‘ਪੱਗੜੀ ਸੰਭਾਲ ਓ ਜੱਟਾ’ ਲਹਿਰ

‘ਪੰਜਾਬ ਟਾਈਮਜ਼’ ਦੇ 6 ਅਪਰੈਲ 2013 ਵਾਲੇ ਅੰਕ ਵਿਚ ਸ਼ ਸੁਖਵੰਤ ਸਿੰਘ ਦਾ ਲਿਖਿਆ ਲੇਖ ‘ਪੰਜਾਬ 1907: ਏਕੇ ਦਾ ਇਤਿਹਾਸ’ ਪੜ੍ਹਿਆ। ਇਹ ਲੇਖ ਮੁੱਢ ਤੋਂ ਅੰਤ ਤੱਕ, ਸਮੇਂ ‘ਚ ਬੱਝੀਆਂ ਕ੍ਰਮਵਾਰ ਘਟਨਾਵਾਂ ਦੀ ਸਰਲ ਸ਼ਬਦਾਂ ‘ਚ ਬਿਆਨ ਕੀਤੀ ਵੱਡਮੁੱਲੀ ਜਾਣਕਾਰੀ ਨਾਲ ਭਰਪੂਰ ਹੈ। ਲੇਖਕ ਦੀ ਸੂਝ-ਬੂਝ, ਲਿਆਕਤ ਅਤੇ ਵਿਸ਼ੇ ‘ਤੇ ਜ਼ਬਰਦਸਤ ਪਕੜ ਹੈਰਾਨੀਜਨਕ ਹੈ। ਮੈਨੂੰ ਵੀ ਇਸ ਵਿਸ਼ੇ ‘ਤੇ ਕੁਝ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ ਹੈ। ਪੰਜਾਬ ਦੇ ਕਿਰਤੀ ਕਿਸਾਨਾਂ ਦੀ 1907 ਦੀ ਇਸ ਲਹਿਰ ਬਾਰੇ ਕੁਝ ਤੱਥ ਅਤੇ ਵੇਰਵੇ ਮੈਂ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਕਿਸਾਨਾਂ ਦੇ ਇਸ ਅੰਦੋਲਨ ਵਿਚ ਸੂਫ਼ੀ ਅੰਬਾ ਪ੍ਰਸ਼ਾਦ, ਸ੍ਰੀ ਪਿੰਡੀ ਦਾਸ ਅਤੇ ਲਾਲਾ ਬਾਂਕੇ ਦਿਆਲ ਦਾ ਪਾਇਆ ਯੋਗਦਾਨ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸ਼ ਅਜੀਤ ਸਿੰਘ (ਸ਼ਹੀਦ-ਏ-ਆਜ਼ਮ ਸ਼ ਭਗਤ ਸਿੰਘ ਦੇ ਚਾਚਾ ਜੀ), ਸ੍ਰੀ ਪਿੰਡੀ ਦਾਸ ਅਤੇ ਸੂਫ਼ੀ ਅੰਬਾ ਪ੍ਰਸ਼ਾਦ ਨੇ ਮਿਲ ਕੇ ‘ਭਾਰਤ ਮਾਤਾ ਸੁਸਾਇਟੀ’ ਨਾਮੀ ਸੰਸਥਾ ਬਣਾਈ ਸੀ। ਲਾਲਾ ਲਾਜਪਤ ਰਾਏ ਨੇ ਇਸ ਸੰਸਥਾ ਦੀ ਤਨਦੇਹੀ ਨਾਲ ਸੇਵਾ ਕੀਤੀ। ਸ਼ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਦੀਆਂ ਧੜੱਲੇਦਾਰ ਤਕਰੀਰਾਂ, ਸੂਫੀ ਅੰਬਾ ਪ੍ਰਸ਼ਾਦ ਦੇ ਲਿਖੇ ਕ੍ਰਾਂਤੀਕਾਰੀ ਲੇਖਾਂ ਅਤੇ ਲਾਲਾ ਬਾਂਕੇ ਦਿਆਲ ਦੀ ਹਰਮਨ ਪਿਆਰੀ ਕਵਿਤਾ ‘ਪੱਗੜੀ ਸੰਭਾਲ ਓ ਜੱਟਾ, ਪੱਗੜੀ ਸੰਭਾਲ ਓ’ ਨੇ ਇਸ ਸੰਘਰਸ਼ ਦੀ ਆਵਾਜ਼ ਦੇਸ-ਪਰਦੇਸ ਪਹੁੰਚਾ ਦਿੱਤੀ। ਉਸ ਸਮੇਂ ਇਹ ਕਵਿਤਾ ਇੰਨੀ ਮਸ਼ਹੂਰ ਹੋਈ ਕਿ ਇਸ ਅੰਦੋਲਨ ਦਾ ਨਾਂ ਹੀ ‘ਪੱਗੜੀ ਸੰਭਾਲ ਓ ਜੱਟਾ’ ਪੈ ਗਿਆ। ਲਾਲਾ ਬਾਂਕੇ ਦਿਆਲ ‘ਝੰਗ ਸਿਆਲ’ ਅਖ਼ਬਾਰ ਦੇ ਸੰਪਾਦਕ ਸਨ। ਅੰਗਰੇਜ਼ ਹਾਕਮਾਂ ਨੇ ਉਨ੍ਹਾਂ ਉਤੇ ਵਿਦਰੋਹੀ ਲਿਖਤਾਂ ਅਖ਼ਬਾਰ ‘ਚ ਛਪਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਦਾ ਅਖ਼ਬਾਰ ਜ਼ਬਤ ਕਰ ਲਿਆ ਅਤੇ ਦੇਸ਼ ਨਿਕਾਲਾ ਦੇ ਦਿੱਤਾ।
ਸੂਫੀ ਅੰਬਾ ਪ੍ਰਸ਼ਾਦ (1858-1919) ਮੁਰਾਦਾਬਾਦ (ਉਤਰ ਪ੍ਰਦੇਸ਼) ‘ਚ ਜਨਮੇ ਸਨ। ‘ਪੇਸ਼ਵਾ’ ਅਖ਼ਬਾਰ ਦੇ ਸੰਪਾਦਕ ਸਨ। 1907 ‘ਚ ਪੁਲਿਸ ਛਾਪੇ ਸਮੇਂ ਉਨ੍ਹਾਂ ਨੂੰ ਨੇਪਾਲ ਵੱਲ ਭੱਜਣਾ ਪਿਆ। ਪਹਿਲਾਂ ਨੇਪਾਲ ‘ਚ ਪਨਾਹ ਲਈ, ਫਿਰ ਪਰਸ਼ੀਆ (ਇਰਾਨ) ਚਲੇ ਗਏ। ਸਾਰੀ ਉਮਰ ਦੇਸ਼ ਦੀ ਆਜ਼ਾਦੀ ਲਈ ਜੱਦੋਜਹਿਦ ਕਰਦੇ ਰਹੇ। ਅਖ਼ੀਰ 1919 ਵਿਚ ਅੰਗਰੇਜ਼ ਫੌਜ ਨਾਲ ਯੁੱਧ ਕਰਦਿਆਂ ਇਰਾਨ ਦੇ ਸ਼ਹਿਰ ਸ਼ਿਰਾਜ ‘ਚ ਸ਼ਹੀਦ ਹੋ ਗਏ।
17 ਅਪਰੈਲ 1907 ਨੂੰ ਮੁਲਤਾਨ ‘ਚ ਹੋਏ ਰੋਸ ਮੁਜ਼ਾਹਰੇ ਪਿੱਛੋਂ 21 ਅਪਰੈਲ 1907 ਨੂੰ ਗੰਜ ਮੰਡੀ ਰਾਵਲਪਿੰਡੀ ਵਿਚ ਇਕੱਠ ਰੱਖਿਆ ਗਿਆ। ਇਸ ਜਲਸੇ ਵਿਚ ਸ਼ ਅਜੀਤ ਸਿੰਘ ਨੇ ਜੋਸ਼ੀਲੀ ਅਤੇ ਪ੍ਰਭਾਵਸ਼ਾਲੀ ਤਕਰੀਰ ਕੀਤੀ ਜੋ ਬੜੀ ਗਰਮ ਅਤੇ ਸੁਤੰਤਰਤਾ ਦੇ ਵਲਵਲਿਆਂ ਨਾਲ ਲਬਾਲਬ ਸੀ। ਸ਼ ਅਜੀਤ ਸਿੰਘ ਦੀ ਇਸ ਤਕਰੀਰ ਦੇ ਕੁਝ ਅੰਸ਼ ਹਾਜ਼ਰ ਹਨ,
“ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹਿੰਦੂ ਤੇ ਮੁਸਲਮਾਨ ਵੀਰੋ! ਇਕੱਠੇ ਹੋਵੇ, ਹੁਣ ਤੁਹਾਡਾ ਸਮਾਂ ਹੈ। ਅਸੀਂ ਤੀਹ ਕਰੋੜ ਹਾਂ, ਉਹ (ਅੰਗਰੇਜ਼) ਡੇਢ ਲੱਖ। ਹਵਾ ਦਾ ਇਕ ਬੁੱਲਾ (ਹੀ) ਉਨ੍ਹਾਂ ਨੂੰ ਉਡਾ ਸਕਦਾ ਹੈ। ਤੋਪਾਂ ਕਿਸੇ ਕੰਮ ਦੀਆਂ ਨਹੀਂ। ਇਕ ਉਂਗਲ ਨੂੰ ਸੌਖ ਨਾਲ ਤੋੜਿਆ ਜਾ ਸਕਦਾ ਹੈ, ਜਦੋਂ ਪੰਜੇ ਉਂਗਲਾਂ ਇਕੱਠੀਆਂ ਹੋ ਕੇ ਮੁੱਠੀ ਬਣ ਜਾਂਦੀ ਹੈ ਤਾਂ ਕੋਈ ਇਸ ਨੂੰ ਤੋੜ ਨਹੀਂ ਸਕਦਾ। ਉਹ ਸੱਤ ਸਮੁੰਦਰ ਪਾਰੋਂ ਸਾਡੇ ‘ਤੇ ਰਾਜ ਕਰਨ ਆਏ ਹਨ।æææਲਾਰਡ ਲਿਟਨ ਦੇ ਸਮੇਂ ਲੱਖਾਂ ਲੋਕ ਅਕਾਲ ਕਾਰਨ ਮਰੇ। ਚੰਗਾ ਹੋਵੇ, ਅਸੀਂ ਉਸ ਨੂੰ ਲਾਰਡ ‘ਲੁੱਟਣ’ ਆਖੀਏ। ਲੋਕ ਮਰ ਗਏ, ਪਰ ਇਸ ਸਭ ਕੁਝ ਤੋਂ ਪ੍ਰਭਾਵਿਤ ਹੋਏ ਬਿਨਾਂ ਲਾਰਡ ਦਿੱਲੀ ਵਿਚ ਐਸ਼ ਕਰਦਾ ਰਿਹਾ। ਕੀ ਸਰਕਾਰ ਚਲਾਉਣ ਵਾਲਿਆਂ ਦੇ ਇਸ ਰਵੱਈਏ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ?”
“æææਪਲੇਗ ਕਾਰਨ ਸਾਡੇ ਹਜ਼ਾਰਾਂ ਭਾਈ ਚੱਲ ਵਸੇ, ਪਰ ਸਰਕਾਰ ਦੇ ਕੰਨੀਂ ਜੂੰ ਨਾ ਸਰਕੀ।æææਮਾਮਲਾ ਨਾ ਦਿਉ, ਜੇਲ੍ਹ ਨੂੰ ਤੀਰਥ ਸਥਾਨ ਸਮਝੋ। ਅਧਿਆਪਕ ਸਾਡੇ ਵੱਲ ਹਨ, ਸਿਪਾਹੀ ਸਾਡੀ ਪਿੱਠ ‘ਤੇ ਹਨ, ਬਹਿਰੇ ਤੇ ਖ਼ਾਨਸਾਮੇ ਸਾਡੇ ਨਾਲ ਹਨ, ਇਨ੍ਹਾਂ ਸਾਹਿਬਾਂ (ਅੰਗਰੇਜ਼ਾਂ) ਨੂੰ ਆਪਣੀ ਰੋਟੀ ਆਪ ਪਕਾਉਣ ਦਿਉ।”
“ਇਕ ਵਾਰ ਮੇਰੀ ਗੱਲਬਾਤ ਇਕ ਰੂਸੀ ਨਾਲ ਹੋਈ। ਉਸ ਨੇ ਕਿਹਾ, ‘ਤੁਸੀਂ ਗਿਣਤੀ ਵਿਚ ਇਤਨੇ ਜ਼ਿਆਦਾ ਹੋ ਅਤੇ ਤੁਹਾਡੇ ਸ਼ਾਸਕ ਮੁੱਠੀ ਭਰ ਹਨ।’æææਸ਼ਰਮ ਦੇ ਮਾਰੇ ਮੇਰਾ ਸਿਰ ਝੁਕ ਗਿਆ। ਮੈਂ ਚੁੱਪ ਰਿਹਾ, ਕੋਈ ਉਤਰ ਨਾ ਦੇ ਸਕਿਆ।”
“ਕੀ ਫਰਕ ਪੈਂਦਾ ਹੈ ਜੇ ਅਸੀਂ ਦੇਸ਼ ਦੀ ਖਾਤਰ ਮਰ ਵੀ ਜਾਈਏ, ਕਿਉਂਕਿ ਪਲੇਗ ਕਾਰਨ ਵੀ ਤਾਂ ਮਰ ਸਕਦੇ ਹਾਂ। ਇਸ ਲਈ ਬਿਹਤਰ ਹੈ ਕਿ ਪਲੇਗ ਅਤੇ ਕਾਲ ਦੀ ਥਾਂ ਦੇਸ਼ ਲਈ ਮਰੀਏ।æææਇਸ ਮੌਕੇ ਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ ਅਤੇ ਤਕੜੀ ਸੱਟ ਮਾਰਨੀ ਚਾਹੀਦੀ ਹੈ, ਜਦੋਂ ਕਿ (ਹੁਣ) ਲੋਹਾ ਗਰਮ ਹੈ।”
(ਹਵਾਲਾ: ਸੰਤ ਬਾਬਾ ਵਿਸਾਖਾ ਸਿੰਘ, ਲੇਖਕ: ਬਿਕਰਮ ਸਿੰਘ ਘੁੰਮਣ, ਵਾਰਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ)
ਸ਼ ਅਜੀਤ ਸਿੰਘ ਦੀ ਤਕਰੀਰ ਦੇ ਅਖੀਰ ‘ਚ ‘ਬੋਲੇ ਸੋ ਨਿਹਾਲ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉਠਿਆ।
ਇਸ ਅੰਦੋਲਨ ‘ਚ ਪੰਜਾਬ ਦੇ ਕਿਸਾਨਾਂ ਦੀ ਸਫ਼ਲਤਾ ਤਾਂ ਹੋਈ ਹੀ, ਨਾਲ ਹੀ ਇਸ ਲਹਿਰ ਤੋਂ ਪ੍ਰੇਰਨਾ ਲੈ ਕੇ ਕਈ ਦੇਸ਼ ਭਗਤ ਪੁੰਗਰ ਪਏ। ਮਿਸਾਲ ਵਜੋਂ ਬਾਬਾ ਵਿਸਾਖਾ ਸਿੰਘ ਅਤੇ ਬਾਬਾ ਹਰੀ ਸਿੰਘ ਉਸਮਾਨ-ਦੋਵੇਂ ਗ਼ਦਰੀ ਬਾਬੇ ਇਸ ਕਿਸਾਨ ਅੰਦੋਲਨ ਦੀ ਉਪਜ ਸਨ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।

Be the first to comment

Leave a Reply

Your email address will not be published.