ਸੱਚ ਦਾ ਚਾਨਣ ਵੰਡਦੀ ਧਾਰਮਿਕ ਫਿਲਮ ‘ਮਿੱਟੀ ਦਾ ਬਾਵਾ’

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
1970ਵਿਆਂ ਵਿਚ ਬਣਨ ਵਾਲੀਆਂ ਧਾਰਮਿਕ ਫਿਲਮਾਂ ਨੂੰ ਪੰਜਾਬੀ ਸਿਨੇਮਾ ਦਾ ਸੁਨਹਿਰੀ ਦੌਰ ਕਿਹਾ ਜਾਂਦਾ ਹੈ। ‘ਨਾਨਕ ਨਾਮ ਜਹਾਜ ਹੈ’, ‘ਮਨ ਜੀਤੇ ਜਗ ਜੀਤ’, ‘ਮਿੱਤਰ ਪਿਆਰੇ ਨੂੰ’, ‘ਦੁੱਖ ਭੰਜਨ ਤੇਰਾ ਨਾਮ’ ਆਦਿ ਉਸ ਦੌਰ ਦੀਆਂ ਸਿਰਮੌਰ ਧਾਰਮਿਕ ਫਿਲਮਾਂ ਹਨ, ਜਿਨ੍ਹਾਂ ਨੇ ਧਾਰਮਿਕ ਭਾਵਨਾਵਾਂ ਵਾਲੇ ਨਿਰੋਲ ਪਰਿਵਾਰਕ ਸਿਨੇਮਾ ਦਾ ਮੁੱਢ ਬੰਨ੍ਹਿਆ। ਇਹ ਫਿਲਮਾਂ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿਚ ਵਸੀਆਂ ਹੋਈਆਂ ਹਨ। ਅਜਿਹੀ ਹੀ ਇੱਕ ਹੋਰ ਧਾਰਮਿਕ ਫਿਲਮ ‘ਮਿੱਟੀ ਦਾ ਬਾਵਾ’ ਇਨ੍ਹੀਂ ਦਿਨੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਣਾਈ ਗਈ ਹੈ, ਜੋ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

ਅੱਜ ਦੇ ਵਪਾਰਕ ਸਿਨੇਮਾ ਦੇ ਦੌਰ ਵਿਚ ਅਜਿਹੀਆਂ ਧਾਰਮਿਕ ਫਿਲਮਾਂ ਬਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਪ੍ਰੰਤੂ ਕੇ. ਐਸ਼ ਮਲਹੋਤਰਾ ਜਿਹੇ ਧਾਰਮਿਕ ਸੋਚ ਤੇ ਗੁਰਬਾਣੀ ਦੇ ਰਸੀਏ ਅਜਿਹੀਆਂ ਫਿਲਮਾਂ ਨਾਲ ਹੀ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣ ਲਈ ਯਤਨਸ਼ੀਲ ਰਹੇ ਹਨ। ਨਿਰਮਾਤਾ-ਨਿਰਦੇਸ਼ਕ ਕੇ. ਐਸ਼ ਮਲਹੋਤਰਾ ਨੇ ਦੱਸਿਆ ਕਿ ‘ਹੌਲੀ ਬੇਸਿਲ ਫਿਲਮਜ਼’ ਦੇ ਬੈਨਰ ਹੇਠ ਬਣੀ ਇਹ ਫਿਲਮ ਦੁਨਿਆਵੀਂ ਧੰਦਿਆਂ ਵਿਚ ਫਸੇ ਮਨੁੱਖ ਨੂੰ ਦੋ ਘੜੀ ਨਾਮ ਦਾ ਸਿਮਰਨ ਕਰਕੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੀ ਨਸੀਹਤ ਦਿੰਦੀ ਹੈ, ਜਿਸ ਨੇ ਉਸ ਨੂੰ ਇਸ ਸੰਸਾਰ ‘ਤੇ ਭੇਜਿਆ ਹੈ। ਇਹ ਫਿਲਮ ਅਜੋਕੇ ਦੌਰ ਦੀ ਕਹਾਣੀ ਹੈ।
ਫਿਲਮ ਵਿਚ ਮੁੱਖ ਭੂਮਿਕਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਮੈਂ ਮੁੱਖ ਕਿਰਦਾਰ ਦੀ ਗੱਲ ਕਰਾਂ ਤਾਂ ਉਹ ਬਾਬਾ ਨਾਨਕ ਦੇਵ ਜੀ ਹੀ ਹਨ, ਜਿਨ੍ਹਾਂ ਦੀ ਰੂਹਾਨੀ ਸ਼ਖਸੀਅਤ ਦੁਆਲੇ ਇਹ ਸਾਰੀ ਕਹਾਣੀ ਘੁੰਮਦੀ ਹੈ। ਅਦਾਕਾਰ ਤਰਸੇਮ ਪੌਲ ਨੇ ਇਸ ਫਿਲਮ ਵਿਚ ਇੱਕ ਲਾਲਚੀ ਬੰਦੇ ਦਾ ਕਿਰਦਾਰ ਨਿਭਾਇਆ ਹੈ ਤੇ ਸ਼ਵਿੰਦਰ ਮਾਹਲ ਇੱਕ ਫਕੀਰ ਦੇ ਕਿਰਦਾਰ ਵਿਚ ਹੈ। ਇਸ ਤੋਂ ਇਲਾਵਾ ਤੇਜੀ ਸੰਧੂ, ਰਜ਼ਾ ਮੁਰਾਦ, ਨਛੱਤਰ ਗਿੱਲ, ਅਨੂੰ ਪ੍ਰਿਆ, ਮਨਪ੍ਰੀਤ ਕੌਰ, ਬੀ. ਐਨ. ਸ਼ਰਮਾ, ਹਰਜੀਤ ਵਾਲੀਆ, ਅੰਮ੍ਰਿਤਪਾਲ ਸਿੰਘ ਬਿੱਲਾ, ਜਰਨੈਲ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ ਸੁਰਿੰਦਰਜੀਤ ਸਿੰਘ ਪਾਲ ਨੇ ਲਿਖੀ ਹੈ। ਸਕਰੀਨ ਪਲੇਅ ਅਤੇ ਡਾਇਲਾਗ ਕੇ. ਐਸ਼ ਮਲਹੋਤਰਾ ਤੇ ਹਰਦੇਵ ਸਿੰਘ ਨੇ ਲਿਖੇ ਹਨ। ਫਿਲਮ ਦਾ ਸੰਗੀਤ ਹਰੀ ਅਰਜਨ ਅਤੇ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਵਿਚ ਤਿੰਨ ਸ਼ਬਦ ਗੁਰਬਾਣੀ ‘ਚੋਂ ਲਏ ਗਏ ਹਨ, ਜਿਨ੍ਹਾਂ ਨੂੰ ਆਵਾਜ਼ ਮੁਹੰਮਦ ਅਜ਼ੀਜ ਤੇ ਅਰਵਿੰਦਰ ਸਿੰਘ ਨੇ ਦਿੱਤੀ ਹੈ। ਇੱਕ ਸੂਫੀਆਨਾ ਕਲਾਮ ਵੀ ਹੈ, ਜੋ ਨਛੱਤਰ ਗਿੱਲ ਤੇ ਮੰਨਤ ਨੂਰ ਦੀਆਂ ਆਵਾਜ਼ਾਂ ਵਿਚ ਹੈ।
ਕੁਲਜੀਤ ਸਿੰਘ ਮਲਹੋਤਰਾ ਮੁੰਬਈ ਦੇ ਜੰਮਪਲ ਹਨ ਤੇ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹਨ। ਉਸ ਦੇ ਪਿਤਾ ਸ਼ ਹਰਬੰਸ ਸਿੰਘ ਮਲਹੋਤਰਾ ਉਰਫ ਹਰੀ ਅਰਜਨ ਨਾਮੀਂ ਸੰਗੀਤਕਾਰ ਰਹੇ ਹਨ, ਜਿਨ੍ਹਾਂ ਨੇ ਆਪਣੇ ਜ਼ਮਾਨੇ ਦੀਆਂ ਅਨੇਕਾਂ ਹਿੰਦੀ ਫਿਲਮਾਂ ਵਿਚ ਸੰਗੀਤ ਦਿੱਤਾ। ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਕੁਲਜੀਤ ਵੀ ਫਿਲਮ ਖੇਤਰ ਵੱਲ ਆ ਗਿਆ। ਉਸ ਨੇ ਅਨੇਕਾਂ ਹਿੰਦੀ ਅਤੇ ਵੱਖ ਵੱਖ ਸੂਬਾਈ ਭਾਸ਼ਾਵਾਂ ਲਈ ਕੰਮ ਕਰਨ ਤੋਂ ਇਲਾਵਾ 70 ਦੇ ਕਰੀਬ ਧਾਰਮਿਕ ਸੰਗੀਤ ਦੀਆਂ ਐਲਬਮਾਂ ਕੀਤੀਆਂ, ਜਿਨ੍ਹਾਂ ਨਾਲ ਉਸ ਦੇ ਕੰਮ ਦੀ ਚਰਚਾ ਹੋਈ। ਧਾਰਮਿਕ ਰੁਚੀਆਂ ਕਰਕੇ ਉਸ ਦੀ ਸੋਚ ਹਮੇਸ਼ਾ ਹੀ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੀ ਉਸਤਤ ਕਰਨ ਵਾਲੀ ਰਹੀ ਹੈ। ਸਾਲ 2003 ਵਿਚ ਉਸ ਨੇ ਬਤੌਰ ਨਿਰਮਾਤਾ ਨਿਰਦੇਸ਼ਕ ਆਪਣੀ ਪਹਿਲੀ ਫਿਲਮ ‘ਖਾਲਸਾ ਮੇਰਾ ਰੂਪ ਹੈ ਖਾਸ’ ਬਣਾਈ, ਜਿਸ ਨੂੰ ਸਿੱਖ ਸੰਗਤਾਂ ਨੇ ਬਹੁਤ ਪਿਆਰ ਦਿੱਤਾ। ਇਸ ਫਿਲਮ ਰਾਹੀਂ ਸਿੱਖ ਧਰਮ ਵਿਚ ਕੇਸਾਂ ਅਤੇ ਦਸਤਾਰ ਦੇ ਸਤਿਕਾਰ ਦੀ ਗੱਲ ਕੀਤੀ ਗਈ ਸੀ। ਕਰੀਬ ਸੋਲਾਂ ਸਾਲ ਦੇ ਵਕਫੇ ਬਾਅਦ ਕੇ. ਐਸ਼ ਮਲਹੋਤਰਾ ਹੁਣ ‘ਮਿੱਟੀ ਦਾ ਬਾਵਾ’ ਫਿਲਮ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਧਾਰਮਿਕ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇੱਕ ਚੰਗਾ ਉਪਦੇਸ਼ ਦੇਵੇਗੀ ਕਿ ਅੱਜ ਦਾ ਮਨੁੱਖ ਹਰ ਵੇਲੇ ਪੈਸੇ ਪਿੱਛੇ ਭੱਜ ਰਿਹਾ ਹੈ। ਪੈਸੇ ਲਈ ਉਹ ਝੂਠ ਬੋਲਦਾ ਹੈ, ਠੱਗੀਆਂ ਮਾਰਦਾ ਹੈ। ਪੈਸੇ ਦੇ ਹੰਕਾਰ ‘ਚ ਉਹ ਕਿਸੇ ਤੋਂ ਵੀ ਨਹੀਂ ਡਰਦਾ, ਰੱਬ ਤੋਂ ਵੀ ਨਹੀਂ। ਜੇ ਡਰਦਾ ਹੈ ਤਾਂ ਸਿਰਫ ਮੌਤ ਤੋਂ…! ਸੋ ਇਹ ਫਿਲਮ ਅੱਜ ਦੇ ਮਨੁੱਖ ਨੂੰ ਮੌਤ ਦੇ ਸੱਚ ਤੋਂ ਜਾਣੂ ਕਰਵਾਉਂਦੀ ਹੈ।
-ਸੁਰਜੀਤ ਜੱਸਲ
ਫੋਨ: 91-98146-07737