਨਿਸਚਿਤ ਕਰਕੇ ਉਹ ਇਸ ਪੁਸਤਕ ਦੀ ਰਚਨਾ ਕਰਦਾ ਹੈ।
ਪ੍ਰੋ. ਕੁਲਬੀਰ ਸਿੰਘ ਆਸਟਰੇਲੀਆ ਦੇ ਵਿਭਿੰਨ ਸ਼ਹਿਰਾਂ, ਸਥਾਨਾਂ, ਵਿਅਕਤੀਆਂ ਬਾਰੇ, ਉਸ ਦਾ ਸਨਮਾਨ ਕਰਨ ਹਿਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਕਲੱਬਾਂ ਆਦਿ ਵਿਚ ਕੀਤੇ ਗਏ ਸਮਾਗਮਾਂ, ਰੂਬਰੂ ਪ੍ਰੋਗਰਾਮਾਂ, ਪੁਸਤਕ ਰਿਲੀਜ਼ ਸਮਾਗਮਾਂ, ਰੇਡੀਓ ਤੋਂ ਪ੍ਰਸਾਰਿਤ ਮੁਲਾਕਾਤਾਂ ਆਦਿ ਬਾਰੇ ਜਾਣਕਾਰੀ ਦਿੰਦਾ ਹੈ। ਲੇਖਕ ਦੱਸਦਾ ਹੈ ਕਿ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਸਭਿਆਚਾਰਕ ਸੰਵੇਦਨਸ਼ੀਲਤਾ, ਧਾਰਮਿਕ ਸਹਿਨਸ਼ੀਲਤਾ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਉਤਸ਼ਾਹਿਤ ਕਰਦੀਆਂ ਹਨ। ਉਥੋਂ ਦੀ ਸਿਖਿਆ ਦੇ ਢਾਂਚੇ, ਖੇਡਾਂ ਦੀ ਨੀਤੀ, ਸਭਿਆਚਾਰਕ ਮਾਮਲਿਆਂ ਬਾਰੇ ਨੀਤੀ, ਸੂਚਨਾ ਤੇ ਪ੍ਰਸਾਰਣ ਬਾਰੇ ਨੀਤੀਆਂ, ਖੇਤੀਬਾੜੀ ਨੀਤੀ ਤੇ ਹੋਰ ਕਈ ਖੇਤਰਾਂ ਦੀ ਕਾਰਜ ਸ਼ੈਲੀ ਬਾਰੇ ਇਹ ਪੁਸਤਕ ਭਰਪੂਰ ਜਾਣਕਾਰੀ ਦਿੰਦੀ ਹੈ। ਸਕੂਲਾਂ, ਕਾਲਜਾਂ ਵਿਚ ਚਰਿੱਤਰ ਉਸਾਰੀ ਤੇ ਸ਼ਖਸੀਅਤ ਦੇ ਵਿਕਾਸ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।
ਪੁਸਤਕ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਲੇਖਕ ਆਸਟਰੇਲੀਆ ਬਾਰੇ ਵੱਧ ਤੋਂ ਵੱਧ ਥਾਂਵਾਂ ਵੇਖਣ ਦੀ ਕਾਹਲ ਵਿਚ ਹੈ ਤੇ ਉਥੋਂ ਬਾਰੇ ਚੰਗਾ ਚੋਖਾ ਗਿਆਨ ਹਾਸਲ ਕਰਨ ਦੀ ਇੱਛਾ ਰੱਖਦਾ ਹੈ। ਉਹ ਭਾਂਤ ਸੁਭਾਂਤੀਆਂ ਥਾਂਵਾਂ ਦੀ ਅੰਦਰਲੀ, ਬਾਹਰਲੀ ਦਿੱਖ ਨੂੰ ਚਿਤਰਦਾ ਹੈ ਅਤੇ ਉਨ੍ਹਾਂ ਦੇ ਇਤਿਹਾਸਕ ਪਿਛੋਕੜ, ਵਰਤਮਾਨ ਦੇ ਮਹੱਤਵ ਬਾਰੇ ਦੱਸਦਾ ਜਾਂਦਾ ਹੈ ਤੇ ਉਨ੍ਹਾਂ ਬਾਰੇ ਆਪਣੇ ਨਿੱਜੀ ਪ੍ਰਭਾਵ ਵੀ ਪ੍ਰਗਟ ਕਰਦਾ ਜਾਂਦਾ ਹੈ। ਉਹ ਸਿਹਤ ਕਦਰਾਂ ਕੀਮਤਾਂ ਨਾਲ ਜੁੜੇ ਇਕ ਦੂਰਅੰਦੇਸ਼ ਲੇਖਕ ਵਾਂਗ ਥਾਂਵਾਂ, ਵਿਅਕਤੀਆਂ, ਘਟਨਾਵਾਂ, ਵਿਹਾਰ, ਕ੍ਰਿਆਵਾਂ ਆਦਿ ਨੂੰ ਵੇਖਦਿਆਂ-ਪਰਖਦਿਆਂ ਬੁੱਧੀ ਤੇ ਵਿਵੇਕ ਤੋਂ ਕੰਮ ਲੈਂਦਾ ਹੈ। ਨਾਲ ਹੀ ਉਹ ਆਪਣੀ ਵਿਸ਼ਲੇਸ਼ਣੀ ਸੂਝ ਨਾਲ ਤੱਥ-ਤਰਕ ਆਧਾਰਤ ਨਿਰਣੇਜਨਕ ਨਜ਼ਰੀਏ ਤੋਂ ਗੱਲ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਉਹ ਜੋ ਵੇਖਦਾ, ਸਮਝਦਾ, ਸੋਚਦਾ, ਮਹਿਸੂਸ ਕਰਦਾ ਹੈ, ਉਸ ਨੂੰ ਆਪਣੀ ਬਿਰਤਾਂਤਕਾਰੀ ਦੇ ਅਨੁਭਵ ਦੇ ਰਸ ਰੰਗ ਦੀ ਪੁੱਠ ਚਾੜ੍ਹ ਕੇ ਪੇਸ਼ ਕਰਦਾ ਹੈ।
ਆਸਟਰੇਲੀਆ ਬਾਰੇ ਲੇਖਕ ਥਾਂ ਥਾਂ ਹੈਰਾਨ ਕਰਨ ਵਾਲੇ ਤੱਥ ਤੇ ਅੰਕੜੇ ਪੇਸ਼ ਕਰਦਾ ਜਾਂਦਾ ਹੈ। ਮਨੁੱਖੀ ਗਿਆਨ ਦੀ ਕੋਈ ਸੀਮਾ ਨਹੀਂ ਤੇ ਗਿਆਨ ਨੂੰ ਪੇਸ਼ ਕਰਨਾ ਮਹਿਜ਼ ਦਸਤਾਵੇਜ਼ੀ ਪੇਸ਼ਕਾਰੀ ਹੀ ਨਹੀਂ ਹੁੰਦੀ, ਇਸ ਲਈ ਲੇਖਕ ਨੇ ਕਈ ਥਾਂਈਂ ਸੰਖੇਪ ਗੱਲ ਕਰਨੀ ਜ਼ਰੂਰੀ ਸਮਝੀ ਹੈ। ਕਿਧਰੇ ਕਿਧਰੇ ਸਿਰਫ ਸੰਕੇਤ ਕੀਤੇ ਗਏ ਮਿਲਦੇ ਹਨ, ਜਿਨ੍ਹਾਂ ਦੀ ਕਦਰ ਸੰਖੇਪ ਲਿਖਣ ਕਰਕੇ ਹੀ ਨਹੀਂ ਸਗੋਂ ਸ੍ਰੇਸ਼ਠ ਲਿਖਣ ਕਰਕੇ ਵੀ ਕਰਨੀ ਬਣਦੀ ਹੈ। ਗਤੀਸ਼ੀਲਤਾ, ਕਲਾਤਮਕ ਸੰਜਮ, ਸਹਿਜ ਤੇ ਸੁਹਜ ਦੇ ਸੂਤਰ ਵਿਚ ਪਰੋ ਕੇ ਲਿਖਣਾ ਲੇਖਕ ਦੀ ਲਿਖਣ ਸਮਰੱਥਾ ਦਾ ਬੋਧ ਕਰਵਾਉਣ ਵਾਲਾ ਰਚਨਾਤਮਕ ਗੁਣ ਹੈ।
ਪ੍ਰੋ. ਕੁਲਬੀਰ ਸਿੰਘ ਆਪਣੀ ਸਿਰਜਣਾਤਮਕ ਸਮਰੱਥਾ ਦੀਆਂ ਅਸੀਮ ਸੰਭਾਵਨਾਵਾਂ ਦਾ ਬੋਧ ਕਰਵਾਉਂਦਾ ਹੈ। ਆਪਣੀ ਤੀਖਣ ਬੁੱਧੀ ਦੇ ਆਧਾਰ ‘ਤੇ ਉਹ ਇਕ ਪ੍ਰਬੁੱਧ ਸਿਰਜਕ ਵਜੋਂ ਆਪਣੇ ਬਣੇ ਅਕਸ ਨੂੰ ਬਰਕਰਾਰ ਰੱਖਦਾ ਹੈ। ਉਹ ਆਪਣੇ ਗ੍ਰਹਿਣ ਕੀਤੇ ਅਨੁਭਵ ਦੇ ਅਣੂ ਮਾਤਰ ਤੋਂ ਲੈ ਕੇ ਵਿਸ਼ਾਲ ਪਸਾਰੇ ਤੱਕ ਨੂੰ ਕਲਮਬੱਧ ਕਰਨ ਦੀ ਖੂਬੀ ਤੇ ਸਮਰੱਥਾ ਰੱਖਦਾ ਹੈ। ਵਿਚਾਰਾਂ ਵਿਚਲੀ ਮੌਲਿਕਤਾ, ਪੇਸ਼ਕਾਰੀ ਦੌਰਾਨ ਆਪਮੁਹਾਰਾਪਨ, ਪਹਾੜੀ ਚਸ਼ਮੇ ਵਾਂਗ ਹੁੰਦੇ ਵਿਚਾਰ ਪ੍ਰਵਾਹ ਦੀ ਰਵਾਨੀ ਆਦਿ ਇਸ ਰਚਨਾ ਨੂੰ ਮਨੋਰੰਜਕ, ਆਕਰਸ਼ਕ, ਪ੍ਰਭਾਵਸ਼ਾਲੀ ਤੇ ਰਸਦਾਇਕ ਕਿਰਤ ਬਣਾਉਣ ਵਿਚ ਸਹਾਈ ਹੋਣ ਵਾਲੇ ਪਹਿਲੂ ਹਨ।
ਲੇਖਕ ਦੀ ਵੱਡੀ ਦਿਲਚਸਪੀ ਮਨੁੱਖੀ ਵਿਹਾਰ ਵਿਚ ਹੈ। ਉਹ ਸਭਿਅਕ ਕੌਮਾਂ ਦੀ ਵਿਕਸਿਤ ਜੀਵਨ ਸ਼ੈਲੀ ਤੇ ਸੁਧਰੇ ਵਿਚਾਰਾਂ ਦਾ ਕਾਇਲ ਹੈ। ਕਿਧਰੇ ਕਿਧਰੇ ਲੇਖਕ ਆਸਟਰੇਲੀਆ ਦੇ ਲੋਕਾਂ ਦੇ ਜੀਵਨ ਮਿਆਰ, ਕਰਮ, ਕੰਮ-ਸਭਿਆਚਾਰ, ਅਨੁਸ਼ਾਸਨ, ਕਲਾ, ਖੋਜਾਂ, ਵਿਹਾਰ ਆਦਿ ਨੂੰ ਇਸ ਦੇਸ਼ ਦੇ ਲੋਕਾਂ ਦੇ ਢੰਗ ਤਰੀਕਿਆਂ ਨਾਲ ਤੁਲਨਾਉਂਦਾ ਜਾਂਦਾ ਹੈ। ਵਿਉਂਤਬੱਧਤਾ ਨਾਲ ਵਿਚਾਰਾਂ ਦੀ ਉਸਾਰੀ ਕਰਦਾ ਜਾਂਦਾ ਹੈ। ਉਹ ਕਹੀ ਜਾਣ ਵਾਲੀ ਗੱਲ ਦੀ ਸੰਜੀਦਗੀ ਦਾ ਪੱਲਾ ਫੜ੍ਹੀ ਰੱਖਦਾ ਹੈ ਤੇ ਘੱਟ ਤੋਂ ਘੱਟ ਸ਼ਬਦਾਂ ਵਿਚ ਵੱਧ ਤੋਂ ਵੱਧ ਗਿਆਨ ਦੇਣ ਦੇ ਯਤਨ ਵਿਚ ਰਹਿੰਦਾ ਹੈ।
ਇਹ ਪੁਸਤਕ ਆਸਟਰੇਲੀਆ ਨੂੰ ਵੇਖਣ ਦੀ ਪਾਠਕ ਦੀ ਉਤਸੁਕਤਾ, ਉਤਸ਼ਾਹ ਤੇ ਜਗਿਆਸਾ ਵਿਚ ਵਾਧਾ ਕਰਦੀ ਹੈ। ਲੇਖਕ ਪਾਠਕ ਨੂੰ ਗਤੀਸ਼ੀਲਤਾ ਦੀ ਸਥਿਤੀ ਵਿਚ ਦੀ ਲੰਘਾਉਂਦਿਆਂ ਤੱਥ ਵਰਣਨ ਤੇ ਸਿਰਜਣਾ ਦਾ ਖੂਬਸੂਰਤ ਸੁਮੇਲ ਬਣਾ ਕੇ ਰਚਨਾ ਕਰਦਾ ਹੈ। ਅਨੁਭਵ ਦੀ ਪਕੜ ਨੂੰ ਕਥਨ ਰਮਣੀਕਤਾ ਰਾਹੀਂ ਸਾਕਾਰ ਕਰਨ ਦੀ ਕਲਾ ਉਸ ਨੂੰ ਆਉਂਦੀ ਹੈ। ਬੌਧਿਕ ਪੱਧਰ ‘ਤੇ ਹੋਈਆਂ ਗੱਲਾਂ ਦੌਰਾਨ ਵੀ ਲੇਖਕ ਨੇ ਪਾਠਕ ਦੇ ਉਤਸੁਕਤਾ ਦੇ ਭਾਵ ਨੂੰ ਬਣਾਈ ਰੱਖਿਆ ਹੈ। ਪੁਸਤਕ ਦੀ ਰਚਨਾ ਕਰਨ ਦਾ ਲੇਖਕ ਦਾ ਪਾਰਦਰਸ਼ੀ ਮੰਤਵ ਉਦੋਂ ਹੱਲ ਹੋ ਜਾਂਦਾ ਪ੍ਰਤੀਤ ਹੁੰਦਾ ਹੈ, ਜਦੋਂ ਉਹ ਵਿਚਾਰਾਂ ਦੀ ਪੇਸ਼ਕਾਰੀ ਦੇ ਨਾਲ ਨਾਲ ਲਿਖਤ ਦੀ ਚੁਸਤ ਚਾਲ ਤੇ ਬੱਝਵੇਂ ਪ੍ਰਭਾਵ ਨਾਲ ਆਪਣੀ ਰਚਨਾ ਨੂੰ ਪਾਠਕ ਵਾਸਤੇ ਗ੍ਰਹਿਣ ਕਰਨ ਯੋਗ ਬਣਾਉਂਦਾ ਹੈ। ਪੇਸ਼ ਕੀਤੇ ਜਾ ਰਹੇ ਵਿਚਾਰਾਂ ਦੀ ਲੈਅਬੱਧਤਾ ਲੇਖਕ ਦੀ ਵਾਰਤਕ ਕਲਾ ਦੀ ਲੈਅਬੱਧਤਾ ਬਣਦੀ ਹੈ।
ਲੇਖਕ ਇਸ ਪੁਸਤਕ ਨੂੰ ਗਿਆਨ ਦਾ ਸੋਮਾ ਵੀ ਬਣਾਉਂਦਾ ਹੈ ਤੇ ਸੁਹਜ ਪ੍ਰਦਾਤੀ ਵੀ! ਪੁਸਤਕ ਦਾ ਹਰੇਕ ਕਾਂਡ ਇਕ ਸਹਿਜ ਸੁਭਾਵਕ ਇਕਾਈ ਬਣ ਜਾਂਦਾ ਹੈ। ਇਹ ਪ੍ਰੋ. ਕੁਲਬੀਰ ਸਿੰਘ ਦੀ ਕਲਮ ਦਾ ਹੁਨਰ ਹੈ ਕਿ ਵਿਧਾਗਤ ਸਫਰ ਬਿਰਤਾਂਤ ਵਾਲੀ ਇਹ ਸੁਹਜ ਭਰਪੂਰ ਤੇ ਕਲਾਤਮਕ ਰਚਨਾ ਲੇਖਕ ਦੀ ਵਿਚਾਰਕ ਦ੍ਰਿੜ੍ਹਤਾ ਨੂੰ ਪ੍ਰਗਟਾਉਂਦੀ ਹੈ ਤੇ ਵਿਸ਼ਵ ਬਾਰੇ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਦੇ ਉਸ ਦੇ ਨਿਹਚੇ ‘ਤੇ ਕੇਂਦਰਿਤ ਹੁੰਦੀ ਹੈ। ਪਾਠਕ ਨੂੰ ਰੌਚਕਤਾ ਭਰਪੂਰ ਵਾਰਤਕ ਕਲਾ ਦੇ ਜਾਦੂਈ ਪ੍ਰਭਾਵ ਵਿਚ ਬੰਨ੍ਹੀਂ ਰੱਖਣ ਦੀ ਜੁਗਤ ਉਸ ਨੂੰ ਆਉਂਦੀ ਹੈ। ਇਸ ਪੁਸਤਕ ਵਿਚੋਂ ਇਕ ਵਿਚਾਰਵਾਨ ਤੇ ਚਿੰਤਨ ਕਰਨ ਵਾਲੇ ਲੇਖਕ ਦਾ ਵਿਅਕਤੀਤਵ ਉਘੜਦਾ ਹੈ। ਲੇਖਕ ਦੀ ਆਪਣੀ ਸ਼ਖਸੀਅਤ ਦਾ ਬਿੰਬ ਵੀ ਸਾਕਾਰ ਹੁੰਦਾ ਚਲਾ ਜਾਂਦਾ ਹੈ। ਉਹ ਆਪਣੇ ਮਿਸ਼ਨ ਪ੍ਰਤੀ ਸਪਸ਼ਟ ਹੈ। ਆਪਣੇ ਪਾਠਕਾਂ ਪ੍ਰਤੀ, ਦੋਸਤਾਂ ਪ੍ਰਤੀ ਸੁਹਿਰਦ ਹੈ।
ਪੁਸਤਕ ਵਿਚਲੇ ਭਾਸ਼ਾਗਤ ਤੇ ਸ਼ੈਲੀਗਤ ਗੁਣ, ਵਾਕ ਯੋਜਨਾ, ਭਾਵਾਨੁਕੂਲ ਵਾਤਾਵਰਣ, ਸਰਲਤਾ, ਸੁਭਾਵਕਤਾ ਆਦਿ ਪਹਿਲੂ ਲੇਖਕ ਦੀ ਸੰਰਚਨਾਤਮਕ ਯੋਗਤਾ ਦਾ ਪ੍ਰਮਾਣ ਪੇਸ਼ ਕਰਦੇ ਹਨ। ਅਲੰਕ੍ਰਿਤ ਸ਼ੈਲੀ ਦੇ ਵੰਨ ਸੁਵੰਨੇ ਰਸ ਰੰਗ ਪੁਸਤਕ ਨੂੰ ਮੁੱਲਵਾਨ ਬਣਾਉਣ ਵਿਚ ਸਹਾਈ ਹੁੰਦੇ ਹਨ। ਪ੍ਰੋ. ਕੁਲਬੀਰ ਸਿੰਘ ਦੀ ਵਾਰਤਕ ਕਲਾ ਦਾ ਸੰਗੀਤ ਉਸ ਦੇ ਵਿਚਾਰਾਂ ਦਾ ਸੰਗੀਤ ਹੈ, ਰਸ ਹੈ, ਸ਼ੁੱਧ ਅਲਾਪ ਹੈ। ਆਪਣੀ ਹੀ ਕਿਸਮ, ਵੰਨਗੀ ਦੀ ਇਸ ਸੁਚਿੱਤਰ, ਨਿਵੇਕਲੀ ਦਿੱਖ ਵਾਲੀ, ਅਤੁਲ, ਸਾਂਭਣਯੋਗ, ਪੜ੍ਹਨਯੋਗ ਤੇ ਯਾਦ ਰੱਖਣਯੋਗ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ। ਲੇਖਕ ਨੂੰ ਅਜਿਹੇ ਵਿਲੱਖਣ ਕਾਰਜ ਲਈ ਮੁਬਾਰਕਬਾਦ।
-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185