ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉਮਰ ਕੈਦ ‘ਚ ਤਬਦੀਲ

8 ਸਿੱਖ ਕੈਦੀਆਂ ਦੀ ਰਿਹਾਈ ਦਾ ਵੀ ਐਲਾਨ
ਚੰਡੀਗੜ੍ਹ: ਕੇਂਦਰ ਸਰਕਾਰ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਨਜ਼ਰਬੰਦ 8 ਸਿੱਖ ਕੈਦੀਆਂ ਤੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ਨੂੰ ਪ੍ਰਵਾਨ ਕਰ ਲਿਆ ਹੈ। ਕੇਂਦਰ ਸਰਕਾਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਹੈ। ਰਾਜੋਆਣਾ ਨੂੰ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਹੋਈ ਹੱਤਿਆ ਮਾਮਲੇ ਵਿਚ ਨਿਭਾਈ ਭੂਮਿਕਾ ਲਈ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਪਟਿਆਲਾ ਜੇਲ੍ਹ ਵਿਚ ਬੰਦ ਰਾਜੋਆਣਾ ਨੂੰ ਹੁਣ ਉਮਰ ਕੈਦ ਦੀ ਸਜ਼ਾ ਕੱਟਣੀ ਹੋਵੇਗੀ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਅਕਤੂਬਰ 2010 ਨੂੰ ਸੁਣਾਏ ਫੈਸਲੇ ਵਿਚ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਇਕ ਹੋਰ ਮੁਜਰਮ ਜਗਤਾਰ ਸਿੰਘ ਹਵਾਰਾ ਦੀ ਮੌਤ ਦੀ ਸਜ਼ਾ ਨੂੰ ਪਹਿਲਾਂ ਹੀ ਉਮਰ ਕੈਦ ਵਿਚ ਤਬਦੀਲ ਕਰ ਚੁੱਕੀ ਹੈ। ਇਸੇ ਕੋਰਟ ਨੇ ਹਾਲਾਂਕਿ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਹਾਲਾਂਕਿ ਟਰਾਇਲ ਦੌਰਾਨ ਰਾਜੋਆਣਾ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਖਲ ਕਰਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਉਸ ਨੇ ਆਪਣੇ ਦੋਸਤ ਤੇ ਪੰਜਾਬ ਪੁਲਿਸ ਦੇ ਕਾਂਸਟੇਬਲ ਦਿਲਾਵਰ ਸਿੰਘ ਨਾਲ ਵਾਅਦਾ ਕੀਤਾ ਸੀ। ਦਿਲਾਵਰ 31 ਅਗਸਤ 1995 ਨੂੰ ਪੰਜਾਬ ਤੇ ਹਰਿਆਣਾ ਸਿਵਲ ਸਕੱਤਰੇਤ ਦੇ ਬਾਹਰ ਮੁੱਖ ਮੰਤਰੀ ਬੇਅੰਤ ਸਿੰਘ ‘ਤੇ ਕੀਤੇ ਆਤਮਘਾਤੀ ਹਮਲੇ ਵਿਚ ਮਨੁੱਖੀ ਬੰਬ ਬਣਿਆ ਸੀ।
ਹਮਲੇ ਦੌਰਾਨ ਦਿਲਾਵਰ ਦੇ ਨਾਕਾਮ ਰਹਿਣ ‘ਤੇ ਰਾਜੋਆਣਾ ਨੇ ‘ਦੂਜੇ ਮਨੁੱਖੀ ਬੰਬ’ ਵਜੋਂ ਕਾਰਵਾਈ ਨੂੰ ਅੰਜਾਮ ਦੇਣਾ ਸੀ। ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਰਹਿਮ ਦੀ ਅਪੀਲ ਮਗਰੋਂ 29 ਮਾਰਚ 2012 ਨੂੰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਅਮਲ ਨੂੰ ਰੋਕ ਦਿੱਤਾ ਸੀ। ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ। ਉਂਜ, ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸੇ ਮਹੀਨੇ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਰਹਿਮ ਦੀ ਅਪੀਲ ਸੌਂਪਦਿਆਂ ਰਾਜੋਆਣਾ ਦੀ ਸਜ਼ਾ ਮੁਆਫ ਕੀਤੇ ਜਾਣ ਦੀ ਅਪੀਲ ਕੀਤੀ ਸੀ। ਰਾਸ਼ਟਰਪਤੀ ਨੇ ਇਹ ਅਪੀਲ ਅੱਗੇ ਗ੍ਰਹਿ ਮੰਤਰਾਲੇ ਨੂੰ ਰੈਫਰ ਕਰ ਦਿੱਤੀ, ਜਿਨ੍ਹਾਂ ਹੁਣ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ।
ਮੁੱਖ ਮੰਤਰੀ ਪੰਜਾਬ ਵੱਲੋਂ 14 ਸਤੰਬਰ, 2019 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਲਿਖ ਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਨਜ਼ਰਬੰਦ 9 ਟਾਡਾ ਕੈਦੀਆਂ ਦੀ ਰਿਹਾਈ ਲਈ ਮੰਗ ਰੱਖੀ ਸੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਵੀ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਕਤ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਰਾਜ ਸਰਕਾਰ ਵੱਲੋਂ ਜਿਨ੍ਹਾਂ 9 ਕੈਦੀਆਂ ਦੀ ਰਿਹਾਈ ਦੀ ਸਿਫਾਰਸ਼ ਭੇਜੀ ਸੀ, ਉਨ੍ਹਾਂ ‘ਚ ਕਰਨਾਟਕ ਦੀ ਗੁਲਬਰਗ ਕੇਂਦਰੀ ਜੇਲ੍ਹ ‘ਚ ਨਜ਼ਰਬੰਦ ਭਾਈ ਗੁਰਦੀਪ ਸਿੰਘ ਤੇ ਉਤਰ ਪ੍ਰਦੇਸ਼ ਦੀ ਬਰੇਲੀ ਜੇਲ੍ਹ ‘ਚ ਨਜ਼ਰਬੰਦ ਭਾਈ ਵਰਿਆਮ ਸਿੰਘ ਤੋਂ ਇਲਾਵਾ ਪੰਜਾਬ ‘ਚ ਨਾਭਾ ਦੀ ਉੱਚ ਸੁਰੱਖਿਆ ਜੇਲ੍ਹ ‘ਚ ਨਜ਼ਰਬੰਦ ਲਾਲ ਸਿੰਘ, ਦਿਲਬਾਗ ਸਿੰਘ ਤੇ ਸ਼ਰਨ ਸਿੰਘ ਸ਼ਾਮਲ ਹਨ, ਜਦਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਹਰਦੀਪ ਸਿੰਘ ਤੇ ਬਾਜ਼ ਸਿੰਘ ਤੋਂ ਇਲਾਵਾ ਲੁਧਿਆਣਾ ਕੇਂਦਰੀ ਜੇਲ੍ਹ ‘ਚ ਭਾਈ ਸੁਬੇਗ ਸਿੰਘ ਤੇ ਪਟਿਆਲਾ ਕੇਂਦਰੀ ਜੇਲ੍ਹ ‘ਚ ਨਜ਼ਰਬੰਦ ਭਾਈ ਨੰਦ ਸਿੰਘ ਸ਼ਾਮਲ ਹਨ। ਉਕਤ ਸਾਰੇ ਕੈਦੀਆਂ ਨੂੰ ਅਤਿਵਾਦ ਦੇ ਦੌਰ ‘ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਨ੍ਹਾਂ ‘ਤੇ ਟਾਡਾ ਐਕਟ ਅਧੀਨ ਕੇਸ ਬਣਾਏ ਗਏ ਸਨ। ਇਹ ਸਾਰੇ ਕੈਦੀ ਕਰੀਬ 20 ਸਾਲ ਤੋਂ ਵੱਧ ਦੀ ਸਜ਼ਾ ਪੂਰੀ ਕਰ ਚੁੱਕੇ ਹਨ, ਜਦਕਿ ਕਈਆਂ ਦੀ ਸਜ਼ਾ 28 ਸਾਲ ਤੋਂ ਵੀ ਵੱਧ ਹੋ ਗਈ ਹੈ।
________________________
ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ: ਬਿੱਟੂ
ਚੰਡੀਗੜ੍ਹ: ਲੁਧਿਆਣਾ ਤੋਂ ਲੋਕ ਸਭਾ ਮੈਂਬਰ ਤੇ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕੀਤੀ ਜਾਂਦੀ ਹੈ ਤਾਂ ਇਹ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਦਹਿਸ਼ਤਵਾਦ ਨਾਲ ਲੜਾਈ ਦੇ ਮੁੱਦੇ ‘ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਦਹਿਸ਼ਤਵਾਦ ਵਿਰੋਧੀ ਦੋਗਲਾ ਚਿਹਰਾ ਬੇਨਕਾਬ ਹੋ ਜਾਵੇਗਾ।
________________________
ਸਿੱਖ ਜਥੇਬੰਦੀਆਂ ਨੇ ਸਮੂਹ ਸਿੱਖ ਕੈਦੀਆਂ ਦੀ ਰਿਹਾਈ ਮੰਗੀ
ਅੰਮ੍ਰਿਤਸਰ: 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਅੱਠ ਸਿੱਖ ਕੈਦੀਆਂ ਦੀ ਰਿਹਾਈ ਦੇ ਫੈਸਲੇ ਦਾ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਤੇ ਹੋਰਨਾਂ ਵੱਲੋਂ ਸਵਾਗਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਮਗਰੋਂ ਹੀ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਐਸ਼ਜੀ.ਪੀ.ਸੀ. ਵੱਲੋਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੱਠ ਸਿੱਖਾਂ ਨੂੰ ਰਿਹਾਅ ਕਰਨ ਅਤੇ ਇਕ ਸਿੱਖ ਕੈਦੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਚੱਲ ਰਹੀ ਚਰਚਾ ਤਹਿਤ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕੀਤੀ ਜਾਂਦੀ ਹੈ ਤਾਂ ਇਹ ਸ਼ਲਾਘਾਯੋਗ ਫੈਸਲਾ ਹੋਵੇਗਾ। ਇਸੇ ਤਰ੍ਹਾਂ ਹਵਾਰਾ ਕਮੇਟੀ ਦੇ ਮੈਂਬਰ ਨਰੈਣ ਸਿੰਘ ਚੌੜਾ ਨੇ ਆਖਿਆ ਕਿ ਸਿੱਖ ਬੰਦੀਆਂ ਦੀ ਰਿਹਾਈ ਦੀ ਖਬਰ ਨਾਲ ਸਿੱਖ ਜਗਤ ਨੂੰ ਖੁਸ਼ੀ ਹੋਈ ਹੈ ਅਤੇ ਸਰਕਾਰ ਵੱਲੋਂ ਚੁੱਕੇ ਕਦਮ ਨੂੰ ਸਾਕਾਰਾਤਮਕ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਮੂਹ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ।
________________________
ਪੰਜਾਬ ਸਰਕਾਰ 550 ਕੈਦੀ ਰਿਹਾਅ ਕਰੇਗੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 550 ਕੈਦੀਆਂ ਨੂੰ ਰਿਹਾਅ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਇਸ ਮੌਕੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਨ ਕਰਨ ਬਦਲੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਰਾਜ ਸਰਕਾਰ ਦੀ ਬੇਨਤੀ ਪ੍ਰਵਾਨ ਕਰਨ ‘ਤੇ ਸ੍ਰੀ ਸ਼ਾਹ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੈਦੀ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਤੇ ਬਜ਼ੁਰਗ ਹੋ ਚੁੱਕੇ ਹਨ ਤੇ ਇਨ੍ਹਾਂ ਨੂੰ ਆਪਣੀ ਬਾਕੀ ਜ਼ਿੰਦਗੀ ਆਪਣੇ ਸਕੇ ਸਬੰਧੀਆਂ ਨਾਲ ਬਿਤਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।