ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਮੁੜ ਖਾਲਿਸਤਾਨੀ ਸਰਗਰਮੀਆਂ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪਾਕਿਸਤਾਨ ਤੋਂ ਡਰੋਨਾਂ ਰਾਹੀਂ ਹਥਿਆਰ ਆਉਣ ਦੇ ਖੁਲਾਸੇ ਨੇ ਖੁਫੀਆਤੰਤਰ ਦੀ ਨੀਂਦ ਉਡਾ ਦਿੱਤੀ ਹੈ। ਪੰਜਾਬ ਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀਆਂ ਹਨ।
ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਕਸ਼ਮੀਰ ਮਾਮਲੇ ਮਗਰੋਂ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸ ਲਈ ਪਾਕਿ ਖੁਫੀਆ ਏਜੰਸੀ ਆਈ.ਐਸ਼ਆਈ. ਪੰਜਾਬ ਵਿਚ ਖਾਲਿਸਤਾਨੀ ਸਰਗਰਮੀਆਂ ਮੁੜ ਸ਼ੁਰੂ ਕਰਨ ਲਈ ਸਲੀਪਰ ਸੈੱਲਾਂ ਨੂੰ ਟੋਹ ਰਹੀ ਹੈ। ਉਨ੍ਹਾਂ ਦਾ ਨਿਸ਼ਾਨਾ ਸਰਹੱਦੀ ਖੇਤਰ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਹੀ ਹੈ। ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਤਸਕਰੀ ਲਈ ਵਰਤੇ ਗਏ ਦੋ ਡਰੋਨਾਂ ਦੀ ਬਰਾਮਦਗੀ ਕਰਨ ਤੋਂ ਬਾਅਦ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਵੱਡੇ ਪੱਧਰ ‘ਤੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਦੀਆਂ ਟੀਮਾਂ ਪਾਕਿਸਤਾਨ ਤੋਂ ਇਹ ਡਰੋਨ ਭੇਜਣ ਦੇ ਮਾਮਲੇ ਦੀ ਅਤਿਵਾਦੀ ਗਰੁੱਪਾਂ ਨਾਲ ਕਿਸੇ ਕਿਸਮ ਦੇ ਸਬੰਧਾਂ ਦਾ ਪਤਾ ਕਰਨ ਵਿਚ ਜੁੱਟ ਗਈ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਜਾਂਚ ‘ਚ ਇਹ ਪਤਾ ਲੱਗਾ ਹੈ ਕਿ ਕਸ਼ਮੀਰ ‘ਚ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਆਧਾਰਿਤ ਅਤਿਵਾਦੀ ਗਰੁੱਪ ਅਗਸਤ ਮਹੀਨੇ ਤੋਂ ਭਾਰਤ ਵਿਚ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿਚ ਸ਼ਾਮਲ ਹਨ ਤੇ ਹੁਣ ਤੱਕ ਬਰਾਮਦ ਹੋਏ ਦੋਵੇਂ ਡਰੋਨ ਭੇਜਣ ਵਿਚ ਪਾਕਿਸਤਾਨ ਦੀ ਆਈ.ਐਸ਼ਆਈ. ਨਾਲ ਜੁੜੇ ਵੱਖ-ਵੱਖ ਅਤਿਵਾਦੀ ਗਰੁੱਪ, ਗੁਆਂਢੀ ਦੇਸ਼ਾਂ ਦੀ ਸਰਪ੍ਰਸਤੀ ਵਾਲੇ ਜਹਾਦੀ ਤੇ ਖਾਲਿਸਤਾਨ ਪੱਖੀ ਗਰੁੱਪ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਰਾਮਦਗੀਆਂ ਨਾਲ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਅਤਿਵਾਦੀ ਗਰੁੱਪ ਡਰੋਨਾਂ ਰਾਹੀਂ ਕਈ ਤਰ੍ਹਾਂ ਦੇ ਦਹਿਸ਼ਤੀ ਤੇ ਕਮਿਊਨੀਕੇਸ਼ਨ ਹਾਰਡਵੇਅਰ ਪ੍ਰਦਾਨ ਕਰਨ ਦੀ ਸਮਰੱਥਾ ਹਾਸਲ ਕਰਨ ਵਾਲੇ ਹੋ ਗਏ ਹਨ। ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ 13 ਅਗਸਤ ਨੂੰ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਪਿੰਡ ਮੁਹਾਵਾ ਵਿਖੇ ਡਿੱਗੇ ਹੋਏ Ḕਹੈਕਸਾਕਾਪਟਰ ਡਰੋਨ’ ਦੀ ਬਰਾਮਦਗੀ ਤੋਂ ਬਾਅਦ ਆਪਣੀ ਚੌਕਸੀ ਵਧਾ ਦਿੱਤੀ ਸੀ।
ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਬਰਾਮਦ ਕੀਤਾ ਡਰੋਨ Ḕਯੂ 10 ਕੇਵੀ100-ਯੂ’ ਮਾਡਲ ਦਾ ਹੈ ਤੇ ਇਸ ਨੂੰ ਇਕ ਚਾਈਨੀਜ਼ ਕੰਪਨੀ ਟੀ-ਮੋਟਰਜ਼ ਵੱਲੋਂ ਡਿਜ਼ਾਇਨ ਕੀਤਾ ਅਤੇ ਬਣਾਇਆ ਗਿਆ ਹੈ। ਬਰਾਮਦ ਕੀਤੇ ਡਰੋਨ ਸਬੰਧੀ ਵੇਰਵਿਆਂ ਨੂੰ ਕੇਂਦਰ ਸਰਕਾਰ ਨਾਲ ਸਾਂਝਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਭਾਰਤ-ਪਾਕਿ ਸਰਹੱਦ ‘ਤੇ ਵੱਡੇ ਆਕਾਰ ਦੇ ਡਰੋਨ ਦੀਆਂ ਗਤੀਵਿਧੀਆਂ ਸਬੰਧੀ ਕੇਂਦਰ ਸਰਕਾਰ ਕੋਲ ਗੰਭੀਰਤਾ ਵੀ ਪ੍ਰਗਟਾਈ। ਇਸ ਡਰੋਨ ਦੀ ਬਰਾਮਦਗੀ ਤੋਂ ਬਾਅਦ ਵਧਾਈ ਚੌਕਸੀ ਦੇ ਸਿੱਟੇ ਵਜੋਂ ਪੁਲਿਸ ਨੂੰ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਮਿਲੀ। ਇਸ ਗਰੋਹ ਵਿਚ ਅਕਾਸ਼ਦੀਪ ਅਤੇ ਉਸ ਦੇ ਸਾਥੀ ਜਿਨ੍ਹਾਂ ‘ਚ ਬਾਬਾ ਬਲਵੰਤ ਸਿੰਘ, ਹਰਭਜਨ ਸਿੰਘ ਤੇ ਬਲਬੀਰ ਸਿੰਘ ਉਰਫ ਬਿੰਦਾ ਸ਼ਾਮਲ ਸਨ। ਇਸ ਤੋਂ ਬਾਅਦ ਹਥਿਆਰਾਂ ਦੀ ਵੱਡੀ ਖੇਪ ਦੀ ਹਾਡਿਲੰਗ ਵਿਚ ਸ਼ੁਭਦੀਪ ਦਾ ਹੱਥ ਹੋਣ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਅਕਾਸ਼ਦੀਪ ਨੇ ਦੱਸਿਆ ਕਿ ਸਤੰਬਰ ਦੇ ਸ਼ੁਰੂ ਵਿਚ ਅੱਧ ਸੜੇ ਡਰੋਨ ਨਾਲ 9 ਐਮ.ਐਮ. ਦੇ 2 ਪਿਸਤੌਲਾਂ ਦੀ ਤਸਕਰੀ ਕੀਤੀ ਗਈ, ਜਦੋਂ ਤੱਕ ਭਾਰਤ-ਪਾਕਿ ਸਰਹੱਦ ਨਜ਼ਦੀਕ ਹਥਿਆਰ ਸੁੱਟ ਕੇ ਡਰੋਨ ਪਾਕਿਸਤਾਨ ਨੂੰ ਵਾਪਸ ਮੁੜਦਾ ਉਸ ਤੋਂ ਪਹਿਲਾਂ ਹੀ ਭਾਰਤ ਵਾਲੇ ਪਾਸੇ ਇਹ ਡਰੋਨ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ।
ਵਿਦੇਸ਼ੀ ਹੱਥਾਂ ‘ਚ ਖੇਡ ਰਿਹਾ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜੀ.ਐਫ਼) ਦਾ ਸਰਗਨਾ ਗੁਰਮੀਤ ਸਿੰਘ ਬੱਗਾ ਅਤੇ ਉਸ ਦੇ ਪਾਕਿਸਤਾਨ ਆਧਾਰਿਤ ਸਾਥੀ ਜਿਨ੍ਹਾਂ ਵਿਚ ਕੇ.ਜੀ.ਐਫ਼ ਮੁਖੀ ਰਣਜੀਤ ਸਿੰਘ ਉਰਫ ਨੀਟਾ ਸ਼ਾਮਲ ਹਨ ਤੇ ਪਾਕਿਸਤਾਨੀ ਅਤਿਵਾਦੀ ਗਰੁੱਪ ਚਲਾ ਰਹੇ ਹਨ, ਨੇ ਅਕਾਸ਼ਦੀਪ ਤੇ ਉਸ ਦੇ ਸਾਥੀਆਂ ਨੂੰ ਭਾਰਤ ਵਾਲੇ ਪਾਸੇ ਡਰੋਨ ਦੇ ਡਿੱਗਣ ਸਬੰਧੀ ਸੂਚਨਾ ਦਿੱਤੀ। ਉਨ੍ਹਾਂ ਅਕਾਸ਼ਦੀਪ ਨੂੰ ਡਰੋਨ ਦੇ ਡਿੱਗਣ ਵਾਲੀ ਥਾਂ ਦੀ ਵੀ ਸੂਚਨਾ ਦਿੱਤੀ ਅਤੇ ਅਕਾਸ਼ਦੀਪ ਨੂੰ ਕਰੈਸ਼ ਵਾਲੀ ਥਾਂ ‘ਤੇ ਜਾ ਕੇ ਡਰੋਨ ਨੂੰ ਨਸ਼ਟ ਕਰਨ ਲਈ ਕਿਹਾ। ਇਸ ਬਾਰੇ ਸੂਚਨਾ ਮਿਲਦਿਆਂ ਹੀ ਅਕਾਸ਼ਦੀਪ ਤੇ ਉਸ ਦੇ ਸਾਥੀਆਂ ਨੇ ਡਰੋਨ ਡਿੱਗਣ ਵਾਲੀ ਜਗ੍ਹਾ ‘ਤੇ ਜਾ ਕੇ ਡਰੋਨ ਨੂੰ ਨਸ਼ਟ ਕਰ ਦਿੱਤਾ ਤੇ ਡਰੋਨ ਦੇ ਸਟੀਲ ਢਾਂਚੇ ਨੂੰ ਨਾਲੇ ‘ਚ ਸੁੱਟ ਦਿੱਤਾ।
__________________
ਇਕ ਮਹੀਨੇ ‘ਚ 8 ਵਾਰ ਹਥਿਆਰ ਸੁੱਟਣ ਆਏ ਪਾਕਿ ਡਰੋਨ
ਚੰਡੀਗੜ੍ਹ: ਤਰਨਤਾਰਨ ਤੋਂ ਬਰਾਮਦ ਕੀਤੇ ਹਥਿਆਰਾਂ ਸਬੰਧੀ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਹਥਿਆਰ ਪਾਕਿਸਤਾਨ ਵੱਲੋਂ ਜੀ.ਪੀ.ਐਸ਼ ਲੱਗੇ ਡਰੋਨ ਜੋ ਕਿ 10 ਕਿੱਲੋ ਤੱਕ ਵਜ਼ਨ ਚੁੱਕ ਸਕਦਾ ਹੈ, ਰਾਹੀਂ ਇੱਧਰ ਸੁੱਟੇ ਗਏ। ਅਧਿਕਾਰੀਆਂ ਅਨੁਸਾਰ ਜੀ.ਪੀ.ਐਸ਼ ਲੱਗੇ ਵੱਡੇ ਡਰੋਨ ਨੂੰ ਸਰਹੱਦ ਪਾਰੋਂ ਤਰਨਤਾਰਨ ‘ਚ ਹਥਿਆਰ ਤੇ ਗੋਲੀ-ਸਿੱਕਾ ਸੁੱਟਣ ਲਈ ਵਰਤਿਆ ਗਿਆ। ਇਸ ਮਹੀਨੇ ਸਰਹੱਦ ਪਾਰੋਂ ਇਹ ਡਰੋਨ 7 ਤੋਂ 8 ਵਾਰ ਹਥਿਆਰ ਸੁੱਟਣ ਲਈ ਭੇਜੇ ਗਏ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਕਾਬੂ ਕੀਤੇ 4 ਖਾੜਕੂਆਂ ਕੋਲੋਂ ਪੰਜ ਏ. ਕੇ.-47 ਰਾਈਫਲਾਂ, 16 ਮੈਗਜ਼ੀਨ ਤੇ ਗੋਲੀ-ਸਿੱਕੇ ਦੇ 472 ਰਾਉਂਡ, 8 ਮੈਗਜ਼ੀਨਾਂ ਨਾਲ 72 ਰਾਊਂਡ ਸਮੇਤ ਚਾਰ ਚਾਈਨਾ ਮੇਡ .30 ਬੋਰ ਦੇ ਪਿਸਤੌਲ, 9 ਹੱਥ ਗੋਲੇ, ਪੰਜ ਸੈਟੇਲਾਈਟ ਫੋਨ, ਦੋ ਮੋਬਾਈਲ ਫੋਨ, ਦੋ ਵਾਇਰਲੈੱਸ ਸੈੱਟ ਅਤੇ 10 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਸੀ।