ਜ਼ਿਮਨੀ ਚੋਣ: ਮੁੱਖ ਮੰਤਰੀ ਵੱਲੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕਵਾਇਦ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਮਨੀ ਚੋਣਾਂ ਵਾਲੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਨਾਰਾਜ਼ ਕਾਂਗਰਸ ਆਗੂਆਂ ਨੂੰ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਪਰਤਾਉਣ ਲਈ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕੁਝ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ। ਆਗੂਆਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਕਾਂਗਰਸ ਉਮੀਦਵਾਰਾਂ ਦੀ ਜਿੱਤ ਲਈ ਯਤਨ ਕਰਨਗੇ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਨਾਰਾਜ਼ ਆਗੂਆਂ ਨੂੰ ਮਨਾਉਣ ਅਤੇ ਚੋਣ ਮੁਹਿੰਮ ਨੂੰ ਮਘਾਉਣ ਲਈ ਯਤਨ ਕਰਨਗੇ। ਇਸ ਹਲਕੇ ਦਾ ਇੰਚਾਰਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਲਾਇਆ ਗਿਆ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੂੰ ਮਿਲਣ ਵਾਲਿਆਂ ‘ਚ ਸਾਬਕਾ ਮੰਤਰੀ ਹੰਸ ਰਾਜ ਜੋਸਨ ਵੀ ਸਨ ਤੇ ਉਨ੍ਹਾਂ ਨਾਲ ਜਲਾਲਾਬਾਦ ਹਲਕੇ ਦੀ 15 ਮੈਂਬਰੀ ਕਮੇਟੀ ਵੀ ਸੀ। ਕਮੇਟੀ ਦੇ ਸੀਨੀਅਰ ਮੈਂਬਰ ਹਰਭਜਨ ਸਿੰਘ ਨੇ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਬਕਾ ਮੰਤਰੀ ਜੋਸਨ ਨੂੰ ਤਕੜਾ ਕੀਤਾ ਜਾਵੇ। ਮੁੱਖ ਮੰਤਰੀ ਨੇ ਕਮੇਟੀ ਨੂੰ ਭਰੋਸਾ ਦਿੱਤਾ ਕਿ ਜ਼ਿਮਨੀ ਚੋਣਾਂ ਤੋਂ ਬਾਅਦ ਇਸ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ‘ਤੇ ਕਮੇਟੀ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ ਦੀ ਹਮਾਇਤ ਵਿਚ ਪ੍ਰਚਾਰ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਅਤੇ ਦਾਖਾ ਹਲਕੇ ਦੇ ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਕਰਵਾਉਣ ਲਈ 30 ਸਤੰਬਰ ਨੂੰ ਜਾਣਗੇ।
ਦਾਖਾ ਹਲਕੇ ਤੋਂ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਸੰਦੀਪ ਸਿੰਘ ਸੰਧੂ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਚੋਣ ਪ੍ਰਚਾਰ ਦੀ ਰਣਨੀਤੀ ਘੜੀ ਹੈ, ਪਰ ਫਗਵਾੜਾ ਹਲਕੇ ਤੋਂ ਕਾਂਗਰਸ ਉਮੀਦਵਾਰ ਤੇ ਸਾਬਕਾ ਆਈਏਐਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਵਰਕਰਾਂ ਤੇ ਆਗੂਆਂ ਨੂੰ ਨਾਲ ਤੋਰਨ ‘ਚ ਮੁਸ਼ੱਕਤ ਕਰਨੀ ਪਵੇਗੀ।
_________________________
ਜ਼ਿਮਨੀ ਚੋਣ ਵਾਸਤੇ ਅਕਾਲੀ ਦਲ ਨੇ ਬਣਾਈ ਰਣਨੀਤੀ
ਲੰਬੀ: ਪੰਜਾਬ ਦੀਆਂ ਚਾਰ ਵਿਧਾਨ ਸੀਟਾਂ ਰਾਹੀਂ ਸੂਬੇ ਵਿਚ ਮੁੜ ਤੋਂ ਜਿੱਤ ਦੀ ‘ਕਹਾਣੀ’ ਲਿਖਣ ਵਾਸਤੇ ਲਈ ਸਮੁੱਚਾ ਅਕਾਲੀ ਦਲ ਡਟ ਗਿਆ ਹੈ। ਇਸ ਤਹਿਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਚੋਣ ਹਲਕੇ ਰਹੇ ਜਲਾਲਾਬਾਦ ਦੇ ਅਕਾਲੀ ਕਾਡਰ ਨਾਲ ਪਿੰਡ ਬਾਦਲ ‘ਚ ਮੀਟਿੰਗ ਕੀਤੀ। ਪਾਰਟੀ ਸੂਤਰਾਂ ਅਨੁਸਾਰ ਚੋਣਾਂ ‘ਚ ਸਾਬਕਾ ਮੰਤਰੀਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਕਾਡਰ ਦੀਆਂ ਹਲਕਾ ਵਾਈਜ਼, ਸ਼ਹਿਰ ਅਤੇ ਪਿੰਡਾਂ ਅਨੁਸਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਮੀਟਿੰਗ ‘ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਸਦ ਮੈਂਬਰ ਚੁਣੇ ਜਾਣ ਕਾਰਨ ਜਲਾਲਾਬਾਦ ਹਲਕੇ ਦੀ ਵਾਗਡੋਰ ਆਰਜ਼ੀ ਤੌਰ ‘ਤੇ ਉਨ੍ਹਾਂ ਨੂੰ ਛੱਡਣੀ ਪਈ ਹੈ ਅਤੇ ਛੇਤੀ ਹੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ। ਜਲਾਲਾਬਾਦ ਉਨ੍ਹਾਂ ਦਾ ਆਪਣਾ ਹਲਕਾ ਹੈ ਅਤੇ ਉਹ ਦੋ-ਢਾਈ ਸਾਲਾਂ ਨੂੰ ਆਗਾਮੀ ਵਿਧਾਨ ਸਭਾ ਚੋਣ ਵੀ ਉਥੋਂ ਹੀ ਲੜਨਗੇ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਡਟ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਲਾਲਾਬਾਦ ਤੋਂ ਅਕਾਲੀ-ਭਾਜਪਾ ਗਠਜੋੜ ਦਾ ਉਮੀਦਵਾਰ ਲੋਕ ਸਭਾ ਚੋਣਾਂ ਨਾਲੋਂ ਵੀ ਵੱਧ ਵੋਟਾਂ ਨਾਲ ਜਿੱਤੇਗਾ।