ਹਿਊਸਟਨ ‘ਚ ਸਿੱਖ ਪੁਲਿਸ ਅਫਸਰ ਦਾ ਗੋਲੀ ਮਾਰ ਕੇ ਕਤਲ

ਹਿਊਸਟਨ, ਟੈਕਸਸ (ਬਿਊਰੋ): ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸਨਦੀਪ ਸਿੰਘ ਧਾਲੀਵਾਲ (42) ਦੀ ਟਰੈਫਿਕ ਸਿਗਨਲ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਉਸ ਦੇ ਸਿਰ ‘ਚ ਕਈ ਗੋਲੀਆਂ ਮਾਰੀਆਂ ਗਈਆਂ। ਪੁਲਿਸ ਤੁਰਤ ਹਰਕਤ ‘ਚ ਆਈ ਅਤੇ ਦੋਸ਼ੀ ਨੂੰ ਫੜ ਲਿਆ। ਡਿਪਟੀ ਧਾਲੀਵਾਲ ਨੇ ਇਕ ਕਾਰ ਨੂੰ ਰੋਕਿਆ ਸੀ, ਜਿਸ ‘ਚ ਮਹਿਲਾ ਅਤੇ ਇਕ ਵਿਅਕਤੀ ਸਵਾਰ ਸਨ। ਵਾਹਨ ‘ਚੋਂ ਇਕ ਵਿਅਕਤੀ ਬਾਹਰ ਨਿਕਲਿਆ ਅਤੇ ਉਸ ਨੇ ਗੋਲੀਆਂ ਚਲਾ ਦਿੱਤੀਆਂ।

ਸਨਦੀਪ ਸਿੰਘ ਧਾਲੀਵਾਲ ਕਾਊਂਟੀ ਦੇ ਪਹਿਲੇ ਸਿੱਖ ਡਿਪਟੀ ਸਨ ਅਤੇ ਉਨ੍ਹਾਂ 10 ਸਾਲ ਪਹਿਲਾਂ ਪੁਲਿਸ ਵਿਭਾਗ ‘ਚ ਨੌਕਰੀ ਸ਼ੁਰੂ ਕੀਤੀ ਸੀ। ਉਹ ਟੈਕਸਸ ਦੇ ਅਜਿਹੇ ਪਹਿਲੇ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਕੰਮ ਦੌਰਾਨ ਸਿੱਖ ਧਰਮ ਦੀ ਰਵਾਇਤ ਮੁਤਾਬਕ ਦਾੜ੍ਹੀ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਮਿਲੀ ਹੋਈ ਸੀ। ਹੈਰਿਸ ਕਾਊਂਟੀ ਸ਼ੈਰਿਫ ਦੇ ਦਫਤਰ ‘ਚ ਮੇਜਰ ਮਾਈਕ ਲੀ ਮੁਤਾਬਕ ਡਿਪਟੀ ਧਾਲੀਵਾਲ ਨੇ ਸਈਪ੍ਰੈੱਸ ਏਰੀਆ ‘ਚ ਵਿਲੈਂਸੀ ਕੋਰਟ ‘ਚ ਦੁਪਹਿਰ ਕਰੀਬ ਪੌਣੇ ਇਕ ਵਜੇ ਇਕ ਕਾਰ ਨੂੰ ਰੋਕਿਆ। ਲੀ ਨੇ ਕਿਹਾ ਕਿ ਡੈਸ਼ਕੈਮ ਵੀਡੀਓ ਤੋਂ ਪਤਾ ਲੱਗਾ ਕਿ ਧਾਲੀਵਾਲ ਅਤੇ ਕਾਰ ‘ਚ ਬੈਠੇ ਸ਼ੱਕੀ ਰੌਬਰਟ ਸੋਲਿਸ (47) ਵਿਚਾਲੇ ਕੁਝ ਗੱਲਬਾਤ ਹੋਈ, ਪਰ ਕਿਸੇ ਤਕਰਾਰ ਦਾ ਕੋਈ ਸੰਕੇਤ ਨਹੀਂ ਮਿਲਿਆ।
ਡਿਪਟੀ ਧਾਲੀਵਾਲ ਕੁਝ ਪਲਾਂ ਮਗਰੋਂ ਜਦੋਂ ਆਪਣੀ ਸਕੁਐਡ ਕਾਰ ਵੱਲ ਪਰਤਿਆ ਤਾਂ ਹਮਲਾਵਰ ਭੱਜ ਕੇ ਉਸ ਕੋਲ ਆਇਆ ਅਤੇ ਸਿਰ ‘ਚ ਗੋਲੀਆਂ ਮਾਰ ਦਿੱਤੀਆਂ। ਸਨਦੀਪ ਸਿੰਘ ਨੂੰ ਤੁਰਤ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਸਨਦੀਪ ਸਿੰਘ ਧਾਲੀਵਾਲ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ।
ਡਿਪਟੀ ਧਾਲੀਵਾਲ ਕੋਲ ਜੋ ਕੈਮਰਾ ਸੀ, ਉਸ ‘ਚ ਪੂਰੇ ਮਾਮਲੇ ਦਾ ਵੀਡੀਓ ਬਣ ਗਿਆ ਸੀ ਅਤੇ ਜਾਂਚਕਾਰਾਂ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ। ਇਸ ਮਗਰੋਂ ਹਮਲਾਵਰ ਅਤੇ ਉਸ ਨਾਲ ਆਈ ਮਹਿਲਾ ਨੂੰ ਫੜ ਲਿਆ ਗਿਆ।
ਜਾਣਕਾਰੀ ਮੁਤਾਬਕ ਸਨਦੀਪ ਸਿੰਘ ਧਾਲੀਵਾਲ ਗੁਰਦੁਆਰੇ ‘ਚ ਵੀ ਸੇਵਾ ਕਰਦਾ ਸੀ ਅਤੇ ਜਦੋਂ ਉਹ ਡਿਪਟੀ ਬਣਿਆ ਤਾਂ ਘਰ ‘ਚ ਪਾਠ ਰਖਵਾਇਆ ਸੀ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਟਵੀਟ ਕਰਕੇ ਕਿਹਾ ਕਿ ਧਾਲੀਵਾਲ ਨੇ ਭਾਈਚਾਰੇ ਲਈ ਬਹੁਤ ਕੁਝ ਕੀਤਾ। ਟੈਕਸਸ ਦੇ ਗਵਰਨਰ ਗਰੇਗ ਐਬਟ ਨੇ ਉਸ ਦੀ ਮੌਤ ਨੂੰ ਵੱਡਾ ਨੁਕਸਾਨ ਕਰਾਰ ਦਿੱਤਾ ਹੈ। ਸਨਦੀਪ ਧਾਲੀਵਾਲ ਦੇ ਦੋਸਤਾਂ ਨੇ ਕਿਹਾ ਕਿ ਉਹ ਸਿੱਖ ਧਰਮ ਨੂੰ ਸਮਰਪਿਤ ਸਨ, ਜੋ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਦੋਸਤਾਂ ਨੇ ਦੱਸਿਆ ਕਿ ਧਾਲੀਵਾਲ ਪਿਆਰ ਨਾਲ ਸੇਵਾਵਾਂ ਦੇਣ ਲਈ ਜਾਣਿਆ ਜਾਂਦਾ ਸੀ ਅਤੇ ਉਸ ਦੀ ਕੁਰਬਾਨੀ ਨਫਰਤ ਅਤੇ ਗਲਤਫਹਿਮੀ ਦੀਆਂ ਵਲਗਣਾਂ ਤੋੜਨ ਦੇ ਸਮਰੱਥ ਹੈ। ਦੋਸਤਾਂ ਅਨੁਸਾਰ ਉਹ ਹੀਰਾ ਬੰਦਾ ਸੀ।
______________________
ਮਾਪਿਆਂ ਦਾ ਇਕਲੌਤਾ ਪੁੱਤ ਸੀ ਸਨਦੀਪ ਸਿੰਘ
ਨਡਾਲਾ: ਸਿੱਖ ਪੁਲਿਸ ਅਫਸਰ ਸਨਦੀਪ ਸਿੰਘ ਧਾਲੀਵਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ 2 ਭੈਣਾਂ ਵੀ ਸਨ। ਪੜ੍ਹਾਈ ਮੁਕੰਮਲ ਕਰਨ ਮਗਰੋਂ 1995 ਵਿਚ ਉਹ ਆਪਣੇ ਪਿਤਾ ਪਿਆਰਾ ਸਿੰਘ ਕੋਲ ਅਮਰੀਕਾ ਆ ਗਿਆ ਸੀ। ਜਿਵੇਂ ਹੀ ਉਸ ਦੀ ਮੌਤ ਦੀ ਖਬਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ (ਨੇੜੇ ਢਿਲਵਾਂ) ਪੁੱਜੀ ਤਾਂ ਉਸ ਸਮੇਂ ਹੀ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਪਿਛਲੇ ਸਾਲ ਹੀ ਉਸ ਦੇ ਮਾਤਾ ਅਕਾਲ ਚਲਾਣਾ ਕਰ ਗਏ ਸਨ। ਪਿੰਡ ਧਾਲੀਵਾਲ ਵਿਚ ਉਨ੍ਹਾਂ ਦੇ ਸਾਂਝੇ ਘਰ ਵਿਚ ਉਸ ਦਾ ਤਾਇਆ ਕਰਤਾਰ ਸਿੰਘ ਪਰਿਵਾਰ ਸਮੇਤ ਰਹਿੰਦੇ ਹਨ। ਜ਼ਮੀਨ ਦੀ ਦੇਖਭਾਲ ਵੀ ਉਹੀ ਕਰਦੇ ਹਨ। ਇਸ ਵੇਲੇ ਸਨਦੀਪ ਸਿੰਘ ਪਤਨੀ ਰਛਪਾਲ ਕੌਰ, ਤਿੰਨ ਬੱਚਿਆਂ ਅਤੇ ਪਿਤਾ ਨਾਲ ਹਿਊਸਟਨ ਸ਼ਹਿਰ ‘ਚ ਰਹਿ ਰਿਹਾ ਸੀ।
________________________
ਜੈਸ਼ੰਕਰ, ਕੈਪਟਨ ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ: ਵਿਦੇਸ਼ ਮੰਤਰੀ ਐਸ਼ ਜੈਸ਼ੰਕਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਪਟੀ ਸਨਦੀਪ ਸਿੰਘ ਧਾਲੀਵਾਲ ਦੇ ਕਤਲ ਦੀ ਨਿਖੇਧੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸਨਦੀਪ ਸਿੰਘ ਧਾਲੀਵਾਲ ਦੇ ਕਤਲ ‘ਤੇ ਉਨ੍ਹਾਂ ਨੂੰ ਡੂੰਘਾ ਅਫਸੋਸ ਹੈ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਨਦੀਪ ਸਿੰਘ ਧਾਲੀਵਾਲ ਲੋਕਾਂ ਦੇ ਮਨਾਂ ਵਿਚ ਹਮੇਸ਼ਾ ਆਪਣੇ ਮਿਸਾਲੀ ਤੇ ਉਚੇਚੇ ਕਾਰਜਾਂ ਕਰਕੇ ਯਾਦ ਰਹਿਣਗੇ।
____________________
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਵਲੋਂ ਦੁੱਖ ਦਾ ਪ੍ਰਗਟਾਵਾ
ਸ਼ਿਕਾਗੋ (ਬਿਊਰੋ): ਹਿਊਸਟਨ ‘ਚ ਸਿੱਖ ਪੁਲਿਸ ਅਫਸਰ ਸਨਦੀਪ ਸਿੰਘ ਧਾਲੀਵਾਲ ਦੇ ਡਿਊਟੀ ਸਮੇਂ ਕਤਲ ਦੀ ਦੁਖਦਾਈ ਘਟਨਾ ‘ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ ਹੈ।
ਦਲ ਦੇ ਸੁਰਜੀਤ ਸਿੰਘ ਕੁਲਾਰ ਨਿਊ ਯਾਰਕ; ਬੂਟਾ ਸਿੰਘ ਖੜੌਦ, ਜੋਗਾ ਸਿੰਘ ਤੇ ਪ੍ਰੋ. ਬਲਜਿੰਦਰ ਸਿੰਘ ਮੋਰਜੰਡ ਨਿਊ ਜਰਸੀ; ਜੀਤ ਸਿੰਘ ਆਲੋਅਰਖ ਹਿਊਸਟਨ, ਰੁਪਿੰਦਰ ਸਿੰਘ ਬਾਠ ਓਹਾਇਓ; ਮੱਖਣ ਸਿੰਘ ਕਲੇਰ ਤੇ ਲਖਵੀਰ ਸਿੰਘ ਕੰਗ ਸ਼ਿਕਾਗੋ; ਤਰਸੇਮ ਸਿੰਘ, ਰੁਮਿੰਦਰਜੀਤ ਸਿੰਘ ਤੇ ਅਰਵਿੰਦਰ ਸਿੰਘ ਕੈਲੀਫੋਰਨੀਆ; ਪਵਨ ਸਿੰਘ, ਦਵਿੰਦਰ ਸਿੰਘ ਤੇ ਰੇਸ਼ਮ ਸਿੰਘ ਵਰਜੀਨੀਆ ਅਤੇ ਇੰਦਰਪਾਲ ਸਿੰਘ ਸਿਆਟਲ ਨੇ ਸਿੱਖ ਕੌਮ ਨੂੰ ਬੇਨਤੀ ਕੀਤੀ ਹੈ ਕਿ ਸਨਦੀਪ ਸਿੰਘ ਧਾਲੀਵਾਲ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਕਿਉਂਕਿ ਜਿਥੇ ਉਸ ਨੇ ਆਪਣੀ ਡਿਊਟੀ ਨੂੰ ਮੁੱਖ ਰੱਖਿਆ, ਉਥੇ ਪਹਿਲ ਦੇ ਆਧਾਰ ‘ਤੇ ਆਪਣੇ ਧਰਮ ਤੇ ਦਸਤਾਰ ਨੂੰ ਵੀ ਮੁੱਖ ਰੱਖਿਆ। ਉਹ ਹਰ ਲੋੜਵੰਦ ਦੀ ਮਦਦ ਕਰਨਾ ਆਪਣਾ ਧਰਮ ਸਮਝਦਾ ਸੀ।