ਜ਼ਿਮਨੀ ਚੋਣ: ਤੀਜੇ ਬਦਲ ਦੇ ਦਾਅਵੇ ਵਾਲੀਆਂ ਧਿਰਾਂ ਟਿਕਟਾਂ ਪਿੱਛੇ ਖਹਿਬੜੀਆਂ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਤੀਸਰਾ ਸਿਆਸੀ ਬਦਲ ਦੇਣ ਦੇ ਨਾਅਰੇ ਨਾਲ ਬੜੇ ਜ਼ੋਰ-ਸ਼ੋਰ ਉਸਰਿਆ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਹੁਣ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਹੋ ਰਹੀਆਂ ਉਪ ਚੋਣਾਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਵੰਡਿਆ ਗਿਆ ਹੈ।

ਇਸ ਕਾਰਨ ਇਨ੍ਹਾਂ ਉਪ ਚੋਣਾਂ ਵਿਚ ਦੋ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਤੋਂ ਬਾਅਦ ਤੀਸਰੀ ਧਿਰ ਵਜੋਂ ਮੁੱਖ ਤੌਰ ‘ਤੇ ਆਮ ਆਦਮੀ ਪਾਰਟੀ (ਆਪ) ਹੀ ਮੈਦਾਨ ਵਿਚ ਰਹਿ ਗਈ ਹੈ। ਸੂਤਰਾਂ ਅਨੁਸਾਰ ਚਾਰ ਹਲਕਿਆਂ ਦੀਆਂ ਉਪ ਚੋਣਾਂ ਲਈ ਪੀ.ਡੀ.ਏ. ਕੋਲ ਕੁੱਲ 4 ਉਮੀਦਵਾਰਾਂ ਦੀ ਵੀ ਘਾਟ ਹੋਣ ਦੇ ਬਾਵਜੂਦ ਇਸ ਵਿਚਲੀਆਂ ਧਿਰਾਂ ਇਕਸੁਰ ਨਹੀਂ ਹੋ ਸਕੀਆਂ। ਇਸ ਦੌਰਾਨ ਪੀ.ਡੀ.ਏ. ਵਿਚਲੀ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੇ ਵਿਧਾਨ ਸਭਾ ਹਲਕਾ ਦਾਖਾ ਤੇ ਫਗਵਾੜਾ ਸੀਟਾਂ ਉਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਦਰਅਸਲ, ਫਗਵਾੜਾ ਦੀ ਸੀਟ ਉਪਰ ਪੀ.ਡੀ.ਏ. ਦੀ ਇਕ ਮੁੱਖ ਧਿਰ ਬਹੁਜਨ ਸਮਾਜ ਪਾਰਟੀ (ਬਸਪਾ) ਦਾਅਵਾ ਕਰ ਰਹੀ ਹੈ ਪਰ ਸਿਮਰਜੀਤ ਸਿੰਘ ਬੈਂਸ ਇਹ ਸੀਟ ਛੱਡਣ ਲਈ ਤਿਆਰ ਨਹੀਂ ਹੋਏ।
ਦੱਸਣਯੋਗ ਹੈ ਕਿ ਸ੍ਰੀ ਬੈਂਸ ਨੇ ਲੋਕ ਸਭਾ ਹਲਕਾ ਲੁਧਿਆਣਾ ਦੀ ਸੀਟ ਤੋਂ ਚੋਣ ਲੜੀ ਸੀ ਅਤੇ ਭਾਵੇਂ ਉਹ ਇਹ ਚੋਣ ਹਾਰ ਗਏ ਸਨ ਪਰ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਦਾਖਾ ਤੋਂ ਹੋਰ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਵੱਧ ਵੋਟਾਂ ਲਈਆਂ ਸਨ, ਜਿਸ ਕਾਰਨ ਪੀ.ਡੀ.ਏ. ਦੀਆਂ ਸਾਰੀਆਂ ਧਿਰਾਂ ਇਹ ਸੀਟ ਸਰਬਸੰਮਤੀ ਨਾਲ ਸ੍ਰੀ ਬੈਂਸ ਦੀ ਪਾਰਟੀ ਨੂੰ ਦੇਣ ਲਈ ਸਹਿਮਤ ਹੋ ਗਈਆਂ ਹਨ। ਸੂਤਰਾਂ ਅਨੁਸਾਰ ਸ੍ਰੀ ਬੈਂਸ ਨੂੰ ਛੱਡ ਕੇ ਪੀ.ਡੀ.ਏ. ਦੀਆਂ ਬਾਕੀ ਸਾਰੀਆਂ ਧਿਰਾਂ ਦੀ ਰਾਏ ਸੀ ਕਿ ਫਗਵਾੜਾ ਸੀਟ ਬਸਪਾ ਨੂੰ ਛੱਡ ਦਿੱਤੀ ਜਾਵੇ ਪਰ ਸ੍ਰੀ ਬੈਂਸ ਨੇ ਇਸ ‘ਤੇ ਸਹਿਮਤੀ ਨਹੀਂ ਦਿੱਤੀ। ਦਰਅਸਲ ਲੋਕ ਸਭਾ ਚੋਣਾਂ ਤੋਂ ਬਾਅਦ ਪੀ.ਡੀ.ਏ. ਦੀਆਂ ਹੋਰ ਧਿਰਾਂ ਨੇ ਤਾਂ ਕੋਈ ਖਾਸ ਸਰਗਰਮੀ ਨਹੀਂ ਦਿਖਾਈ ਪਰ ਸ੍ਰੀ ਬੈਂਸ ਨੇ ਆਪਣੀ ਪਾਰਟੀ ਨੂੰ ਹਰੇਕ ਮੁੱਦੇ ਉਪਰ ਸਰਗਰਮ ਰੱਖਿਆ ਹੈ। ਸ੍ਰੀ ਬੈਂਸ ਦੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਵਾਪਰੀ ਘਟਨਾ ਨੇ ਸਿਆਸੀ ਤੌਰ ‘ਤੇ ਸ੍ਰੀ ਬੈਂਸ ਨੂੰ ਹੋਰ ਬਲ ਦਿੱਤਾ ਹੈ, ਜਿਸ ਕਾਰਨ ਉਹ ਇਨ੍ਹਾਂ ਚੋਣਾਂ ਵਿਚ ਵੀ ਆਪਣੀ ਪਾਰਟੀ ਦੀ ਤਾਕਤ ਦਿਖਾਉਣ ਦੇ ਰੌਂਅ ਵਿਚ ਹਨ।
ਦੂਸਰੇ ਪਾਸੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਪਸ਼ਟ ਕੀਤਾ ਕਿ ਹਲਕਾ ਫਗਵਾੜਾ ਤੋਂ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਅਵੱਸ਼ ਚੋਣ ਲੜੇਗਾ, ਜਿਸ ਕਾਰਨ ਬਸਪਾ ਅਤੇ ਸ੍ਰੀ ਬੈਂਸ ਦੋਵਾਂ ਧਿਰਾਂ ਵੱਲੋਂ ਫਗਵਾੜੇ ਆਪੋ-ਆਪਣੇ ਉਮੀਦਵਾਰ ਉਤਾਰਨ ਦੀ ਨੌਬਤ ਆ ਗਈ ਹੈ। ਇਸ ਸਥਿਤੀ ਵਿਚ ਪੀ.ਡੀ.ਏ. ਦੀ ਇਨ੍ਹਾਂ ਉਪ ਚੋਣਾਂ ਵਿਚ ਕੋਈ ਸਾਂਝੀ ਰਣਨੀਤੀ ਬਣਦੀ ਸਾਹਮਣੇ ਨਹੀਂ ਆ ਰਹੀ। ਦੱਸਣਯੋਗ ਹੈ ਕਿ ਭਾਵੇਂ ਲੋਕ ਸਭਾ ਚੋਣਾਂ ਵਿਚ ਪੀ.ਡੀ.ਏ. ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤਿਆ ਸੀ ਪਰ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ, ਲੁਧਿਆਣਾ ਤੋਂ ਸਿਮਰਜੀਤ ਬੈਂਸ, ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਸਮੇਤ ਕੁਝ ਹੋਰ ਉਮੀਦਵਾਰਾਂ ਨੂੰ ਚੰਗੀਆਂ ਵੋਟਾਂ ਪੈ ਗਈਆਂ ਸਨ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਦੱਸਿਆ ਕਿ ਪੀ.ਡੀ.ਏ. ਦੀ ਮੀਟਿੰਗ ਵਿਚ ਸ਼ਾਮਲ ਨਵਾਂ ਪੰਜਾਬ ਮੰਚ ਦੇ ਮੁਖੀ ਡਾਕਟਰ ਧਰਮਵੀਰ ਗਾਂਧੀ, ਸੀ.ਪੀ.ਆਈ. ਪੰਜਾਬ ਦੇ ਕਾਮਰੇਡ ਬੰਤ ਸਿੰਘ ਬਰਾੜ, ਆਰ.ਐਮ.ਪੀ.ਆਈ. ਦੇ ਮੰਗਤ ਰਾਮ ਪਾਸਲਾ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਸਮੇਤ ਉਨ੍ਹਾਂ (ਖਹਿਰਾ) ਨੇ ਫਗਵਾੜਾ ਦੀ ਸੀਟ ਬਸਪਾ ਨੂੰ ਦੇਣ ਦੀ ਸਲਾਹ ਦਿੱਤੀ ਸੀ ਪਰ ਸ੍ਰੀ ਬੈਂਸ ਇਹ ਸੀਟ ਛੱਡਣ ਲਈ ਤਿਆਰ ਨਹੀਂ ਹੋਏ।
_________________________
ਬਾਘਾ ਫਗਵਾੜਾ ਤੇ ਜੰਗੀ ਲਾਲ ਮੁਕੇਰੀਆਂ ਤੋਂ ਭਾਜਪਾ ਉਮੀਦਵਾਰ
ਚੰਡੀਗੜ੍ਹ: ਭਾਜਪਾ ਨੇ ਪੰਜਾਬ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਫਗਵਾੜਾ ਤੇ ਮੁਕੇਰੀਆਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਫਗਵਾੜਾ ਤੋਂ ਰਾਜੇਸ਼ ਬਾਘਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋਣਗੇ। ਬਾਘਾ ਭਾਜਪਾ ਦੀ ਪੰਜਾਬ ਇਕਾਈ ਦੇ ਉਪ ਪ੍ਰਧਾਨ ਵੀ ਹਨ। ਉਹ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨਗੇ। 2011-17 ਤੱਕ ਉਹ ਪੰਜਾਬ ਰਾਜ ਅਨੁਸੂਚਿਤ ਜਾਤਾਂ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸੂਬਾਈ ਭਾਜਪਾ ਐਸਸੀ ਮੋਰਚਾ ਦੇ ਪ੍ਰਧਾਨ ਵੀ ਰਹੇ ਹਨ। ਇਸ ਤੋਂ ਪਹਿਲਾਂ ਚਰਚਾ ਸੀ ਕਿ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਪਣੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਆਪਣੇ ਪੁੱਤਰ ਨੂੰ ਟਿਕਟ ਦਿਵਾਉਣ ਲਈ ਯਤਨ ਕਰ ਰਹੇ ਹਨ। ਸੋਮ ਪ੍ਰਕਾਸ਼ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਜਾਣ ਕਾਰਨ ਫਗਵਾੜਾ ਸੀਟ ਖਾਲੀ ਹੋ ਗਈ ਸੀ।
_________________________
‘ਆਪ’ ਨੇ ਚਾਰ ਨਵੇਂ ਚਿਹਰੇ ਚੋਣ ਮੈਦਾਨ ‘ਚ ਉਤਾਰੇ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ 21 ਅਕਤੂਬਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਨਵੇਂ ਚਿਹਰੇ ਚੋਣ ਪਿੜ ਵਿਚ ਉਤਾਰੇ ਹਨ ਤੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਹੁਣ ਪਾਰਟੀ ਵਿਚ ਦਲ-ਬਦਲੂਆਂ ਦੀ ਥਾਂ ਵਲੰਟੀਅਰਾਂ ਉੱਪਰ ਹੀ ਟੇਕ ਰੱਖੀ ਜਾਵੇਗੀ। ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਉਮੀਦਵਾਰਾਂ ਦਾ ਐਲਾਨ ਕੀਤਾ। ਹਲਕਾ ਦਾਖਾ ਤੋਂ ਅਮਨਦੀਪ ਸਿੰਘ ਮੋਹੀ, ਫਗਵਾੜਾ ਤੋਂ ਸੰਤੋਸ਼ ਕੁਮਾਰ ਗੋਗੀ, ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ ਅਤੇ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ ਨੂੰ ਉਮੀਦਵਾਰ ਐਲਾਨਿਆ ਹੈ। ਮੋਹੀ ਲੁਧਿਆਣਾ ਦੀ ਜ਼ਿਲ੍ਹਾ ਯੂਥ ਇਕਾਈ ਦੇ ਪ੍ਰਧਾਨ ਅਤੇ ਦਾਖਾ ਹਲਕੇ ਦੇ ਪ੍ਰਧਾਨ ਵਜੋਂ ਕੰਮ ਕਰਦੇ ਆ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਉਮੀਦਵਾਰਾਂ ਬਾਰੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਤੋਂ ਵੀ ਪ੍ਰਵਾਨਗੀ ਲੈ ਲਈ ਗਈ ਹੈ।