ਦਰਦ ਦੇ ਗੀਤ

ਡਾ. ਵਿਕਰਮ ਸੰਗਰੂਰ
ਫੋਨ: 91-98884-13836
ਹਰਭਜਨ ਮਾਨ ਗਾਉਂਦਾ ਹੋਵੇ ਤੇ ਉਸ ਨੂੰ ਸੁਣਦਿਆਂ ਕੋਈ ਅਧਵਾਟੇ ਛੱਡ ਤੁਰ ਜਾਵੇ, ਇਹ ਤਾਂ ਕਦੇ ਹੋ ਨਹੀਂ ਸਕਦਾ! ਪਰ ਇੰਨੇ ਸਾਲਾਂ ਵਿਚ ਮੈਨੂੰ ਅਜਿਹਾ ਪਹਿਲੀ ਵਾਰ ਮਹਿਸੂਸ ਹੋਇਆ, ਜਦੋਂ ਬਠਿੰਡੇ ਦੇ ਇੱਕ ਪ੍ਰੋਗਰਾਮ ਵਿਚ ਹਰਭਜਨ ਮਾਨ ਨੂੰ ਖਿੜ-ਖਿੜ ਹੱਸ ਕੇ, ਨੱਚ ਕੇ ਗਾਉਂਦਾ ਦੇਖ ਮੇਰਾ ਦਿਲ ਕਰ ਰਿਹਾ ਸੀ ਕਿ ਆਪਣੇ ਦੋਹਾਂ ਕੰਨਾਂ ਵਿਚ ਉਂਗਲਾਂ ਦੇ ਕੇ, ਛੇਤੀ ਤੋਂ ਛੇਤੀ ਉਠ ਕੇ ਬਾਹਰ ਵੱਲ ਕਿਧਰੇ ਦੂਰ ਅਜਿਹੀ ਥਾਂ ਵੱਲ ਦੌੜ ਜਾਵਾਂ, ਜਿੱਥੇ ਨਾ ਤਾਂ ਇਹ ਆਵਾਜ਼ ਕੰਨਾਂ ਵਿਚ ਪਵੇ ਅਤੇ ਨਾ ਹੀ ਇਹ ਖਿੜ-ਖਿੜ ਹੱਸ ਕੇ, ਨੱਚ ਕੇ ਗਾਉਂਦਾ ਚਿਹਰਾ ਅੱਖੀਆਂ ਨੂੰ ਦਿਸੇ।

ਪ੍ਰੋਗਰਾਮ ਵਿਚ ਬੈਠਿਆਂ ਮੇਰੀਆਂ ਅੱਖਾਂ ਜਦੋਂ ਵੀ ਹਰਭਜਨ ਮਾਨ ਦੇ ਚਿਹਰੇ ਵੱਲ ਦੇਖਦੀਆਂ ਤਾਂ ਮੈਨੂੰ ਉਹ ਨਹੀਂ, ਸਗੋਂ ਕਦੀ ਪਿੰਡ ਰਾਮੂੰਵਾਲਾ ਵਿਚ ਬਾਪੂ ਪਾਰਸ ਦੇ ਘਰ ਨੂੰ ਲੱਗਾ ਜੰਦਰਾ, ਕਦੀ ਪਿੰਡ ਖੇਮੂਆਣੇ ਦਾ ਸਕੂਲ ਅਤੇ ਕਦੀ ਸੁੰਨੇ ਪਏ ਹਰਭਜਨ ਮਾਨ ਦੇ ਜੱਦੀ ਘਰ ਦਾ ਵਿਹੜਾ ਨਜ਼ਰ ਆਉਂਦਾ ਸੀ। ਜੇ ਮੇਰੇ ਕੰਨਾਂ ਨੂੰ ਕੁਝ ਸੁਣਾਈ ਦੇ ਰਿਹਾ ਸੀ ਤਾਂ ਉਹ ਮੇਰੇ ਵਾਸਤੇ ਹਰਭਜਨ ਮਾਨ ਦੀ ਆਵਾਜ਼ ਵਿਚਲੇ ਗੀਤ ਨਹੀਂ, ਸਗੋਂ ਉਸ ਦੇ ਅੰਦਰ ਵਿਲਕਦੇ ਦਰਦ ਦੀਆਂ ਸਿਸਕੀਆਂ ਸਨ।
ਮੋਗੇ ਵਿਚ ਹੋਏ ਇੱਕ ਸਮਾਗਮ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਮਾਸੀ ਦੇ ਮੁੰਡੇ ਬਿੰਦਰ ਨੂੰ ਕਿਹਾ, “ਯਾਰ, ਅੱਜ ਦਿਲ ਕਰ ਰਿਹੈ ਪਿੰਡ ਰਾਮੂੰਵਾਲੇ ਜਾ ਕੇ ਬਾਪੂ ਪਾਰਸ ਦਾ ਉਹ ਘਰ ਮੁੜ ਵੇਖਣ ਨੂੰ, ਜਿੱਥੇ ਕਵੀਸ਼ਰਾਂ ਦੇ ਛੰਦ ਗੂੰਜਦੇ ਸਨ ਅਤੇ ਮਹਿਫਿਲਾਂ ਲੱਗਦੀਆਂ ਸਨ।” ਇਹ ਗੱਲ ਸੁਣ ਕੇ ਪਤਾ ਨਹੀਂ ਕਿਉਂ ਬਿੰਦਰ ਕੁਝ ਨਾ ਬੋਲਿਆ, ਬੱਸ ਸੁੰਨ ਜਿਹਾ ਹੋ ਗਿਆ, ਜਿਵੇਂ ਉਸ ਕੋਲ ਆਪਣੇ ਬਾਈ ਜੀ ਦੀ ਇਸ ਗੱਲ ਦਾ ਕੋਈ ਜਵਾਬ ਹੀ ਨਾ ਹੋਵੇ।
ਜਦੋਂ ਪਿੰਡ ਰਾਮੂੰਵਾਲੇ ਪਹੁੰਚ ਕੇ ਹਰਭਜਨ ਮਾਨ ਦੀ ਗੱਡੀ ਬਾਪੂ ਪਾਰਸ ਦੇ ਘਰ ਅੱਗੇ ਰੁਕੀ ਤਾਂ ਘਰ ਨੂੰ ਲੱਗਾ ਜੰਦਰਾ ਅਤੇ ਚਾਰ-ਚੁਫੇਰੇ ਪਸਰਿਆ ਸੰਨਾਟਾ ਦੇਖ ਹਰਭਜਨ ਮਾਨ ਦੇ ਚਿਹਰੇ ਦੀ ਮੁਸਕਾਨ ਜਿਵੇਂ ਕਿਧਰੇ ਗੁਆਚ ਗਈ। ਹਰਭਜਨ ਨੇ ਗੱਡੀ ਦੇ ਸ਼ੀਸ਼ੇ ਵਿਚੋਂ ਸੜਕ ਉਤੇ ਜਦੋਂ ਬੱਸ ਰੁਕਦਿਆਂ ਦੇਖੀ ਤਾਂ ਉਹ ਗੱਡੀ ਵਿਚੋਂ ਬਾਹਰ ਆਉਣ ਲੱਗੇ ਤਾਂ ਬਿੰਦਰ ਨੇ ਪੁੱਛਿਆ, “ਕਿੱਥੇ ਚੱਲੇ ਬਾਈ ਜੀ?” ਹਰਭਜਨ ਨੇ ਕਿਹਾ, “ਘਰ ਨੂੰ ਪਹਿਲਾਂ ਹੀ ਜੰਦਰਾ ਲਾ ਦਿੱਤਾ ਯਾਰ! ਮੈਂ ਜ਼ਰਾ ਇਹ ਤਾਂ ਦੇਖ ਆਵਾਂ ਕਿ ਬੱਸ ਵਿਚ ਕੋਈ ਬਾਪੂ ਜੀ ਦੇ ਚਾਹੁਣ ਵਾਲੇ ਹੀ ਨਾ ਆ ਰਹੇ ਹੋਣ!”
ਜਦੋਂ ਬਿੰਦਰ ਇਹ ਸੁਣ ਕੇ ਚੁੱਪ ਹੋ ਗਿਆ ਤਾਂ ਹਰਭਜਨ ਕਹਿਣ ਲੱਗਾ, “ਇਹ ਬਾਪੂ ਪਾਰਸ ਦਾ ਘਰ ਹੈ, ਇਸ ਘਰ ਦੇ ਬੂਹੇ ਨੂੰ ਕਦੀ ਜੰਦਰਾ ਨਹੀਂ ਸੀ ਲੱਗਦਾ ਅਤੇ ਬੁੱਢੀਆਂ ਨੇ ਜਦੋਂ ਰਾਤ ਦੀ ਰੋਟੀ ਲਈ ਆਟਾ ਗੁੰਨ੍ਹਣਾ ਹੁੰਦਾ ਤਾਂ ਉਹ ਪਿੰਡ ਵਿਚ ਸ਼ਾਮ ਨੂੰ ਆਉਣ ਵਾਲੀ ਅਖੀਰਲੀ ਬੱਸ ਦੇ ਸਮੇਂ ਹਰ ਰੋਜ਼ ਕਿਸੇ ਨੂੰ ਬੱਸ ਅੱਡੇ ਇਹ ਦੇਖਣ ਲਈ ਭੇਜਦੀਆਂ ਕਿ ਬਾਪੂ ਜੀ ਨੂੰ ਮਿਲਣ ਵਾਸਤੇ ਹੋਰ ਪੰਜ-ਦਸ ਬੰਦੇ ਤਾਂ ਇਸ ਬੱਸ ਵਿਚ ਨਹੀਂ ਆਏ, ਜਿਨ੍ਹਾਂ ਦੇ ਰਾਤ ਦੇ ਰਹਿਣ ਅਤੇ ਰੋਟੀ ਦਾ ਬੰਦੋਬਸਤ ਕੀਤਾ ਜਾਵੇ। ਇੰਨਾ ਚਾਅ ਹੁੰਦਾ ਸੀ, ਇਸ ਘਰ ਦੇ ਜੀਆਂ ਨੂੰ ਕਿਸੇ ਦੇ ਆਉਣ ਦਾ!”
ਹਰਭਜਨ ਮਾਨ ਨੇ ਬਾਪੂ ਪਾਰਸ ਦੇ ਘਰ ਦੇ ਬੂਹੇ ਨੂੰ ਲੱਗੇ ਜੰਦਰੇ ਨੂੰ ਆਪਣੀਆਂ ਭਿੱਜੀਆਂ ਅੱਖਾਂ ਨਾਲ ਦੇਖਦਿਆਂ ਕਿਹਾ, “ਬਿੰਦਰ, ਅੱਜ ਪਤਾ ਨਹੀਂ ਮਨ ਕਿਉਂ ਉਦਾਸ ਹੈ, ਬਹੁਤ ਚੰਗਾ ਹੋਵੇ ਜੇ ਆਪਾਂ ਬਠਿੰਡੇ ਜਾਣ ਤੋਂ ਪਹਿਲਾਂ ਇੱਕ ਵਾਰ ਕੁਝ ਪਲਾਂ ਲਈ ਪਿੰਡ ਖੇਮੂਆਣੇ ਆਪਣੇ ਘਰ ਵੀ ਹੋ ਆਈਏ।”
ਜਦੋਂ ਗੱਡੀ ਪਿੰਡ ਖੇਮੂਆਣੇ ਪਹੁੰਚੀ ਤਾਂ ਘਰ ਪਹੁੰਚਣ ਤੋਂ ਪਹਿਲਾਂ ਹੀ ਹਰਭਜਨ ਨੇ ਇਕਦਮ ਕਿਹਾ, “ਗੱਡੀ ਰੋਕੋ!” ਗੱਡੀ ਜਿੱਥੇ ਰੁਕੀ ਉਥੇ ਉਹ ਸਕੂਲ ਸੀ, ਜਿੱਥੇ ਹਰਭਜਨ ਮਾਨ ਨਿੱਕੇ ਹੁੰਦਿਆਂ ਪੜ੍ਹਿਆ ਸੀ। ਜਦੋਂ ਸਕੂਲ ਦੇ ਕਮਰਿਆਂ ਵੱਲ ਹਰਭਜਨ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀ ਤਾਂ ਬਿੰਦਰ ਨੇ ਹਸਾਉਣ ਲਈ ਕਿਹਾ, “ਬਾਈ ਜੀ, ਦੇਖਿਓ ਕਿਧਰੇ ਮਾਸਟਰ ਬਿਹਾਰੀ ਲਾਲ ਨਾ ਆ ਜਾਵੇ ਸਾਹਮਣਿਓਂ! ਯਾਦ ਹੈ ਤੁਹਾਨੂੰ, ਉਨ੍ਹਾਂ ਦਾ ਡੰਡਾ! ਜਦੋਂ ਬਿਨਾ ਸਵਾਲ ਸੁਣੇ ਹੀ ਤੁਸੀਂ ਜਵਾਬ ਦੇਣ ਲਈ ਫਸਟ ਆਉਣ ਵਾਸਤੇ ਆਪਣਾ ਹੱਥ ਸਭ ਤੋਂ ਪਹਿਲਾਂ ਖੜ੍ਹਾ ਕਰ ਦਿੱਤਾ ਸੀ ਅਤੇ ਜਦੋਂ ਸਵਾਲ ਦਾ ਜਵਾਬ ਤੁਹਾਨੂੰ ਨਾ ਆਇਆ! ਉਹ ਤਾਂ ਸ਼ੁਕਰ ਕਰੋ ਭੈਣ ਜਸਵਿੰਦਰ ਦਾ, ਜਿਨ੍ਹਾਂ ਤੁਹਾਨੂੰ ਮੌਕੇ ‘ਤੇ ਆ ਕੇ ਬਚਾ ਲਿਆ, ਨਹੀਂ ਤਾਂ ਮਾਸਟਰ ਜੀ ਦੇ ਡੰਡਿਆਂ ਤੋਂ ਕੌਣ ਬਚਿਆ?”
‘ਜਸਵਿੰਦਰ’ ਨਾਂ ਸੁਣ ਕੇ ਕੁਝ ਪਲ ਮੁਸਕਰਾਉਂਦਿਆਂ ਹਰਭਜਨ ਨੇ ਕਿਹਾ, “ਘਰ ਦਿਆਂ ਨੇ ਮੇਰਾ ਅਤੇ ਵੱਡੀ ਭੈਣ, ਸਾਡਾ ਦੋਹਾਂ ਦਾ ਨਾਂ ‘ਜਸਵਿੰਦਰ’ ਰੱਖਿਆ ਸੀ। ਨਾਂ ਪਿੱਛੇ ਅਕਸਰ ਵੱਡੀ ਭੈਣ ਨਾਲ ਮੇਰੀ ਲੜਾਈ ਹੋ ਜਾਣੀ ਕਿ ਮੇਰਾ ਨਾਂ ਜਸਵਿੰਦਰ ਹੈ, ਤੂੰ ਆਪਣਾ ਨਾਂ ਹੋਰ ਰੱਖ ਲੈ। ਇਸ ਸਕੂਲ ਵਿਚ ਜਦੋਂ ਮੇਰਾ ਦਾਖਲਾ ਹੋਣ ਲੱਗਾ ਤਾਂ ਵੱਡੀ ਭੈਣ ਨੇ ਮੇਰਾ ਨਾਂ ਬਦਲ ਕੇ ‘ਹਰਭਜਨ’ ਲਿਖਵਾ ਦਿੱਤਾ। ਉਦੋਂ ਮੈਂ ਬਹੁਤ ਲੜਿਆ ਕਿ ਭੈਣ ਤੂੰ ਮੇਰਾ ਨਾਂ ਕਿਉਂ ਬਦਲਿਆ, ਤੂੰ ਆਪਣਾ ਨਾਂ ਬਦਲਣਾ ਸੀ। ਹੁਣ ਭੈਣ ਅਕਸਰ ਆਖਦੀ ਹੈ, ਦੇਖਿਆ ਮੇਰਾ ਦਿੱਤਾ ‘ਹਰਭਜਨ’ ਨਾਂ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ! ਕਿੰਨਾ ਹੀ ਸਮਾਂ ਹੋ ਗਿਆ ਸਾਰੇ ਭੈਣ-ਭਰਾਵਾਂ ਨੂੰ ਇਕੱਠੇ ਹੋਇਆਂ। ਦਿਲ ਕਰਦੈ ਅਸੀਂ ਕਦੀ ਫਿਰ ਇਕੱਠੇ ਹੋ ਜਾਈਏ। ਜੇ ਕਦੀ ਸਾਰੇ ਇਕੱਠੇ ਹੋਏ ਤਾਂ ਹੋਏ ਵੀ ਕਿੱਥੇ, ਜਦੋਂ ਵੱਡਾ ਵੀਰ ਭੋਲਾ ਪੂਰਾ ਹੋਇਆ ਜਾਂ ਮੇਰੇ ਬਾਈ ਜੀ! ਸਭ ਗੁਆਚ ਗਿਆ ਯਾਰ, ਬੱਸ ਯਾਦਾਂ ਰਹਿ ਗਈਆਂ।” ਇੰਨਾ ਆਖ ਹਰਭਜਨ ਮਾਨ ਆਪਣੇ ਚਿਹਰੇ ਉਤੇ ਕੁਝ ਪਲਾਂ ਲਈ ਆਈ ਮੁਸਕਾਨ ਨੂੰ ਉਥੇ ਹੀ ਛੱਡ ਆਪਣੇ ਜੱਦੀ ਘਰ ਵੱਲ ਤੁਰ ਪਿਆ।
ਘਰ ਦੇ ਸੁੰਨੇ ਕਮਰਿਆਂ ਵਿਚ ਹਰਭਜਨ ਮਾਨ ਇਸ ਤਰ੍ਹਾਂ ਅੰਦਰ-ਬਾਹਰ ਜਾ ਰਿਹਾ ਸੀ, ਜਿਵੇਂ ਉਸ ਦੀਆਂ ਅੱਖਾਂ ਕੁਝ ਗੁਆਚਿਆ ਭਾਲ ਰਹੀਆਂ ਹੋਣ। ਜਦੋਂ ਘਰ ਅੰਦਰੋਂ ਹਰਭਜਨ ਬਾਹਰ ਆਇਆ ਤਾਂ ਉਸ ਨਾਲ ਸਿਵਾਏ ਭਰੀਆਂ ਅੱਖਾਂ ਦੇ ਹੋਰ ਕੁਝ ਵੀ ਨਹੀਂ ਸੀ। ਅੱਖਾਂ ਪੂੰਝਦਿਆਂ ਕਹਿੰਦਾ, “ਚਲੋ ਯਾਰ ਸ਼ੋਅ ਵਾਲੇ ਉਡੀਕ ਰਹੇ ਹੋਣੇ। ਸੱਚ ਦੱਸਾਂ, ਅੱਜ ਬਹੁਤ ਕੁਝ ਪਾ ਲਿਆ ਇਸ ਹਰਭਜਨ ਨੇ, ਪਰ ਗਵਾਇਆ ਵੀ ਬਹੁਤ ਕੁਝ ਹੈ, ਇਹ ਤਾਂ ਮੈਂ ਹੀ ਜਾਣਦਾ ਕਿ ਮੇਰੇ ਪੈਰ ਕਿਸ ਤਰ੍ਹਾਂ ਚੱਲ ਸਕੇ ਮੇਰੇ ਘਰ ਦੇ ਸੁੰਨੇ ਵਿਹੜੇ ਵਿਚ!”
ਸੁੰਨੇ ਵਿਹੜਿਆਂ ਵਿਚੋਂ ਲੰਘ ਕੇ ਹਰਭਜਨ ਮਾਨ ਦੇ ਪੈਰ ਖੇਮੂਆਣੇ ਤੋਂ ਕੁਝ ਮਿੰਟਾਂ ਬਾਅਦ ਹੀ ਉਸ ਥਾਂ ਸਨ, ਜਿੱਥੇ ਉਨ੍ਹਾਂ ਨੇ ਗਾਉਣਾ ਸੀ।
ਮੇਰੀਆਂ ਅੱਖਾਂ ਅੱਗੋਂ ਜਦੋਂ ਪਿੰਡ ਰਾਮੂੰਵਾਲਾ ਵਿਚ ਬਾਪੂ ਪਾਰਸ ਦੇ ਘਰ ਨੂੰ ਲੱਗਾ ਜੰਦਰਾ, ਪਿੰਡ ਖੇਮੂਆਣੇ ਦਾ ਸਕੂਲ ਅਤੇ ਸੁੰਨੇ ਪਏ ਹਰਭਜਨ ਮਾਨ ਦੇ ਜੱਦੀ ਘਰ ਦੇ ਵਿਹੜੇ ਦਾ ਪਰਦਾ ਚੁੱਕਿਆ ਗਿਆ ਤਾਂ ਖਿੜ-ਖਿੜ ਕਰਕੇ ਗਾਉਂਦਾ, ਨੱਚਦਾ ਅਤੇ ਨਚਾਉਂਦਾ ਹਰਭਜਨ ਮਾਨ ਫਿਰ ਦਿਸਣ ਲੱਗਾ। ਮੈਂ ਜਾਣਦਾ ਸਾਂ, ਇਸ ਵਕਤ ਹਰਭਜਨ ਮਾਨ ਗਾਇਕ ਨਹੀਂ, ਸਗੋਂ ਇੱਕ ‘ਅਦਾਕਾਰ’ ਦਾ ਕਿਰਦਾਰ ਨਿਭਾ ਰਿਹਾ ਹੈ। ਕਿਰਦਾਰ ਵੀ ਉਸ ਅਦਾਕਾਰ ਦਾ, ਜਿਸ ਨੇ ਸਿਰਫ ਲੋਕਾਂ ਨੂੰ ਨਚਾਉਣਾ ਹੈ, ਹਸਾਉਣਾ ਹੈ ਅਤੇ ਆਪਣੇ ਫਨ ਨਾਲ ਉਨ੍ਹਾਂ ਦੇ ਟੁੱਟੇ ਦਿਲਾਂ ਉਤੇ ਮਰਹਮ ਲਾਉਣਾ ਹੈ।
ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਹਰਭਜਨ ਮਾਨ ਦੇ ਗਲ ਅੰਦਰੋਂ ਖੁਸ਼ੀਆਂ ਦੇ ਗੀਤ ਨਹੀਂ, ਸਗੋਂ ‘ਦਰਦ ਦੇ ਗੀਤ’ ਨਿਕਲ ਰਹੇ ਹੋਣ, ਜਿਨ੍ਹਾਂ ਨੂੰ ਸੁਣ ਕੇ ਸਭ ਦੇ ਪੈਰ ਨੱਚ ਰਹੇ ਸਨ, ਪਰ ਗੀਤ ਗਾਉਣ ਵਾਲੇ ਦੇ ਆਪਣੇ ਪੈਰ ਜ਼ਖਮੀ ਸਨ!