ਚੋਣ

ਗੁਰਮੇਲ ਮਡਾਹੜ ਦਾ ਨਾਂ ਆਮ ਤੌਰ ‘ਤੇ ਫੈਂਟਸੀ ਕਹਾਣੀਕਾਰ ਵਜੋਂ ਵੱਜਦਾ ਹੈ। ਉਹ ਨਿੱਕੀ ਜਿਹੀ ਘਟਨਾ ਅਤੇ ਗਿਣੇ-ਚੁਣੇ ਪਾਤਰ ਲੈ ਕੇ ਆਪਸੀ ਗੱਲਬਾਤ ਰਾਹੀਂ ਕਹਾਣੀ ਉਸਾਰਦਾ ਹੈ। ‘ਚੋਣ’ ਵਿਚ ਉਸ ਨੇ ਬਹੁਤ ਸੂਖਮ ਢੰਗ ਨਾਲ ਖੇਡਾਂ ਦੀ ਦੁਨੀਆਂ ਦਾ ਉਹ ਪੱਖ ਛੋਹਿਆ ਹੈ, ਜੋ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਰਹਿੰਦਾ ਹੈ।

-ਸੰਪਾਦਕ

ਗੁਰਮੇਲ ਮਡਾਹੜ

ਜਿਸ ਕੁਰਸੀ ‘ਤੇ ਮੈਂ ਬੈਠਾ ਸਾਂ, ਮੇਰੇ ਸੱਜੇ-ਖੱਬੇ, ਆਲੇ-ਦੁਆਲੇ ਮੁੱਕੇਬਾਜ਼ ਹੀ ਮੁੱਕੇਬਾਜ਼ ਬੈਠੇ ਸਨ, ਵੱਖ-ਵੱਖ ਇਲਾਕਿਆਂ ਦੇ, ਵੱਖ-ਵੱਖ ਰੰਗਾਂ ਦੇ, ਖੇਡ ਵਸਤਰਾਂ ਤੇ ਬਲੈਜ਼ਰਾਂ ਵਿਚ ਸਜੇ ਹੋਏ। ਸਭ ਦੀਆਂ ਨਜ਼ਰਾਂ ਸਾਹਮਣੇ ਮੰਚ ‘ਤੇ ਗੱਡੀਆਂ ਹੋਈਆਂ ਸਨ। ਮੰਚ, ਜਿਸ ਦੁਆਲੇ ਚਾਰ ਪੋਲ ਗੱਡ ਕੇ ਉਨ੍ਹਾਂ ਵਿਚੋਂ ਦੋ ‘ਤੇ ਚਿੱਟਾ ਤੇ ਇਕ ਲਾਲ ਅਤੇ ਇਕ ‘ਤੇ ਹਰਾ ਕੱਪੜਾ ਚਾੜ੍ਹਿਆ ਹੋਇਆ ਸੀ। ਇਨ੍ਹਾਂ ਸਾਰੇ ਪੋਲਾਂ ਨੂੰ ਹਰੇ ਅਤੇ ਲਾਲ ਰੰਗ ਦੇ ਰੱਸਿਆਂ ਨਾਲ ਬੰਨ੍ਹ ਕੇ ਦੋ ਚੱਕਰ ਮਾਰੇ ਹੋਏ ਸਨ ਤਾਂ ਕਿ ਕੋਈ ਮੁੱਕੇਬਾਜ਼ ਦੂਜੇ ਮੁੱਕੇਬਾਜ਼ ਦਾ ਕੁੱਟਿਆ ਮਾਰਿਆ ਜਾਂ ਥੱਕਿਆ ਹੋਇਆ ਮੰਚ ਤੋਂ ਹੇਠਾਂ ਨਾ ਜਾ ਡਿੱਗੇ।
ਮੁਕਾਬਲਾ ਸ਼ੁਰੂ ਹੋਣ ਵਿਚ ਕੁਝ ਮਿੰਟ ਬਾਕੀ ਸਨ, ਲੋਕੀਂ ਗੱਪਾਂ ਹੱਕ ਕੇ ਇਹ ਵਕਤ ਪੂਰਾ ਕਰ ਰਹੇ ਸਨ।
“ਨੈਸ਼ਨਲ ਵਾਸਤੇ ਮੁੰਡੇ ਇਥੋਂ ਈ ਚੁਣੇ ਜਾਣਗੇ?” ਮੇਰੇ ਸੱਜੇ ਹੱਥ ਕੁਰਸੀ ‘ਤੇ ਬੈਠੇ ਮੁੱਕੇਬਾਜ਼ ਤੋਂ ਉਸ ਦਾ ਸਾਥੀ ਪੁੱਛ ਰਿਹਾ ਸੀ।
“ਆਹੋ, ਜਿਹੜੇ ਫਸਟ ਆਉਣਗੇ, ਉਨ੍ਹਾਂ ਨੂੰ ਹੀ ਲੈ ਕੇ ਜਾਣਗੇ?”
ਮੁੱਕੇਬਾਜ਼ ਦੇ ਸਾਥੀ ਮੂੰਹੋਂ ‘ਚੋਣ’ ਸ਼ਬਦ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ ਤੇ ਨਾਲ ਹੀ ਮੈਨੂੰ ਇਕ ਗੱਲ ਚੇਤੇ ਆ ਗਈ। ਮੈਂ ਰੇਲਗੱਡੀ ਵਿਚ ਸਫਰ ਕਰ ਰਿਹਾ ਸਾਂ। ਡੱਬੇ ਵਿਚ ਭਾਰਤ ਦੀ ਹਾਕੀ ਵਿਚ ਹੋਈ ਹਾਰ ਬਾਰੇ ਗੱਲਾਂ ਹੋ ਰਹੀਆਂ ਸਨ।
“ਜੀ ਹਾਰਦੇ ਕਿਮੇਂ ਨਾ, ਚੋਣ ਕਰਨ ਵੇਲੇ ਤਾਂ ਲਿਹਾਜ਼ਾਂ ਪੂਰਨ ਲੱਗ ਪੈਂਦੇ ਨੇ।” ਇਕ ਆਦਮੀ ਦੇ ਸ਼ਬਦ ਸਨ।
“ਇਹ ਵੀ ਛੱਡੋ ਜੀ, ਜਿਵੇਂ ਨੌਕਰੀਆਂ ਲਈ ਸੀਟਾਂ ਰਿਜ਼ਰਵ ਕਰ ਦਿੱਤੀਆਂ ਜਾਂਦੀਆਂ ਨੇ, ਉਮੇਂ ਹੀ ਖੇਡਾਂ ਵਿਚ ਰਿਜ਼ਰਵੇਸ਼ਨਾਂ ਘਸੋੜ ਦਿੱਤੀਆਂ ਨੇ, ਆਦਿਵਾਸੀ, ਵੱਖ-ਵੱਖ ਜਾਤਾਂ ਤੇ ਵੱਖ-ਵੱਖ ਸਟੇਟਾਂ ਲਈ।” ਇਕ ਹੋਰ ਆਦਮੀ ਨੇ ਪਹਿਲੇ ਦੀ ਗੱਲ ਨੂੰ ਹੋਰ ਅੱਗੇ ਤੋਰਿਆ।
ਦੂਜੇ ਦੀ ਗੱਲ ਸੁਣ ਕੇ ਸਾਰੇ ਡੱਬੇ ਵਿਚ ਹਾਸਾ ਛਣਕ ਗਿਆ। ਉਦੋਂ ਮੇਰੇ ਮਨ ਵਿਚ ਸਵਾਲ ਉਠਿਆ ਸੀ, ‘ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਚੋਣ ਕਰਨ ਵਾਲਿਆਂ ਨੂੰ ਕੀ ਆਪਣੇ ਮੁਲਕ ਦੀ ਇੱਜਤ ਨਹੀਂ ਚਾਹੀਦੀ ਹੁੰਦੀ।’
“ਚੰਗਾ ਹੁਣ ਸਾਹਮਣੇ ਦੇਖ, ਫਾਈਟ ਸ਼ੁਰੂ ਹੋ ਗਈ ਐ।” ਮੁੱਕੇਬਾਜ਼ ਆਪਣੇ ਸਾਥੀ ਨੂੰ ਭੱਜ ਕੇ ਪਿਆ। ਉਸ ਦੀ ਕੜਕਵੀਂ ਆਵਾਜ਼ ਸੁਣ ਕੇ ਮੈਂ ਵੀ ਯਾਦਾਂ ਦੇ ਅਪੋਲੋ ਤੋਂ ਉਤਰ ਕੇ ਮੁਕਾਬਲਾ ਦੇਖਣ ਲੱਗ ਪਿਆ। ਮੁਕਾਬਲਾ ਕੁਝ ਨਹੀਂ ਸੀ। ਦੋਵੇਂ ਮੁੰਡੇ ਇਕੋ ਕਾਲਜ ਦੇ ਵਿਦਿਆਰਥੀ ਸਨ। ਦੋਵੇਂ ਜਣੇ ਜਿੱਤਦੇ-ਜਿੱਤਦੇ ਫਾਈਨਲ ਵਿਚ ਪਹੁੰਚ ਗਏ। ਪਹਿਲਾ ਰਾਊਂਡ ਮੁਕਾ ਕੇ, ਦੂਜੇ ਵਿਚ ਦੋਵਾਂ ਨੇ ਸੰਧੀ ਕਰ ਕੇ ਇਕ ਨੇ ਹਾਰ ਮੰਨ ਲਈ ਸੀ।
ਪਿੰਨ ਵੇਟ ਤੋਂ ਜਿਉਂ-ਜਿਉਂ ਉਪਰ ਫਲਾਈ, ਬੈਟਮ, ਫੈਦਰ, ਲਾਈਟ, ਮਿਡਲ ਆਦਿ ਵੇਟ ਹੁੰਦੇ ਜਾਂਦੇ ਸਨ, ਤਿਉਂ-ਤਿਉਂ ਮੁਕਾਬਲੇ ਜ਼ੋਰ ਫੜਦੇ ਜਾ ਰਹੇ ਸਨ। ਦੇਖਣ ਵਾਲਿਆਂ ਨੂੰ ਵੀ ਸੁਆਦ ਆਉਣ ਲੱਗ ਪਿਆ ਸੀ। ਆਉਂਦਾ ਵੀ ਕਿਉਂ ਨਾ, ਸਟੇਟ ਬੌਕਸਿੰਗ ਚੈਂਪੀਅਨਸ਼ਿਪ ਜੋ ਦੇਖ ਰਹੇ ਸੀ।
ਫੇਰ ਜਦ ਲਾਈਟ ਹੈਵੀ ਵੇਟ ਲਈ ਅਨਾਊਂਸਰ ਨੇ ਮੁੱਕੇਬਾਜ਼ਾਂ ਦੇ ਨਾਂ ਬੋਲੇ ਤਾਂ ਪੰਡਾਲ ਵਿਚ ਮੱਛੀ ਬਾਜ਼ਾਰ ਜਿਹਾ ਰੌਲਾ ਪੈਣ ਲੱਗ ਪਿਆ।
“ਸਰੂਪ ਨੂੰ ਪਿਛਲੇ ਸਾਲ ਸਟੇਟ ਦਾ ਬੈਸਟ ਲੂਜ਼ਰ ਐਵਾਰਡ ਮਿਲਿਆ ਸੀ।” ਮੁੱਕੇਬਾਜ਼ ਆਪਣੇ ਸਾਥੀ ਨੂੰ ਦੱਸ ਰਿਹਾ ਸੀ।
“ਉਹ ਕੀ ਹੁੰਦੈ?”
“ਜਿਸ ਦੇ ਮੁਕਾਬਲੇ ਦਾ ਆਦਮੀ ਬਹੁਤ ਹੀ ਤਕੜਾ ਹੋਵੇ ਤੇ ਮੁਕਾਬਲਾ ਪਹਿਲਾਂ ਹੀ ਇਕਤਰਫਾ ਦਿਸ ਰਿਹਾ ਹੋਵੇ ਪਰ ਉਹ ਫੇਰ ਵੀ ਹੌਸਲੇ ਨਾਲ ਮੁਕਾਬਲਾ ਲੜੇ, ਕੁੱਟ ਖਾਏ ਤੇ ਸਾਰੇ ਰਾਊਂਡ ਪੂਰੇ ਕਰੇ।”
“ਸਰੂਪ ਕਿਥੇ ਦਾ ਐ?”
“ਐਥੇ ਦਾ ਈ ਐ, ਇਥੇ ਚੈਂਪੀਅਨਸ਼ਿਪ ਕਰਾਉਣ ਤੇ ਚੰਦਾ ਵਗੈਰਾ ‘ਕੱਠਾ ਕਰਨ ਵਿਚ ਇਸੇ ਦਾ ਹੀ ਹੱਥ ਹੈ।”
“ਤੇ ਰਾਮ ਸਰਨ?”
“ਏਅਰ ਫੋਰਸ ਵਿਚ ਐ, ਚੰਡੀਗੜ੍ਹ।”
ਸਰੂਪ ਤੇ ਰਾਮ ਸਰਨ ਦੋਵੇਂ ਰਿੰਗ ‘ਚ ਆ ਕੇ ਇਕ ਲਾਈਨ ਵਿਚ ਇਕ ਦੂਜੇ ਦੇ ਬਰਾਬਰ ਖੜ੍ਹੇ ਹੋ ਗਏ। ਦਰਸ਼ਕ ਬੜੇ ਗੌਰ ਨਾਲ ਮੁੱਕੇਬਾਜ਼ਾਂ ਨੂੰ ਦੇਖ ਰਹੇ ਸਨ। ਸਰੂਪ ਦਾ ਜਿਸਮ ਜਿਥੇ ਆੜ੍ਹਤ ਦੀ ਦੁਕਾਨ ‘ਤੇ ਬੈਠੇ ਚੰਗੇ ਸੇਠ ਵਰਗਾ ਸੀ, ਉਥੇ ਰਾਮ ਸਰਨ ਦੇ ਜਿਸਮ ਦਾ ਇਕ-ਇਕ ਪੱਠਾ ਅੱਡ-ਅੱਡ ਦਿਖਾਈ ਦੇ ਰਿਹਾ ਸੀ, ਇਕ ਚੰਗੇ ਨਾਮਵਰ ਬਾਡੀ ਬਿਲਡਰ ਦੇ ਜਿਸਮ ਦੇ ਪੱਠਿਆਂ ਵਾਂਗ।
ਰੈਫਰੀ ਨੇ ਦੋਵਾਂ ਮੁੱਕੇਬਾਜ਼ਾਂ ਦੇ ਗਲੱਵਜ਼ ਦੀ ਪੜਤਾਲ ਕੀਤੀ। ਫਲੀਟ ਦੇਖੇ। ਦੋਵਾਂ ਦੇ ਹੱਥ ਮਿਲਾਏ ਤੇ ਪਿੱਛੇ ਹਟ ਗਏ। ਦੋਵੇਂ ਮੁੱਕੇਬਾਜ਼ ਆਪੋ-ਆਪਣੀਆਂ ਆਰਾਮ ਥਾਂਵਾਂ ‘ਤੇ ਖਲੋ ਗਏ, ਹਰੀ ਬੈਲਟ ਵਾਲਾ ਸਰੂਪ ਗਰੀਨ ਕੌਰਨਰ ਵਿਚ। ਲਾਲ ਬੈਲਟ ਵਾਲਾ ਰਾਮ ਸਰਨ ਰੈੱਡ ਕਾਰਨਰ ਵਿਚ, ਇਕ ਦੂਜੇ ਵੱਲ ਪਿੱਠਾਂ ਕਰਕੇ ਰੱਸਿਆਂ ਨੂੰ ਹੱਥ ਪਾ ਕੇ ਵਾਰਮ ਅੱਪ ਹੋਣ ਲੱਗ ਪਏ।
ਘੰਟੀ ਵੱਜੀ। ਰੈਫਰੀ ਨੇ ਮੁਕਾਬਲਾ ਸ਼ੁਰੂ ਕਰਵਾਇਆ।
ਦੋਵੇਂ ਮੁੱਕੇਬਾਜ਼, ਬਾਜ਼ਾਂ ਵਾਂਗ ਇਕ ਦੂਜੇ ‘ਤੇ ਝਪਟੇ। ਪਟਾਕ ਪਟਾਕ ਦੋਵੇਂ ਪਾਸਿਆਂ ਤੋਂ ਮੁੱਕੇ ਪੂਰੇ ਜ਼ੋਰ ਦੀ ਚੱਲਣ ਲੱਗੇ। ਸਥਾਨਕ ਦਰਸ਼ਕ ਸਰੂਪ ਦੀ ਹੌਸਲਾ ਅਫਜ਼ਾਈ ਲਈ ਸ਼ੋਰ ਮਚਾ ਰਹੇ ਸਨ।
“ਦੇਖੀਂ ਕਿਤੇ ਏਸ ਸ਼ਹਿਰ ਨੂੰ ਲਾਜ ਨਾ ਲਾ ਦਈਂ।” ਕੋਈ ਦਰਸ਼ਕ ਕਹਿ ਰਿਹਾ ਸੀ। ਸਰੂਪ ਦਾ ਕੋਚ ਵੀ ਉਸ ਨੂੰ ਬਾਹਰ ਬੈਠਾ ਹਦਾਇਤਾਂ ਦੇ ਰਿਹਾ ਸੀ। ਸਰੂਪ ਦੀਆਂ ਬਾਹਾਂ ਦੀ ਹਰਕਤ ਦੇ ਨਾਲ-ਨਾਲ ਉਹਦੀਆਂ ਬਾਹਾਂ ਤੇ ਜ਼ੁਬਾਨ ਵੀ ਚੱਲ ਰਹੀ ਸੀ। “ਲੈਫਟ… ਲੈਫਟ… ਲੈ…ਫ਼..ਟ ਤੇ ਹੁਣ ਰਾਈਟ… ਉਹ… ਸਟ੍ਰੇਟ ਕੱਢ… ਸਟ੍ਰੇਟ… ਹਾਂ… ਹਾਂ… ਸ਼ਾਬਾਸ਼ ਲੈਫ਼..ਟ… ਲੈ…ਫ਼..ਟ… ਹੁੱਕ।” ਪਰ ਸਰੂਪ ਦੇ ਕੋਚ ਦੀ ਕੋਚਿੰਗ ਦਾ ਬਹੁਤ ਲਾਭ ਰਾਮ ਸਰਨ ਹੀ ਉਠਾ ਜਾਂਦਾ। ਸਰੂਪ ਦੇ ਚਲਾਏ ਮੁੱਕੇ ਬਹੁਤੇ ਹਵਾ ਵਿਚ ਹੀ ਰਹਿ ਜਾਂਦੇ, ਕਿਉਂਕਿ ਰਾਮ ਸਰਨ ਹਮਲਾ ਕਰਕੇ ਸਰੂਪ ਦੀ ਵਾਰੀ ਝੱਟ ਪਿੱਛੇ ਹਟ ਜਾਂਦਾ, ਜਿਸ ਕਰਕੇ ਉਸ ਦਾ ਵਾਰ ਖਾਲੀ ਚਲਾ ਜਾਂਦਾ।
“ਸਰੂਪ ਦਾ ਫੁੱਟ ਵਰਕ ਦੇਖ ਕਿੰਨਾ ਤਕੜੈ।” ਪਰ੍ਹੇ ਬੈਠਾ ਇਕ ਮੁੱਕੇਬਾਜ਼ ਦੂਜੇ ਮੁੱਕੇਬਾਜ਼ ਨੂੰ ਕਹਿ ਰਿਹਾ ਸੀ।
“ਫੌਜੀ ਐ। ਇਨ੍ਹਾਂ ਜਿੰਨੀ ਪ੍ਰੈਕਟਿਸ ਕੌਣ ਕਰ ਸਕਦੈ?”
ਇਧਰ ਰਾਮ ਸਰਨ ਦੇ ਪੱਖ ਵਿਚ ਨਾ ਤਾਂ ਕੋਈ ਸ਼ੋਰ ਪੈ ਰਿਹਾ ਸੀ ਤੇ ਨਾ ਹੀ ਉਸ ਦਾ ਕੋਚ ਉਸ ਨੂੰ ਕੋਈ ਹਦਾਇਤ ਦੇ ਰਿਹਾ ਸੀ। ਬੱਸ ਚੁੱਪ-ਚੁਪੀਤੇ ਬੜੇ ਇਤਮਿਨਾਨ ਨਾਲ ਮੁਕਾਬਲਾ ਦੇਖੀ ਜਾ ਰਿਹਾ ਸੀ; ਜਾਂ ਫੇਰ ਕੁਝ ਨੋਟ ਕਰੀ ਜਾ ਰਿਹਾ ਸੀ; ਜਾਂ ਕਦੇ-ਕਦੇ ਉਸ ਦੀ ਟੀਮ ਦੇ ਉਸ ਦੇ ਸਾਥੀਆਂ ‘ਚੋਂ ਕੋਈ ਉਸ ਦੇ ਕੀਤੇ ਗਏ ਵਧੀਆ ਹਮਲੇ ‘ਤੇ ਬੋਲ ਉਠਦਾ, “ਵੈਰੀ ਗੁੱਡ।”
ਦੂਜੇ ਰਾਊਂਡ ਵਿਚ ਲੋਕਾਂ ਦਾ ਸ਼ੋਰ ਪੈਣਾ ਘੱਟ ਹੋ ਗਿਆ। ਸਰੂਪ ਦੇ ਕੋਚ ਦੀਆਂ ਬਾਹਾਂ ਤੇ ਜ਼ੁਬਾਨ ਚੱਲਣੀ ਬੰਦ ਹੋ ਗਈ। ਸਰੂਪ ਹੁਣ ਹਮਲੇ ਕਰਨ ਦੀ ਥਾਂ ‘ਤੇ ਬਚਾਓ ਕਰਨ ਲੱਗ ਪਿਆ, ਪਰ ਰਾਮ ਸਰਨ ਦੇ ਹਮਲੇ ਉਸੇ ਤਰ੍ਹਾਂ ਹੀ ਜਾਰੀ ਸਨ।
ਤੀਜੇ ਰਾਊਂਡ ਵਿਚ ਸਰੂਪ ਦਾ ਸਾਹ ਫੁੱਲ ਜਾਣ ਕਰਕੇ ਉਸ ਦਾ ਮੂੰਹ ਖੁੱਲ੍ਹ ਗਿਆ ਸੀ। ਪੈਰਾਂ ਦੀ ਫੁਰਤੀ ਮੁੱਕ ਚੁੱਕੀ ਸੀ। ਹੁਣ ਉਹ ਪੈਰ ਇਸ ਤਰ੍ਹਾਂ ਮੁਸ਼ਕਿਲ ਨਾਲ ਉਠਾ ਰਿਹਾ ਸੀ, ਜਿਵੇਂ ਧਰਤੀ ਵਿਚ ਗੱਡੇ ਗਏ ਹੋਣ ਤੇ ਬਾਹਾਂ ਦੇ ਗਾਰਡ ਬਣਾ ਕੇ ਸਿਰ ਆਪਣੇ ਢਿੱਡ ਵਿਚ ਲੁਕਾਉਣ ਲੱਗ ਪਿਆ ਸੀ। ਕਦੇ ਗੋਡਿਆਂ ਵਿਚ ਸਿਰ ਦੇ ਕੇ ਬੈਠ ਕੇ ਸਾਹ ਲੈਂਦਾ। ਰੈਫਰੀ ਦੀ ਵਾਰਨਿੰਗ ‘ਤੇ ਫੇਰ ਖੜ੍ਹਾ ਹੁੰਦਾ। ਮੁਕਾਬਲਾ ਲੜਨ ਦੀ ਫੇਰ ਅਸਫਲ ਕੋਸ਼ਿਸ਼ ਕਰਦਾ ਪਰ ਰਾਮ ਸਰਨ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਹੁਣੇ ਹੀ ਰਿੰਗ ਵਿਚ ਦਾਖਲ ਹੋਇਆ ਹੋਵੇ। ਸਰੂਪ ਉਸ ਦੇ ਮੁੱਕਿਆਂ ਦਾ ਮੁਕਾਬਲਾ ਨਾ ਕਰ ਸਕਦਾ, ਫੇਰ ਸਾਹ ਚੜ੍ਹ ਜਾਣ ‘ਤੇ ਬਾਹਾਂ ਦੇ ਗਾਰਡ ਬਣਾ ਕੇ ਸਿਰ ਢਿੱਡ ਵਿਚ ਦੇ ਲੈਂਦਾ। ਇਸ ‘ਤੇ ਰਾਮ ਸਰਨ ਉਸ ਦੀਆਂ ਵੱਖੀਆਂ ਕੁੱਟਣ ਲੱਗ ਪੈਂਦਾ। ਵੱਖੀਆਂ ਕੁੱਟੀਆਂ ਜਾ ਰਹੀਆਂ ਦੇਖ ਕੇ ਸਰੂਪ ਖੜ੍ਹਾ ਹੁੰਦਾ। ਉਸ ਦੇ ਗਾਰਡ ਵੀ ਹੁਣ ਢਿੱਲੇ ਪੈ ਗਏ ਸਨ। ਸਰੂਪ ਦੇ ਸਿੱਧਾ ਖੜ੍ਹਾ ਹੁੰਦੇ ਹੀ ਰਾਮ ਸਰਨ ਪੂਰੇ ਜ਼ੋਰ ਨਾਲ ਇਕ ਸਟ੍ਰੇਟ ਸਰੂਪ ਦੇ ਨੱਕ ‘ਤੇ ਜੜ ਦਿੰਦਾ। ਸਟ੍ਰੇਟ ਵੱਜਦੇ ਹੀ ਸਰੂਪ ਸੁੱਕੇ ਛੱਪੜ ਵਿਚ ਪਈ ਮੱਛੀ ਵਾਂਗ ਤੜਫ ਉਠਦਾ ਤੇ ਲੜਖੜਾ ਕੇ ਡਿੱਗ ਪੈਂਦਾ। ਰੈਫਰੀ ਦੇ ਕਦੇ ਸੱਤ, ਅੱਠ, ਕਦੇ ਨੌਂ ਗਿਣਦੇ ਹੀ ਉਠ ਕੇ ਫੇਰ ਮੁਕਾਬਲਾ ਲੜਨਾ ਸ਼ੁਰੂ ਕਰ ਦਿੰਦਾ।
“ਰਾਮ ਸਰਨ ਦਾ ਚਿਹਰਾ ਦੇਖ ਹੁਣ।” ਮੇਰਾ ਗੁਆਂਢੀ ਮੁੱਕੇਬਾਜ਼ ਆਪਣੇ ਸਾਥੀ ਨੂੰ ਕਹਿ ਰਿਹਾ ਸੀ।
“ਐਂ ਲੱਗਦੈ ਜਿਵੇਂ ਸਰੂਪ ਨੂੰ ਕੱਚਾ ਈ ਚੱਬ ਜਾਊ।” ਮੁੱਕੇਬਾਜ਼ ਦੇ ਸਾਥੀ ਨੇ ਹੁੰਗਾਰਾ ਭਰਿਆ ਸੀ।
“ਜੇ ਇਹੀ ਹਾਲ ਰਿਹਾ ਤਾਂ ਸਰੂਪ ਸ਼ਾਇਦ ਨਾਕ ਆਊਟ ਹੀ ਹੋ ਜੇ।” ਕੋਈ ਹੋਰ ਮੁੱਕੇਬਾਜ਼ ਬੁੜਬੁੜਾਇਆ, “ਹੋ ਸਕਦੈ ਹੱਥ ਹੀ ਖੜ੍ਹਾ ਕਰ ਦੇਵੇ।”
“ਨਹੀਂ ਐਂ ਤਾਂ ਇਹ ਪੱਕਾ ਰੰਘੜ ਐ, ਮਰ ਕੇ ਹੀ ਰਿੰਗ ‘ਚੋਂ ਨਿਕਲੂ।”
“ਇਹ ਵੀ ਕੋਈ ਖੇਡ ਹੈ? ਮੁੰਡੇ ਦਾ ਸੱਤਿਆਨਾਸ ਕਰ ਦਿੱਤਾ।” ਪਰ੍ਹੇ ਖੜ੍ਹਾ ਇਕ ਬੁੱਢਾ ਸਰੂਪ ਦਾ ਲਹੂ ਲਿਬੜਿਆ ਚਿਹਰਾ ਤੇ ਬੁਨੈਣ ਦੇਖ ਕੇ ਕਹਿ ਰਿਹਾ ਸੀ।
“ਹੁਣ ਦੇਖ ਸਰੂਪ ਦਾ ਮੂੰਹ ‘ਮੇਰਾ ਨਾਮ ਜੋਕਰ’ ਦੇ ਰਾਜ ਕਪੂਰ ਵਰਗਾ ਹੋ ਗਿਐ।” ਬੁੱਢੇ ਤੋਂ ਥੋੜ੍ਹਾ ਹੋਰ ਅੱਗੇ ਖੜ੍ਹੇ ਇਕ ਮਨਚਲੇ ਮੁੰਡੇ ਨੇ ਕਿਹਾ ਤੇ ਉਸ ਦੇ ਕੋਲ ਖੜ੍ਹੇ ਕਈ ਹੋਰ ਦਰਸ਼ਕ ਇਹ ਗੱਲ ਸੁਣ ਕੇ ਹੱਸ ਪਏ।
ਘੰਟੀ ਵੱਜੀ। ਤੀਜਾ ਰਾਊਂਡ ਵੀ ਖਤਮ ਹੋ ਗਿਆ। ਸਰੂਪ ਬੜੀ ਮੁਸ਼ਕਿਲ ਨਾਲ ਤੁਰ ਰਿਹਾ ਸੀ। ਉਸ ਦੀ ਸੈਕਿੰਡ ਕਰਨ ਵਾਲਾ ਮੁੰਡਾ ਫਟਾਫਟ ਮੰਚ ‘ਤੇ ਆ ਕੇ ਉਸ ਨੂੰ ਸਹਾਰਾ ਦੇ ਕੇ ਗਰੀਨ ਕੌਰਨਰ ਵਿਚ ਡਹੇ ਸਟੂਲ ਤਕ ਲੈ ਗਿਆ। ਉਹ ਸਪੰਜ ਨਾਲ ਉਸ ਦਾ ਮੂੰਹ ਗਿੱਲਾ ਕਰ ਰਿਹਾ ਸੀ ਤੇ ਤੌਲੀਏ ਨਾਲ ਉਸ ਦਾ ਖੂਨ ਸਾਫ ਕਰ ਰਿਹਾ ਸੀ। ਦੂਜੇ ਪਾਸੇ ਰਾਮ ਸਰਨ ਆਰਾਮ ਨਾਲ ਰੱਸਿਆਂ ‘ਤੇ ਬਾਹਾਂ ਧਰੀ ਖੜ੍ਹਾ ਸੀ। ਉਸ ਦਾ ਕੋਚ ਉਸ ਦੀ ਕੰਡ ਥਾਪੜ ਕੇ ਉਸ ਨੂੰ ਸੰਤਰਾ ਛਿੱਲ-ਛਿੱਲ ਕੇ ਦੇ ਰਿਹਾ ਸੀ।
“ਸਰੂਪ ਦੇ ਤੀਜਾ ਰਾਊਂਡ ਕੱਟਣ ਦੀ ਆਸ ‘ਤੇ ਨਹੀਂ ਸੀ।” ਪਰ੍ਹੇ ਦੂਰ ਬੈਠਾ ਇਕ ਮੁੱਕੇਬਾਜ਼ ਦੂਜੇ ਮੁੱਕੇਬਾਜ਼ ਨੂੰ ਕਹਿ ਰਿਹਾ ਸੀ।
ਮੰਚ ‘ਤੇ ਰੈਫਰੀ ਜੱਜਾਂ ਤੋਂ ਪਰਚੀਆਂ ਇਕੱਠੀਆਂ ਕਰ ਰਿਹਾ ਸੀ। ਦਰਸ਼ਕ ਉਤਸੁਕਤਾ ਨਾਲ ਰੈਫਰੀ ਦੀ ਹਰ ਹਰਕਤ ਨੂੰ ਦੇਖ ਰਹੇ ਸਨ। ਪਰਚੀਆਂ ਇਕੱਠੀਆਂ ਕਰਕੇ, ਉਸ ਨੇ ਪੜ੍ਹੀਆਂ ਤੇ ਦੋਹਾਂ ਮੁੱਕੇਬਾਜ਼ਾਂ ਨੂੰ ਕੋਲ ਸੱਦਿਆ। ਦੋਹਾਂ ਵਿਚਾਲੇ ਖੜ੍ਹ ਕੇ ਗੁੱਟ ਫੜ ਲਏ। ਇਕ ਦਾ ਸੱਜੇ ਹੱਥ ਨਾਲ ਦੂਜੇ ਦਾ ਖੱਬੇ ਹੱਥ ਨਾਲ। ਦਰਸ਼ਕਾਂ ਦੀ ਨਜ਼ਰ ਰੈਫਰੀ ਦੇ ਖੱਬੇ ਹੱਥ ਖੜ੍ਹੇ ਰਾਮ ਸਰਨ ਦੀ ਬਾਂਹ ‘ਤੇ ਟਿਕੀ ਹੋਈ ਸੀ ਪਰ ਰੈਫਰੀ ਨੇ ਬਾਂਹ ਸਰੂਪ ਦੀ ਖੜ੍ਹੀ ਕਰ ਦਿੱਤੀ। ਫੋਟੋਗਰਾਫਰ ਨੇ ਫੋਟੋ ਖਿੱਚ ਲਈ। ਲੋਕ ਹੈਰਾਨ ਸਨ। ਚੀਕਾਂ, ਵਿਸਲਾਂ, ਕੁਰਸੀਆਂ ਦੇ ਹਿੱਲਣ-ਜੁਲਣ ਦਾ ਖੜਾਕ। ਪੰਡਾਲ ਵਿਚ ਬੇਚੈਨੀ ਫੈਲ ਗਈ।
“ਰਾਮ ਸਰਨ ਨਾਲ ਪੁੱਜ ਕੇ ਬੇਇਨਸਾਫੀ ਹੋਈ ਹੈ।” ਲੋਕ ਕਹਿ ਰਹੇ ਸਨ। ਉਹ ਵੀ ਮੰਚ ‘ਤੇ ਭੜਕਿਆ ਖੜ੍ਹਾ ਸੀ। ਉਸ ਦਾ ਕੋਚ ਮੁੜ-ਮੁੜ ਆਪਣੇ ਨੋਟ ਕੀਤੇ ਪੁਆਇੰਟ ਜੱਜਾਂ ਅਤੇ ਕਮੇਟੀ ਨੂੰ ਦਿਖਾ ਰਿਹਾ ਸੀ ਪਰ ਉਸ ਦੀ ਕੋਈ ਨਹੀਂ ਸੀ ਸੁਣ ਰਿਹਾ। ਉਧਰ ਰਾਮ ਸਰਨ ਦੀ ਟੀਮ ਦੇ ਸਾਥੀ ਵੀ ਮਰਨ ਮਾਰਨ ਨੂੰ ਤਿਆਰ ਹੋਏ ਖੜ੍ਹੇ ਸਨ। ਕੋਚ ਉਨ੍ਹਾਂ ਨੂੰ ਵੀ ਰੋਕ ਰਿਹਾ ਸੀ। ਫੌਜੀ ਕੋਚ ਅਨੁਸ਼ਾਸਨ ਦਾ ਜੋ ਪੱਕਾ ਸੀ।
ਲੋਕ ਆਪੋ-ਆਪਣੀਆਂ ਥਾਂਵਾਂ ‘ਤੇ ਖੜ੍ਹੇ ਹੋ ਗਏ। ਪੁਲਿਸ ਮੁਲਾਜ਼ਮਾਂ ਨੇ ਕਿਤੇ ਆ ਕੇ ਉਨ੍ਹਾਂ ਨੂੰ ਬਿਠਾਇਆ।
ਕੁਝ ਟਿਕ-ਟਿਕਾ ਹੋਣ ‘ਤੇ ਰਹਿੰਦੇ ਮੁਕਾਬਲੇ ਹੋਏ। ਨਾ ਕਿਸੇ ਨੇ ਸੁਆਦ ਨਾਲ ਦੇਖੇ, ਨਾ ਹੀ ਕਿਸੇ ਨੂੰ ਦੇਖਣ ਦਾ ਚਾਅ ਰਿਹਾ। ਸਾਰੇ ਰਾਮ ਸਰਨ ਬਾਰੇ ਸੋਚ ਰਹੇ ਸਨ। ਘੁਸਰ-ਮੁਸਰ ਜਾਰੀ ਸੀ। ਪੁਲਿਸ ਦੇ ਸਿਪਾਹੀ ਸੰਮਾਂ ਵਾਲੀਆਂ ਡਾਂਗਾਂ ਲਈ ਖੜ੍ਹੇ ਸਨ।
ਇਨਾਮ ਵੰਡਣ ਦੀ ਰਸਮ ਸ਼ੁਰੂ ਹੋਈ। ਅਨਾਊਂਸਰ ਨਾਂ ਬੋਲਦਾ। ਮੁੱਕੇਬਾਜ਼ ਆਉਂਦੇ, ਆਪਣੇ ਇਨਾਮ ਲੈ ਕੇ ਚਲੇ ਜਾਂਦੇ। ਰਾਮ ਸਰਨ ਨੂੰ ਦੂਜੇ ਦਰਜੇ ਦਾ ਇਨਾਮ ਲੈਣ ਲਈ ਬੁਲਾਇਆ ਗਿਆ। ਉਹ ਮੰਚ ‘ਤੇ ਜੇਤੂ ਵਾਂਗ ਗਿਆ ਪਰ ਮਾਈਕ ਅੱਗੇ ਜਾ ਕੇ ਰੁਕ ਗਿਆ ਤੇ ਕਹਿਣ ਲੱਗਾ, “ਮੇਰੇ ਨਾਲ ਬੇਇਨਸਾਫੀ ਹੋਈ ਹੈ। ਮੈਂ ਸਰੂਪ ਨਾਲ ਫੇਰ ਮੁਕਾਬਲਾ ਲੜਨ ਦਾ ਚੈਲਿੰਜ ਕਰਦਾ ਹਾਂ। ਜੇ ਉਹ ਵਾਕਿਆ ਈ ਜੇਤੂ ਹੈ ਤਾਂ ਮੇਰੇ ਨਾਲ ਮੁਕਾਬਲਾ ਫੇਰ ਲੜੇ… ਫੈਸਲਾ ਤਿੰਨ ਰਾਊਂਡ ਦੀ ਥਾਂ ‘ਤੇ ਪੰਜ ਰਾਊਂਡ ‘ਤੇ ਹੋਵੇਗਾ। ਤੇ ਹਰ ਰਾਊਂਡ ਤਿੰਨ ਮਿੰਟ ਦੀ ਥਾਂ ਪੰਜ ਮਿੰਟ ਦਾ ਹੋਵੇਗਾ, ਮਨਜ਼ੂਰ? ਕਿਥੇ ਹੈ ਸਰੂਪ?”
“ਅਸ਼ਕੇ ਓਏ ਜੁਆਨਾ ਤੇਰੇ ਹੌਸਲੇ ਦੇ… ਸ਼ਹਿਰ ਦੀਆਂ ਵੀਹੀਆਂ ਨੀਵੀਆਂ ਕਰ ਦਿੱਤੀਆਂ ਏਨ੍ਹੇ ਕੋਟ ‘ਤੇ ਬਿਲਾ ਜਾ ਲਾ ਕੇ।” ਬੁੱਢਾ ਕਹਿ ਰਿਹਾ ਸੀ। “ਨਿਕਲ ਹੁਣ ਪਤੰਦਰ ਮੂਰ੍ਹੇ।” ਹੁਣ ਬੁੱਢੇ ਦੀ ਗੱਲ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ।
ਪੰਡਾਲ ਵਿਚ ਫੇਰ ਰੌਲਾ ਪੈ ਗਿਆ, ਪ੍ਰਬੰਧਕ ਮੰਚ ‘ਤੇ ਜਾ ਕੇ ਰਾਮ ਸਰਨ ਨੂੰ ਸਮਝਾਉਣ ਲੱਗ ਪਏ, ਪਰ ਉਹ ਉਸੇ ਤਰ੍ਹਾਂ ਡਟਿਆ ਖੜ੍ਹਾ ਸੀ। ਪ੍ਰਬੰਧਕ ਰਾਮ ਸਰਨ ਦੇ ਹੱਥ ਧੱਕੇ ਨਾਲ ਇਨਾਮ ਫੜਾ ਰਹੇ ਸਨ, ਪਰ ਉਸ ਨੇ ਇਹ ਕਹਿ ਕੇ ਇਨਾਮ ਠੁਕਰਾ ਦਿੱਤਾ ਕਿ ਜੇ ਇਸ ਸ਼ਹਿਰ ਦੇ ਕਿਸੇ ਹੋਰ ਬੌਕਸਰ ਨੂੰ ਕੋਈ ਪ੍ਰਾਈਜ਼ ਨਹੀਂ ਮਿਲਿਆ ਤਾਂ ਇਹ ਪ੍ਰਾਈਜ਼ ਵੀ ਉਸ ਨੂੰ ਦੇ ਦਿੱਤਾ ਜਾਵੇ। ਫੇਰ ਉਸ ਨੂੰ ਪਰ੍ਹੇ ਖੜ੍ਹਾ ਸਰੂਪ ਦਿਸ ਪਿਆ।
ਉਹ ਉਵੇਂ ਹੀ ਗੁੱਸੇ ਦਾ ਭਰਿਆ ਪੀਤਾ ਉਸ ‘ਤੇ ਵਰ੍ਹ ਪਿਆ, “ਸਰੂਪ ਤੂੰ ਮੇਰੀ ਘਰ ਬੁਲਾ ਕੇ ਚੰਗੀ ਬੇਇੱਜਤੀ ਕਰਵਾਈ ਹੈ। ਇਥੇ ਤੇਰੇ ਜੱਜ ਸਨ, ਮੈਨੂੰ ਹਰਾ ਦਿੱਤਾ ਪਰ ਮਿੱਤਰਾ ਨੈਸ਼ਨਲ ਵਿਚ ਸਰਵਸਿਜ਼ ਰਾਹੀਂ ਆ, ਤੈਨੂੰ ਫੇਰ ਦੇਖੂੰਗਾ ਇਕ ਵਾਰ, ਤਿਆਰੀ ਕਰ ਲਈਂ।”